ਬਾਹਰੋਂ ਸਮਰਥਨ ਦੇ ਕੇ ਮੰਗਾਂ ਮਨਵਾਉਣ ਨੂੰ ਪਹਿਲ ਦੇਵਾਂਗਾ : ਐਨਡੀਪੀ ਮੁਖੀ ਜਗਮੀਤ ਸਿੰਘ
ਜਗਮੀਤ ਸਿੰਘ ਦੀ ‘ਪਰਵਾਸੀ’ ਨਾਲ ਵਿਸ਼ੇਸ਼ ਗੱਲਬਾਤ
ਮਿਸੀਸਾਗਾ : ਐਨਡੀਪੀ ਲੀਡਰ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਬੇਸ਼ੱਕ ਉਹ ਕੈਨੇਡਾ ਦਾ ਪ੍ਰਧਾਨ ਮੰਤਰੀ ਬਨਣਾ ਚਾਹੁੰਦੇ ਹਨ ਪ੍ਰੰਤੂ ਉਹ ਅਜਿਹੀ ਕਿਸੇ ਵੀ ਹਾਲਤ ਲਈ ਤਿਆਰ ਹਨ, ਜਿਸ ਨਾਲ ਕਿਸੇ ਵੀ ਪਾਰਟੀ ਨਾਲ ਮਿਲ ਕੇ ਕੰਸਰਵੇਟਿਵ ਪਾਰਟੀ ਨੂੰ ਸਰਕਾਰ ਬਨਾਉਣ ਤੋਂ ਰੋਕਿਆ ਜਾ ਸਕੇ।
ਲੰਘੇ ਵੀਰਵਾਰ ਨੂੰ ਨਿਆਗਰਾ ਫਾਲਸ ਤੋਂ ਟੋਰਾਂਟੋ ਦੇ ਸਫ਼ਰ ਦੌਰਾਨ ਆਪਣੀ ਚੋਣ ਬੱਸ ਤੋਂ ਟੈਲੀਫੋਨ ਰਾਹੀਂ ਅਦਾਰਾ ‘ਪਰਵਾਸੀ’ ਨਾਲ ਇਕ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਮੰਨਿਆ ਕਿ ਬੀਤੇ ਦਿਨੀਂ ਹੋਈ ਨੈਸ਼ਨਲ ਡਿਬੇਟ ਤੋਂ ਬਾਅਦ ਉਨ੍ਹਾਂ ਨੂੰ ਹਰ ਪਾਸਿਓਂ ਪ੍ਰਸ਼ੰਸਾ ਮਿਲ ਰਹੀ ਹੈ, ਜਿਸ ਕਾਰਨ ਉਹ ਜਿੱਥੇ ਵੀ ਜਾ ਰਹੇ ਹਨ, ਉਨ੍ਹਾਂ ਨੂੰ ਵੱਡੇ ਇਕੱਠਾਂ ਵਿੱਚ ਲੋਕ ਮਿਲਣ ਆ ਰਹੇ ਹਨ।
ਜਗਮੀਤ ਸਿੰਘ ਨੇ ਕਿਹਾ ਕਿ ਉਹ ਤਾਂ ਆਮ ਲੋਕਾਂ ਦੇ ਹਿੱਤ ਦੀ ਗੱਲ ਕਰ ਰਹੇ ਹਨ ਸ਼ਾਇਦ ਇਸ ਲਈ ਹੀ ਉਨ੍ਹਾਂ ਨੂੰ ਆਮ ਲੋਕਾਂ ਤੋਂ ਵਧੀਆ ਸਮਰਥਨ ਮਿਲ ਰਿਹਾ ਹੈ।
ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ 6 ਮੰਗਾਂ ਦੀ ਇੱਕ ਲਿਸਟ ਤਿਆਰ ਕੀਤੀ ਹੈ। ਜਿਹੜੀ ਵੀ ਪਾਰਟੀ ਉਨ੍ਹਾਂ ਤੋਂ ਸਮਰਥਨ ਚਾਹੇਗੀ, ਉਹ ਇਹ 6 ਮੰਗਾਂ ਮੰਨਵਾਉਣ ਨੂੰ ਪਹਿਲ ਦੇਣਗੇ, ਜਿਸ ਵਿੱਚ ਸਸਤੇ ਘਰ, ਫਾਰਮਾਕੇਅਰ, ਸਸਤੇ ਰੇਟ ‘ਤੇ ਸੈੱਲ ਫੋਨ, ਵਿਦਿਆਰਥੀਆਂ ਲਈ ਮੁਫ਼ਤ ਟਿਊਸ਼ਨ ਫੀਸ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਵਰਗੇ ਮੁੱਦੇ ਸ਼ਾਮਲ ਹਨ।
ਕੁਲੀਸ਼ਨ ਸਰਕਾਰ ਬਨਾਉਣ ਦੀ ਸੰਭਾਵਨਾ ਬਾਰੇ ਪੁੱਛੇ ਜਾਣ ‘ਤੇ ਜਗਮੀਤ ਸਿੰਘ ਨੇ ਕਿਹਾ ਕਿ ਜਦੋਂ ਵੀ ਐਨ ਡੀ ਪੀ ਨੇ ਲਿਬਰਲ ਪਾਰਟੀ ਨੂੰ ਬਾਹਰੋਂ ਸਮਰਥਨ ਦਿੱਤਾ ਹੈ, ਹਮੇਸ਼ਾਂ ਹੀ ਕਈ ਵੱਡੀਆਂ ਮੰਗਾਂ ਮੰਨਵਾਈਆਂ ਹਨ। ਇਸੇ ਕਰਕੇ ਉਹ ਇਸ ਹੱਕ ਵਿੱਚ ਹਨ ਕਿ ਲਿਬਰਲ ਪਾਰਟੀ ਨੂੰ ਬਾਹਰੋਂ ਸਮਰਥਨ ਦੇ ਕੇ ਉਹ ਕੈਨੇਡੀਅਨ ਲੋਕਾਂ ਲਈ ਬਿਹਤਰ ਕੰਮ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਹ ਜੈਕ ਲੇਅਟਨ ਹੀ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਰਾਜਨੀਤੀ ਵਿੱਚ ਆਉਣ ਲਈ ਪ੍ਰੇਰਿਆ ਅਤੇ ਹੁਣ ਉਨ੍ਹਾਂ ਨੇ ਕੈਨੇਡੀਅਨ ਰਾਜਨੀਤੀ ਵਿੱਚ ਜੋ ਵੀ ਆਪਣੀ ਥਾਂ ਬਣਾਈ ਹੈ, ਉਸ ਦਾ ਉਨ੍ਹਾਂ ਨੂੰ ਮਾਣ ਹੈ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੰਸਰਵੇਟਿਵ ਸਰਕਾਰ ਜਦੋਂ ਵੀ ਸੱਤਾ ਵਿੱਚ ਆਉਂਦੀ ਹੈ, ਲੋਕਾਂ ਦੀਆਂ ਸਹੂਲਤਾਂ ਵਿੱਚ ਕਟੌਤੀ ਕਰਦੀ ਹੈ। ਇਸ ਕਰਕੇ ਉਹ ਕੰਸਰਵੇਟਿਵ ਪਾਰਟੀ ਨੂੰ ਸੱਤਾ ਵਿੱਚ ਆਉਣ ਤੋਂ ਹਰ ਹਾਲ ਰੋਕਣਾ ਚਾਹੁੰਦੇ ਹਨ।
ਇਹ ਪੁੱਛੇ ਜਾਣ ਤੇ ਕਿ ਲਿਬਰਲ ਪਾਰਟੀ ਦੀਆਂ ਵੋਟਾਂ ਟੁੱਟ ਕੇ ਐਨ ਡੀ ਪੀ ਵੱਲ ਜਾਣ ਨਾਲ ਕੀ ਇਸ ਦਾ ਫਾਇਦਾ ਕੰਸਰਵੇਟਿਵ ਪਾਰਟੀ ਨੂੰ ਨਹੀਂ ਹੋਏਗਾ? ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਡਰ ਕੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਆਪਣੀ ਸੋਚ ਮੁਤਾਬਕ ਹੀ ਵੋਟ ਪਾਉਣੀ ਚਾਹੀਦੀ ਹੈ।
ਉਨ੍ਹਾਂ ਅੰਤ ਵਿੱਚ ਕਿਹਾ ਕਿ ਜੇਕਰ ਐਨ ਡੀ ਪੀ ਮਜਬੂਤ ਹੋਏਗੀ, ਤੇ ਉਹ ਲੋਕਾਂ ਦੇ ਹੱਕਾਂ ਲਈ ਜ਼ਿਆਦਾ ਲੜਾਈ ਕਰ ਸਕੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …