Breaking News
Home / ਜੀ.ਟੀ.ਏ. ਨਿਊਜ਼ / ਸਿਟੀ ਕੌਂਸਲ ਚੋਣਾਂ ਤੋਂ ਤੁਰੰਤ ਬਾਅਦ ਡਗ ਫੋਰਡ ਦਾ ਬਰੈਂਪਟਨ ਵਾਸੀਆਂ ਨੂੰ ਤੋਹਫ਼ਾ!

ਸਿਟੀ ਕੌਂਸਲ ਚੋਣਾਂ ਤੋਂ ਤੁਰੰਤ ਬਾਅਦ ਡਗ ਫੋਰਡ ਦਾ ਬਰੈਂਪਟਨ ਵਾਸੀਆਂ ਨੂੰ ਤੋਹਫ਼ਾ!

ਬਰੈਂਪਟਨ ਯੂਨੀਵਰਸਿਟੀ ਪ੍ਰੋਜੈਕਟ ਕੀਤਾ ਰੱਦ
ਟੋਰਾਂਟੋ/ ਬਿਊਰੋ ਨਿਊਜ਼ : ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਬਰੈਂਪਟਨ ‘ਚ ਪੋਸਟ ਸੈਕੰਡਰੀ ਐਜੂਕੇਸ਼ਨ ਕੈਂਪਸ ਦੀ ਫੰਡਿੰਗ ‘ਤੇ ਰੋਕ ਲਗਾ ਕੇ ਬਰੈਂਪਟਨ ਯੂਨੀਵਰਸਿਟੀ ਦਾ ਸੁਪਨਾ ਪੂਰਾ ਹੋਣ ਤੋਂ ਪਹਿਲਾਂ ਹੀ ਤੋੜ ਦਿੱਤਾ ਹੈ। ਉਨ੍ਹਾਂ ਦੀ ਸਿੱਖਿਆ ਮੰਤਰੀ ਮੈਰੀਲੀ ਫੁਲਰਟਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਓਨਟਾਰੀਓ ਦੇ 15 ਬਿਲੀਅਨ ਦੇ ਬਜਟ ਘਾਟੇ ਨੂੰ ਵੇਖਦਿਆਂ ਬਰੈਂਪਟਨ ਯੂਨੀਵਰਸਿਟੀ ਪ੍ਰੋਜੈਕਟ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਿਲਟਨ ਅਤੇ ਮਾਰਖਮ ‘ਚ ਯਾਰਕ ਯੂਨੀਵਰਸਿਟੀ ਦੇ ਬਣਨ ਵਾਲੇ ਕੈਂਪਸ ਨੂੰ ਖਾਰਜ ਕਰ ਦਿੱਤਾ ਹੈ। ਬੀਤੇ ਕਾਫ਼ੀ ਸਮੇਂ ਤੋਂ ਬਰੈਂਪਟਨ ਦੇ ਐਮ.ਪੀ., ਐਮ.ਪੀ.ਪੀ. ਅਤੇ ਸਿਟੀ ਕੌਂਸਲਰ ਤੱਕ ਬਰੈਂਪਟਨ ‘ਚ ਯੂਨੀਵਰਸਿਟੀ ਲਿਆਉਣ ਦਾ ਸਿਹਰਾ ਲੈ ਰਹੇ ਸਨ ਪਰ ਡਗ ਫੋਰਡ ਦੇ ਇਕ ਹੀ ਕਦਮ ਨੇ ਉਨ੍ਹਾਂ ਸਾਰਿਆਂ ਦੇ ਦਾਅਵਿਆਂ ਨੂੰ ਫਿੱਕਾ ਪਾ ਦਿੱਤਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਡਗ ਫੋਰਡ ਦੇ ਇਸ ਫੈਸਲੇ ਦੇ ਕਾਫ਼ੀ ਰਾਜਨੀਤਕ ਅਸਰ ਸਾਹਮਣੇ ਆਉਣਗੇ। ਓਨਟਾਰੀਓ ਦੀ ਟ੍ਰੇਨਿੰਗ, ਕਾਲਜਾਂ ਅਤੇ ਯੂਨੀਵਰਸਿਟੀ ਮਾਮਲਿਆਂ ਦੀ ਮੰਤਰੀ ਫੁਲਰਟਨ ਨੇ ਆਖਿਆ ਕਿ ਆਰਥਿਕ ਦਿੱਕਤਾਂ ਦੇ ਕਾਰਨ ਬਰੈਂਪਟਨ ਯੂਨੀਵਰਸਿਟੀ ਕੈਂਪਸ ਅਜੇ ਨਹੀਂ ਬਣਾਇਆ ਜਾ ਸਕਦਾ। ਸਰਕਾਰ ਨੇ ਇਹ ਪ੍ਰੋਜੈਕਟ ਓਨਟਾਰੀਓ ‘ਚ ਵਿੱਤੀ ਮਾਮਲਿਆਂ ‘ਚ ਪਾਰਦਰਸ਼ਿਤਾ ਅਤੇ ਭਰੋਸਾ ਕਾਇਮ ਕਰਨ ਲਈ ਰੱਦ ਕੀਤੇ ਜਾ ਰਹੇ ਹਨ।
ਫੁਲਰਟਨ ਦੀ ਸਪੋਕਸਪਰਸਨ ਸਟੇਫਨੀ ਰੇਅ ਨੇ ਦੱਸਿਆ ਕਿ 125 ਮਿਲੀਅਨ ਡਾਲਰ ਯਾਰਕ ਅਤੇ 90 ਮਿਲੀਅਨ ਡਾਲਰ ਵਿਲਫ੍ਰਿਡ ਲੇਰੀਅਰ ਅਤੇ 90 ਮਿਲੀਅਨ ਰੇਅਰਸਨ ਲਈ ਵੰਡੇ ਗਏ ਸਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਾਬਕਾ ਲਿਬਰਲ ਸਰਕਾਰਾਂ ਨੇ ਇਨ੍ਹਾਂ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੰਦਿਆਂ ਇਨ੍ਹਾਂ ਦੀ ਅਸਲ ਲਾਗਤ ਨੂੰ ਲੋਕਾਂ ਤੋਂ ਲੁਕਾਇਆ।
ਉਨ੍ਹਾਂ ਨੇ ਕਿਹਾ ਕਿ ਚੋਣ ਸਾਲ ‘ਚ ਉਨ੍ਹਾਂ ਨੇ ਲੋਕਾਂ ਨਾਲ ਸਿਰਫ਼ ਵਾਅਦੇ ਕਰਕੇ ਲੋਕਾਂ ਨੂੰ ਇਨ੍ਹਾਂ ਪ੍ਰੋਗਰਾਮਾਂ ਅਤੇ ਪ੍ਰੋਜੈਕਟਾਂ ਦੇ ਸਬਜਬਾਗ਼ ਦਿਖਾਏ। ਉਨ੍ਹਾਂ ਨੇ 15 ਬਿਲੀਅਨ ਦੇ ਬਜਟ ਘਾਟੇ ਨੂੰ ਲੈ ਕੇ ਕੋਈ ਧਿਆਨ ਹੀ ਨਹੀਂ ਦਿੱਤਾ।
ਰਾਜਨੀਤਕ ਬਿਆਨਬਾਜ਼ੀ ਵੀ ਸ਼ੁਰੂ : ਦੂਜੇ ਪਾਸੇ ਐਨ.ਡੀ.ਪੀ. ਲੀਡਰ ਐਂਡਰੀਆ ਹੋਰਵਾਥ ਨੇ ਕਿਹਾ ਕਿ ਉਹ ਇਸ ਕਟੌਤੀ ਨੂੰ ਸ਼ਰਮਨਾਕ ਕਰਾਰ ਦਿੰਦੀ ਹੈ ਅਤੇ ਇਸ ਨੂੰ ਲੈ ਕੇ ਹਰ ਸੰਭਵ ਤੌਰ ‘ਤੇ ਵਿਰੋਧ ਕਰੇਗੀ। ਉਨ੍ਹਾਂ ਨੇ ਕਿਹਾ ਕਿ ਡਗ ਫੋਰਡ ਦੇ ਫ਼ੈਸਲੇ ਰਾਜਨੀਤਕ ਇਰਾਦਿਆਂ ਤੋਂ ਪ੍ਰਭਾਵਿਤ ਹਨ ਅਤੇ ਇਸ ਨਾਲ ਨਵੇਂ ਰੁਜ਼ਗਾਰਾਂ ‘ਤੇ ਵੀ ਅਸਰ ਪਵੇਗਾ ਅਤੇ ਆਰਥਿਕ ਗਤੀਵਿਧੀਆਂ ਵੀ ਘੱਟ ਹੋਣਗੀਆਂ। ਵਿਦਿਆਰਥੀਆਂ ਨੂੰ ਹਾਇਰ ਐਜੂਕੇਸ਼ਨ ਲਈ ਹੁਣ ਓਨਟਾਰੀਓ ਦੇ ਦੂਜੇ ਹਿੱਸਆਂ ‘ਚ ਜਾਣਾ ਪਵੇਗਾ। ਇਹ ਸਮਾਂ ਅਤੇ ਪੈਸੇ ਦੀ ਬਰਬਾਦੀ ਹੈ ਜੋ ਕਿ ਇਸ ਪ੍ਰੋਜੈਕਟ ‘ਚ ਲਗਾਇਆ ਗਿਆ ਹੈ। ਦੂਜੇ ਪਾਸੇ ਯਾਰਕ ਯੂਨੀਵਰਸਿਟੀ ਦੇ ਪ੍ਰਧਾਨ ਰਹੋਂਡਾ ਲੇਂਟਨ ਦਾ ਕਹਿਣਾਂ ਹੈ ਕਿ ਇਹ ਐਲਾਨ ਅਚਾਨਕ ਹੀ ਸਾਹਮਣੇ ਆਇਆ ਹੈ। ਮਾਰਖਮ ਪ੍ਰੋਜੈਕਟ ਤਾਂ ਕਈ ਸਾਲਾਂ ਤੋਂ ਵਿਕਸਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਪ੍ਰੋਜੈਕਟਾਂ ਨੂੰ ਓਨਟਾਰੀਓ ਸਰਕਾਰ ਨੇ ਹੀ ਐਲਾਨਿਆ ਸੀ ਅਤੇ ਸਰਕਾਰ ਹੀ ਇਨ੍ਹਾਂ ਨੂੰ ਰੱਦ ਕਰ ਰਹੀ ਹੈ।
ਮਰਖਮ ਦੇ ਮੇਅਰ ਫ੍ਰੈਂਕ ਸਕਾਰਪਿਟੀ ਨੇ ਵੀ ਇਸ ਫ਼ੈਸਲੇ ਨੂੰ ਕਾਫ਼ੀ ਨਿਰਾਸ਼ਾਜਨਕ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਫ਼ੈਸਲਾ ਇਸ ਤਰ੍ਹਾਂ ਨਾਲ ਉਨ੍ਹਾਂ ਦੇ ਸਾਹਮਣੇ ਆਇਆ। ਯਾਰਕ ਰੀਜਨ, ਨਾਰਥ ਅਮਰੀਕਾ ਦਾ ਇਕੋ-ਇਕ ਅਜਿਹਾ ਖੇਤਰ ਹੈ? ਜਿਸ ‘ਚ ਇਕ ਮਿਲੀਅਨ ਤੋਂ ਜ਼ਿਆਦਾ ਆਬਾਦੀ ਹੈ ਪਰ ਉਥੇ ਇਕ ਵੀ ਯੂਨੀਵਰਸਿਟੀ ਨਹੀਂ ਹੈ।

Check Also

ਕੈਪੀਟਲ ਗੇਨ ਟੈਕਸ ਵਿਚ ਬਦਲਾਅ ਵਾਲੇ ਮਤੇ ਨੂੰ ਹਾਊਸ ਆਫ ਕਾਮਨਜ਼ ਨੇ ਦਿੱਤੀ ਮਨਜ਼ੂਰੀ

ਬਦਲਾਅ ਨਾਲ ਇੱਕ ਫੀਸਦੀ ਤੋਂ ਵੀ ਘੱਟ ਲੋਕ ਹੋਣਗੇ ਪ੍ਰਭਾਵਿਤ : ਜਸਟਿਨ ਟਰੂਡੋ ਓਟਵਾ/ਬਿਊਰੋ ਨਿਊਜ਼ …