Breaking News
Home / ਸੰਪਾਦਕੀ / ਭਗਵੰਤ ਮਾਨ ਸਰਕਾਰ ਦਾ ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਸੁਨੇਹਾ

ਭਗਵੰਤ ਮਾਨ ਸਰਕਾਰ ਦਾ ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਸੁਨੇਹਾ

ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਸਟਿੰਗ ਆਪ੍ਰੇਸ਼ਨ ਕਰਕੇ ਆਪਣੇ ਹੀ ਵਜ਼ੀਰ ਵਿਰੁੱਧ ਪੁਲਿਸ ਰਿਪੋਰਟ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ ਹੈ। ਪਿਛਲੇ ਦਿਨ ਤੋਂ ਇਸ ਖ਼ਬਰ ਨੂੰ ਪੰਜਾਬ ਵਿਚ ਹੀ ਨਹੀਂ ਸਗੋਂ ਦੇਸ਼ ਭਰ ਵਿਚ ਪ੍ਰਚਾਰਿਆ ਗਿਆ ਹੈ। ਇਸ ਨੂੰ ਆਧਾਰ ਬਣਾ ਕੇ ‘ਆਪ’ ਦੇ ਆਗੂਆਂ ਵਲੋਂ ਹਰ ਭ੍ਰਿਸ਼ਟਾਚਾਰੀ ਵਿਅਕਤੀ ਵਿਰੁੱਧ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੀ ਸ਼ਿਕਾਇਤ ਮਿਲਣ ‘ਤੇ ਅਜਿਹੇ ਸਖ਼ਤ ਕਦਮ ਚੁੱਕਣ ਦੀ ਗੱਲ ਆਖੀ ਗਈ ਹੈ। ਭਗਵੰਤ ਮਾਨ ਨੇ ਇਸ ਸੰਬੰਧੀ ਆਪਣੇ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਤੋਂ ਦੂਰ ਰਹਿਣ ਦੇ ਨਿਰਦੇਸ਼ ਵੀ ਦਿੱਤੇ ਹਨ। ਮੁੱਖ ਮੰਤਰੀ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਕੇ ਇਹ ਕਿਹਾ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਭਾਵੇਂ ਉਹ ਆਪਣਾ ਮੰਤਰੀ ਹੋਵੇ ਜਾਂ ਸਰਕਾਰੀ ਅਧਿਕਾਰੀ। ਉਨ੍ਹਾਂ ਇਹ ਵੀ ਕਿਹਾ ਕਿ ਖਟਕੜ ਕਲਾਂ ਦੀ ਪਵਿੱਤਰ ਧਰਤੀ ਤੋਂ ਉਨ੍ਹਾਂ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਅਹਿਦ ਲਿਆ ਹੈ। ਇਹ ਇਸ ਦਿਸ਼ਾ ਵੱਲ ਇਕ ਇਤਿਹਾਸਕ ਕਦਮ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਲੋਕਾਂ ਨੇ ਉਨ੍ਹਾਂ ਦੀ ਪਾਰਟੀ ਨੂੰ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਨਿਜ਼ਾਮ ਦੇਣ ਲਈ ਚੁਣਿਆ ਹੈ। ਉਨ੍ਹਾਂ ਨੇ ਇਸ ਵਿਚ ਆਪਣੇ ਆਗੂ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਵੀ ਉਦਾਹਰਨ ਦਿੱਤੀ ਹੈ ਕਿ ਉਨ੍ਹਾਂ ਨੇ 2015 ਵਿਚ ਆਪਣੇ ਖ਼ੁਰਾਕ ਤੇ ਸਪਲਾਈ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਬਰਖ਼ਾਸਤ ਕੀਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸਾਡਾ ਸੰਦੇਸ਼ ਬਿਲਕੁਲ ਸਪੱਸ਼ਟ ਹੈ ਕਿ ਸੂਬੇ ਵਿਚ ਭ੍ਰਿਸ਼ਟਾਚਾਰ ਦੀਆਂ ਕਾਰਵਾਈਆਂ ਨੂੰ ਚੱਲਣ ਨਹੀਂ ਦਿੱਤਾ ਜਾਏਗਾ।
ਅਸੀਂ ਮੁੱਖ ਮੰਤਰੀ ਦੀਆਂ ਇਨ੍ਹਾਂ ਭਾਵਨਾਵਾਂ ਨੂੰ ਜੀ ਆਇਆਂ ਕਹਿੰਦੇ ਹਾਂ। ਜੇਕਰ ‘ਆਪ’ ਸਰਕਾਰ ਦੀ ਛਤਰ ਛਾਇਆ ਹੇਠ ਪੰਜਾਬ ਦੇ ਜਿਸਮ ਨੂੰ ਦਹਾਕਿਆਂ ਤੋਂ ਲੱਗੇ ਅਜਿਹੇ ਕੋਹੜ ਤੋਂ ਨਿਜਾਤ ਮਿਲ ਜਾਏ ਤਾਂ ਇਸ ਤੋਂ ਵੱਡੀ ਸੇਵਾ ਮੁੱਖ ਮੰਤਰੀ ਅਤੇ ਉਸ ਦੀ ਪਾਰਟੀ ਦੀ ਹੋਰ ਕੋਈ ਨਹੀਂ ਹੋ ਸਕਦੀ। ਅਸੀਂ ਇਸ ਲਿਖਤ ਨੂੰ ਖ਼ਤਮ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਆਪਣੀਆਂ ਸ਼ੁੱਭ ਇੱਛਾਵਾਂ ਭੇਜਦੇ ਹਾਂ ਅਤੇ ਅਜਿਹਾ ਨਿਜ਼ਾਮ ਤਿਆਰ ਕਰ ਸਕਣ ਦੀ ਪਹਿਲ ਲਈ ਉਨ੍ਹਾਂ ਦਾ ਆਭਾਰ ਪ੍ਰਗਟ ਕਰਦੇ ਹਾਂ। ‘ਆਪ’ ਦੇ ਕਨਵੀਨਰ ਕੇਜਰੀਵਾਲ ਨੇ ਵੀ ਭਗਵੰਤ ਮਾਨ ਦੀ ਤਾਰੀਫ਼ ਕਰਦਿਆਂ ਕਿਹਾ ਹੈ ਕਿ ਭ੍ਰਿਸ਼ਟਾਚਾਰ ਦੇਸ਼ ਨਾਲ ਇਕ ਵਿਸ਼ਵਾਸਘਾਤ ਹੈ, ਜਿਸ ਨੂੰ ਉਨ੍ਹਾਂ ਦੀ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।
ਪਰ ਇਸ ਸੰਬੰਧੀ ਅਸੀਂ ਇਥੇ ਕੁਝ ਨੁਕਤੇ ਜ਼ਰੂਰ ਸਾਂਝੇ ਕਰਨੇ ਚਾਹਾਂਗੇ। ਪ੍ਰਕਾਸ਼ ਸਿੰਘ ਬਾਦਲ 1977 ਵਿਚ ਜਦੋਂ ਰਾਜ ਦੇ ਦੂਜੀ ਵਾਰ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਨੇ ਵੀ ਅਜਿਹੇ ਹੀ ਵਾਅਦੇ ਅਤੇ ਦਾਅਵੇ ਕੀਤੇ ਸਨ ਕਿ ਉਹ ਸੂਬੇ ਵਿਚੋਂ ਭ੍ਰਿਸ਼ਟਾਚਾਰ ਨੂੰ ਜੜ੍ਹਾਂ ਤੋਂ ਉਖਾੜ ਦੇਣਗੇ ਅਤੇ ਉਦੋਂ ਉਨ੍ਹਾਂ ਨੇ ਸਿਰਫ ਇਕ ਰੁਪਏ ਤਨਖ਼ਾਹ ਲੈਣ ਦਾ ਵੀ ਵਾਅਦਾ ਕੀਤਾ ਸੀ। 1997 ਵਿਚ ਤੀਜੀ ਵਾਰ ਮੁੱਖ ਮੰਤਰੀ ਬਣਨ ‘ਤੇ ਵੀ ਉਨ੍ਹਾਂ ਨੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਸੀ। ਅਜਿਹੇ ਹੀ ਵਾਅਦੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤੇ ਸਨ ਪਰ ਅਖੀਰ ਸੂਬੇ ਦਾ ਇਸ ਮਸਲੇ ‘ਤੇ ਕੀ ਹਾਲ ਹੋਇਆ ਹੈ, ਉਸ ਨੂੰ ਵੇਖਦਿਆਂ ਅੱਖਾਂ ‘ਚੋਂ ਅੱਥਰੂ ਨਹੀਂ ਸਗੋਂ ਖ਼ੂਨ ਦੇ ਅੱਥਰੂ ਵਹਿਣ ਲਗਦੇ ਹਨ। ਜਿਸ ਤਰ੍ਹਾਂ ਅੱਜ ਇਸ ਸੂਬੇ ਦੀ ਇਸ ਮੁਹਾਜ਼ ‘ਤੇ ਪੂਰੀ ਤਾਣੀ ਹੀ ਉਲਝੀ ਪਈ ਹੈ, ਕੀ ਭਗਵੰਤ ਮਾਨ ਦੀ ਸਰਕਾਰ ਇਸ ਬੇਹੱਦ ਗੁੰਝਲਦਾਰ ਸਥਿਤੀ ਨੂੰ ਸੁਲਝਾਉਣ ਵਿਚ ਕਾਮਯਾਬ ਹੋ ਸਕੇਗੀ? ਅੱਜ ਉਹ ਆਪਣੇ ਹੀ ਇਕ ਸਾਥੀ ਮੰਤਰੀ ਨੂੰ ਗ੍ਰਿਫ਼ਤਾਰ ਕਰਵਾ ਕੇ ਵੱਡੇ-ਵੱਡੇ ਦਾਅਵੇ ਕਰਨ ਲੱਗੇ ਹਨ ਪਰ ਸਾਡੀ ਸੂਚਨਾ ਮੁਤਾਬਿਕ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਘੱਟੋ-ਘੱਟ ਚੁਣੇ ਗਏ ਅੱਧੇ ਵਿਧਾਇਕਾਂ ‘ਤੇ ਕੋਈ ਨਾ ਕੋਈ ਅਦਾਲਤੀ ਕੇਸ ਚੱਲ ਰਹੇ ਹਨ। ਇਨ੍ਹਾਂ ਵਿਚੋਂ 27 ਵਿਧਾਇਕਾਂ ‘ਤੇ ਤਾਂ ਬੇਹੱਦ ਗੰਭੀਰ ਜੁਰਮਾਂ ਅਧੀਨ ਕੇਸ ਦਰਜ ਹਨ। ਇਕ ਐਮ.ਐਲ.ਏ. ‘ਤੇ ਕਤਲ ਦਾ ਕੇਸ ਚੱਲ ਰਿਹਾ ਹੈ। ਹਾਈ ਕੋਰਟ ਵਲੋਂ ਉਸ ਨੂੰ ਸਟੇਅ ਮਿਲੀ ਹੋਈ ਹੈ। ਦੋ ਹੋਰਾਂ ‘ਤੇ ਵੀ ਕਤਲ ਕਰਨ ਦੀ ਕੋਸ਼ਿਸ਼ ਦੇ ਕੇਸ ਚੱਲ ਰਹੇ ਹਨ। ਇਨ੍ਹਾਂ ਤਿੰਨਾਂ ਵਿਧਾਇਕਾਂ ਦਾ ਹੀ ਸੰਬੰਧ ‘ਆਪ’ ਨਾਲ ਹੈ। ‘ਆਪ’ ਦੇ ਇਕ ਵਿਧਾਇਕ ‘ਤੇ 9 ਕੇਸ ਦਰਜ ਹਨ। ਕਈ ਹੋਰ ਵਿਧਾਇਕਾਂ ‘ਤੇ ਕਤਲ ਕਰਨ ਦੀ ਕੋਸ਼ਿਸ਼ ਅਗਵਾ ਕਰਨ, ਬੰਦੀ ਬਣਾਉਣ ਅਤੇ ਜੂਏਬਾਜ਼ੀ ਦੇ ਕੇਸ ਵੀ ਹਨ। ‘ਆਪ’ ਦੇ 92 ਵਿਧਾਇਕਾਂ ਵਿਚੋਂ 52 ‘ਤੇ ਕੇਸ ਚੱਲ ਰਹੇ ਹਨ, ਜਿਨ੍ਹਾਂ ਵਿਚੋਂ 19 ‘ਤੇ ਗੰਭੀਰ ਕੇਸ ਹਨ। ਇਨ੍ਹਾਂ ਵਿਚ ਕਤਲ, ਔਰਤਾਂ ਦੇ ਖਿਲਾਫ ਅਤੇ ਗ਼ੈਰ-ਕਾਨੂੰਨੀ ਮਾਈਨਿੰਗ ਦੇ ਕੇਸ ਵੀ ਸ਼ਾਮਿਲ ਹਨ। ਇਕ ‘ਆਪ’ ਵਿਧਾਇਕ ‘ਤੇ ਔਰਤ ਦੀ ਇੱਜ਼ਤ ਨਾਲ ਖੇਡਣ ਦਾ ਕੇਸ ਹੈ। ਸਾਡੀ ਸੂਚਨਾ ਅਨੁਸਾਰ ਮਾਨਸਾ ਦੇ ਡਾ. ਵਿਜੇ ਸਿੰਗਲਾ ਜਿਨ੍ਹਾਂ ਉੱਪਰ ਭਗਵੰਤ ਮਾਨ ਨੇ ਇਕ ਫ਼ੀਸਦੀ ਕਮਿਸ਼ਨ ਲੈਣ ਦੇ ਦੋਸ਼ ਵਿਚ ਉਨ੍ਹਾਂ ਨੂੰ ਮੰਤਰੀ ਮੰਡਲ ‘ਚੋਂ ਹਟਾਉਣ ਦੇ ਨਾਲ-ਨਾਲ ਗ੍ਰਿਫ਼ਤਾਰ ਵੀ ਕਰਵਾਇਆ ਹੈ, ਉਹ ਪਿਛਲੇ 7 ਸਾਲ ਤੋਂ ਇਸ ਪਾਰਟੀ ਨਾਲ ਜੁੜਿਆ ਹੋਇਆ ਸੀ। ਪਾਰਟੀ ਵਲੋਂ ਉਨ੍ਹਾਂ ਨੂੰ ਪੰਜਾਬ ਵਪਾਰ ਮੰਡਲ ਦਾ ਜਨਰਲ ਸਕੱਤਰ ਵੀ ਬਣਾਇਆ ਗਿਆ ਸੀ। ਉਸ ਦਾ ਮਾਨਸਾ ਵਿਚ ਡਾਕਟਰੀ ਦਾ ਵੀ ਚੰਗਾ ਕੰਮ ਸੀ। ਉਨ੍ਹਾਂ ਨੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਨੂੰ 63,000 ਤੋਂ ਵੀ ਵਧੇਰੇ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਇਸ ਆਧਾਰ ‘ਤੇ ਉਨ੍ਹਾਂ ਨੂੰ ਵਜ਼ਾਰਤ ਵਿਚ ਸ਼ਾਮਿਲ ਕੀਤਾ ਗਿਆ ਸੀ। ਅੱਜ ਉਨ੍ਹਾਂ ਦੇ ਦਾਗ਼ੀ ਪਿਛੋਕੜ ਦੀ ਗੱਲ ਚੱਲਣ ਲੱਗੀ ਹੈ ਪਰ ਕੀ ਪਾਰਟੀ ਨੂੰ ਏਨੇ ਲੰਮੇ ਅਰਸੇ ਵਿਚ ਉਨ੍ਹਾਂ ਦੇ ਪਿਛੋਕੜ ਦਾ ਪਤਾ ਨਹੀਂ ਸੀ ਲੱਗਾ?
ਚੋਣਾਂ ਦੌਰਾਨ ਪਾਰਟੀ ਦੀ ਲੀਡਰਸ਼ਿਪ ‘ਤੇ ਬਹੁਤ ਸਾਰੇ ਉਮੀਦਵਾਰਾਂ ਕੋਲੋਂ ਵੱਡੀਆਂ ਰਕਮਾਂ ਲੈ ਕੇ ਟਿਕਟਾਂ ਦੇਣ ਦੇ ਆਰੋਪ ਵੀ ਲੱਗੇ ਸਨ ਅਤੇ ਪਿਛਲੇ ਦਿਨੀਂ ਜਿਨ੍ਹਾਂ ਵਿਅਕਤੀਆਂ ਨੂੰ ਪਾਰਟੀ ਵਲੋਂ ਰਾਜ ਸਭਾ ਦੀਆਂ ਪੌੜੀਆਂ ਚਾੜ੍ਹਿਆ ਗਿਆ ਹੈ, ਉਨ੍ਹਾਂ ‘ਚੋਂ ਕੁਝ ਇਕ ਸੰਬੰਧੀ ਇਹ ਵੀ ਦੋਸ਼ ਲਗਾਏ ਗਏ ਸਨ ਕਿ ਉਨ੍ਹਾਂ ਨੇ ਬਹੁਤ ਵੱਡੀਆਂ ਰਕਮਾਂ ਦੇ ਕੇ ਇਹ ਸੀਟਾਂ ਪ੍ਰਾਪਤ ਕੀਤੀਆਂ ਹਨ। ਲਗਭਗ ਸਾਰੀਆਂ ਹੀ ਵਿਰੋਧੀ ਪਾਰਟੀਆਂ ਇਹ ਦੋਸ਼ ਦੁਹਰਾਉਂਦੀਆਂ ਰਹੀਆਂ ਹਨ ਜਿਨ੍ਹਾਂ ਸੰਬੰਧੀ ‘ਆਪ’ ਦੀ ਲੀਡਰਸ਼ਿਪ ਵਲੋਂ ਕੋਈ ਸੰਤੁਸ਼ਟੀਜਨਕ ਜਵਾਬ ਸਾਹਮਣੇ ਨਹੀਂ ਆਇਆ। ਇਸ ਦੇ ਬਾਵਜੂਦ ਅਸੀਂ ਮੁੱਖ ਮੰਤਰੀ ਦੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੇ ਜੋਸ਼ ਅਤੇ ਭਾਵਨਾ ਦੀ ਕਦਰ ਕਰਦੇ ਹਾਂ ਪਰ ਇਸ ਸੰਬੰਧੀ ਉਨ੍ਹਾਂ ਨੂੰ ਵਧੇਰੇ ਪਾਰਦਰਸ਼ੀ ਹੋਣਾ ਪਵੇਗਾ ਅਤੇ ਇਹ ਵੀ ਕਿ ਹੁਣ ਤੱਕ ਇਸ ਸੰਬੰਧੀ ਜੋ ਹਜ਼ਾਰਾਂ ਸ਼ਿਕਾਇਤਾਂ ਉਨ੍ਹਾਂ ਦੇ ਦਫ਼ਤਰ ਵਿਚ ਪੁੱਜ ਚੁੱਕੀਆਂ ਹਨ, ਉਨ੍ਹਾਂ ਸੰਬੰਧੀ ਉਹ ਪਾਰਦਰਸ਼ੀ ਢੰਗ ਨਾਲ ਕਿਵੇਂ ਪੇਸ਼ ਆਉਂਦੇ, ਇਹ ਵੀ ਦੇਖਣ ਵਾਲੀ ਗੱਲ ਹੋਵੇਗੀ। ਅਸੀਂ ਉਨ੍ਹਾਂ ਦੇ ਇਸ ਕਦਮ ਦੀ ਪ੍ਰਸੰਸਾ ਕਰਦੇ ਹੋਏ ਏਨਾ ਸੁਚੇਤ ਜ਼ਰੂਰ ਕਰਨਾ ਚਾਹੁੰਦੇ ਹਾਂ ਕਿ ਭਵਿੱਖ ਵਿਚ ਉਨ੍ਹਾਂ ਨੂੰ ਅਜਿਹੇ ਹਰ ਕੇਸ ਪ੍ਰਤੀ ਜਵਾਬਦੇਹ ਹੋਣਾ ਪਵੇਗਾ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …