Breaking News
Home / ਸੰਪਾਦਕੀ / ਕਾਮਾਗਾਟਾਮਾਰੂ ਕਾਂਡ ਬਾਰੇ ਮੁਆਫ਼ੀ

ਕਾਮਾਗਾਟਾਮਾਰੂ ਕਾਂਡ ਬਾਰੇ ਮੁਆਫ਼ੀ

Editorial6-680x365-300x161ਪ੍ਰਧਾਨ ਮੰਤਰੀ ਟਰੂਡੋ ਵਲੋਂ ਇਤਿਹਾਸਕ ਗਲਤੀ ਸੁਧਾਰਨ ਦਾ ਤਵਾਰੀਖੀ ਫ਼ੈਸਲਾ
ਪਿਛਲੇ ਦਿਨੀਂ ਖ਼ਾਲਸਾ ਸਾਜਨਾ ਦਿਵਸ ‘ਵਿਸਾਖੀ’ ਸਬੰਧੀ ਕੈਨੇਡਾ ਦੀ ਪਾਰਲੀਮੈਂਟ ਵਿਚ ਹੋਏ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕਾਮਾਗਾਟਾਮਾਰੂ ਜਹਾਜ਼ ਕਾਂਡ ਸਬੰਧੀ ਪਾਰਲੀਮੈਂਟ ਵਿਚ ਮੁਆਫ਼ੀ ਮੰਗਣ ਦਾ ਕੀਤਾ ਐਲਾਨ ਇਤਿਹਾਸਕ ਮਹੱਤਤਾ ਰੱਖਦਾ ਹੈ। ਹਾਲਾਂਕਿ ਹਰ ਸਾਲ ਖ਼ਾਲਸਾ ਸਾਜਨਾ ਦਿਵਸ ਸਬੰਧੀ ਓਟਾਵਾ ਸਥਿਤ ਕੈਨੇਡੀਅਨ ਪਾਰਲੀਮੈਂਟ ਵਿਚ ਇਕ ਰਵਾਇਤੀ ਕਿਸਮ ਦਾ ਸਮਾਰੋਹ ਪਿਛਲੇ ਡੇਢ ਦਹਾਕੇ ਤੋਂ ਹੋ ਰਿਹਾ ਹੈ, ਪਰ ਇਸ ਵਾਰ ਦਾ ਸਮਾਰੋਹ ਲਿਬਰਲ ਪਾਰਟੀ ਦੇ ਆਗੂ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਇਤਿਹਾਸਕ ਬਣਾ ਦਿੱਤਾ ਗਿਆ।
ਕਾਮਾਗਾਟਾਮਾਰੂ ਦੀ ਘਟਨਾ ਭਾਰਤ ਦੀ ਆਜ਼ਾਦੀ ਦੀ ਲਹਿਰ ਨਾਲ ਜੁੜੀ ਇਕ ਮਹੱਤਵਪੂਰਨ ਘਟਨਾ ਸੀ, ਜਿਸ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਨੂੰ ਵੱਡਾ ਹਲੂਣਾ ਦਿੱਤਾ ਸੀ। ਭਾਰਤ ਵਿਚ ਅੰਗਰੇਜ਼ਾਂ ਦੇ ਰਾਜ ਦੀਆਂ ਮਾੜੀਆਂ ਨੀਤੀਆਂ ਅਤੇ ਰੁਜ਼ਗਾਰ ਦੀ ਥੁੜ ਕਾਰਨ ਸੰਨ 1914 ਵਿਚ ਸਿੱਖ ਕਾਰੋਬਾਰੀਆਂ ਦਾ ਇਕ ਵੱਡਾ ਜਥਾ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿਚ ਸਮੁੰਦਰੀ ਜਹਾਜ਼ ਰਾਹੀਂ ਕੈਨੇਡਾ ਪਹੁੰਚਿਆ ਸੀ। ‘ਕਾਮਾਗਾਟਾਮਾਰੂ’ ਨਾਂਅ ਦਾ ਇਹ ਜਹਾਜ਼ ਬਾਬਾ ਗੁਰਦਿੱਤ ਸਿੰਘ ਨੇ ਜਾਪਾਨ ਦੀ ਇਕ ਕੰਪਨੀ ਤੋਂ ਕਿਰਾਏ ‘ਤੇ ਲਿਆ ਸੀ ਅਤੇ ਉਸ ਵਿਚ ਕੁੱਲ 377 ਯਾਤਰੂ ਸਵਾਰ ਸਨ, ਜਿਨ੍ਹਾਂ ਵਿਚੋਂ 150 ਮੁਸਾਫ਼ਿਰ ਹਾਂਗਕਾਂਗ ਤੋਂ, 111 ਸ਼ਿੰਗਾਈ ਤੋਂ, 86 ਜਾਪਾਨ ਤੋਂ ਅਤੇ 14 ਯਾਤਰੂ ਯੋਕੋਹਾਮਾ ਤੋਂ ਸਨ। ਇਹ ਜਹਾਜ਼ ਜਦੋਂ 23 ਮਈ 1914 ਨੂੰ ਕੈਨੇਡਾ ਦੇ ਪੱਛਮੀ ਤੱਟ ਵੈਨਕੂਵਰ ਦੀ ਬਰਾਰਡ ਖਾੜੀ ਦੀ ਬੰਦਰਗਾਹ ‘ਤੇ ਪਹੁੰਚਿਆ ਸੀ ਤਾਂ ਉਸ ਵੇਲੇ ਵੈਨਕੂਵਰ ਦੇ ਪ੍ਰਸ਼ਾਸਨ ਨੇ ਇਸ ਜਹਾਜ਼ ਵਿਚੋਂ ਮੁਸਾਫ਼ਿਰਾਂ ਨੂੰ ਉਤਰਨ ਨਾ ਦਿੱਤਾ ਅਤੇ ਵਾਪਸ ਚਲੇ ਜਾਣ ਲਈ ਮਜਬੂਰ ਕਰ ਦਿੱਤਾ। ਲਗਭਗ ਦੋ ਮਹੀਨੇ ਤੋਂ ਵੱਧ ਸਮਾਂ ਜਹਾਜ਼ ਕੈਨੇਡਾ ਦੀ ਵੈਨਕੂਵਰ ਨੇੜੇ ਬੰਦਰਗਾਹ ‘ਤੇ ਖੜ੍ਹਾ ਰਿਹਾ ਅਤੇ ਇਸ ਦੇ ਯਾਤਰੂਆਂ ਨੂੰ ਰਾਸ਼ਨ-ਪਾਣੀ ਦੇਣਾ ਵੀ ਬੰਦ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਇਸ ਜਹਾਜ਼ ਵਿਚ ਸਵਾਰ 20 ਕੈਨੇਡੀਅਨ ਨਾਗਰਿਕਾਂ ਨੂੰ ਛੱਡ ਕੇ ਬਾਕੀ ਸਾਰੇ ਮੁਸਾਫ਼ਿਰ ਵਾਪਸ ਭਾਰਤ ਮੁੜਨ ਲਈ ਮਜਬੂਰ ਹੋ ਗਏ। ਜਦੋਂ ਕਾਮਾਗਾਟਾਮਾਰੂ ਜਹਾਜ਼ 29 ਸਤੰਬਰ 1914 ਨੂੰ ਪੱਛਮੀ ਬੰਗਾਲ ਦੇ ਬਜਬਜਘਾਟ ਪਹੁੰਚਿਆ ਤਾਂ ਭਾਰਤ ਦੀ ਅੰਗਰੇਜ਼ ਸਰਕਾਰ ਨੇ ਜਹਾਜ਼ ਦੇ ਯਾਤਰੂਆਂ ‘ਤੇ ਗੋਲੀਆਂ ਦਾ ਮੀਂਹ ਵਰ੍ਹਾਉਣਾ ਸ਼ੁਰੂ ਕਰ ਦਿੱਤਾ, ਜਿਸ ਦੌਰਾਨ ਬਹੁਤ ਸਾਰੇ ਯਾਤਰੂ ਸ਼ਹੀਦ ਹੋ ਗਏ। ਕਾਮਾਗਾਟਾਮਾਰੂ ਜਹਾਜ਼ ਵਿਚ ਸਵਾਰ ਕੁੱਲ 377 ਸਵਾਰਾਂ ਵਿਚੋਂ 355 ਸਿੱਖ ਸਨ ਅਤੇ ਸ਼ਹੀਦ ਹੋਣ ਵਾਲੇ 50 ਦੇ 50 ਹੀ ਸਿੱਖ ਸਨ। ਇਸ ਘਟਨਾ ਨੇ ਜਿੱਥੇ ਭਾਰਤੀਆਂ ਦੇ ਅੰਦਰ ਅੰਗਰੇਜ਼ ਹਕੂਮਤ ਵਿਰੁੱਧ ਬਗਾਵਤ ਦੀ ਚਿੰਗਾਰੀ ਭੜਕਾ ਦਿੱਤੀ ਸੀ, ਉਥੇ ਕੈਨੇਡਾ ਦੀ ਉਸ ਵੇਲੇ ਦੀ ਸਰਕਾਰ ਵਿਰੁੱਧ ਵੀ ਗੁੱਸੇ ਦੀ ਭਾਵਨਾ ਸੀ। ਭਾਰਤ ਭਾਵੇਂ ਆਜ਼ਾਦ ਹੋ ਗਿਆ ਅਤੇ ਅੰਗਰੇਜ਼ ਭਾਰਤ ਛੱਡ ਕੇ ਚਲੇ ਗਏ, ਪਰ ਕੈਨੇਡਾ ਦੀ ਤਤਕਾਲੀ ਸਰਕਾਰ ਦੇ ਖਿਲਾਫ਼ ਭਾਰਤੀ ਜਨ-ਮਾਨਸ ਦਾ ਰੋਸ ਤੇ ਗਿਲ੍ਹਾ ਇਤਿਹਾਸਕ ਤੱਥ ਬਣ ਗਿਆ।
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਮਈ ਨੂੰ ਕੈਨੇਡਾ ਦੀ ਪਾਰਲੀਮੈਂਟ ਵਿਚ ਕਾਮਾਗਾਟਾਮਾਰੂ ਦੇ ਦੁਖਾਂਤ ਸਬੰਧੀ ਮੁਆਫ਼ੀ ਮੰਗਣ ਦਾ ਐਲਾਨ ਕਰਕੇ ਕੈਨੇਡਾ ਵਿਚ ਵੱਸਦੇ ਭਾਰਤੀਆਂ, ਖ਼ਾਸ ਕਰਕੇ ਪੰਜਾਬੀਆਂ ਦਾ ਦਿਲ ਜਿੱਤਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ, ਜਿਸ ਦੇ ਨਾਲ ਕੈਨੇਡਾ ਦੀ ਇਤਿਹਾਸਕ ਗਲਤੀ ਨੂੰ ਵੀ ਸਾਕਾਰਾਤਮਕ ਤਰੀਕੇ ਨਾਲ ਠੀਕ ਕੀਤਾ ਜਾਵੇਗਾ। ਕੈਨੇਡਾ ਦੇ ਨੌਜਵਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇਸ ਇਤਿਹਾਸਕ ਪਹਿਲਕਦਮੀ ਨੇ ਉਨ੍ਹਾਂ ਦਾ ਕੱਦ ਕੈਨੇਡਾ ਦੇ ਬਹੁ-ਸੱਭਿਆਚਾਰੀ ਸਮਾਜ ਅੰਦਰ ਹੋਰ ਉੱਚਾ ਕਰ ਦਿੱਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਸਾਲ 2008 ਵਿਚ ਕਾਮਾਗਾਟਾਮਾਰੂ ਕਾਂਡ ਸਬੰਧੀ ਪਹਿਲੀ ਵਾਰ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੇ ਬੀ.ਸੀ. ਵਿਚ ਇਕ ਜਨਤਕ ਸਮਾਰੋਹ ਦੌਰਾਨ ਦੁੱਖ ਜ਼ਾਹਰ ਕੀਤਾ ਸੀ। ਉਸ ਵੇਲੇ ਤੋਂ ਹੀ ਕੈਨੇਡਾ ਵਿਚ ਵੱਸਦੇ ਪੰਜਾਬੀਆਂ ਤੇ ਸਿੱਖਾਂ ਦੀਆਂ ਜਥੇਬੰਦੀਆਂ ਵਲੋਂ ਜਨਤਕ ਮੁਹਿੰਮ ਦੇ ਰੂਪ ਵਿਚ ਇਹ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਗਈ ਸੀ ਕਿ ਕੈਨੇਡਾ ਇਕ ਸਦੀ ਪਹਿਲਾਂ ਦੀ ਆਪਣੀ ਗਲਤੀ ‘ਤੇ ਪਾਰਲੀਮੈਂਟ ਵਿਚ ਸਪੱਸ਼ਟ ਤੌਰ ‘ਤੇ ਮੁਆਫ਼ੀ ਮੰਗੇ।
ਭਾਵੇਂਕਿ ਅੱਜ ਤੋਂ ਇਕ ਸਦੀ ਪਹਿਲਾਂ ਦੇ ਕੈਨੇਡੀਅਨ ਰਾਜਨੀਤੀ, ਸਮਾਜ ਅਤੇ ਆਰਥਿਕਤਾ ਦੇ ਹਾਲਾਤ ਬਿਲਕੁਲ ਭਿੰਨ ਸਨ ਅਤੇ ਉਸ ਵੇਲੇ ਕੈਨੇਡਾ ਦੀ ਸਰਕਾਰ ‘ਤੇ ਅੰਗਰੇਜ਼ ਹਕੂਮਤ ਦਾ ਪ੍ਰਭਾਵ ਸੀ। ਉਸ ਵੇਲੇ ਕੈਨੇਡਾ ਦੀਆਂ ਹਕੂਮਤਾਂ ਨਸਲਪ੍ਰਸਤੀ ਤੋਂ ਪ੍ਰਭਾਵਿਤ ਹੋਣ ਕਾਰਨ ਕੈਨੇਡਾ ਵਿਚ ਕਾਲੇ ਲੋਕਾਂ ਨੂੰ ਦਾਖ਼ਲ ਹੋਣ ਤੋਂ ਰੋਕਣ ਲਈ ਕਈ ਤਰ੍ਹਾਂ ਦੇ ਵਿੰਗੇ-ਡੇਢੇ ਕਾਨੂੰਨ ਤੱਕ ਬਣੇ ਹੋਏ ਸਨ। ਉਸ ਸਥਿਤੀ ਵਿਚ ਵਾਪਰੇ ਕਾਮਾਗਾਟਾਮਾਰੂ ਦੇ ਦੁਖਾਂਤ ਲਈ ਅਜੋਕੇ ਕੈਨੇਡੀਅਨ ਪ੍ਰਸ਼ਾਸਨ ਜਾਂ ਸਮਾਜ ਨੂੰ ਸਿੱਧਾ ਦੋਸ਼ੀ ਤਾਂ ਨਹੀਂ ਠਹਿਰਾਇਆ ਜਾ ਸਕਦਾ, ਪਰ ਇਤਿਹਾਸ ਵਿਚ ਕੈਨੇਡਾ ਵਲੋਂ ਵੈਨਕੂਵਰ ਬੰਦਰਗਾਹ ਤੋਂ ਵਾਪਸ ਭਾਰਤ ਮੋੜੇ ਗਏ ਕਾਮਾਗਾਟਾਮਾਰੂ ਜਹਾਜ਼ ਦੇ ਦੁਖਾਂਤ ਲਈ ਅੱਜ ਦੇ ਕੈਨੇਡੀਅਨ ਪ੍ਰਸ਼ਾਸਨ ਵਲੋਂ ਇਖਲਾਕੀ ਤੌਰ ‘ਤੇ ਮੁਆਫ਼ੀ ਮੰਗਣੀ ਸਿਆਣਪ, ਦੂਰਅੰਦੇਸ਼ੀ, ਮਨੁੱਖਤਾਵਾਦੀ ਅਤੇ ਫ਼ਰਾਖ਼ਦਿਲੀ ਵਾਲਾ ਫ਼ੈਸਲਾ ਆਖਿਆ ਜਾ ਸਕਦਾ ਹੈ।
ਸਮੇਂ ਦੇ ਨਾਲ ਕੈਨੇਡਾ ਦੀਆਂ ਸਰਕਾਰਾਂ ਬਦਲੀਆਂ ਅਤੇ ਪਰਵਾਸੀਆਂ ਸਬੰਧੀ ਨੀਤੀਆਂ ਵਿਚ ਵੀ ਉਦਾਰਤਾ ਆਈ। ਇਸੇ ਉਦਾਰਤਾ ਦਾ ਫ਼ਾਇਦਾ ਲੈਂਦਿਆਂ ਵੱਡੀ ਗਿਣਤੀ ਵਿਚ ਪੰਜਾਬੀ ਅਤੇ ਸਿੱਖ ਅੱਜ ਕੈਨੇਡੀਅਨ ਸਮਾਜ ਦਾ ਅਟੁੱਟ ਹਿੱਸਾ ਹਨ। ਕੈਨੇਡਾ ਦੀ ਰਾਜਨੀਤੀ, ਆਰਥਿਕਤਾ, ਸਮਾਜ ਜਾਂ ਕੋਈ ਵੀ ਖੇਤਰ ਹੋਵੇ, ਪੰਜਾਬੀਆਂ ਨੂੰ ਅਣਡਿੱਠ ਨਹੀਂ ਕੀਤਾ ਜਾਂਦਾ। ਇੱਕੀਵੀਂ ਸਦੀ ਵਿਚ ਕੈਨੇਡਾ ਵਿਚ ਪੰਜਾਬੀ ਅਤੇ ਖ਼ਾਸ ਕਰਕੇ ਸਿੱਖ ਸਮਾਜ ਇਕ ਪ੍ਰਭਾਵਸ਼ਾਲੀ ਹਿੱਸੇ ਵਜੋਂ ਵਿਕਸਿਤ ਹੋ ਰਿਹਾ ਹੈ। ਕੈਨੇਡਾ ਦੀ ਉਨਤੀ ਅਤੇ ਤਾਕਤ ਵਿਚ ਸਿੱਖਾਂ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਲਗਾਇਆ ਜਾ ਸਕਦਾ ਹੈ ਕਿ ਕੈਨੇਡਾ ਦੇ ਇਕ ਅਹਿਮ ਮੰਤਰਾਲੇ ‘ਰੱਖਿਆ ਮੰਤਰੀ’ ਸਮੇਤ ਚਾਰ ਸਿੱਖ ਮੰਤਰੀ ਹਨ। ਇਸ ਤੋਂ ਇਲਾਵਾ ਕੈਨੇਡਾ ਦੀ ਪਾਰਲੀਮੈਂਟ ਵਿਚ 17 ਪੰਜਾਬੀ ਸੰਸਦ ਮੈਂਬਰ ਹਨ। ਕੈਨੇਡਾ ਵਿਚ ਪੰਜਾਬੀਆਂ ਦੀ ਬੇਮਿਸਾਲ ਮਿਹਨਤ, ਤਰੱਕੀ ਅਤੇ ਯੋਗਦਾਨ ਦੀ ਮਹੱਤਤਾ ਤੋਂ ਕੈਨੇਡਾ ਦੀ ਸਰਕਾਰ ਭਲੀ-ਭਾਂਤ ਜਾਣੂ ਹੈ, ਸ਼ਾਇਦ ਇਸੇ ਕਾਰਨ ਹੀ ਪਿਛੇ ਜਿਹੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕ ਸੰਮੇਲਨ ਵਿਚ ਮਜ਼ਾਹੀਆ ਅੰਦਾਜ਼ ਵਿਚ ਮਾਣ ਨਾਲ ਕਿਹਾ ਸੀ ਕਿ ਮੇਰੀ ਕੈਬਨਿਟ ਵਿਚ ਭਾਰਤ ਦੀ ਮੋਦੀ ਕੈਬਨਿਟ ਨਾਲੋਂ ਵੀ ਜ਼ਿਆਦਾ ਸਿੱਖ ਮੰਤਰੀ ਹਨ।  ਵਕਤ ਕਈ ਵਾਰ ਅਜਿਹੇ ਇਤਿਹਾਸ ਦੀਆਂ ਪੈੜਾਂ ਖਿੱਚ ਦਿੰਦਾ ਹੈ ਕਿ ਦੇਸ਼ਾਂ, ਕੌਮਾਂ ਤੇ ਭਾਈਚਾਰਿਆਂ ਵਿਚ ਨਫ਼ਰਤ ਦੀਆਂ ਡੂੰਘੀਆਂ ਖਾਈਆਂ ਪੈਦਾ ਹੋ ਜਾਂਦੀਆਂ ਹਨ ਅਤੇ ਕੌਮਾਂ ਅਤੇ ਸਮਾਜ ਦੇ ਸਿਆਣੇ ਆਗੂ ਸਮੇਂ ਦੇ ਨਾਲ ਪੁਰਾਣੀਆਂ ਗਲਤੀਆਂ ਨੂੰ ਸੁਧਾਰਨ ਦੀ ਪਹੁੰਚ ਅਪਨਾ ਕੇ, ਸਦਭਾਵਨਾ, ਫ਼ਰਾਖ਼ਦਿਲੀ ਅਤੇ ਵਧੇਰੇ ਮਨੁੱਖਤਾਵਾਦੀ ਸਮੂਹਿਕ-ਵਿਹਾਰ ਸਦਕਾ ਇਨ੍ਹਾਂ ਖਾਈਆਂ ਨੂੰ ਪੂਰ ਦਿੰਦੇ ਹਨ। ਸਿਆਣੇ ਆਗੂਆਂ ਦੀ ਇਹੀ ਯੋਗਤਾ ਦੇਸ਼, ਕੌਮ ਅਤੇ ਸਮਾਜ ਦੀ ਤਰੱਕੀ ਦਾ ਮੂਲ ਮੰਤਰ ਬਣਦੀ ਹੈ। ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕਾਮਾਗਾਟਾਮਾਰੂ ਦੁਖਾਂਤ ਬਾਰੇ ਪਾਰਲੀਮੈਂਟ ਵਿਚ ਮੁਆਫ਼ੀ ਮੰਗਣ ਦੇ ਫ਼ੈਸਲੇ ਨੂੰ ਇਸੇ ਪ੍ਰਸੰਗ ਵਿਚ ਦੇਖਿਆ ਜਾਣਾ ਚਾਹੀਦਾ ਹੈ, ਜਿਸ ਨੇ ਕੈਨੇਡੀਅਨ ਪ੍ਰਸ਼ਾਸਨ ਅਤੇ ਸਮਾਜ ਦੇ ਸਤਿਕਾਰ ਤੇ ਸਨਮਾਨ ਨੂੰ ਵੀ ਪੂਰੀ ਦੁਨੀਆ ਵਿਚ ਵਧਾਇਆ ਹੈ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …