30 ਅਪ੍ਰੈਲ ਤੋਂ ਬਾਅਦ ਸਾਰੇ ਮੈਚ ਸੂਬੇ ਤੋਂ ਬਾਹਰ ਤਬਦੀਲ ਕਰਨ ਦੇ ਹੁਕਮ
ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ ਵਿੱਚ ਸੋਕੇ ਵਰਗੇ ਹਾਲਾਤ ਨੂੰ ਮੁੱਖ ਰਖਦਿਆਂ ਬੰਬੇ ਹਾਈਕੋਰਟ ਨੇ ਭਾਰਤੀ ਕ੍ਰਿਕਟ ਬੋਰਡ ਨੂੰ ਕਰਾਰਾ ਝਟਕਾ ਦਿੰਦਿਆਂ 30 ਅਪਰੈਲ ਤੋਂ ਬਾਅਦ ਸੂਬੇ ਵਿੱਚ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ ਦੇ ਸਾਰੇ ਮੈਚਾਂ ਨੂੰ ਇਥੋਂ ਤਬਦੀਲ ਕੀਤੇ ਜਾਣ ਲਈ ਕਿਹਾ ਹੈ। ਅਦਾਲਤ ਦੇ ਇਸ ਫੈਸਲੇ ਨਾਲ ਬੀਸੀਸੀਆਈ ਨੂੰ ਹੁਣ ਆਈਪੀਐਲ ਦੇ ਮਈ ਵਿੱਚ ਹੋਣ ਵਾਲੇ 13 ਮੈਚਾਂ ਲਈ 18 ਦਿਨਾਂ ਵਿੱਚ ਨਵੇਂ ਮੈਦਾਨਾਂ ਦੀ ਭਾਲ ਕਰਨੀ ਹੋਵੇਗੀ।
ਲਿਹਾਜ਼ਾ 29 ਮਈ ਨੂੰ ਮੁੰਬਈ ਵਿੱਚ ਹੋਣ ਵਾਲਾ ਫਾਈਨਲ ਮੁਕਾਬਲਾ ਵੀ ਸੂਬੇ ਤੋਂ ਬਾਹਰ ਤਬਦੀਲ ਕਰਨਾ ਪਵੇਗਾ। ਯਾਦ ਰਹੇ ਕਿ ਬੀਸੀਸੀਆਈ ਨੇ ਭਰੋਸਾ ਦਿੱਤਾ ਸੀ ਕਿ ਮਹਾਰਾਸ਼ਟਰ ਨਾਲ ਸਬੰਧਤ ਦੋਵੇਂ ਆਈਪੀਐਲ ਟੀਮਾਂ ਮੁੰਬਈ ਤੇ ਪੁਣੇ ਮੁੱਖ ਮੰਤਰੀ ਸੋਕਾ ਰਾਹਤ ਕੋਸ਼ ਵਿੱਚ ਪੰਜ ਪੰਜ ਕਰੋੜ ਰੁਪਏ ਦੇਣ ਨੂੰ ਤਿਆਰ ਹਨ, ਪਰ ਅਦਾਲਤ ਨੇ ਉਨ੍ਹਾਂ ਦੀ ਇਹ ਦਲੀਲ ਨੂੰ ਮੁੱਢੋਂ ਹੀ ਰੱਦ ਕਰ ਦਿੱਤੀ।

