Breaking News
Home / ਖੇਡਾਂ / ਲੰਮੇ ਪੈਂਡਿਆਂ ਦਾ ਪਾਂਧੀ: 62 ਸਾਲਾ ਨੌਜਵਾਨ ਸੂਰਤ ਸਿੰਘ ਚਾਹਲ

ਲੰਮੇ ਪੈਂਡਿਆਂ ਦਾ ਪਾਂਧੀ: 62 ਸਾਲਾ ਨੌਜਵਾਨ ਸੂਰਤ ਸਿੰਘ ਚਾਹਲ

ਡਾ. ਸੁਖਦੇਵ ਸਿੰਘ ਝੰਡ
ਜ਼ਿਲ੍ਹਾ ਕਪੂਰਥਲਾ ਦੇ ਵੱਡੇ ਪਿੰਡ ‘ਕਾਲਾ ਸੰਘਿਆ’ ਜੋ ਹੁਣ ਕਸਬੇ ਦਾ ਰੂਪ ਧਾਰਨ ਕਰ ਚੁੱਕਾ ਹੈ, ਦੇ ਨੇੜੇ ਪੈਂਦੇ ਛੋਟੇ ਜਿਹੇ ਪਿੰਡ ‘ਜੱਲੋਵਾਲ’ ਵਿਚ 1955 ਵਿਚ ਪੈਦਾ ਹੋਇਆ ਸੂਰਤ ਸਿੰਘ ਚਾਹਲ 1978 ਵਿਚ ਕੈਨੇਡਾ ਪਹੁੰਚ ਗਿਆ। ਉਸ ਦਾ ਵੱਡਾ ਭਰਾ ਗੁਰਦੇਵ ਸਿੰਘ ਚਾਹਲ ਇਸ ਤੋਂ 8 ਸਾਲ ਪਹਿਲਾਂ 1970 ਵਿਚ ਹੀ ਇੱਥੇ ਆ ਗਿਆ ਸੀ। ਵੈਸੇ, ਵੇਖੀਏ ਤਾਂ ਪੰਜਾਬੀਆਂ ਵਿੱਚੋਂ ਇੱਥੇ ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਸੱਭ ਤੋਂ ਪਹਿਲਾਂ ‘ਦੁਆਬੇ ਵਾਲਿਆਂ’ ਨੇ ਹੀ ਡੇਰਾ ਜਮਾਇਆ, ਫਿਰ ਵੇਖੋ-ਵੇਖੀ ਮੋਗੇ ਤੇ ਫ਼ਿਰੋਜ਼ਪੁਰ ਵਾਲੇ ‘ਮਲਵੱਈ’ ਆਏ ਅਤੇ ਸੱਭ ਤੋਂ ਪਿੱਛੋਂ ‘ਮਝੈਲਾਂ’ ਨੇ ਏਧਰ ਵਹੀਰਾਂ ਘੱਤੀਆਂ। ਖ਼ੈਰ, ਹੁਣ ਤਾਂ ਪੰਜਾਬ ਦਾ ਸ਼ਾਇਦ ਹੀ ਕੋਈ ਪਿੰਡ ਜਾਂ ਸ਼ਹਿਰ ਹੋਵੇ ਜਿੱਥੋਂ ਦਾ ਕੋਈ ਨਾ ਕੋਈ ਬਸਿੰਦਾ ਇੱਥੇ ਕੈਨੇਡਾ ਦੇ ਕਿਸੇ ਨਾ ਕਿਸੇ ਸ਼ਹਿਰ ਵਿਚ ਤਸ਼ਰੀਫ਼ ਨਾ ਲਿਆਇਆ ਹੋਵੇ।
ਚਲੋ, ਸਾਨੂੰ ਏਹਦੇ ਨਾਲ ਕੀ। ਆਪਾਂ ਤਾਂ 42 ਕਿਲੋ ਮੀਟਰ ਲੰਮੀ ਦੌੜ ਜਿਸ ਨੂੰ ‘ਫੁੱਲ ਮੈਰਾਥਨ’ ਕਹਿੰਦੇ ਹਨ, ਦੇ ਦੌੜਾਕ ਸੂਰਤ ਸਿੰਘ ਬਾਰੇ ਗੱਲ ਕਰਨ ਲੱਗੇ ਹਾਂ ਜਿਸ ਨੇ ਇਸ ਦੌੜ ਵਿਚ ਦਰਜਨਾਂ ਮੈਡਲ ਜਿੱਤੇ ਹਨ। ਸੂਰਤ ਚਾਹਲ ਸਕੂਲ ਸਮੇਂ ਕਬੱਡੀ, ਦੌੜਾਂ, ਆਦਿ ਸਾਰੀਆਂ ਗੇਮਾਂ ਖੇਡਦਾ ਸੀ। 1971 ਵਿਚ ਮਾਤਾ ਜੀ ਰੱਬ ਨੂੰ ਪਿਆਰੇ ਹੋ ਗਏ। ਪਿਤਾ ਜੀ ਢਿੱਲੇ-ਮੱਠੇ ਰਹਿਣ ਲੱਗ ਪਏ ਜਿਸ ਕਾਰਨ ਖੇਡਾਂ ਵਿਚ ਉਸ ਦੀ ਦਿਲਚਸਪੀ ਬਹੁਤ ਘੱਟ ਗਈ। ਇੱਥੇ ਕੈਨੇਡਾ ਆ ਕੇ ਪਹਿਲਾਂ ਤਾਂ ਤਿੰਨ ਕੁ ਸਾਲ ਸਾਲ ਕੁ ਫ਼ੈਕਟਰੀਆਂ ਵਿਚ ਸਖ਼ਤ ਕੰਮ ਕੀਤਾ। ਇੱਥੇ ਕੰਮ ਕਰਦਿਆਂ ਕੋਈ ਖੇਡ ਕਿਸੇ ਨੂੰ ਕਿੱਥੇ ਸੁੱਝਦੀ ਹੈ। ਕੰਮ, ਕੰਮ ਤੇ ਕੰਮ, …ਬੱਸ, ਚੱਲ ਸੋ ਚੱਲ। ਫਿਰ ਡਰਾਈਵਿੰਗ ਸਿੱਖੀ ਤੇ ਟੈਕਸੀ-ਡਰਾਈਵਰ ਬਣ ਗਿਆ ਅਤੇ ਹੌਲੀ-ਹੌਲੀ ਏਅਰਪੋਰਟ ਤੇ ਚੱਲ ਰਹੀ ‘ਲਿਮੋਜ਼ੀਨ’ ਕੰਪਨੀ ਨਾਲ ਜੁੜ ਗਿਆ। ਇੱਥੇ 1983 ਤੋਂ ਲੈ ਕੇ ਹੁਣ ਤੱਕ ਏਅਰਪੋਰਟ ਤੇ ਲਿੰਮੋਜ਼ੀਨ ਚਲਾ ਰਿਹਾ ਹੈ। 1986 ਵਿਚ ਸੂਰਤ ਸਿੰਘ ਦਾ ਵਿਚਕਾਰਲਾ ਭਰਾ ਮੋਤਾ ਸਿੰਘ ਵੀ ਮਿਸੀਸਾਗਾ ਮੂਵ ਹੋ ਗਿਆ। ਉਸ ਨੂੰ ਆਪਣੇ ਆਪ ਨੂੰ ਫਿਟ ਰੱਖਣ ਲਈ ਰੋਜ਼ਾਨਾ 4-5 ਕਿਲੋਮੀਟਰ ਦੌੜਨ ਦਾ ਸ਼ੌਕ ਸੀ ਅਤੇ ਉਸ ਨੇ ਸੂਰਤ ਨੂੰ ਵੀ ਦੋਬਾਰਾ ਦੌੜਨ ਲਈ ਉਤਸ਼ਾਹਿਤ ਕੀਤਾ। ਬਾਕੀ, ਮੈਰਾਥਨ ਦੌੜਾਂ ਵਿਚ ਭਾਗ ਲੈਣਾ ਉਸ ਨੇ ਆਪਣੇ ਦੋਸਤ ਜਸਵੰਤ ਸਿੰਘ ‘ਜੱਸੇ’ ਦੀ ਪ੍ਰੇਰਨਾ ਨਾਲ ਸ਼ੁਰੂ ਕੀਤਾ। ਜਸਵੰਤ ਜੱਸਾ ਆਪ ਵੀ ਬਹੁਤ ਲੰਮੇਂ ਸਮੇਂ ਤੋਂ ਮੈਰਾਥਨ ਦੌੜ ਰਿਹਾ ਹੈ।
ਸੂਰਤ ਚਾਹਲ ਦੇ ਘਰ ਵਿਚ ਹੋਈ ਗ਼ੈਰ-ਰਸਮੀ ਗੱਲਬਾਤ ਦੌਰਾਨ ਇਹ ਪੁੱਛਣ ‘ਤੇ ਕਿ ਉਨ੍ਹਾਂ ਦੇ ਘਰ ਵਿੱਚੋਂ ਪਹਿਲਾਂ ਵੀ ਕੋਈ ਹੋਰ ਮੈਂਬਰ ਵੀ ਕਦੇ ਖੇਡਾਂ ਵਿਚ ਹਿੱਸਾ ਲੈਣ ਦਾ ਸ਼ੌਕੀਨ ਰਿਹਾ ਹੈ, ਉਸ ਨੇ ਦੱਸਿਆ ਕਿ ਉਸ ਦੇ ਪਿਤਾ ਜੀ ਤਾਂ ਪਿੰਡ ਵਿਚ ਵਾਹੀ-ਖੇਤੀ ਹੀ ਕਰਦੇ ਸਨ ਪਰ ਦਾਦਾ ਜੀ ਆਪਣੇ ਸਮੇਂ ਵਿਚ ਜ਼ਰੂਰ ‘ਭਲਵਾਨ’ ਰਹੇ ਸਨ ਅਤੇ ਆਲੇ-ਦੁਆਲੇ ਦੇ ਇਲਾਕੇ ਵਿਚ ਉਨ੍ਹਾਂ ਦਾ ਚੰਗਾ ਨਾਂ ਸੀ। ਕਹਿੰਦੇ ਹਨ ਕਿ ਖ਼ੂਨ ਵਿਚ ਸਮਾਇਆ ਹੋਇਆ ‘ਜੱਦੀ-ਕੀੜਾ’ ਜਿਸ ਨੂੰ ਵਿਗਿਆਨਕ ਭਾਸ਼ਾ ਵਿਚ ‘ਜੀਨਜ਼’ ਦਾ ਨਾਂ ਦਿੱਤਾ ਗਿਆ ਹੈ, ਆਪਣਾ ਰੰਗ ਵਿਖਾ ਹੀ ਦਿੰਦਾ ਹੈ।
ਸੂਰਤ ਸਿੰਘ ਅਨੁਸਾਰ ਇੱਥੇ ਕੈਨੇਡਾ ਵਿਚ ਸੱਭ ਤੋਂ ਪਹਿਲਾਂ 2004 ਵਿਚ ਉਸ ਨੇ ਮਿਸੀਸਾਗਾ ਵਿਚ ਹੋਣ ਵਾਲੀ 21 ਕਿਲੋਮੀਟਰ ‘ਹਾਫ਼ ਮੈਰਾਥਨ’ ਵਿਚ ਭਾਗ ਲਿਆ ਅਤੇ ਉਸ ਤੋਂ ਅਗਲੇ ਸਾਲ 2005 ਵਿਚ 30 ਕਿਲੋਮੀਟਰ ‘ਐਰਾਊਡ ਦ ਬੇਅ’ ਦੌੜ ਵਿਚ ਸ਼ਾਮਲ ਹੋਇਆ। 2007 ਵਿਚ ਉਸ ਨੇ ਸੰਸਾਰ ਪ੍ਰਸਿੱਧ ‘ਬੋਸਟਨ ਮੈਰਾਥਨ’ (ਅਮਰੀਕਾ) ਲਈ ਕੁਆਲੀਫ਼ਾਈ ਕੀਤਾ ਅਤੇ 2008 ਵਿਚ ਇਹ 42 ਕਿਲੋਮੀਟਰ ਲੰਮੀ ਦੌੜ 3 ਘੰਟੇ 37 ਮਿੰਟਾਂ ਵਿਚ ਲਗਾਈ। ਅਗਲੇ ਸਾਲ 2009 ਵਿਚ ਫੇਰ ਇਸ ਵਿਚ ਭਾਗ ਲਿਆ ਤੇ ਫਿਰ ਚੱਲ ਸੋ ਚੱਲ। 2010 ਵਿਚ ‘ਸ਼ਿਕਾਗੋ ਮੈਰਾਥਨ’ ਵਿਚ 3 ਘੰਟੇ 10 ਮਿੰਟ ਦਾ ਸਮਾਂ ਕੱਢਿਆ ਜਿਹੜਾ ਹੁਣ ਤੱਕ ਦਾ ਉਸ ਦਾ ‘ਬੈੱਸਟ ਟਾਈਮ’ ਹੈ। ਏਸੇ ਸਾਲ ਹੀ ‘ਨਿਊ ਯੌਰਕ ਮੈਰਾਥਨ’ ਅਤੇ 2011 ਵਿਚ ‘ਕੋਲੰਬਸ ਓਹਾਇਓ ਮੈਰਾਥਨ’ ਵਿਚ ਹਿੱਸਾ ਲਿਆ। ਅਗਲੇ ਸਾਲ 2012 ਵਿਚ ‘ਸ਼ਿਕਾਗੋ ਮੈਰਾਥਨ, 2013 ਵਿਚ ‘ਬਰਲਿਨ ਮੈਰਾਥਨ’ (ਜਰਮਨੀ), 2014 ਵਿਚ ‘ਬੋਸਟਨ ਮੈਰਾਥਨ’ ਅਤੇ 2016 ਵਿਚ ਫਿਰ ‘ਬੋਸਟਨ ਮੈਰਾਥਨ’ ਵਿਚ ਭਾਗ ਲਿਆ। ਇਨ੍ਹਾਂ ਮੈਰਾਥਨ ਦੌੜਾਂ ਅਤੇ ਹੋਰ ਕਈਆਂ ਦੌੜਾਂ ਵਿਚ ਜਿੱਤੇ ਹੋਏ ਕਿੰਨੇ ਸਾਰੇ ਮੈਡਲ ਵੀ ਉਸ ਨੇ ‘ਸਿੱਖ ਸਪੋਕਸਮੈਨ’ ਦੀ ਟੀਮ ਦੇ ਮੈਂਬਰਾਂ ਡਾ. ਸੁਖਦੇਵ ਸਿੰਘ ਝੰਡ ਅਤੇ ਮਲੂਕ ਸਿੰਘ ਕਾਹਲੋਂ ਨੂੰ ਵਿਖਾਏ।
ਉਸ ਨੇ ਦੱਸਿਆ ਕਿ 2018 ਵਿਚ ਹੋਣ ਵਾਲੀ ‘ਬੋਸਟਨ ਮੈਰਾਥਨ’ ਲਈ ਬੇਸ਼ਕ ਉਹ ‘ਕੁਆਲੀਫ਼ਾਈਡ’ ਹੈ ਪਰ ਉਹ ਉੱਥੇ ਨਹੀਂ ਜਾ ਰਿਹਾ ਕਿਉਂਕਿ ਉਹ ਹੁਣ ਕੈਨੇਡਾ ਵਿਚ ਹੋਣ ਵਾਲੀਆਂ ਸਥਾਨਕ ਦੌੜਾਂ ਵਿਚ ਜ਼ਿਆਦਾ ਦਿਲਚਸਪੀ ਰੱਖਦਾ ਹੈ। ਇੱਥੇ ਉਹ ਵੱਖ-ਵੱਖ ਸਮੇਂ ‘ਟੋਰਾਂਟੋ ਗੁੱਡ-ਲਾਈਫ਼ ਮੈਰਾਥਨ’, ‘ਟੋਰਾਂਟੋ-ਸਕੋਸ਼ੀਆ ਵਾਟਰ ਫ਼ਰੰਟ ਮੈਰਾਥਨ’, ‘ਹੈਮਿਲਟਨ ਮੈਰਾਥਨ’, ‘ਨਿਆਗਰਾ ਫ਼ਾਲਜ਼ ਮੈਰਾਥਨ’, ‘ਔਟਵਾ ਮੈਰਾਥਨ’, ‘ਕਿਊਬਿਕ ਸਿਟੀ ਮੈਰਾਥਨ’ ਆਦਿ ਦੌੜਾਂ ਵਿਚ ਭਾਗ ਲੈ ਚੁੱਕਾ ਹੈ ਅਤੇ ਇਸ ਸਾਲ 2017 ਵਿਚ 22 ਅਕਤੂਬਰ ਨੂੰ ਹੋਣ ਵਾਲੀ ‘ਟੋਰਾਂਟੋ-ਸਕੋਸ਼ੀਆ ਵਾਟਰ ਫ਼ਰੰਟ ਮੈਰਾਥਨ’ ਅਤੇ ਅਗਲੇ ਸਾਲ ਮਈ 2018 ਦੀ ‘ਕੈਲਗਰੀ ਮੈਰਾਥਨ’ ਵਿਚ ਭਾਗ ਲੈਣ ਦੀ ਦੀ ਇੱਛਾ ਰੱਖਦਾ ਹੈ।
ਆਪਣੇ ਦੌੜਨ ਦੇ ‘ਸਟਾਈਲ’ ਬਾਰੇ ਗੱਲ ਕਰਦਿਆਂ ਉਸ ਨੇ ਦੱਸਿਆ ਕਿ ਕੋਈ ਵੀ ਦੌੜ ਸ਼ੁਰੂ ਕਰਨ ਤੋਂ ਪਹਿਲਾਂ ਸਰੀਰ ਨੂੰ ‘ਵਾਰਮ-ਅੱਪ’ ਕਰਨਾ ਅਤੇ ਆਪਣੇ ਆਪ ਨੂੰ ਮਾਨਸਿਕ ਤੌਰ ‘ਤੇ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਖ਼ੁਰਾਕ ਬਾਰੇ ਪੁੱਛਣ ‘ਤੇ ਸੂਰਤ ਸਿੰਘ ਨੇ ਦੱਸਿਆ ਕਿ ਉਹ ਦਾਲ-ਸਬਜ਼ੀ ਨਾਲ ਸਾਦਾ ਫੁਲਕਾ ਖਾਣਾ ਵਧੇਰੇ ਪਸੰਦ ਕਰਦਾ ਹੈ ਬੇਸ਼ਕ ਕਦੇ-ਕਦੇ ਨਾਨ-ਵੈੱਜ ਵੀ ਚੱਲਦਾ ਹੈ। ਪਹਿਲਾਂ ਨਾਨ-ਵੈੱਜ ਬੜਾ ਪਸੰਦ ਸੀ ਪਰ ਹੁਣ ਇਹ ਓਨਾ ਪਸੰਦ ਨਹੀਂ ਹੈ। ਉਸ ਨੇ ਇਹ ਵੀ ਦੱਸਿਆ ਕਿ ਨਿੱਕੇ ਹੁੰਦਿਆਂ ਉਹ ਬਹੁਤ ਘੱਟ ਖਾਂਦਾ ਸੀ ਅਤੇ ਉਸ ਦੇ ਦਾਦਾ ਜੀ ਉਸ ਨੂੰ ‘ਨਖਾਂਦਾ’ (ਨਾ ਖਾਣ ਵਾਲਾ) ਕਹਿ ਕੇ ਬੁਲਾਉਂਦੇ ਹੁੰਦੇ ਸਨ। ਫਿਰ ਹੌਲੀ-ਹੌਲੀ ਪਤਾ ਨਹੀਂ ਕਦੋਂ ਉਸ ਨੇ ‘ਨਾਰਮਲ ਖਾਣਾ’ ਸ਼ੁਰੂ ਕੀਤਾ। ਇਹ ਪੁੱਛਣ ‘ਤੇ ਕਿ ਇਸ ਖ਼ੇਤਰ ਵਿਚ ਦੇਸ਼-ਵਿਦੇਸ਼ੀਂ ਮੱਲਾਂ ਮਾਰਨ ‘ਤੇ ਮਿਲੇ ਮੈਡਲਾਂ ਤੋਂ ਬਿਨਾਂ ਕਿਸੇ ਸਥਾਨਕ ਸੰਸਥਾ ਨੇ ਵੀ ਉਸ ਨੂੰ ਕੋਈ ‘ਮਾਣ-ਸਨਮਾਨ’ ਦਿੱਤਾ ਹੈ, ਸੂਰਤ ਸਿੰਘ ਨੇ ਦੱਸਿਆ ਕਿ ਕਈਆਂ ਨੇ ਉਨ੍ਹਾਂ ਵੱਲੋਂ ਕਰਵਾਏ ਗਏ ਈਵੈਂਟਸ ਵਿਚ ਸ਼ਾਮਲ ਹੋਣ ‘ਤੇ ਉਸ ਨੂੰ ਕੱਪ ਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਹੈ ਜਿਨ੍ਹਾਂ ਵਿਚ ‘ਦੇਸ਼-ਭਗਤ ਸਪੋਰਟਸ ਕਲੱਬ’, ‘ਓਨਟਾਰੀਓ ਕਬੱਡੀ ਕੱਪ’, ‘ਹਰਜੀਤ ਇੰਟਰਨੈਸ਼ਨਲ ਸਪੋਰਟਸ ਕਲੱਬ’ ਅਤੇ ‘ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ’ ਆਦਿ ਸ਼ਾਮਲ ਹਨ।
ਸੂਰਤ ਸਿੰਘ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਇਨ੍ਹਾਂ ਸੰਸਥਾਵਾਂ ਵੱਲੋਂ ਕਦੇ ਕੋਈ ਮਾਇਕ-ਸਹਾਇਤਾ ਵੀ ਮਿਲੀ ਹੈ ਜਾਂ ਉਨ੍ਹਾਂ ਵੱਲੋਂ ਸਿਰਫ਼ ਕੱਪਾਂ ਤੇ ਟਰਾਫ਼ੀਆਂ ਨਾਲ ‘ਸੁੱਕੀ ਸ਼ਾਬਾਸ਼ੇ’ ਨਾਲ ਹੀ ਸਾਰਿਆ ਗਿਆ ਹੈ ਤਾਂ ਉਸ ਦਾ ਜੁਆਬ ਸੀ ਕਿ ਮਾਇਕ ਪੱਖੋਂ ਉਹ ਆਪਣੇ ਜੀਵਨ ਵਿਚ ਪੂਰੀ ਤਰ੍ਹਾਂ ‘ਸੈਟਿਸਫ਼ਾਈਡ’ ਹੈ। ਇੱਥੇ ਕੈਨੇਡਾ ਵਿਚ ਆ ਕੇ ਉਸ ਨੇ ਬੜੀ ਕਮਾਈ ਕੀਤੀ ਹੈ ਅਤੇ ਆਪਣੀ ਇਸ ਨੇਕ ਕਮਾਈ ਵਿੱਚੋਂ ਜਿੰਨੀ ਕੁ ਹੋ ਸਕੀ ਹੈ, ਕੁਝ ਲੋੜਵੰਦਾਂ ਦੀ ਮਦਦ ਵੀ ਕੀਤੀ ਹੈ। ਵੱਡੀ ਬੇਟੀ ‘ਟੋਰਾਂਟੋ ਈ.ਟੀ.ਐੱਫ਼.ਓ.’ ਵਿਚ ਪ੍ਰਾਜੈਕਟ ਮੈਨੇਜਰ ਅਤੇ ਛੋਟੀ ਬੇਟੀ ਕੈਲਗਰੀ ਵਿਚ ਡਾਕਟਰੀ ਦੀ ਪੋਸਟ ਗਰੈਜੂਏਸ਼ਨ ਦੀ ਪੜ੍ਹਾਈ ਲੱਗਭੱਗ ਖ਼ਤਮ ਕਰਕੇ ਹੁਣ ਇਸ ਦੀ ਆਖ਼ਰੀ ਸਟੇਜ ‘ਤੇ ‘ਰੈਜ਼ੀਡੈਂਸੀ’ ਕਰ ਰਹੀ ਹੈ। ਬੇਟਾ ਹੰਬਰ ਕਾਲਜ ਵਿਚ ਮੈਸਾਜ ਥੈਰੇਪੀ ਦਾ ਕੋਰਸ ਕਰ ਰਿਹਾ ਹੈ ਅਤੇ ਅੱਗੇ ਫਿਜ਼ੀਓਥੈਰੇਪੀ ਵਿਚ ਉਚੇਰੀ ਪੜ੍ਹਾਈ ਕਰਨ ਦਾ ਇੱਛਕ ਹੈ।
ਅਖ਼ੀਰ ਵਿਚ ਸੂਰਤ ਚਾਹਲ ਕੋਲੋਂ ਇਹ ਪੁੱਛਣ ‘ਤੇ ਕਿ ਕੀ ਉਨ੍ਹਾਂ ਦਾ ਬੇਟਾ ਜਾਂ ਬੇਟੀਆਂ ਵੀ ਦੌੜਾਂ ਜਾਂ ਕਿਸੇ ਹੋਰ ਅਥਲੈਟਿਕ ਈਵੈਂਟ ਵਿਚ ਦਿਲਚਸਪੀ ਰੱਖਦੇ ਹਨ ਹੈ, ਉਸ ਨੇ ਦੱਸਿਆ ਕਿ ਬੇਟੇ ਨੇ 2006 ਵਿਚ 5 ਕਿਲੋਮੀਟਰ, 2007 ਵਿਚ 10 ਕਿਲੋਮੀਟਰ ਅਤੇ 2008 ਵਿਚ 15 ਕਿਲੋਮੀਟਰ ਦੌੜਾਂ ਵਿਚ ਭਾਗ ਲਿਆ ਸੀ। ਵੱਡੀ ਬੇਟੀ ਨੇ ਇੱਕੋ ਵਾਰ 2006 ਵਿਚ 5 ਕਿਲੋਮੀਟਰ ਦੌੜ ਲਾਈ ਪਰ ਛੋਟੀ ਬੇਟੀ ਨੇ 2006 ਅਤੇ 2007 ਵਿਚ 5 ਕਿਲੋਮੀਟਰ ਦੌੜ ਵਿਚ ਭਾਗ ਲਿਆ। ਇਸ ਤੋਂ ਇਲਾਵਾ ਉਸ ਨੇ 2014 ਵਿਚ ‘ਟਰਾਈ-ਐਥਲੋਨ’ ਵਿਚ ਪਾਰਟੀਸੀਪੇਟ ਕੀਤਾ ਜਿਸ ਵਿਚ ਪਹਿਲਾਂ ਤੈਰਾਕੀ ਕਰਨੀ ਹੁੰਦੀ ਹੈ, ਫਿਰ ਸਾਈਕਲਿੰਗ ਅਤੇ ਅਖ਼ੀਰ ਵਿਚ 5 ਕਿਲੋਮੀਟਰ ਦੌੜ ਲਗਾਉਣੀ ਹੁੰਦੀ ਹੈ। ਵੈਸੇ ਵੀ, ਅੱਜਕੱਲ੍ਹ ਬੱਚਿਆਂ ਦੀਆਂ ਆਪਣੀਆਂ ਹੀ ਪ੍ਰਾਥਮਿਕਤਾਵਾਂ ਹਨ। ਉਂਜ ਵੀ ਵੇਖੀਏ ਤਾਂ ਆਮ ਤੌਰ ‘ਤੇ ਅਗਲੀ ਪੀੜ੍ਹੀ ਆਪਣੇ ਪਿਓ-ਦਾਦੇ ਵਾਲੇ ਕੰਮਾਂ ਵਿਚ ਘੱਟ ਹੀ ਦਿਲਚਸਪੀ ਲੈਂਦੀ ਹੈ ਅਤੇ ਇਸ ਦੇ ਬਾਰੇ ਕਿਸੇ ਨੂੰ ਕੁਝ ਕਿਹਾ ਵੀ ਨਹੀਂ ਜਾ ਸਕਦਾ। ਅਲਬੱਤਾ, ਸੂਰਤ ਸਿੰਘ ਦਾ ਇਕ ਭਾਣਜਾ ਜਸਵੀਰ ਸਿੰਘ ਬਹੁਤ ਵਧੀਆ ਦੌੜਾਕ ਹੈ ਅਤੇ ਉਸ ਨੇ ਤਿੰਨ ਬੋਸਟਨ ਦੌੜਾਂ, ਸ਼ਿਕਾਗੋ, ਡਬਲਿਨ, ਆਇਰਲੈਂਡ, ਬਰਲਿਨ (ਜਰਮਨੀ), ਕੋਲੰਬਸ ਅਤੇ ਓਹਾਇਓ ਦੌੜਾਂ ਲੱਗਭੱਗ ਤਿੰਨ-ਤਿੰਨ ਘੰਟੇ ਦੇ ਸਮੇਂ ਵਿਚ ਲਾਈਆਂ ਹਨ। ਬੱਚਿਆਂ ਦੇ ਮਨਾਂ ਵਿਚ ਅਜਿਹੇ ਸ਼ੌਕ ਕੁਦਰਤੀ ਪੈਦਾ ਹੁੰਦੇ ਹਨ ਅਤੇ ਕੁਝ ਹੱਦ ਤੀਕ ਉਹ ਆਪਣੇ ਮਾਪਿਆਂ ਤੇ ਰਿਸ਼ਤੇਦਾਰਾਂ ਤੋਂ ਇਹ ਵਿਰਸੇ ਵਿਚ ਵੀ ਗ੍ਰਹਿਣ ਕਰਦੇ ਹਨ।
ਅਸੀਂ ਕਹਿ ਸਕਦੇ ਹਾਂ ਕਿ 62-ਸਾਲਾ ਸੂਰਤ ਸਿੰਘ ਆਪਣੇ ਦੌੜਨ ਦੇ ਇਸ ਸ਼ੌਕ ਨੂੰ ਬਾਖ਼ੂਬੀ ਨਿਭਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਆਪਣੇ ਪਿੰਡ, ਆਪਣੇ ਇਲਾਕੇ ਅਤੇ ਆਪਣੀ ਕਮਿਊਨਿਟੀ ਦਾ ਨਾਮ ਉੱਚਾ ਕਰ ਰਿਹਾ ਹੈ। ਇਸ ਸ਼ੌਕ ਨੂੰ ਬਰਕਰਾਰ ਰੱਖਣ ਵਿਚ ਉਸ ਦੀ ਜੀਵਨ-ਸਾਥਣ ਦਲਜੀਤ ਕੌਰ ਅਤੇ ਬੱਚਿਆਂ ਦਾ ਮਹੱਤਵ-ਪੂਰਨ ਸਹਿਯੋਗ ਵੀ ਸ਼ਾਮਲ ਹੈ। ਉਹ ਉਸ ਨੂੰ ਦੌੜਨ ਲਈ ਲਗਾਤਾਰ ਹੱਲਾਸ਼ੇਰੀ ਦਿੰਦੇ ਰਹਿੰਦੇ ਹਨ। ਸੁਪਤਨੀ ਦਲਜੀਤ ਕੌਰ ਤਾਂ ਕੈਨੇਡਾ ਦੇ ਕਿਸੇ ਵੀ ਸੂਬੇ ਜਾਂ ਵਿਦੇਸ਼ਾਂ ਵਿਚ ਸੂਰਤ ਸਿੰਘ ਵੱਲੋਂ ਲਗਾਈਆਂ ਗਈਆਂ ਸਾਰੀਆਂ ਹੀ ਮੈਰਾਥਨ ਦੌੜ ਵਿਚ ਬਾ-ਕਾਇਦਾ ਉਸ ਦੇ ਨਾਲ ਜਾਂਦੇ ਰਹੇ ਹਨ ਅਤੇ ਉਸ ਦੀ ਹੌਸਲਾ-ਅਫ਼ਜ਼ਾਈ ਕਰਦੇ ਹਨ। ਸੂਰਤ ਚਾਹਲ ਦੇ ਆਪਣੇ ਕਹਿਣ ਅਨੁਸਾਰ ਇਹ ਦਿਨ ਉਨ੍ਹਾਂ ਦੀ ‘ਵਕੇਸ਼ਨ’ ਦੇ ਹੁੰਦੇ ਸਨ। ਉਮੀਦ ਹੈ ਕਿ ਉਨ੍ਹਾਂ ਦੀ ਇਹ ‘ਵਕੇਸ਼ਨ’ ਅੱਗੋਂ ਵੀ ਕਈ ਹੋਰ ਸਾਲ ਇੰਜ ਹੀ ਜਾਰੀ ਰਹੇਗੀ। ਇਸ ਤੋਂ ਇਲਾਵਾ ਉਸ ਦੇ ਸਾਥੀ ਅਤੇ ਦੋਸਤ ਜਸਵੰਤ ਸਿੰਘ ਜੱਸਾ, ਪ੍ਰਮਿੰਦਰ ਸਿੰਘ ਗਿੱਲ, ਸੰਧੂਰਾ ਸਿੰਘ ਬਰਾੜ ਤੇ ਕਈ ਹੋਰ ਜੋ ਉਸ ਦੇ ਇਸ ਕੰਮ ਦੀ ਸ਼ਲਾਘਾ ਕਰਦੇ ਹਨ, ਵੀ ਉਸ ਦੇ ਪ੍ਰੇਰਨਾ-ਸਰੋਤ ਹਨ। ਉਮਰ ਦੇ ਇਸ ਪੜਾਅ ‘ਤੇ ਸੂਰਤ ਸਿੰਘ ਦਾ ਸਰੀਰ ਨੌਜੁਆਨਾਂ ਵਾਂਗ ਪੂਰਾ ਰਿਸ਼ਟ-ਪੁਸ਼ਟ ਅਤੇ ਫਿੱਟ ਹੈ ਅਤੇ ਉਹ ਇਸ ਦਾ ਪੂਰਾ ਧਿਆਨ ਵੀ ਰੱਖਦਾ ਹੈ। ਹਫ਼ਤੇ ਵਿਚ ਤਿੰਨ ਦਿਨ ਦੀ ਰੈਗੂਲਰ ਪ੍ਰੈਕਟਿਸ ਤੋਂ ਇਲਾਵਾ ਜਿੰਮ ਜਾਣਾ ਅਤੇ ਸਵਿਮਿੰਗ ਕਰਨਾ ਉਸ ਦੀ ਰੁਟੀਨ ਹੈ। ਸ਼ਾਲਾ, ਉਹ ਆਪਣੇ ਇਸ ਸ਼ੌਕ ਨੂੰ ਬਰਕਰਾਰ ਰੱਖਦਿਆਂ ਹੋਇਆਂ ਅੱਗੋਂ ਹੋਰ ਵੀ ਬੁਲੰਦੀਆਂ ‘ਤੇ ਪਹੁੰਚੇ। ਫ਼ੋਨ:647-567-9128

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …