ਪ੍ਰੀਤਮ ਸਿੰਘ ਸੇਖੋਂ
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਚਾਕੀ ਕਲਾਂ ਵਿੱਚ 3 ਦਸੰਬਰ 1943 ਨੂੰ ਕੈਪਟਨ ਰਣਜੀਤ ਸਿੰਘ ਸੇਖੋਂ ਦੇ ਘਰ ਮਾਤਾ ਜਲ ਕੌਰ ਦੀ ਕੁੱਖੋਂ ਪੈਦਾ ਹੋਇਆ ਪ੍ਰੀਤਮ ਸਿੰਘ ਸੇਖੋਂ 74 ਸਾਲ ਉਮਰ ਦੇ ਬਾਵਜੂਦ ਆਪਣੇ ਦਿਲ ਵਿੱਚ ਲੋਕਾਂ ਨੂੰ ਸੂਗਰ ਪ੍ਰਤੀ ਜਾਗਰੂਕ ਕਰਨ ਦਾ ਮਿਸ਼ਨ ਲੈ ਕੇ ਦੋ ਵਾਰ ਬਰੈਂਪਟਨ ਦੀ ਉੱਤਰ, ਦੱਖਣ, ਪੂਰਬ , ਪੱਛਮ ਦਿਸ਼ਾ ਵਿੱਚ (ਪਾਥਵੇਅ) ਪੈਦਲ ਚੱਲਣ ਵਾਲੇ ਰਾਸਤੇ ਤੇ ਨਾਨ-ਸਟਾਪ ਪੈਦਲ ਪਰਕਰਮਾਂ ਕਰ ਚੁੱਕਾ ਹੈ। ਇੰਡੀਆ ਵਿੱਚ ਕਿੱਤੇ ਵਜੋਂ ਖੇਤੀ ਬਾੜੀ ਅਧਿਆਪਕ ਰਹੇ ਸੇਖੋਂ ਨੇ ਕਨੇਡਾ ਆ ਕੇ ਰੇਸ ਅਤੇ ਵਾਅਕ ਸ਼ੁਰੂ ਕੀਤੀ। ਉਸ ਦੇ ਇਸ ਸ਼ੌਕ ਨੇ ਉਸ ਨੂੰ ਕਮਿਊਨਿਟੀ ਸਾਹਮਣੇ ਪੇਸ਼ ਹੋਣ ਦਾ ਮੌਕਾ ਪਰਦਾਨ ਕੀਤਾ। ਉੱਘੇ ਸਮਾਜ ਸੇਵੀ ਅਤੇ ਮਿਸ਼ਨਰੀ ਇੰਜ: ਦਵਿੰਦਰ ਚੌਹਾਨ ਦੀ ਪ੍ਰੇਰਣਾ ਅਤੇ ਸਹਿਯੋਗ ਅਤੇ ਸਰਦਾਰਨੀ ਅਤੇ ਸਰਦਾਰ ਆਤਮਾ ਸਿੰਘ ਦੀ ਸਰਪ੍ਰਸਤੀ ਹੇਠ ਉਸਨੇ 10 ਨਵੰਬਰ 2016 ਨੂੰ ਸ਼ੂਗਰ ਰੋਗ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਬਰੈਂਪਟਨ ਦੇ ਕੈਸੀ-ਕੈੰਪਬੈਲ ਕਮਿਊਨਿਟੀ ਸੈਂਟਰ ਤੋਂ ਸਵੇਰੇ 7:30 ਤੇ ਵਾਅਕ ਸ਼ੁਰੂ ਕਰ ਕੇ ਰਾਤ ਦੇ 11:30 ਵਜੇ ਬਿਨਾਂ ਰੁਕੇ ਇਹ ਲੱਗਪੱਗ 70 ਕਿੱਲੋਮੀਟਰ ਦੀ ਵਾਅਕ 16 ਘੰਟਿਆਂ ਵਿੱਚ ਪੂਰੀ ਕੀਤੀ। ਰਾਸਤੇ ਵਿੱਚ ਉਸ ਨੇ ਤੁਰੇ ਜਾਂਦੇ ਨੇ ਹੀ ਪਾਣੀ ਅਤੇ ਹਲਕੇ ਸਨੈਕਸ ਦੀ ਵਰਤੋਂ ਕੀਤੀ। ਪ੍ਰੀਤਮ ਸਿੰਘ ਸੇਖੋਂ ਓਨਟਾਰੀਓ ਸੀਨੀਅਰਜ਼ ਗੇਮਜ਼ ਐਸੋਸੀਏਸ਼ਨ ਦੇ 2016 ਵਿੱਚ 3 ਕਿ: ਮੀ: ਵਾਅਕ ਅਤੇ 2017 ਵਿੱਚ 5 ਕਿ: ਮੀ: ਦੌੜ ਮੁਕਾਬਲਿਆਂ ਵਿੱਚ ਗੋਲਡ ਮੈਡਲ ਪ੍ਰਾਪਤ ਕਰ ਚੁੱਕਾ ਹੈ। ਇਕਹਿਰੇ ਸਰੀਰ ਦਾ ਮਾਲਕ ਪ੍ਰੀਤਮ ਸਿੰਘ ਵੈਜੀਟੇਰੀਅਨ ਹੈ ਅਤੇ ਸਾਦਾ ਰਹਿਣੀ ਬਹਿਣੀ ਵਿੱਚ ਯਕੀਨ ਰਖਦਾ ਹੈ। ਉਸ ਨੇ ਖੇਡ ਲਿਖਾਰੀ ਪ੍ਰਿੰ: ਸਰਵਣ ਸਿੰਘ ਅਤੇ ਪੰਜਾਬੀ ਸੱਭਿਆਚਾਰ ਮੰਚ ਦੇ ਸੰਚਾਲਕ ਬਲਦੇਵ ਸਹਿਦੇਵ ਦੀ ਪ੍ਰੇਰਣਾ ਅਤੇ ਰਹਿਨੁਮਾਈ ਵਿੱਚ 1ਅਗਸਤ ਅਤੇ 14 ਅਗਸਤ ਦੇ ਦਰਮਿਆਨ 220 ਕਿ: ਮੀ: ਦੀ ਵਾਅਕ ਕੀਤੀ। ਜਿਸ ਨੂੰ ਉਸਨੇ ਕਨੇਡਾ ਦੇ 150 ਸਾਲਾ ਜਨਮ-ਦਿਵਸ ਅਤੇ ਭਾਰਤ ਦੇ 70 ਸਾਲਾ ਆਜ਼ਾਦੀ ਦਿਵਸ ਨੂੰ ਸਮਰਪਿਤ ਕੀਤਾ। ਪਿਛਲੇ ਦਿਨੀ ਉਸ ਨੇ ਪੀਅਰਸਨ ਏਅਰਪੋਰਟ ਟੈਕਸੀ ਐਸੋਸੀਏਸ਼ਨ ਵਲੋਂ ਕਰਵਾਈ 10 ਕਿ: ਮੀ: ਦੀ ਵਾਅਕ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਉਸ ਦੇ ਇਸ ਉਤਸ਼ਾਹ ਅਤੇ ਪ੍ਰਾਪਤੀਆਂ ਕਾਰਨ ਉਸ ਨੂੰ ਪੰਜਾਬੀ ਸੱਭਿਆਚਾਰ ਮੰਚ ਤੋਂ ਇਲਾਵਾ ਹੋਰ ਸੰਸਥਾਵਾਂ ਵਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
– ਹਰਜੀਤ ਸਿੰਘ ਬੇਦੀ