ਰਾਸ਼ਟਰਪਤੀ ਨੇ 56 ਹਸਤੀਆਂ ਦਾ ਕੀਤਾ ਸਨਮਾਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰ ਸਟਾਰ ਰਜਨੀਕਾਂਤ, ਟੈਨਿਸ ਸਟਾਰ ਸਾਨੀਆ ਮਿਰਜ਼ਾ, ਅਮਰੀਕਾ ਦੇ ਸਾਬਕਾ ਰਾਜਦੂਤ ਰਾਬਰਟ ਡੀ. ਬਲੈਕਵਿਲ ਅਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਉਨ੍ਹਾਂ 56 ਹਸਤੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਡੀਆਰਡੀਓ ਦੇ ਸਾਬਕਾ ਪ੍ਰਮੁੱਖ ਵੀਕੇ ਅਤਰੇ, ਤੇਲਗੂ ਦੈਨਿਕ ਇਨਾਇਡੂ ਦੇ ਮੁੱਖ ਸੰਪਾਦਕ ਰਾਮਾਜੀਰਾਓ, ਸਿੱਖਿਆ ਸ਼ਾਸਤਰੀ ਇੰਦੂ ਜੈਨ, ਮਸ਼ਹੂਰ ਵਕੀਲ ਉਜੱਵਲ ਨਿਕਮ, ਮਾਰੂਤੀ ਸੁਜ਼ੂਕੀ ਇੰਡੀਆ ਦੇ ਪ੍ਰਧਾਨ ਆਰਸੀ ਭਾਰਗਵ ਤੇ ਗਾਇਕ ਉਦਿਤ ਨਰਾਇਣ ਵੀ ਇਥੇ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੋਂ ਪਦਮ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਾਮਲ ਸਨ। ਰਜਨੀਕਾਂਤ, ਅਤਰੇ, ਰਾਓ, ਮਸ਼ਹੂਰ ਸ਼ਾਸਤਰੀ ਗਾਇਕਾ ਗਿਰਿਜਾ ਦੇਵੀ, ਕੈਂਸਰ ਇੰਸਟੀਚਿਊਟ ਚੇਨੱਈ ਦੇ ਪ੍ਰਧਾਨ ਵੀ. ਸ਼ਾਂਤਾ ਨੂੰ ਪਦਮ ਵਿਭੂਸ਼ਨ ਦਿੱਤਾ ਗਿਆ। ਭਾਰਗਵ, ਜੈਨ, ਬਲੈਕਵਿਲ, ਸਾਨੀਆ ਮਿਰਜ਼ਾ, ਉਦਿਤ ਨਰਾਇਣ, ਮਨੀਪੁਰੀ ਪਟਕਥਾ ਲੇਖਕ ਹੀਸਨਾਮ ਕਨ੍ਹੱਈਆ ਲਾਲ, ਮਸ਼ਹੂਰ ਤੇਲਗੂ ਅਤੇ ਹਿੰਦੀ ਸਾਹਿਤਕਾਰ ਵਾਈ. ਲਕਸ਼ਮੀ ਪ੍ਰਸਾਦ, ਵੇਦਾਂਤ ਦੇ ਅਧਿਆਪਕ ਦਇਆਨੰਦ ਸਰਸਵਤੀ (ਮਰਨ ਉਪਰੰਤ), ਮੂਰਤੀਕਾਰ ਰਾਮਵਾਨੀ ਸੁਤਾਰ, ਇੰਡੋਲੋਜਿਸਟ ਐਨਐਸ ਰਾਮਾਨੁਜ ਤਾਤਾਚਾਰੀਆ ਅਤੇ ਚਿਨਮਇਆ ਮਿਸ਼ਨ ਦੇ ਕੌਮਾਂਤਰੀ ਪ੍ਰਮੁੱਖ ਸਵਾਮੀ ਤੇਜੋਸਯਾਨੰਦ ਨੂੰ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿਯੰਕਾ ਚੋਪੜਾ, ਨਿਕਮ, ਐਡੀਟਰਜ਼ ਗਿਲਡ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਨਾਥ ਬੇਜਬੋਰਾ, ਕਰਨਾਟਕ ਦੇ ਮਸ਼ਹੂਰ ਨਾਵਲਕਾਰ ਐਸਐਲ ਭਾਇਰੱਪਾ, ਪੁਡੂਚੇਰੀ ਦੇ ਸਮਾਜ ਸਵੇਕ ਮੈਡਲਿਨ ਹਰਮਨ ਡੀ. ਬਿਲਕ, ਬੋਡੋ ਸਾਹਿਤ ਸਭਾ ਦੇ ਪ੍ਰਧਾਨ ਕਾਮੇਸ਼ਵਰ ਬ੍ਰਹਮਾ ਉਨ੍ਹਾਂ 40 ਹਸਤੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਪ੍ਰਦਮਸ੍ਰੀ ਨਾਲ ਨਿਵਾਜਿਆ ਗਿਆ ਹੈ। ਇਸ ਸਮਾਗਮ ਵਿੱਚ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਕਈ ਕੇਂਦਰੀ ਮੰਤਰੀ ਹਾਜ਼ਰ ਸਨ। ਅਭਿਨੇਤਾ ਸਈਦ ਜਾਫ਼ਰੀ ਅਤੇ ਚੀਨ ਦੇ ਯੋਗ ਸਿੱਖਿਅਕ ਸ਼ਾਂਗ ਹੂਈ ਲਾਨ ਸਣੇ ਚਾਰ ਪਦਮ ਪੁਰਸਕਾਰ ਪ੍ਰਾਪਤ ਕਰਨ ਕੋਈ ਨਹੀਂ ਆਇਆ।
Check Also
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …