12 ਫਿਲਮਾਂ ਬਣਾਉਣ ਦਾ ਕੰਮ ਮਈ ਮਹੀਨੇ ਹੋਵੇਗਾ ਮੁਕੰਮਲ
ਅੰਮ੍ਰਿਤਸਰ/ਬਿਊਰੋ ਨਿਊਜ਼
‘ਜ਼ੀਲ ਫਾਰ ਯੂਨਿਟੀ’ ਨਾਂ ਦੀ ਜਥੇਬੰਦੀ ਵੱਲੋਂ ਭਾਰਤ ਅਤੇ ਪਾਕਿਸਤਾਨ ਦੇ ਫਿਲਮਸਾਜ਼ਾਂ ਨੂੰ ਇਕ ਮੰਚ ‘ਤੇ ਇਕੱਠਿਆਂ ਕਰਕੇ ਦੋਵਾਂ ਮੁਲਕਾਂ ਦੀਆਂ ਸਮੱਸਿਆਵਾਂ, ਸੱਭਿਆਚਾਰ ਅਤੇ ਭਾਈਚਾਰਕ ਰਿਸ਼ਤਿਆਂ ਦੀਆਂ ਕਹਾਣੀਆਂ ‘ਤੇ ਫਿਲਮਾਂ ਬਣਾਉਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ, ਜਿਸ ਰਾਹੀਂ ਦੋਵਾਂ ਮੁਲਕਾਂ ਵਿਚਾਲੇ ਆਪਸੀ ਖਿੱਚੋਤਾਣ ਤੇ ਕੁੜੱਤਣ ਨੂੰ ਘੱਟ ਕਰਕੇ ਆਪਸੀ ਸਾਂਝ ਨੂੰ ਪਕੇਰੇ ਕਰਨ ਦਾ ਯਤਨ ਕੀਤਾ ਜਾਵੇਗਾ। ਇਸ ਸਬੰਧੀ ਇੱਥੇ ਅਟਾਰੀ ਸਰਹੱਦ ਵਿਖੇ ਭਾਰਤ ਅਤੇ ਪਾਕਿਸਤਾਨ ਦੇ ਲਗਪਗ ਇਕ ਦਰਜਨ ਫਿਲਮ ਨਿਰਦੇਸ਼ਕ ਇਕੱਠੇ ਹੋਏ ਸਨ, ਜਿਨ੍ਹਾਂ ਆਜ਼ਾਦੀ ਨਾਲ ਜੁੜੇ ਮੁੱਦੇ ‘ਤੇ ਆਪੋ ਆਪਣੇ ਨਜ਼ਰੀਏ ਤੋਂ ਫਿਲਮ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ। ਇਨ੍ਹਾਂ ਫਿਲਮਸਾਜ਼ਾਂ ਵਿੱਚ ਭਾਰਤ ਵੱਲੋਂ ਕੇਤਨ ਮਹਿਤਾ, ਅਰਪਨਾ ਸੇਨ, ਬਿਜੋਏ ਨਾਂਬਿਆਰ, ਨਿਖਿਲ ਅਡਵਾਨੀ, ਤਿਗਮਾਂਸ਼ੂ ਧੂਲੀਆ ਅਤੇ ਤਨੂਜਾ ਚੰਦਰਾ ਸ਼ਾਮਲ ਹਨ, ਜਦੋਂਕਿ ਪਾਕਿਸਤਾਨ ਵੱਲੋਂ ਖਾਲਿਦ ਅਹਿਮਦ, ਮੀਨੂੰ ਫਰਜ਼ਾਦ, ਮਹਿਰੀਨ ਜ਼ੱਬਾਰ, ਸਬੀਹਾ ਸਮਰ, ਸ਼ਹਿਬਾਜ਼ ਸਮਰ ਅਤੇ ਸਿਰਾਜੁਲ ਹੱਕ ਸ਼ਾਮਲ ਹਨ। ਇਨ੍ਹਾਂ ਨੂੰ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਿਜ਼ ਦੇ ਝੰਡੇ ਹੇਠ ਬਣੀ ਜਥੇਬੰਦੀ ‘ਜ਼ੀਲ ਫਾਰ ਯੂਨਿਟੀ’ ਦੇ ਮੰਚ ‘ਤੇ ਇਕੱਠਾ ਕੀਤਾ ਗਿਆ ਸੀ। ਇਨ੍ਹਾਂ ਫਿਲਮਸਾਜ਼ਾਂ ਵੱਲੋਂ ਬਣਾਈਆਂ ਜਾ ਰਹੀਆਂ 12 ਫਿਲਮਾਂ ਮਈ ਮਹੀਨੇ ਮੁਕੰਮਲ ਹੋਣਗੀਆਂ, ਜੋ ਅਗਸਤ ਮਹੀਨੇ ਆਜ਼ਾਦੀ ਦਿਹਾੜੇ ਨੇੜੇ ਦੋਵਾਂ ਦੇਸ਼ਾਂ ਵਿਚਾਲੇ ਫਿਲਮ ਮੇਲੇ ਦੌਰਾਨ ਦਿਖਾਈਆਂ ਜਾਣਗੀਆਂ।
ਜਥੇਬੰਦੀ ਦੇ ਮੁਖੀ ਪੁਨੀਤ ਗੋਇਨਕਾ ਤੇ ਸ਼ੈਲਜਾ ਕੇਜਰੀਵਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੋਵਾਂ ਦੇਸ਼ਾਂ ਦੇ ਆਵਾਮ ਨੂੰ ਨੇੜੇ ਲਿਆਉਣ ਅਤੇ ਆਪਸੀ ਖਿੱਚੋਤਾਣ ਨੂੰ ਘਟਾਉਣ ਵਾਸਤੇ ਇਹ ਇਕ ਉਪਰਾਲਾ ਹੈ। ਉਨ੍ਹਾਂ ਆਖਿਆ ਕਿ ਸਿਨੇਮਾ ਸਨਅਤ ਨਾਲ ਦੋਵੇਂ ਪਾਸਿਆਂ ਦਾ ਆਵਾਮ ਵੱਡੀ ਗਿਣਤੀ ਵਿੱਚ ਜੁੜਿਆ ਹੋਇਆ ਹੈ ਅਤੇ ਇਸ ਰਾਹੀਂ ਆਪਸੀ ਪ੍ਰੇਮ ਪਿਆਰ ਦਾ ਸੁਨੇਹਾ ਵੱਡੇ ਪੱਧਰ ‘ਤੇ ਦਿੱਤਾ ਜਾ ਸਕਦਾ ਹੈ।ਪਾਕਿਸਤਾਨ ਤੋਂ ਆਏ ਫਿਲਮਸਾਜ਼ ਖਾਲਿਦ ਅਹਿਮਦ, ਸਬੀਹਾ ਸਮਰ, ਸਿਰਾਜੁਲ ਹੱਕ ਆਦਿ ਨੇ ਕਿਹਾ ਕਿ ਫਿਲਮ ਸਨਅਤ ਰਾਹੀਂ ਦੋਵਾਂ ਮੁਲਕਾਂ ਦੀ ਆਵਾਮ ਨਾਲ ਆਪਸੀ ਸਾਂਝ ਨੂੰ ਪਕੇਰੇ ਕਰਨ ਬਾਰੇ ਵਧੀਆ ਢੰਗ ਨਾਲ ਗੱਲ ਕੀਤੀ ਜਾ ਸਕਦੀ ਹੈ। ਬਤੌਰ ਕਲਾਕਾਰ ਉਨ੍ਹਾਂ ਦਾ ਮੰਤਵ ਸਿਰਫ ਮਾਇਕ ਲਾਭ ਹੀ ਨਹੀਂ ਹੈ, ਸਗੋਂ ਉਹ ਇਸ ਖਿੱਤੇ ਦੇ ਲੋਕਾਂ ਨੂੰ ਇਕ-ਦੂਜੇ ਨਾਲ ਜੋੜਨਾ ਚਾਹੁੰਦੇ ਹਨ।
Check Also
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …