Breaking News
Home / ਫ਼ਿਲਮੀ ਦੁਨੀਆ / ਕਾਮੇਡੀਅਨ ਰਾਜੂ ਸ੍ਰੀਵਾਸਤਵ ਨਹੀਂ ਰਹੇ

ਕਾਮੇਡੀਅਨ ਰਾਜੂ ਸ੍ਰੀਵਾਸਤਵ ਨਹੀਂ ਰਹੇ

ਦਿੱਲੀ ‘ਚ ਕੀਤਾ ਗਿਆ ਅੰਤਿਮ ਸਸਕਾਰ
ਨਵੀਂ ਦਿੱਲੀ : ਮਸ਼ਹੂਰ ਕਾਮੇਡੀਅਨ ਰਾਜੂ ਸ੍ਰੀਵਾਸਤਵ ਦਾ ਅੱਜ ਨਵੀਂ ਦਿੱਲੀ ਦੇ ਏਮਜ਼ ਵਿਚ ਦਿਹਾਂਤ ਹੋ ਗਿਆ, ਉਨ੍ਹਾਂ ਦੀ ਉਮਰ 58 ਸਾਲ ਸੀ। ਰਾਜੂ ਸ੍ਰੀਵਾਸਤਵ ਨੂੰ ਪਿਛਲੇ ਦਿਨੀਂ ਹਾਰਟ ਅਟੈਕ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਇਲਾਜ ਲਈ ਦਿੱਲੀ ਦੇ ਏਮਜ਼ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਰਾਜੂ ਪਿਛਲੇ 42 ਦਿਨਾਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ਵਿਚ ਦਾਖਲ ਸਨ। ਲੰਘੀ 10 ਅਗਸਤ ਤੋਂ ਲਗਾਤਾਰ ਬੇਹੋਸ਼ ਪਏ ਰਾਜੂ ਸ੍ਰੀਵਾਸਤਵ ਨੂੰ ਇਕ ਮਹੀਨੇ ਬਾਅਦ ਵੀ ਹੋਸ਼ ਨਹੀਂ ਆਇਆ। ਇਸ ਨਾਲ ਡਾਕਟਰਾਂ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਲਈ ਵੀ ਚਿੰਤਾ ਵਧ ਰਹੀ ਸੀ।
ਪਰਿਵਾਰਕ ਮੈਂਬਰਾਂ ਮੁਤਾਬਕ ਰਾਜੂ ਸ੍ਰੀਵਾਸਤਵ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ 10 ਅਗਸਤ ਨੂੰ ਏਮਜ਼ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਰਾਜੂ ਸ੍ਰੀਵਾਸਤਵ ਨੂੰ ਜਿਮ ਵਿਚ ਵਰਕ ਆਊਟ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਸੀ। ਕਸਰਤ ਕਰਦੇ ਸਮੇਂ ਉਹ ਅਚਾਨਕ ਬੇਹੋਸ਼ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ। ਰਾਜੂ ਸ੍ਰੀਵਾਸਤਵ ਦਾ ਅਸਲੀ ਨਾਮ ਸਤਿਆ ਪ੍ਰਕਾਸ਼ ਸ੍ਰੀਵਾਸਤਵ ਹੈ। ਉਨ੍ਹਾਂ ਦਾ ਜਨਮ 25 ਦਸੰਬਰ 1963 ਨੂੰ ਕਾਨਪੁਰ ਦੇ ਨਯਾਪੁਰਵਾ ਵਿਚ ਹੋਇਆ ਸੀ। ਉਨ੍ਹਾਂ 1993 ਵਿਚ ਹਾਸਰਸ ਦੀ ਦੁਨੀਆ ਵਿਚ ਕਦਮ ਰੱਖਿਆ ਸੀ। ਰਾਜੂ ਸ੍ਰੀਵਾਸਤਵ ਨੂੰ ਕਮੇਡੀ ਸ਼ੋਅ ‘ਦਿ ਗਰੇਟ ਇੰਡੀਅਨ ਲਾਫਟਰ ਚੈਂਲੇਜ-2005’ ਨਾਲ ਪ੍ਰਸਿੱਧੀ ਮਿਲੀ ਸੀ। ਰਾਜੂ ਸ੍ਰੀਵਾਸਤਵ ਨੇ ‘ਮੈਨੇ ਪਿਆਰ ਕੀਆ’, ‘ਬਾਜ਼ੀਗਰ’, ‘ਬੰਬੇ ਟੂ ਗੋਆ’ ਅਤੇ ‘ਆਮਦਨੀ ਅਠੱਨੀ ਖਰਚਾ ਰੁਪਈਆ’ ਆਦਿ ਫਿਲਮਾਂ ਵਿੱਚ ਕੰਮ ਵੀ ਕੀਤਾ। ਉਹ ਫਿਲਮ ਡਿਵੈੱਲਪਮੈਂਟ ਕੌਂਸਲ ਆਫ ਉੱਤਰ ਪ੍ਰਦੇਸ਼ ਦੇ ਚੇਅਰਪਰਸਨ ਵੀ ਸਨ। ਰਾਜੂ ਸ੍ਰੀਵਾਸਤਵ ਦੇ ਦਿਹਾਂਤ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੇ ਫਿਲਮ ਜਗਤ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰਾਜੂ ਸ੍ਰੀਵਾਸਤਵ ਦਾ ਵੀਰਵਾਰ ਨੂੰ ਦਿੱਲੀ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।

 

Check Also

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ ਪੰਚਕੂਲਾ/ਬਿਊਰੋ …