ਪਿਛਲੇ ਦਿਨੀਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ (ਮੁਹਾਲੀ) ਵਿਚ ਜੋ ਘਟਨਾਕ੍ਰਮ ਵਾਪਰਿਆ ਹੈ ਉਹ ਅਤਿ ਮੰਦਭਾਗਾ ਹੈ। ਇਕ ਵਿਦਿਆਰਥਣ ਵਲੋਂ ਆਪਣੀ ਇਤਰਾਜ਼ਯੋਗ ਵੀਡੀਓ ਬਣਾ ਕੇ ਆਪਣੇ ਹੀ ਇਕ ਦੋਸਤ ਨਾਲ ਸਾਂਝੀ ਕੀਤੀ ਗਈ ਅਤੇ ਉਸ ਵਲੋਂ ਅੱਗੇ ਇਹ ਵਾਇਰਲ ਕਰ ਦਿੱਤੀ ਗਈ। ਇਹ ਗੱਲ ਸਾਹਮਣੇ ਆਉਂਦਿਆਂ ਹੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿਚ ਰੋਸ ਪੈਦਾ ਹੋਣਾ ਕੁਦਰਤੀ ਸੀ, ਪਰ ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਇਸ ਘਟਨਾ ਨਾਲ ਜੋੜ ਕੇ ਜਿਸ ਤਰ੍ਹਾਂ ਦੀਆਂ ਹੋਰ ਗੱਲਾਂ ਪੇਸ਼ ਕੀਤੀਆਂ ਗਈਆਂ ਉਨ੍ਹਾਂ ਨਾਲ ਵੀ ਗੁੱਸਾ ਪੈਦਾ ਹੋਇਆ, ਜਿਸ ਕਰਕੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਕੈਂਪਸ ਵਿਚ ਮੁਜ਼ਾਹਰੇ ਕਰਨੇ ਸ਼ੁਰੂ ਕਰ ਦਿੱਤੇ। ਯੂਨੀਵਰਸਿਟੀ ਪ੍ਰਬੰਧਕਾਂ ਅਤੇ ਅਧਿਕਾਰੀਆਂ ਤੋਂ ਇਲਾਵਾ ਪ੍ਰਸ਼ਾਸਨ ਅਤੇ ਪੁਲਿਸ ਵੀ ਹਰਕਤ ਵਿਚ ਆਈ। ਪੰਜਾਬ ਅਤੇ ਰਾਸ਼ਟਰੀ ਨਾਰੀ ਕਮਿਸ਼ਨਾਂ ਨੇ ਵੀ ਇਕਦਮ ਇਸ ਦਾ ਨੋਟਿਸ ਲਿਆ। ਵਿਦਿਆਰਥੀਆਂ ਵਿਚ ਫੈਲੇ ਇਸ ਰੋਸ ਨੂੰ ਸ਼ਾਂਤ ਕਰਨ ਲਈ ਵੀ ਪ੍ਰਸ਼ਾਸਨ ਨੂੰ ਬੇਹੱਦ ਜੱਦੋ-ਜਹਿਦ ਕਰਨੀ ਪਈ। ਯੂਨੀਵਰਸਿਟੀ ਅਧਿਕਾਰੀਆਂ ਨੇ ਵੀ ਇਸ ਘਟਨਾਕ੍ਰਮ ਸੰਬੰਧੀ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦਾ ਸਪੱਸ਼ਟ ਤੌਰ ‘ਤੇ ਖੰਡਨ ਕਰਦਿਆਂ ਕਿਹਾ ਕਿ ਨਾ ਤਾਂ ਕਿਸੇ ਵਿਦਿਆਰਥਣ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਨਾ ਹੀ ਕਿਸੇ ਦੀ ਮੌਤ ਹੋਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀ ਹਰ ਤਰ੍ਹਾਂ ਨਾਲ ਪੰਜਾਬ ਪੁਲਿਸ ਨੂੰ ਇਸ ਸੰਬੰਧੀ ਜਾਂਚ ਵਿਚ ਪੂਰਾ-ਪੂਰਾ ਸਹਿਯੋਗ ਦੇਵੇਗੀ। ਪੁਲਿਸ ਅਤੇ ਪ੍ਰਸ਼ਾਸਨ ਨੇ ਵੀ ਮੁਢਲੀ ਜਾਂਚ ਤੋਂ ਬਾਅਦ ਸਪੱਸ਼ਟ ਰੂਪ ਵਿਚ ਇਹ ਕਿਹਾ ਕਿ ਵਿਦਿਆਰਥੀ ਅਤੇ ਲੋਕ ਅਫ਼ਵਾਹਾਂ ‘ਤੇ ਯਕੀਨ ਨਾ ਕਰਨ, ਕਿਉਂਕਿ ਇਹ ਬੇਹੱਦ ਭਾਵੁਕ ਮਸਲਾ ਹੈ। ਇਸ ਦਾ ਸੰਬੰਧ ਵਿਦਿਆਰਥਣਾਂ ਦੀ ਨਿੱਜਤਾ ਨਾਲ ਜੁੜਿਆ ਹੋਇਆ ਹੋਣ ਕਾਰਨ ਇਕਦਮ ਪੁਲਿਸ ਵਲੋਂ ਸੰਬੰਧਿਤ ਲੜਕੀ ਅਤੇ ਇਸ ਘਟਨਾਕ੍ਰਮ ਨਾਲ ਜੁੜੇ ਉਸ ਦੇ ਸ਼ਿਮਲਾ ਨਾਲ ਸੰਬੰਧਿਤ ਦੋਸਤ ਤੇ ਇਕ ਹੋਰ ਲੜਕੇ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਗਿਆ। ਇਸ ਸਮੇਂ ਦੌਰਾਨ ਇਹ ਅਫ਼ਵਾਹਾਂ ਵੀ ਫੈਲੀਆਂ ਕਿ ਸੰਬੰਧਿਤ ਲੜਕੀ ਵਲੋਂ ਅਜਿਹੀਆਂ ਹੋਰ ਲੜਕੀਆਂ ਸੰਬੰਧੀ ਵੀ ਵੀਡੀਓ ਬਣਾਈਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਵੀ ਨਸ਼ਰ ਕੀਤਾ ਜਾ ਰਿਹਾ ਹੈ। ਇਹ ਵੀ ਕਿ ਕੁਝ ਲੜਕੀਆਂ ਤਾਂ ਖੁਦਕੁਸ਼ੀ ‘ਤੇ ਵੀ ਉਤਾਰੂ ਹੋ ਗਈਆਂ ਸਨ ਪਰ ਬਾਅਦ ਵਿਚ ਇਹ ਗੱਲ ਸਪੱਸ਼ਟ ਹੋਣੀ ਸ਼ੁਰੂ ਹੋਈ ਕਿ ਅਜਿਹਾ ਕੁਝ ਨਹੀਂ ਵਾਪਰਿਆ। ਪੰਜਾਬ ਸਰਕਾਰ ਵਲੋਂ ਇਸ ਮਸਲੇ ਦੀ ਹਰ ਪਹਿਲੂ ਤੋਂ ਵਿਸਥਾਰਤ ਜਾਂਚ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਸੰਬੰਧੀ 3 ਮਹਿਲਾ ਅਫ਼ਸਰਾਂ ‘ਤੇ ਆਧਾਰਿਤ ਇਕ ਜਾਂਚ ਟੀਮ ਵੀ ਬਣਾਈ ਗਈ ਹੈ, ਜੋ ਇਸ ਦੀ ਪੂਰੀ ਡੂੰਘਾਈ ਨਾਲ ਪੜਤਾਲ ਕਰੇਗੀ ਅਤੇ ਪ੍ਰਸ਼ਾਸਨ ਵਲੋਂ ਇਹ ਵੀ ਯਕੀਨ ਦਿਵਾਇਆ ਗਿਆ ਹੈ ਕਿ ਛੇਤੀ ਤੋਂ ਛੇਤੀ ਇਸ ਮਸਲੇ ਦੀ ਪੂਰੀ ਪਰਖ਼ ਤੋਂ ਬਾਅਦ ਇਸ ਦਾ ਵਿਸਥਾਰ ਸਾਹਮਣੇ ਲਿਆਂਦਾ ਜਾਏਗਾ।
ਪਰ ਇਸ ਦੇ ਨਾਲ ਹੀ ਇਹ ਸਵਾਲ ਵੀ ਉੱਠਣ ਲੱਗਾ ਹੈ ਕਿ ਅੱਜ ਜਿਸ ਤਰ੍ਹਾਂ ਦੇ ਦੌਰ ‘ਚੋਂ ਸਮਾਜ ਗੁਜ਼ਰ ਰਿਹਾ ਹੈ ਅਤੇ ਜਿੰਨੀ ਤੇਜ਼ੀ ਨਾਲ ਸੋਸ਼ਲ ਅਤੇ ਬਿਜਲਈ ਮੀਡੀਆ ਕਿਸੇ ਵੀ ਗੱਲ ਨੂੰ ਫੈਲਾਉਣ ਦੇ ਸਮਰੱਥ ਹੋ ਗਿਆ ਹੈ, ਉਸ ਤੋਂ ਬੇਹੱਦ ਸੁਚੇਤ ਹੋਣ ਦੀ ਵੀ ਜ਼ਰੂਰਤ ਹੈ। ਇਹ ਵੀ ਸ਼ਿਕਾਇਤਾਂ ਅਕਸਰ ਮਿਲਣ ਲੱਗੀਆਂ ਹਨ ਕਿ ਬਹੁਤ ਸਾਰੇ ਸ਼ਰਾਰਤੀ ਅਨਸਰਾਂ ਵਲੋਂ ਜਾਣ-ਬੁੱਝ ਕੇ ਗੜਬੜ ਪੈਦਾ ਕਰਨ ਲਈ ਅਨੇਕਾਂ ਅਫ਼ਵਾਹਾਂ ਫੈਲਾ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਸਮਾਜ ਦੇ ਵੱਖ-ਵੱਖ ਵਰਗਾਂ ‘ਤੇ ਇਕਦਮ ਵੱਡਾ ਅਸਰ ਪੈ ਜਾਂਦਾ ਹੈ। ਜਦੋਂ ਤੱਕ ਉਸ ਦੀ ਅਸਲੀਅਤ ਸਾਹਮਣੇ ਆਉਂਦੀ ਹੈ ਉਦੋਂ ਤੱਕ ਕਈ ਪੱਖਾਂ ਤੋਂ ਵੱਡਾ ਨੁਕਸਾਨ ਹੋ ਚੁੱਕਾ ਹੁੰਦਾ ਹੈ, ਇਸ ਲਈ ਅੱਜ ਜਿਸ ਦੌਰ ‘ਚੋਂ ਸਮਾਜ ਗੁਜ਼ਰ ਰਿਹਾ ਹੈ, ਜਿੱਥੇ ਉਸ ਨੂੰ ਬੇਹੱਦ ਚੇਤੰਨ ਹੋਣ ਦੀ ਜ਼ਰੂਰਤ ਹੋਵੇਗੀ, ਉਥੇ ਪ੍ਰਸ਼ਾਸਨ ਤੇ ਜ਼ਿੰਮੇਵਾਰ ਸੰਸਥਾਵਾਂ ਨੂੰ ਵੀ ਸਮੇਂ ਸਿਰ ਯੋਗ ਕਦਮ ਚੁੱਕਣ ਲਈ ਆਪਣੇ-ਆਪ ਨੂੰ ਤਿਆਰ ਰੱਖਣਾ ਪਵੇਗਾ।
ਇਸ ਨਵੀਂ ਉੱਭਰੀ ਚੁਣੌਤੀ ਦਾ ਸਾਹਮਣਾ ਕਿਵੇਂ ਕਰਨਾ ਹੈ ਅਤੇ ਕਿਸ ਤਰ੍ਹਾਂ ਇਸ ਮਾਧਿਅਮ ਰਾਹੀਂ ਕੀਤੇ ਜਾਂਦੇ ਨਾਂਹ-ਪੱਖੀ ਪ੍ਰਚਾਰ ਤੋਂ ਹੁੰਦੇ ਨੁਕਸਾਨ ਤੋਂ ਸਮਾਜ ਨੂੰ ਬਚਾਉਣਾ ਹੈ, ਇਹ ਇਕ ਅਜਿਹਾ ਸਵਾਲ ਹੈ, ਜੋ ਬੇਹੱਦ ਗੰਭੀਰ ਰੂਪ ਵਿਚ ਉੱਭਰ ਕੇ ਸਭ ਦੇ ਸਾਹਮਣੇ ਆ ਖੜ੍ਹਾ ਹੋਇਆ ਹੈ। ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਣਾ ਜ਼ਰੂਰੀ ਹੈ ਕਿ ਅਜਿਹੇ ਅਫ਼ਵਾਹਾਂ ਫੈਲਾਉਣ ਵਾਲੇ ਤੱਤਾਂ ਦੀ ਤੁਰੰਤ ਪਹਿਚਾਣ ਕੀਤੀ ਜਾਏ ਅਤੇ ਉਨ੍ਹਾਂ ਨੂੰ ਬਣਦੀਆਂ ਸਜ਼ਾਵਾਂ ਦੇ ਭਾਗੀ ਬਣਾਇਆ ਜਾਵੇ। ਇਸ ਸੰਬੰਧੀ ਪੂਰੀ ਸੋਚ ਵਿਚਾਰ ਨਾਲ ਨਵੇਂ ਕਾਨੂੰਨ ਤੇ ਜ਼ਾਬਤੇ ਵੀ ਬਣਾਉਣੇ ਚਾਹੀਦੇ ਹਨ, ਤਾਂ ਜੋ ਸਮਾਜ ਨੂੰ ਸ਼ਰਾਰਤੀ ਅਨਸਰਾਂ ਵਲੋਂ ਕੀਤੇ ਜਾਂਦੇ ਨੁਕਸਾਨਾਂ ਤੋਂ ਸੁਰੱਖਿਅਤ ਰੱਖਿਆ ਜਾ ਸਕੇ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …