Breaking News
Home / ਫ਼ਿਲਮੀ ਦੁਨੀਆ / ਹਰਨਾਜ਼ ਸੰਧੂ ਦੇ ਘਰ ਵਧਾਈਆਂ ਦੇਣ ਵਾਲਿਆਂ ਲੱਗਾ ਤਾਂਤਾ

ਹਰਨਾਜ਼ ਸੰਧੂ ਦੇ ਘਰ ਵਧਾਈਆਂ ਦੇਣ ਵਾਲਿਆਂ ਲੱਗਾ ਤਾਂਤਾ

ਜੱਦੀ ਪਿੰਡ ਕੋਹਾਲੀ ਵਿੱਚ ਵੀ ਮਨਾਏ ਜਸ਼ਨ
ਖਰੜ, ਬਟਾਲਾ/ਬਿਊਰੋ ਨਿਊਜ਼ : ‘ਮਿਸ ਯੂਨੀਵਰਸ’ ਦਾ ਖਿਤਾਬ ਜਿੱਤ ਕੇ ਪੰਜਾਬ ਅਤੇ ਦੇਸ਼ ਦਾ ਮਾਣ ਵਧਾਉਣ ਵਾਲੀ ਹਰਨਾਜ਼ ਕੌਰ ਸੰਧੂ ਦੀ ਖਰੜ ਸਥਿਤ ਰਿਹਾਇਸ਼ ਅਤੇ ਉਸ ਦੇ ਬਟਾਲਾ ਵਿਚਲੇ ਪਿੰਡ ਕੋਹਾਲੀ ਵਿੱਚ ਖੁਸ਼ੀ ਦਾ ਮਾਹੌਲ ਹੈ। ਹਰਨਾਜ਼ ਬਟਾਲਾ ਦੇ ਪਿੰਡ ਕੋਹਾਲੀ ਦੀ ਰਹਿਣ ਵਾਲੀ ਹੈ ਪਰ ਫਿਲਹਾਲ ਉਸ ਦਾ ਪਰਿਵਾਰ ਖਰੜ ਵਿੱਚ ਰਹਿੰਦਾ ਹੈ। ਖਰੜ ਵਿੱਚ ਉਸ ਦੇ ਪਿਤਾ ਪ੍ਰੀਤਮ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿੱਚ 17 ਲੜਕੇ ਹਨ ਅਤੇ ਉਹ ਇਲਕੌਤੀ ਲੜਕੀ ਹੈ, ਜਿਸ ਕਰਕੇ ਉਹ ਸਾਰੇ ਪਰਿਵਾਰ ਦੀ ਲਾਡਲੀ ਹੈ। ਉਨ੍ਹਾਂ ਕਿਹਾ ਕਿ ਮੈਂ ਬਹੁਤ ਖੁਸ਼ ਹਾਂ। ਪੂਰੇ ਦੇਸ਼ ਨੂੰ ਉਸ ‘ਤੇ ਮਾਣ ਹੈ। ਉਸ ਦੇ ਆਉਣ ‘ਤੇ ਉਸ ਨੂੰ ਵੱਡੀ ਪਾਰਟੀ ਦੇਵਾਂਗੇ ਅਤੇ ਭੰਗੜਾ ਪਾਵਾਂਗੇ। ਮਾਤਾ ਰਵਿੰਦਰ ਕੌਰ ਸੰਧੂ ਨੇ ਕਿਹਾ ਕਿ ਉਹ ਪਹਿਲਾਂ ਜੱਜ ਬਣਨਾ ਚਾਹੁੰਦੀ ਸੀ ਪਰ ਯੂਨੀਵਰਸਿਟੀ ਵਿੱਚ ਜਾ ਕੇ ਉਸ ਨੇ ਮਨ ਬਦਲ ਲਿਆ। ਸੁੰਦਰਤਾ ਮੁਕਾਬਲਿਆਂ ਨੇ ਉਸ ਨੂੰ ਉਤਸ਼ਾਹਿਤ ਕੀਤਾ ਅਤੇ ਉਹ ਆਪਣੇ ਟੀਚੇ ‘ਤੇ ਕੇਂਦਰਿਤ ਸੀ। ਅਸੀਂ ਉਸ ਨੂੰ ਕਦੇ ਨਹੀਂ ਰੋਕਿਆ। ਉਨ੍ਹਾਂ ਦੱਸਿਆ ਕਿ ਧੀ ਦੇ ਖਿਤਾਬ ਜਿੱਤਣ ਸਾਰ ਹੀ ਉਨ੍ਹਾਂ ਨੂੰ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ। ਖਰੜ ਰਿਹਾਇਸ਼ ਵਿੱਚ ਸਾਰਾ ਦਿਨ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਰਹੀ।
ਇਸੇ ਤਰ੍ਹਾਂ ਬਟਾਲਾ ਵਿੱਚ ਉਸ ਦੇ ਜੱਦੀ ਪਿੰਡ ਕੋਹਾਲੀ ਵਿੱਚ ਵੀ ਲੋਕਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਹਨ। ਹਰਨਾਜ਼ ਦੇ ਪਿਤਾ ਪ੍ਰੀਤਮ ਸਿੰਘ ਸੰਧੂ ਕਿਸਾਨੀ ਦੇ ਨਾਲ-ਨਾਲ ਬਟਾਲਾ ਵਿੱਚ ਪ੍ਰਾਪਰਟੀ ਦੀ ਖਰੀਦ-ਵੇਚ ਦਾ ਕੰਮ ਵੀ ਕਰਦੇ ਰਹੇ ਹਨ। ਮਾਤਾ ਡਾ. ਰਵਿੰਦਰ ਕੌਰ ਸਿਹਤ ਵਿਭਾਗ ਵਿੱਚ ਨੌਕਰੀ ਕਰਦੀ ਹੈ ਤੇ ਉਨ੍ਹਾਂ ਦੀ ਬਦਲੀ ਮੁਹਾਲੀ ਵਿੱਚ ਹੋਣ ਕਾਰਨ ਹਰਨਾਜ਼ ਵੀ ਛੋਟੀ ਉਮਰੇ ਉਥੇ ਹੀ ਚਲੀ ਗਈ। ਇੱਥੇ ਪਿੰਡ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ ਤਾਇਆ ਜਸਵਿੰਦਰ ਸਿੰਘ, ਭਰਾ ਹਰਨੂਰ ਸੰਧੂ, ਸ਼ਰਨਬੀਰ ਸੰਧੂ ਅਤੇ ਭਾਬੀ ਜੈਸਮੀਨ ਅਨੁਸਾਰ ਹਰਨਾਜ਼ ਨੂੰ ਘੋੜ ਸਵਾਰੀ, ਤੈਰਾਕੀ ਅਤੇ ਘੁੰਮਣ-ਫਿਰਨ ਦਾ ਸ਼ੌਕ ਹੈ। ਉਸ ਦੀ ਪ੍ਰਾਪਤੀ ‘ਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਸਮੇਤ ਹੋਰ ਰਾਜਨੀਤਕ ਆਗੂਆਂ ਨੇ ਹਰਨਾਜ਼ ਅਤੇ ਉਸ ਦੇ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ।
ਮੋਦੀ, ਚੰਨੀ ਅਤੇ ਕੈਪਟਨ ਅਮਰਿੰਦਰ ਨੇ ਹਰਨਾਜ਼ ਨੂੰ ਦਿੱਤੀ ਵਧਾਈ
ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ 2021 ਬਣ ਕੇ ਇਤਿਹਾਸ ਸਿਰਜ ਦਿੱਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਈ ਫਿਲਮੀ ਹਸਤੀਆਂ ਨੇ ਵੀ ਹਰਨਾਜ਼ ਨੂੰ ਵਧਾਈ ਦਿੱਤੀ ਹੈ। ਕੈਪਟਨ ਅਮਰਿੰਦਰ ਨੇ ਇਕ ਟਵੀਟ ਵਿਚ ਲਿਖਿਆ ਕਿ ਹਰਨਾਜ਼ ਸੰਧੂ ਨੂੰ ਮਿਸ ਯੂਨੀਵਰਸ 2021 ਦਾ ਤਾਜ ਜਿੱਤਣ ‘ਤੇ ਵਧਾਈ। ਭਾਰਤ ਦੀ ਧੀ ਨੇ ਇਕ ਵਾਰ ਫਿਰ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਤੁਹਾਡੀਆਂ ਸਾਰੀਆਂ ਕੋਸਿਸ਼ਾਂ ਲਈ ਤੁਹਾਨੂੰ ਸ਼ੁਭ ਕਾਮਨਾਵਾਂ।
ਚੰਡੀਗੜ੍ਹ ਦੇ ਸਰਕਾਰੀ ਕਾਲਜ ਸੈਕਟਰ 42 ਦੀ ਵਿਦਿਆਰਥਣ ਹੈ ਹਰਨਾਜ਼
ਚੰਡੀਗੜ੍ਹ : ਚੰਡੀਗੜ੍ਹ ਦੇ ਪੋਸਟ ਗਰੈਜੂਏਟ ਸਰਕਾਰੀ ਕਾਲਜ ਲੜਕੀਆਂ ਸੈਕਟਰ-42 ਦੀ ਮੌਜੂਦਾ ਵਿਦਿਆਰਥਣ ਹਰਨਾਜ਼ ਸੰਧੂ ਵੱਲੋਂ ਮਿਸ ਯੂਨੀਵਰਸ-2021 ਦਾ ਖਿਤਾਬ ਜਿੱਤਣ ਦੀ ਖ਼ਬਰ ਸੁਣ ਕੇ ਕਾਲਜ ਵਿੱਚ ਸਮਾਗਮ ਹੋਇਆ। ਕਾਲਜ ਦੇ ਅਧਿਆਪਕਾਂ ਨੇ ਦੱਸਿਆ ਕਿ 21 ਸਾਲਾ ਹਰਨਾਜ਼ ਸੰਧੂ ਨੂੰ ਮਿਸ ਯੂਨੀਵਰਸ ਦਾ ਖਿਤਾਬ ਮਿਲਣਾ ਕਾਲਜ ਲਈ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਹਰਨਾਜ਼ ਨੇ ਕਾਲਜ ਤੋਂ ਆਈਟੀ ਵਿੱਚ ਗਰੈਜੂਏਸ਼ਨ ਕੀਤੀ ਹੈ ਅਤੇ ਉਹ ਹੁਣ ਪਬਲਿਕ ਐਡਮਨਿਸਟਰੇਸ਼ਨ ਵਿਚ ਮਾਸਟਰ ਡਿਗਰੀ ਕਰ ਰਹੀ ਹੈ। ਉਹ ਇਸ ਤੋਂ ਪਹਿਲਾਂ ਮਿਸ ਫਰੈਸ਼ ਫੇਸ-2017 ਰਹਿ ਚੁੱਕੀ ਹੈ ਤੇ ਮਿਸ ਇੰਡੀਆ ਵਰਲਡ-2020 ਦੀਆਂ ਸਿਖਰਲੀਆਂ 20 ਫਾਈਨਲਿਸਟਾਂ ਵਿੱਚ ਵੀ ਸ਼ੁਮਾਰ ਰਹੀ ਹੈ। ਇਸ ਤੋਂ ਇਲਾਵਾ ਉਸ ਨੂੰ ਟਾਈਮਜ਼ ਫਰੈਸ਼ ਫੇਸ-2017, ਮਿਸ ਚੰਡੀਗੜ੍ਹ ਐਵਾਰਡ ਮਿਲ ਚੁੱਕੇ ਹਨ। ਕਾਲਜ ਦੀ ਪ੍ਰਿੰਸੀਪਲ ਡਾ. ਨਿਸ਼ਾ ਅਗਰਵਾਲ ਨੇ ਦੱਸਿਆ ਕਿ ਹਰਨਾਜ਼ ਨੇ ਲਗਨ, ਜੋਸ਼, ਸਿੱਖਿਆ ਅਤੇ ਕਦਰਾਂ-ਕੀਮਤਾਂ ਦੀ ਬਦੌਲਤ ਮਾਅਰਕਾ ਮਾਰਿਆ ਹੈ।

Check Also

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ ਪੰਚਕੂਲਾ/ਬਿਊਰੋ …