Breaking News
Home / ਫ਼ਿਲਮੀ ਦੁਨੀਆ / ਅਜਾਈਂ ਨਹੀਂ ਜਾਵੇਗੀ ਅਰਦਾਸ

ਅਜਾਈਂ ਨਹੀਂ ਜਾਵੇਗੀ ਅਰਦਾਸ

Ardass Poster copy copyਅਰਦਾਸ ਪੰਜਾਬ ਅਤੇ ਪੰਜਾਬੀਅਤ ਦੇ ਹਰ ਰੋਗ ਦਾ ਹੱਲ ਹੈ
ਅੱਜ ਪੰਜਾਬ ਨੂੰ, ਪੰਜਾਬੀਆਂ ਨੂੰ ਤੇ ਪੰਜਾਬੀਅਤ ਨੂੂੰ ਜਿੰਨੇ ਵੀ ਰੋਗ ਲੱਗੇ ਹਨ, ਜਿੰਨੀਆਂ ਵੀ ਬਿਮਾਰੀਆਂ ਚਿੰਬੜੀਆਂ ਹਨ ਉਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ, ਉਨ੍ਹਾਂ ਸਾਰੀਆਂ ਕੁਰੀਤੀਆਂ ਦਾ ਹੱਲ, ਉਨ੍ਹਾਂ ਸਾਰੀਆਂ ਬਿਮਾਰੀਆਂ ਦਾ ਹੱਲ ‘ਅਰਦਾਸ’ ਹੈ। ਮਾਰਚ ਦੀ 12 ਤਰੀਕ ਦਿਨ ਸ਼ਨੀਵਾਰ ਨੂੰ ਮੈਂ ਆਪਣੀ ਜੀਵਨ ਸਾਥਣ ਨਾਲ ਪੰਜਾਬੀ ਫ਼ਿਲਮ ‘ਅਰਦਾਸ’ ਵੇਖਣ ਗਿਆ। ਕੋਈ ਢਾਈ ਕੁ ਘੰਟੇ ਦੀ ਇਸ ਫ਼ਿਲਮ ਵਿਚ ਅਸੀਂ ਦੋਵੇਂ ਹੀ ਨਹੀਂ ਹਾਲ ਵਿਚ ਬੈਠੇ ਸਾਰੇ ਹੀ ਦਰਸ਼ਕਾਂ ਦੀਆਂ ਅੱਖਾਂ ਕਿੰਨੀ ਹੀ ਵਾਰ ਸਿੱਲ੍ਹੀਆਂ ਹੋਈਆਂ ਤੇ ਕਿੰਨੀ ਹੀ ਵਾਰ ਮੁੱਖ ਹੱਸਣ ਲਈ ਖੁੱਲ੍ਹੇ ਤੇ ਕਿੰਨੀ ਹੀ ਵਾਰ ਤਾੜੀਆਂ ਵੱਜੀਆਂ ਗਿਣਤੀ ਨਹੀਂ ਕਰ ਸਕੇ। ਨਾ ਤਾਂ ਮੈਂ ਫ਼ਿਲਮੀ ਬੀਟ ਦਾ ਪੱਤਰਕਾਰ ਹਾਂ, ਨਾ ਹੀ ਮੈਂ ਲਗਾਤਾਰ ਫ਼ਿਲਮਾਂ ਵੇਖਦਾ ਹਾਂ ਇਸ ਲਈ ਮੈਨੂੰ ਫ਼ਿਲਮ ਸਮੀਖਿਆ ਤਾਂ ਕਰਨੀ ਨਹੀਂ ਆਉਂਦੀ।
ਪਰ ਪੰਜਾਬੀ ਹਾਂ ਤੇ ਅੱਜ ਪੰਜਾਬ ਤੇ ਪੰਜਾਬੀ ਜਿਸ ਦੌਰ ‘ਚੋਂ ਲੰਘ ਰਹੇ ਹਨ ਉਸ ਤੋਂ ਵਾਕਿਫ ਵੀ ਹਾਂ ਤੇ ਚਿੰਤਤ ਵੀ। ਮੇਰੀਆਂ ਕਿੰਨੀਆਂ ਹੀ ਚਿੰਤਾਵਾਂ ਦੇ ਜਵਾਬ ਇਸ ਫ਼ਿਲਮ ਵਿਚ ਮਿਲੇ। ਚਾਹੇ ਨਸ਼ੇ ਦੀ ਗੱਲ ਹੋਵੇ, ਚਾਹੇ ਭਰੂਣ ਹੱਤਿਆ ਦੀ ਗੱਲ ਹੋਵੇ, ਚਾਹੇ ਧੀਆਂ ਨਾਲ ਵਿਤਕਰੇ ਦੀ ਗੱਲ ਹੋਵੇ, ਚਾਹੇ ਗਿਰ ਰਹੇ ਸਿੱਖਿਆ ਦੇ ਮਿਆਰ ਦੀ ਗੱਲ ਹੋਵੇ, ਚਾਹੇ ਬਜ਼ੁਰਗਾਂ ਦੇ ਸਤਿਕਾਰ ਦੀ ਗੱਲ ਹੋਵੇ, ਚਾਹੇ ਆਪਣੀ ਡਿਊਟੀ ਨਾਲ ਧੋਖਾ ਕਰਨ ਦੀ ਗੱਲ ਹੋਵੇ, ਚਾਹੇ ਛੋਟੇ-ਵੱਡਿਆਂ ਨੂੰ ਇੱਜ਼ਤ ਦੇਣ ਦਾ ਸਵਾਲ ਹੋਵੇ, ਚਾਹੇ ਇਸ਼ਕੇ ਦੀ ਗੱਲ ਹੋਵੇ ਤੇ ਚਾਹੇ ਜ਼ਿੰਦਗੀ ਦੇ ਸੰਘਰਸ਼ ਦੀ ਕਹਾਣੀ ਹੋਵੇ। ਹਰ ਵਿਸ਼ੇ ਨੂੰ ਛੂੰਹਦੀ ਇਹ ਫ਼ਿਲਮ ਹਰ ਸਮੱਸਿਆ ਦਾ ਹੱਲ ‘ਸ਼ਬਦ’ ਵਿਚੋਂ ਲੱਭਦੀ ਹੈ। ਸ਼ਬਦ ਉਹ ਜੋ ਸਾਡੇ ਲਈ ਸਾਡੇ ਗੁਰੂ ਸਾਹਿਬਾਨ, ਸੰਤ-ਫਕੀਰ ਉਚਾਰ ਗਏ। ਫ਼ਿਲਮ ਵਿਚ ਕਿੰਨੇ ਹੀ ਨਾਮਚਿੰਨ੍ਹ ਕਲਾਕਾਰ ਹਨ ਜਿਵੇਂ ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਬੀ. ਐਨ. ਸ਼ਰਮਾ, ਕਰਮਜੀਤ ਅਨਮੋਲ, ਐਮੀ ਵਿਰਕ, ਮੈਂਡੀ ਤੱਖਰ ਅਤੇ ਹੋਰ ਕਈ ਵੱਡੇ ਅਤੇ ਬਾਲ ਕਲਾਕਾਰ ਹਨ ਜਿਨ੍ਹਾਂ ਨੇ ਆਪਣੇ ਰੋਲ ਨੂੰ ਫ਼ਿਲਮੀ ਸਕਰੀਨ ‘ਤੇ ਬਾਖੂਬੀ ਨਿਭਾਇਆ ਹੈ। ਪਰ ਫ਼ਿਲਮ ਵਿਚ ਹੀਰੋ ਤਾਂ ‘ਸ਼ਬਦ’ ਹੀ ਹੈ। ਹਰ ਮੁਸ਼ਕਿਲ ‘ਤੇ, ਹਰ ਦੁਬਧਿਤਾ ‘ਤੇ, ਹਰ ਦੁੱਖ ਦੀ ਘੜੀ ਵਿਚ, ਹਰ ਸੁਖ ਵਿਚ, ਖੁਸ਼ੀ ਮਾਨਣੀ ਹੋਵੇ ਜਾਂ ਗ਼ਮ ਵੰਡਾਉਣਾ ਹੋਵੇ, ਸਹਾਰਾ ਗੁਰੂ ਦੀ ਬਾਣੀ ਦਾ। ਫ਼ਿਲਮ ਦਾ ਨਿੱਕਾ-ਨਿੱਕਾ ਡਾਇਲਾਗ, ਨਿੱਕੇ-ਨਿੱਕੇ ਸੀਨ, ਨਿੱਕੇ-ਨਿੱਕੇ ਘਟਨਾਕ੍ਰਮ ਸੁਨੇਹੇ ਦਿੰਦੇ ਹਨ। ਪਰ ਕਿਤੇ ਵੀ ਫ਼ਿਲਮ ਹੋਰ ਪੰਜਾਬੀ ਫ਼ਿਲਮਾਂ ਵਾਂਗ ਸੁਨੇਹਾ ਦੇਣ ਲੱਗਿਆਂ, ਸੇਧ ਦੇਣ ਲੱਗਿਆਂ, ਲੈਕਚਰਬਾਜ਼ੀ ਨਹੀਂ ਕਰਦੀ। ਇਸ ਦੇ ਲਈ ਗਿੱਪੀ ਗਰੇਵਾਲ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।
ਜਦੋਂ ਸਿਰਸਾ ਵਾਲੇ ਡੇਰਾਮੁਖੀ ਬਾਬੇ ਦੀਆਂ ਫ਼ਿਲਮਾਂ ਚੰਡੀਗੜ੍ਹ ਦੇ ਥੀਏਟਰਾਂ ਵਿਚ ਲੱਗੀਆਂ ਤਾਂ ਮੈਂ ਵੇਖਦਾ ਸੀ ਕਿ ਡੇਰਾ ਪ੍ਰੇਮੀ ਬੱਸਾਂ ਭਰ-ਭਰ ਕੇ ਬਾਬੇ ਦੀਆਂ ਫ਼ਿਲਮਾਂ ਵੇਖਣ ਸਿਨੇਮਾ ਹਾਲਾਂ ਵਿਚ ਪਹੁੰਚਦੇ ਸਨ ਤੇ ਥੀਏਟਰ ਵੱਲ ਨੂੰ ਵਧਦੇ ਇਹ ਸ਼ਰਧਾਲੂ ਜੁੱਤੀਆਂ ਤੱਕ ਉਤਾਰ ਲੈਂਦੇ ਸਨ। ਅੱਜ ਪੰਜਾਬ ਦੀ ਫ਼ਿਲਮ ਹੈ, ਪੰਜਾਬੀਆਂ ਦੀ ਫ਼ਿਲਮ ਹੈ, ਸਾਡੀ ਫ਼ਿਲਮ ਹੈ ‘ਅਰਦਾਸ’। ਫਿਰ ਕਿਉਂ ਨਹੀਂ ਅੱਜ ਪੰਜਾਬ ਦੇ ਪ੍ਰੇਮੀ, ਪੰਜਾਬ ਦੇ ਸ਼ਰਧਾਲੂ ਬੱਸਾਂ ਭਰ-ਭਰ ਕੇ ਪਿੰਡਾਂ-ਸ਼ਹਿਰਾਂ ਤੋਂ ਲੋਕਾਂ ਨੂੰ ਲਿਆ ਕੇ ਇਹ ਫ਼ਿਲਮ ਵਿਖਾਉਂਦੇ। ਫ਼ਿਲਮ ਔਲਾਦ ਨੂੰ ਵਿਖਾਉਣ ਵਾਲੀ ਹੈ, ਫ਼ਿਲਮ ਸਕੂਲੀ ਵਿਦਿਆਰਥੀਆਂ  ਨੂੰ ਦਿਖਾਉਣ ਵਾਲੀ ਹੈ, ਫ਼ਿਲਮ ਆਪ ਵੇਖਣ ਵਾਲੀ ਹੈ ਕਿਉਂਕਿ ਇਹ ਸਭ ਕੁਝ ਸਾਡੇ ਆਲੇ-ਦੁਆਲੇ ਹੋ ਰਿਹਾ ਹੈ। ਅਸੀਂ ਹੀ ਇਸ ਘਟਨਾਕ੍ਰਮ ਦਾ ਹਿੱਸਾ ਹਾਂ ਤੇ ਇਸ ਲਈ ਮੇਰੀ ਤਾਂ ਬੇਨਤੀ ਹੈ ਵੱਖੋ-ਵੱਖ ਡੇਰੇ ਵਾਲਿਆਂ ਨੂੰ, ਵੱਖੋ-ਵੱਖ ਸਮਾਜਿਕ ਸੰਸਥਾਵਾਂ ਨੂੰ, ਵੱਖੋ-ਵੱਖ ਵਿੱਦਿਅਕ ਅਦਾਰਿਆਂ ਨੂੰ ਕਿ ਉਹ ਅਜਿਹੀਆਂ ਫ਼ਿਲਮਾਂ ਵੇਖਣ ਤੇ ‘ਸ਼ਬਦ’ ਦੇ, ਗੁਰੂ ਦੀ ਬਾਣੀ ਦੇ ਸੱਚੇ ਪਾਠਕ ਬਣ ਕੇ ਉਸ ਨੂੰ ਲੁਕਾਈ ਵਿਚ ਲੈ ਕੇ ਜਾਣ ਨਾ ਕਿ ਰੱਟਾ ਲਾਉਣ ਵਾਲੀ ਆਦਤ ਪਾਉਣ। ਮੈਂ ਮੀਡੀਆ ਜਗਤ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਅੱਜ ਕਿਉਂ ਨਹੀਂ ਇਸ ਫ਼ਿਲਮ ਦੀ ਆਪ ਮੁਹਾਰੇ ਉਹ ਪਰਮੋਸ਼ਨ ਕਰਦੇ ਜਿਵੇਂ ਬਾਲੀਵੁੱਡ ਵਾਲੀਆਂ ਫ਼ਿਲਮਾਂ ਨੂੰ, ਬਾਲੀਵੁੱਡ ਵਾਲੇ ਐਕਟਰਾਂ ਨੂੰ ਚਮਕਾਉਂਦੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਆਪ ‘ਅਰਦਾਸ’ ਵਰਗੀਆਂ ਫ਼ਿਲਮਾਂ ਦੇ ਟੈਕਸ ਮੁਆਫ਼ ਕਰਨ।
ਸਮੁੱਚੀ ਟੀਮ ਨੂੰ ਵਧਾਈ, ‘ਅਰਦਾਸ’ ਅਜਾਈਂ ਨਹੀਂ ਜਾਵੇਗੀ। ਜੇਕਰ ਰਾਣਾ ਰਣਬੀਰ ਵਰਗੇ ਸਿਰੜੀ ਲੋਕ ਜੋ ਸਮਾਜਿਕ ਵਿਸ਼ਿਆਂ ‘ਤੇ, ਸਮਾਜਿਕ ਬੁਰਾਈਆਂ ਦੇ ਖਿਲਾਫ਼ ਲੜਨਾ ਜਾਣਦੇ ਹਨ ਤਾਂ ਫਿਰ ਇਕ ਦਿਨ ਪੰਜਾਬ ਨਸ਼ਾ ਮੁਕਤ ਵੀ ਹੋਵੇਗਾ, ਪੰਜਾਬ ਭ੍ਰਿਸ਼ਟਾਚਾਰ ਤੋਂ ਮੁਕਤ ਵੀ ਹੋਵੇਗਾ, ਪੰਜਾਬ ‘ਸ਼ਬਦ’ ਨਾਲ ਵੀ ਜੁੜੇਗਾ ਤੇ ਫਿਰ ਹਰ ਵਿਹੜੇ ਗੁਰਮੁਖ ਵੀ ਖੇਡੇਗਾ ਤੇ ਬਾਣੀ ਵੀ ਪੀਂਘ ਝੂਟੇਗੀ।

-ਦੀਪਕ ਸ਼ਰਮਾ ਚਨਾਰਥਲ

Check Also

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ ਪੰਚਕੂਲਾ/ਬਿਊਰੋ …