Breaking News
Home / ਸੰਪਾਦਕੀ / ਪੰਜਾਬ ‘ਚ ਬੇਰੋਕ ਵੱਧ ਰਹੀ ਅਰਾਜਕਤਾ

ਪੰਜਾਬ ‘ਚ ਬੇਰੋਕ ਵੱਧ ਰਹੀ ਅਰਾਜਕਤਾ

Editorial6-680x365-300x161ਬੇਸ਼ੱਕ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅੰਕੜਿਆਂ ਦੀ ਜਾਦੂਗਰੀ ਦੇ ਨਾਲ ਪੰਜਾਬ ਨੂੰ ਵਿਕਾਸ, ਅਮਨ-ਅਮਾਨ ਅਤੇ ਕਾਨੂੰਨ ਵਿਵਸਥਾ ਪੱਖੋਂ ਭਾਰਤ ਦੇ ਦੂਜੇ ਸੂਬਿਆਂ ਤੋਂ ਬਿਹਤਰੀਨ ਸੂਬਾ ਦਿਖਾਉਣ ਦਾ ਕੋਈ ਮੌਕਾ ਨਹੀਂ ਖੁੰਝਾਉਂਦੇ ਪਰ ਹਾਲਾਤ ਸੱਚਾਈ ਨੂੰ ਲੁਕਾ ਕੇ ਨਹੀਂ ਰੱਖ ਸਕਦੇ। ਪੰਜਾਬ ‘ਚੋਂ ਰੋਜ਼ਾਨਾ ਆਉਂਦੀਆਂ ਖ਼ਬਰਾਂ ਬੇਹੱਦ ਚਿੰਤਾ ਵਾਲੀਆਂ ਹਨ ਅਤੇ ਪੰਜਾਬ ਨਾਲ ਦਿਲੋਂ-ਮਨੋਂ ਜੁੜਿਆ ਕੋਈ ਵੀ ਪਰਵਾਸੀ ਪੰਜਾਬੀ ਆਪਣੇ ਵਤਨ ਦੇ ਦਿਨੋਂ-ਦਿਨ ਅਰਾਜਕਤਾ ਵਾਲੇ ਪਾਸੇ ਜਾ ਰਹੇ ਹਾਲਾਤਾਂ ਨੂੰ ਦੇਖ-ਸੁਣ ਕੇ ਦੁਖੀ ਹੋਣੋ ਨਹੀਂ ਰਹਿ ਸਕਦਾ।
ਅਖ਼ਬਾਰਾਂ ‘ਤੇ ਝਾਤ ਮਾਰ ਲਵੋ ਤਾਂ ਕੋਈ ਦਿਨ ਅਜਿਹਾ ਨਹੀਂ ਹੁੰਦਾ ਜਦੋਂ ਪੰਜਾਬ ‘ਚ ਕੋਈ ਲੁੱਟ-ਖੋਹ, ਡਕੈਤੀ, ਕਤਲ, ਬਲਾਤਕਾਰ ਜਾਂ ਗੋਲੀਬਾਰੀ ਦੀ ਘਟਨਾ ਨਾ ਵਾਪਰੀ ਹੋਵੇ। ਹਾਲਾਤਾਂ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਸ਼ਾਇਦ ਪੰਜਾਬ ‘ਚ ਹਿੰਸਾ ਦੇ ਦੌਰ ਵਿਚ ਵੀ ਇੰਨੇ ਮਾੜੇ ਹਾਲਾਤ ਨਾ ਰਹੇ ਹੋਣ, ਜਦੋਂ ਪੰਜਾਬ ‘ਚ ਕੋਈ ਵੀ, ਕਿਤੇ ਵੀ ਸੁਰੱਖਿਅਤ ਨਾ ਮਹਿਸੂਸ ਕਰਦਾ ਹੋਵੇ।
ਜੇਕਰ ਘਟਨਾਵਾਂ ‘ਤੇ ਛੋਟੀ ਜਿਹੀ ਝਾਤ ਮਾਰ ਲਈਏ ਤਾਂ 16 ਮਾਰਚ ਨੂੰ ਗੁਰਦਾਸਪੁਰ ਜ਼ਿਲ੍ਹੇ ਵਿਚ ਵਾਪਰੀਆਂ ਦੋ ਘਟਨਾਵਾਂ ਪੰਜਾਬ ਦੇ ਹਾਲਾਤਾਂ ਦੀ ਗੰਭੀਰਤਾ ਦੱਸਣ ਲਈ ਕਾਫ਼ੀ ਹਨ। ਪਹਿਲੀ ਘਟਨਾ ਡੇਰਾ ਬਾਬਾ ਨਾਨਕ ਵਿਚ ਵਾਪਰੀ ਜਿੱਥੇ ਇਕ ਸਿਰਫਿਰੇ ਆਸ਼ਕ ਨੇ ਅੱਠਵੀਂ ਜਮਾਤ ਦੀਆਂ ਛੇ ਵਿਦਿਆਰਥਣਾਂ ਨੂੰ ਤੇਜ਼ਾਬੀ ਹਮਲੇ ਨਾਲ ਬੁਰੀ ਤਰ੍ਹਾਂ ਝੁਲਸਾ ਦਿੱਤਾ। ਦੂਜੀ ਖ਼ਬਰ ਵੀ ਬਟਾਲਾ ਨੇੜਲੇ ਪਿੰਡ ਹਰਦਾਨ ਦੀ ਹੈ, ਜਿੱਥੇ ਦੋ ਗੁੰਡਿਆਂ ਵਲੋਂ ਇਕ ਕਿਸਾਨ ਦੇ ਘਰ ਵੜ ਕੇ ਉਸ ਦੀ ਧੀ ਨਾਲ ਜ਼ੋਰ-ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਜਦੋਂ ਕਿਸਾਨ ਨੇ ਉਨ੍ਹਾਂ ਨੂੰ ਰੋਕਿਆ ਤਾਂ ਦੋਵਾਂ ਗੁੰਡਿਆਂ ਨੇ ਕਿਸਾਨ ਦੇ ਗੋਲੀਆਂ ਮਾਰ ਦਿੱਤੀਆਂ। ਗੋਲੀ ਦੀ ਆਵਾਜ਼ ਸੁਣ ਕੇ ਆਂਢ-ਗੁਆਂਢ ਤੋਂ ਲੋਕ ਇਕੱਠੇ ਹੋ ਗਏ ਅਤੇ ਦੋਵਾਂ ਮੁਸ਼ਟੰਡਿਆਂ ਨੂੰ ਕਾਬੂ ਕਰਕੇ ਖੂਬ ਕੁਟਾਪਾ ਚਾੜ੍ਹਿਆ, ਜਿਸ ਦੌਰਾਨ ਇਕ ਮੁਸ਼ਟੰਡੇ ਦੀ ਮੌਤ ਹੋ ਗਈ। ਪਿਛਲੀ 28 ਫ਼ਰਵਰੀ ਨੂੰ ਵੀ ਬਟਾਲਾ ਵਿਚ ਇਕ ਵਿਆਹ ਸਮਾਗਮ ਦੌਰਾਨ ਦੋ ਸਿਰਫ਼ਿਰੇ ਮੁਸ਼ਟੰਡਿਆਂ ਨੇ ਇਕ ਵਿਆਹੁਤਾ ਔਰਤ ਦੀ ਗੋਲੀਆਂ ਮਾਰ ਕੇ ਉਦੋਂ ਹੱਤਿਆ ਕਰ ਦਿੱਤੀ ਸੀ, ਜਦੋਂ ਔਰਤ ਨੇ ਛੇੜਖਾਨੀ ਕਰਨ ‘ਤੇ ਉਨ੍ਹਾਂ ਦੀ ਵਿਰੋਧਤਾ ਕੀਤੀ ਸੀ। ਇਸ ਤੋਂ ਪਹਿਲਾਂ 20 ਫਰਵਰੀ ਨੂੰ ਲੁਧਿਆਣਾ ‘ਚ ਇਕ ਮੈਰਿਜ ਪੈਲੇਸ ਵਿਚ ਇਕ ਅਕਾਲੀ ਆਗੂ ਦੇ ਵਿਆਹ ਸਮਾਗਮ ਦੌਰਾਨ ਚਾਰ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਇਕ ਨੌਜਵਾਨ ਕਾਂਗਰਸੀ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਪੰਜਾਬ ਵਿਚ ਗੈਂਗਵਾਰ ਲਈ ਇਨ੍ਹੀਂ ਦਿਨੀਂ ਵਿਆਹ-ਸ਼ਾਦੀਆਂ ਦੇ ਸਮਾਗਮ ਸਮਾਜ ਵਿਰੋਧੀ ਅਨਸਰਾਂ ਵਾਸਤੇ ਬਿਹਤਰੀਨ ਮੇਲ-ਮੌਕਾ ਬਣੇ ਹੋਏ ਹਨ। ਇਸ ਦਾ ਇਕ ਕਾਰਨ ਪੰਜਾਬ ‘ਚ ਵਿਆਹ-ਸ਼ਾਦੀਆਂ ਮੌਕੇ ਲੋਕਾਂ ਵਲੋਂ ਲਾਇਸੰਸੀ ਅਸਲਾ ਲੈ ਕੇ ਜਾਣ ਦਾ ਰਿਵਾਜ਼ ਅਤੇ ਹਵਾ ਵਿਚ ਗੋਲੀਆਂ ਚਲਾ ਕੇ ਖੁਸ਼ੀ ਦਾ ਪ੍ਰਗਟਾਵਾ ਕਰਨ ਦਾ ਰੁਝਾਨ ਹੈ। ਵਿਆਹ-ਸ਼ਾਦੀਆਂ ਦੇ ਸਮਾਗਮਾਂ ਮੌਕੇ ਬਹੁਤ ਸਾਰੀਆਂ ਅਣਸੁਖਾਵੀਆਂ ਘਟਨਾਵਾਂ ਤਾਂ ਖੁਸ਼ੀ ‘ਚ ਹਵਾਈ ਫ਼ਾਇਰ ਕਰਦੇ ਵਕਤ ਹੀ ਵਾਪਰ ਜਾਂਦੀਆਂ ਹਨ। ਭਾਵੇਂਕਿ ਮੈਰਿਜ ਪੈਲੇਸਾਂ ਵਿਚ ਲਾਇਸੰਸੀ ਅਸਲਾ ਲੈ ਕੇ ਜਾਣ ‘ਤੇ ਸਰਕਾਰੀ ਤੌਰ ‘ਤੇ ਪਾਬੰਦੀ ਹੈ ਪਰ ਪੁਲਿਸ ਦੀ ਮਾੜੀ ਕਾਰਗੁਜ਼ਾਰੀ ਅਤੇ ਸਿਆਸੀ ਟੌਹਰ-ਟੱਪੇ ਕਾਰਨ ਇਸ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਵਿਆਹ-ਸ਼ਾਦੀਆਂ ਦੇ ਸਮਾਰੋਹਾਂ ਵਿਚ ਨਾਜਾਇਜ਼ ਅਸਲਾ ਲੈ ਕੇ ਜਾਣਾ ਵੀ ਬਹੁਤ ਆਸਾਨ ਕੰਮ ਹੈ।
ਜਿੱਥੋਂ ਤੱਕ ਪੰਜਾਬ ‘ਚ ਨਾਜਾਇਜ਼ ਅਸਲਾ ਰੱਖਣ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਦਾ ਸਬੰਧ ਹੈ, ਕੋਈ ਵੀ ਅਜਿਹਾ ਦਿਨ ਨਹੀਂ ਜਾਂਦਾ, ਜਦੋਂ ਪੰਜਾਬ ‘ਚ ਕਿਸੇ ਥਾਂ ‘ਤੇ ਗੋਲੀਬਾਰੀ ਹੋਣ ਦੀ ਕੋਈ ਘਟਨਾ ਨਾ ਵਾਪਰੀ ਹੋਵੇ। ਹਰ ਵੱਡੇ-ਛੋਟੇ ਸ਼ਹਿਰ ‘ਚ ਨੌਜਵਾਨਾਂ ਦੇ ਗੈਂਗ ਬਣੇ ਹੋਏ ਹਨ ਅਤੇ ਇਨ੍ਹਾਂ ਗੈਂਗਾਂ ਵਿਚ ਕਈ ਨੌਜਵਾਨ ‘ਸ਼ੂਟਰਾਂ’ ਵਜੋਂ ਮਸ਼ਹੂਰ ਹਨ। ਗੈਂਗਾਂ ਵਿਚ ਨਾਜਾਇਜ਼ ਅਸਲਾ ਰੱਖਣਾ ਆਮ ਜਿਹੀ ਗੱਲ ਹੈ। ਇਹ ਅਪਰਾਧੀ ਗੈਂਗ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਆਗੂਆਂ ਦੀ ਸਰਪ੍ਰਸਤੀ ਹਾਸਲ ਹੁੰਦੇ ਹਨ, ਜਿਸ ਕਰਕੇ ਇਨ੍ਹਾਂ ਦੇ ਹੌਂਸਲੇ ਇੰਨੇ ਵੱਧ ਜਾਂਦੇ ਹਨ ਕਿ ਉਹ ਨਿੱਕੀ ਜਿਹੀ ਗੱਲ ਤੋਂ ਵੀ ਸ਼ਰ੍ਹੇ-ਬਾਜ਼ਾਰਾਂ ਗੋਲੀਆਂ ਚਲਾਉਣ ਤੋਂ ਘਬਰਾਉਂਦੇ ਨਹੀਂ। ਰਾਹ ਜਾਂਦੀ ਕਿਸੇ ਕੁੜੀ ਨੂੰ ਛੇੜਨ ‘ਤੇ ਕਿਸੇ ਵਲੋਂ ਵਿਰੋਧ ਕਰਨ ‘ਤੇ ਗੋਲੀ ਮਾਰਨੀ, ਇਕਤਰਫ਼ਾ ਪਿਆਰ ਵਿਚ ਅੰਨ੍ਹੇ ਹੋਏ ਕਿਸੇ ਸਿਰਫ਼ਿਰੇ ਵਲੋਂ ਆਪਣੀ ਕਥਿਤ ਪ੍ਰੇਮਿਕਾ ਨੂੰ ਗੋਲੀ ਮਾਰਨੀ ਜਾਂ ਗਲੀਆਂ-ਬਾਜ਼ਾਰਾਂ ਵਿਚ ਮਾਮੂਲੀ ਗੱਲ ਤੋਂ ਤਕਰਾਰ ਤੋਂ ਬਾਅਦ ਗੋਲੀਆਂ ਚਲਾਉਣੀਆਂ ਤਾਂ ਪੰਜਾਬ ‘ਚ ਆਮ ਜਿਹਾ ਵਰਤਾਰਾ ਬਣ ਕੇ ਰਹਿ ਗਿਆ ਹੈ।
ਪੰਜਾਬ ‘ਚ ਲਗਾਤਾਰ ਵੱਧ ਰਹੀ ਲਾ-ਕਾਨੂੰਨੀ ਅਤੇ ਅਪਰਾਧਾਂ ਦੇ ਬੇਰੋਕ ਵਾਧੇ ਦਾ ਵੱਡਾ ਕਾਰਨ ਪੁਲਿਸ ਤੰਤਰ ਦਾ ਸਿਆਸੀਕਰਨ ਹੈ। ਡੀ.ਜੀ.ਪੀ. ਤੋਂ ਲੈ ਕੇ ਐੱਸ.ਐੱਸ.ਪੀਜ਼., ਐੱਸ.ਐੱਚ.ਓਜ਼. ਤੇ ਥਾਣਿਆਂ ਦੇ ਮੁਨਸ਼ੀਆਂ ਤੱਕ ਦੀਆਂ ਨਿਯੁਕਤੀਆਂ ਯੋਗਤਾ ਅਤੇ ਸੀਨੀਆਰਤਾ ਦੀ ਥਾਂ ਸੱਤਾਧਾਰੀ ਸਿਆਸੀ ਆਗੂਆਂ ਦੀ ਵਫ਼ਾਦਾਰੀ ਦੇ ਆਧਾਰ ‘ਤੇ ਹੁੰਦੀਆਂ ਹਨ। ਸੱਤਾਧਾਰੀਆਂ ਦੇ ਹਲਕਾ ਇੰਚਾਰਜਾਂ ਦੀ ਮਰਜ਼ੀ ਤੋਂ ਬਿਨ੍ਹਾਂ ਕਿਸੇ ਕਤਲ ਦਾ ਕੇਸ ਵੀ ਦਰਜ ਨਹੀਂ ਹੁੰਦਾ। ਉਨ੍ਹਾਂ ਦੀ ਇਕ ਟੈਲੀਫੋਨ ਕਾਲ ਹੀ ਅਪਰਾਧੀ ਨੂੰ ਛੱਡਣ ਜਾਂ ਕਿਸੇ ਨਿਰਦੋਸ਼ ਨੂੰ ਫੜਨ ਲਈ ਕਾਫ਼ੀ ਹੁੰਦੀ ਹੈ। ਸਮਾਜਿਕ ਤੌਰ ਉੱਤੇ ਨਿਰਾਸ਼ ਨੌਜਵਾਨਾਂ ਦੇ ਨਸ਼ੇ ਦੀ ਲਤ ਵਿਚ ਫ਼ਸਣ ਅਤੇ ਬੇਰੁਜ਼ਗਾਰ ਨੌਜਵਾਨਾਂ ਵਲੋਂ ਜਲਦੀ ਪੈਸਾ ਕਮਾਉਣ ਦਾ ਸੁਪਨਾ ਵੀ ਅਪਰਾਧਕ ਪ੍ਰਵਿਰਤੀ ਨੂੰ ਵਧਾਉਣ ਦਾ ਕਾਰਨ ਹੈ। ਬਹੁਤ ਸਾਰੇ ਨੌਜਵਾਨ ਇਸੇ ਸਮਾਜਿਕ ਤਰਾਸਦੀ ਦਾ ਸ਼ਿਕਾਰ ਦਿਖਾਈ ਦਿੰਦੇ ਹਨ, ਜਿਨ੍ਹਾਂ ਨੂੰ ਸਿਆਸੀ ਆਗੂ ਮੱਕੜਜਾਲ ਵਿਚ ਫ਼ਸਾ ਕੇ ਆਪਣੇ ਹਥਠੋਕੇ ਬਣਾ ਲੈਂਦੇ ਹਨ ਅਤੇ ਆਪਣੇ ਮਾਤਹਿਤਾਂ ਲਈ ਉਨ੍ਹਾਂ ਦੇ ਬਾਹੂਬਲ ਦੀ ਵਰਤੋਂ ਕਰਦੇ ਹਨ। ਇਸੇ ਕਾਰਨ ਸਿਆਸੀ ਆਗੂ ਅਪਰਾਧੀ ਅਨਸਰਾਂ ਤੱਕ ਕਾਨੂੰਨ ਦੇ ਹੱਥ ਨਹੀਂ ਪਹੁੰਚਣ ਦਿੰਦੇ। ਇਹ ਚਰਚਾ ਜ਼ੋਰਾਂ ‘ਤੇ ਹੈ ਕਿ ਪਿਛਲੇ ਦਿਨੀਂ ਬਟਾਲਾ ਵਿਚ ਵਿਆਹ ਸਮਾਗਮ ਦੌਰਾਨ ਵਿਆਹੁਤਾ ਔਰਤ ਦੀ ਹੱਤਿਆ ਕਰਨ ਵਾਲੇ ਦੋ ਨੌਜਵਾਨਾਂ ਖਿਲਾਫ਼ ਪੁਲਿਸ ਕੇਸ ਦਰਜ ਹੋਣ ਤੋਂ ਰੋਕਣ ਲਈ ਗੁਰਦਾਸਪੁਰ ਜ਼ਿਲ੍ਹੇ ਦੇ ਕੁਝ ਰਸੂਖ਼ਵਾਨ ਸਿਆਸੀ ਆਗੂਆਂ ਨੇ ਪੂਰੀ ਕੋਸ਼ਿਸ਼ ਕੀਤੀ ਸੀ। ਦੋਵਾਂ ਨੌਜਵਾਨਾਂ ਨੇ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰਨ ਵੇਲੇ ਇੰਨੀ ਵੱਧ ਮਾਤਰਾ ਵਿਚ ਨਸ਼ਾ ਕੀਤਾ ਹੋਇਆ ਸੀ ਕਿ ਤਿੰਨ ਦਿਨਾਂ ਬਾਅਦ ਉਨ੍ਹਾਂ ਨੂੰ ਪੂਰੀ ਹੋਸ਼ ਆਈ ਸੀ। ਪੰਜਾਬ ‘ਚ ਬਹੁਤ ਸਾਰੀਆਂ ਘਟਨਾਵਾਂ ਅਜਿਹੀਆਂ ਵਾਪਰ ਰਹੀਆਂ ਹਨ ਕਿ ਨਸ਼ਿਆਂ ਦੀ ਲਤ ਤੋਂ ਪ੍ਰੇਸ਼ਾਨ ਨੌਜਵਾਨਾਂ ਵਲੋਂ ਨਸ਼ੇ ਪੂਰੇ ਕਰਨ ਲਈ ਆਪਣੇ ਸਕੇ-ਸਬੰਧੀਆਂ ਤੱਕ ਦੀ ਹੱਤਿਆ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ। ਸਪੱਸ਼ਟ ਹੈ ਕਿ ਪੰਜਾਬ ਵਿਚ ਅਪਰਾਧਾਂ ਦੇ ਲਗਾਤਾਰ ਵੱਧਣ ਦਾ ਇਕ ਕਾਰਨ ਖ਼ਤਰਨਾਕ ਨਸ਼ੇ ਹਨ। ਕਥਿਤ ਤੌਰ ‘ਤੇ ਸਿਆਸੀ ਤੇ ਰਸੂਖ਼ਵਾਨ ਲੋਕਾਂ ਦੀ ਸ਼ਹਿ ‘ਤੇ ਸਰਹੱਦ ਪਾਰੋਂ ਆ ਰਹੇ ਖ਼ਤਰਨਾਕ ਨਸ਼ੇ ਹੈਰੋਇਨ, ਸਮੈਕ ਅਤੇ ਕੋਕੀਨ ਅਜਿਹੇ ਨਸ਼ੇ ਹਨ, ਜਿਹੜੇ ਮਨੁੱਖ ਦੀ ਸੋਚਣ ਸ਼ਕਤੀ ਨੂੰ ਹੀ ਖ਼ਤਮ ਕਰ ਦਿੰਦੇ ਹਨ। ਜੇਕਰ ਪੰਜਾਬ ‘ਚ ਅਮਨ-ਕਾਨੂੰਨ ਦੀ ਵਿਵਸਥਾ ਇਸੇ ਤਰ੍ਹਾਂ ਸਿਆਸੀ ਹਥਠੋਕਾ ਬਣੀ ਰਹੀ ਅਤੇ ਅਪਰਾਧ ਵੱਧਦੇ ਗਏ ਤਾਂ ਪੰਜਾਬ ਦੇ ਲੋਕ ਤੰਗ ਆ ਕੇ ਕਾਨੂੰਨ ਹੱਥਾਂ ਵਿਚ ਲੈ ਕੇ ਖੁਦ ਇਨਸਾਫ਼ ਲੈਣ ਲਈ ਤੁਰ ਪੈਣਗੇ, ਜਿਸਦੇ ਸਮਾਜਿਕ ਅਤੇ ਕਾਨੂੰਨ-ਵਿਵਸਥਾ ਪੱਖੋਂ ਸਿੱਟੇ ਬਹੁਤ ਭਿਆਨਕ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Check Also

ਕੇਂਦਰ ਦੀ ਬੇਰੁਖੀ ਕਾਰਨ ਆਰਥਿਕ ਸੰਕਟ ਵੱਲ ਵੱਧਦਾ ਪੰਜਾਬ

ਕੇਂਦਰ ਸਰਕਾਰ ਦੇ ਐਲਾਨੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ, ਹਰਿਆਣਾ ਅਤੇ ਕੁਝ ਹੋਰ …