Breaking News
Home / ਸੰਪਾਦਕੀ / ਕਰੋਨਾ ਮਹਾਂਮਾਰੀ ਦੀ ਚੁਣੌਤੀ

ਕਰੋਨਾ ਮਹਾਂਮਾਰੀ ਦੀ ਚੁਣੌਤੀ

ਵਿਸ਼ਵ ਪੱਧਰ ‘ਤੇ ਕਰੋਨਾ ਮਹਾਂਮਾਰੀ ਨੇ ਇਕ ਵਾਰ ਫਿਰ ਲੋਕਾਂ ਨੂੰ ਹੈਰਾਨ ਕੀਤਾ ਹੈ। ਕਿਤੇ ਇਸ ਦੀ ਤੀਜੀ ਅਤੇ ਕਿਤੇ ਚੌਥੀ ਲਹਿਰ ਦਾ ਪ੍ਰਕੋਪ ਜਾਰੀ ਹੈ। ਭਾਰਤ ਵਿਚ ਇਸ ਦੀ ਦੂਜੀ ਲਹਿਰ ਨੇ ਪਹਿਲੀ ਤੋਂ ਵੀ ਜ਼ਿਆਦਾ ਕੋਹਰਾਮ ਮਚਾਇਆ ਹੈ। ਦੂਜੀ ਲਹਿਰ ਦੇ ਪ੍ਰਕੋਪ ਦਾ ਸਭ ਤੋਂ ਜ਼ਿਆਦਾ ਸ਼ਿਕਾਰ ਦੇਸ਼ ਦੇ 11 ਰਾਜ ਹੋਏ ਹਨ, ਜਿਨ੍ਹਾਂ ਵਿਚ ਪਹਿਲੇ ਸਥਾਨ ‘ਤੇ ਮਹਾਰਾਸ਼ਟਰ ਅਤੇ ਦੂਜੇ ‘ਤੇ ਪੰਜਾਬ ਹੈ। ਭਾਰਤ ਵਿਚ ਪਹਿਲੀ ਲਹਿਰ ਬੀਤੇ ਸਾਲ ਸਤੰਬਰ ਵਿਚ ਸਿਖਰ ‘ਤੇ ਸੀ, ਜਦੋਂ ਰੋਜ਼ਾਨਾ ਹੋਣ ਵਾਲੇ ਟੈਸਟਾਂ ਵਿਚ ਪਾਜ਼ੀਟਿਵ ਪਾਏ ਜਾਣ ਵਾਲੇ ਲੋਕਾਂ ਦੀ ਫ਼ੀਸਦੀ ਸਭ ਤੋਂ ਵਧੇਰੇ 9.2 ਹੋ ਗਈ ਸੀ। ਪਰ ਬੀਤੇ ਸਾਲ ਸਤੰਬਰ ਮਹੀਨੇ ਵਿਚ ਹੀ ਭਾਰਤ ਵਿਚ ਕਰੋਨਾ ਮਹਾਂਮਾਰੀ ਦਾ ਪ੍ਰਕੋਪ ਘੱਟ ਹੋਣਾ ਸ਼ੁਰੂ ਹੋ ਗਿਆ ਸੀ। ਇਸ ਦੌਰਾਨ ਟੈਸਟਾਂ ਦੀ ਗਿਣਤੀ ਕਾਫੀ ਹੱਦ ਤੱਕ ਵਧਾ ਦਿੱਤੀ ਗਈ ਸੀ। ਪਰ ਇਸ ਤੋਂ ਬਾਅਦ ਦੇਸ਼ ਦੇ ਲੋਕ ਥੋੜ੍ਹਾ ਲਾਪ੍ਰਵਾਹ ਹੋਣ ਲੱਗ ਪਏ ਸਨ। ਲੋਕਾਂ ਨੇ ਨਿਯਮਾਂ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਕਰੋਨਾ ਦੀ ਸਥਿਤੀ ਫਿਰ ਉਸੇ ਪੱਧਰ ‘ਤੇ ਜਾ ਪਹੁੰਚੀ ਹੈ, ਜਿਥੋਂ ਸੁਧਾਰ ਦੀ ਕਿਰਨ ਦਿਖਾਈ ਦਿੱਤੀ ਸੀ। ਪਿਛਲੇ ਸਾਲ 20 ਸਤੰਬਰ ਨੂੰ ਭਾਰਤ ਭਰ ਵਿਚ ਇਕ ਹੀ ਦਿਨ ਵਿਚ ਕੁੱਲ ਪਾਜ਼ੀਟਿਵ ਲੋਕਾਂ ਦੀ ਗਿਣਤੀ 92,605 ਸੀ ਜਦੋਂਕਿ 2 ਅਪ੍ਰੈਲ, 2021 ਨੂੰ ਇਹ ਗਿਣਤੀ 89 ਹਜ਼ਾਰ ਤੋਂ ਬਹੁਤ ਅੱਗੇ ਲੰਘ ਗਈ ਹੈ। ਸਥਿਤੀ ਦੀ ਗੰਭੀਰਤਾ ਨੂੰ ਇਸ ਤੱਥ ਨਾਲ ਵੀ ਸਮਝਿਆ ਜਾ ਸਕਦਾ ਹੈ ਕਿ ਇਸ ਦੌਰਾਨ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਪਿਛਲੇ ਸਾਲ ਦਸੰਬਰ ਤੋਂ ਜ਼ਿਆਦਾ ਭਾਵ 714 ਹੋ ਗਈ ਹੈ। ਦੂਜੀ ਚਿੰਤਾ ਵਾਲੀ ਗੱਲ ਇਹ ਵੀ ਹੈ ਕਿ ਕਰੋਨਾ ਦੀ ਦੂਜੀ ਲਹਿਰ ਵਿਚ ਮੌਤ ਦਰ ਵਧ ਰਹੀ ਹੈ। ਜਦੋਂਕਿ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਘਟ ਕੇ 93.36 ਫ਼ੀਸਦੀ ਰਹਿ ਗਈ ਹੈ।
ਹਾਲੇ ਤੱਕ ਇਸ ਬਾਰੇ ਤਾਂ ਕੁਝ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ ਇਹ ਬਿਮਾਰੀ ਕਿਨ੍ਹਾਂ ਵਿਸ਼ੇਸ਼ ਕਾਰਨਾਂ ਕਰਕੇ ਵੱਖ-ਵੱਖ ਇਲਾਕਿਆਂ ਵਿਚ ਫੈਲਦੀ ਹੈ, ਕਿਉਂਕਿ ਜੇਕਰ ਭੀੜਾਂ ਦੀ ਗੱਲ ਕੀਤੀ ਜਾਏ ਤਾਂ ਇਹ ਵੇਖਣ ਵਿਚ ਆਇਆ ਹੈ ਕਿ ਭਾਰਤ ਦੇ ਜਿਨ੍ਹਾਂ ਰਾਜਾਂ ਵਿਚ ਚੋਣ ਪ੍ਰਕਿਰਿਆ ਚੱਲ ਰਹੀ ਹੈ, ਉਥੇ ਲਗਾਤਾਰ ਹੋਣ ਵਾਲੇ ਲੋਕਾਂ ਦੇ ਇਕੱਠ ਬੇਹੱਦ ਹੈਰਾਨੀਜਨਕ ਹਨ। ਇਨ੍ਹਾਂ ਥਾਵਾਂ ‘ਤੇ ਕਿਸੇ ਤਰ੍ਹਾਂ ਦੀ ਕੋਈ ਸਾਵਧਾਨੀ ਵਰਤੀ ਜਾਂਦੀ ਨਜ਼ਰ ਨਹੀਂ ਆਉਂਦੀ। ਦਿਨ ਵੇਲੇ ਵੱਡੇ-ਛੋਟੇ ਸ਼ਹਿਰਾਂ ਵਿਚ, ਬਾਜ਼ਾਰਾਂ ਵਿਚ ਭੀੜਾਂ ਦੇਖਣ ਨੂੰ ਮਿਲਦੀਆਂ ਹਨ, ਜਿਸ ਦਾ ਕਾਰਨ ਇਹ ਹੀ ਜਾਪਦਾ ਹੈ ਕਿ ਇਸ ਮਹਾਂਮਾਰੀ ਦੇ ਲੰਮੇ ਸਮੇਂ ਤੱਕ ਮੌਜੂਦ ਰਹਿਣ ਕਰਕੇ ਲੋਕਾਂ ਵਿਚ ਪਹਿਲਾਂ ਨਾਲੋਂ ਇਸ ਦੀ ਦਹਿਸ਼ਤ ਘਟਦੀ ਜਾ ਰਹੀ ਹੈ।
ਆਰਥਿਕ ਤੰਗੀਆਂ ਦੇ ਝੰਬੇ ਲੋਕਾਂ ਕੋਲ ਆਪਣੇ ਕੰਮਕਾਰ ਲਈ ਬਾਹਰ ਨਿਕਲਣ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਹੈ। ਪਹਿਲਾਂ ਹੀ ਬੇਰੁਜ਼ਗਾਰੀ ਨੇ ਨੱਕ ਵਿਚ ਦਮ ਕਰ ਰੱਖਿਆ ਹੈ। ਹੁਣ ਫਿਰ ਵਧ ਰਹੀ ਇਸ ਬਿਮਾਰੀ ਨੇ ਲੋਕਾਂ ਨੂੰ ਸਾਹ-ਸਤਹੀਣ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਇਸ ਗੱਲ ਦਾ ਵੀ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ ਕਿ ਇਸ ਬਿਮਾਰੀ ਦੇ ਹੁੰਦਿਆਂ ਵੀ ਕਿਸੇ ਨਾ ਕਿਸੇ ਤਰ੍ਹਾਂ ਜੀਵਨ ਦੀ ਤੋਰ ਨੂੰ ਤਾਂ ਜਾਰੀ ਰੱਖਿਆ ਜਾਣਾ ਚਾਹੀਦਾ ਹੈ। ਪਿਛਲੇ ਕੁਝ ਸਮੇਂ ਤੋਂ ਮਹਾਰਾਸ਼ਟਰ, ਪੰਜਾਬ, ਦਿੱਲੀ ਵਿਚ ਤਾਂ ਇਸ ਦਾ ਅਸਰ ਵਧੇਰੇ ਦੇਖਿਆ ਹੀ ਜਾ ਰਿਹਾ ਹੈ ਪਰ ਇਸ ਦੇ ਨਾਲ ਹੀ ਕਰਨਾਟਕ, ਉੱਤਰ ਪ੍ਰਦੇਸ਼ ਆਦਿ ਰਾਜ ਵੀ ਇਸ ਤੋਂ ਖਾਸੇ ਪ੍ਰਭਾਵਿਤ ਹੋਏ ਹਨ। ਭਾਰਤ ਭਰ ਵਿਚ ਸੂਬਾ ਸਰਕਾਰਾਂ ਨੇ ਆਪੋ-ਆਪਣੇ ਢੰਗ-ਤਰੀਕੇ ਨਾਲ ਇਸ ਬਿਮਾਰੀ ਨੂੰ ਘਟਾਉਣ ਲਈ ਆਪਣੀ ਵਾਹ ਵੀ ਲਗਾਈ ਹੈ। ਵੱਖ-ਵੱਖ ਖੇਤਰਾਂ ਵਿਚ ਬਹੁਤ ਸਾਰੀਆਂ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ। ਇਹ ਵੀ ਯਤਨ ਕੀਤਾ ਜਾ ਰਿਹਾ ਹੈ ਕਿ ਵੱਖ-ਵੱਖ ਥਾਵਾਂ ‘ਤੇ, ਵੱਖ-ਵੱਖ ਮੌਕਿਆਂ ‘ਤੇ ਇਕੱਠੀਆਂ ਹੋਈਆਂ ਭੀੜਾਂ ਨੂੰ ਘਟਾਇਆ ਜਾਏ ਪਰ ਚਲਦੇ ਜੀਵਨ ਵਿਚ ਅਜਿਹੀਆਂ ਬੰਦਿਸ਼ਾਂ ਦੇਰ ਤੱਕ ਲਾਈਆਂ ਜਾਣੀਆਂ ਮੁਸ਼ਕਿਲ ਹਨ।
ਵਿੱਦਿਅਕ ਅਦਾਰਿਆਂ ਨਾਲ ਲੱਖਾਂ ਹੀ ਲੋਕ ਜੁੜੇ ਹੋਏ ਹਨ ਜੋ ਮੁੜ ਬੇਰੁਜ਼ਗਾਰੀ ਵੱਲ ਧੱਕੇ ਜਾ ਰਹੇ ਹਨ। ਇਹ ਹੀ ਹਾਲ ਦੁਕਾਨਾਂ, ਕਾਰਖਾਨਿਆਂ, ਹੋਟਲਾਂ, ਢਾਬਿਆਂ ਅਤੇ ਹੋਰ ਅਨੇਕਾਂ ਤਰ੍ਹਾਂ ਦੇ ਧੰਦਿਆਂ ਵਿਚ ਹੋਇਆ ਦੇਖਿਆ ਜਾ ਰਿਹਾ ਹੈ, ਜਿਨ੍ਹਾਂ ਨਾਲ ਲੱਖਾਂ ਲੋਕਾਂ ਦਾ ਰੁਜ਼ਗਾਰ ਜੁੜਿਆ ਹੋਇਆ ਹੈ। ਇਹ ਗੱਲ ਜ਼ਰੂਰ ਸੰਤੁਸ਼ਟੀਜਨਕ ਜਾਪਦੀ ਹੈ ਕਿ ਪਿਛਲੇ ਲਗਪਗ ਢਾਈ ਮਹੀਨਿਆਂ ਤੋਂ ਭਾਰਤ ਭਰ ਵਿਚ ਜੋ ਟੀਕਾਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ਵਿਚ 7 ਕਰੋੜ ਤੋਂ ਵਧੇਰੇ ਲੋਕਾਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ। ਸਿਰਫ ਇਕ ਦਿਨ ਵਿਚ ਹੀ 44 ਲੱਖ ਦੇ ਟੀਚੇ ਨੂੰ ਪਾਰ ਕਰਨਾ ਵੀ ਸਰਕਾਰਾਂ ਦੀ ਚੰਗੀ ਯੋਜਨਾਬੰਦੀ ਕਹੀ ਜਾ ਸਕਦੀ ਹੈ। ਅੱਜ ਜੇਕਰ ਲੱਖਾਂ ਲੋਕ ਇਸ ਬਿਮਾਰੀ ਨਾਲ ਪ੍ਰਭਾਵਿਤ ਹਨ ਤਾਂ ਕਰੋੜਾਂ ਹੀ ਠੀਕ ਵੀ ਹੋ ਚੁੱਕੇ ਹਨ। ਪੰਜਾਬ ਵਿਚ ਵੀ ਹੁਣ ਤੱਕ ਇਸ ਨਾਲ ਮੌਤਾਂ ਦੀ ਗਿਣਤੀ 7000 ਤੋਂ ਵਧੇਰੇ ਟੱਪ ਚੁੱਕੀ ਹੈ। ਪਰ ਇਸ ਦੇ ਨਾਲ ਹੀ ਠੀਕ ਹੋਣ ਵਾਲਿਆਂ ਦੀ ਫ਼ੀਸਦੀ ਵਿਚ ਵੀ ਵਾਧਾ ਹੋ ਰਿਹਾ ਹੈ।
ਚਾਹੇ ਸੂਬਾ ਸਰਕਾਰ ਨੇ ਇਸ ਦੇ ਮੱਦੇਨਜ਼ਰ ਨਵੀਆਂ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ ਪਰ ਅਸੀਂ ਸਮਝਦੇ ਹਾਂ ਕਿ ਪਾਬੰਦੀਆਂ ਦੀ ਬਜਾਏ ਲੋਕਾਂ ਨੂੰ ਇਸ ਪ੍ਰਤੀ ਸੁਚੇਤ ਕਰਨਾ ਅਤੇ ਜਾਂਚ ਦੇ ਕੰਮ ਨੂੰ ਵਧੇਰੇ ਵਿਸ਼ਾਲ ਕਰਕੇ ਤੇਜ਼ੀ ਨਾਲ ਟੀਕਾਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਇਹ ਗੱਲ ਸਿੱਧ ਹੋ ਚੁੱਕੀ ਹੈ ਕਿ ਲੋਕਾਂ ਨੂੰ ਵੱਡੀ ਹੱਦ ਤੱਕ ਅਤੇ ਦੇਰ ਤੱਕ ਪਾਬੰਦੀਆਂ ਹੇਠ ਨਹੀਂ ਰੱਖਿਆ ਜਾ ਸਕਦਾ, ਖ਼ਾਸ ਤੌਰ ‘ਤੇ ਅਜਿਹੀਆਂ ਪਾਬੰਦੀਆਂ ਜੋ ਉਨ੍ਹਾਂ ਦੀ ਆਰਥਿਕਤਾ ਨੂੰ ਸੱਟ ਮਾਰਨ ਵਾਲੀਆਂ ਹੋਣ, ਜਿਸ ਦੀ ਜ਼ੱਦ ਵਿਚ ਅੱਜ ਆਮ ਵਿਅਕਤੀ ਆਇਆ ਹੋਇਆ ਲਗਦਾ ਹੈ। ਸੂਬੇ ਵਿਚ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ, ਉਸ ਵਿਚ ਸਿਆਸੀ ਸਰਗਰਮੀਆਂ ਨੂੰ ਵੀ ਬੰਦ ਕੀਤਾ ਜਾਣਾ ਸੰਭਵ ਨਹੀਂ ਹੋਵੇਗਾ। ਚਾਹੇ ਹਰ ਪੱਧਰ ‘ਤੇ ਇਸ ਬਿਮਾਰੀ ਪ੍ਰਤੀ ਨਿਯਮਾਂ ਦੀ ਪਾਲਣਾ ਦਾ ਜ਼ਾਬਤਾ ਬਣਾਇਆ ਜਾਣਾ ਜ਼ਰੂਰੀ ਹੈ। ਪੰਜਾਬ ਵਿਚ ਸਾਰੀਆਂ ਕਮੀਆਂ ਪੇਸ਼ੀਆਂ ਅਤੇ ਸੀਮਤ ਸਾਧਨਾਂ ਦੇ ਬਾਵਜੂਦ ਜਿਸ ਹੌਸਲੇ ਅਤੇ ਦ੍ਰਿੜ੍ਹਤਾ ਨਾਲ ਲੋਕਾਂ ਨੇ ਇਸ ਬਿਮਾਰੀ ਦਾ ਮੁਕਾਬਲਾ ਕੀਤਾ ਹੈ, ਅਜਿਹੀ ਭਾਵਨਾ ਬਰਕਰਾਰ ਰਹਿਣੀ ਚਾਹੀਦੀ ਹੈ। ਪਰ ਇਸ ਦੇ ਨਾਲ ਹੀ ਸੁਚੇਤ ਰੂਪ ਵਿਚ ਵੱਖ-ਵੱਖ ਖੇਤਰਾਂ ਦੀਆਂ ਸਰਗਰਮੀਆਂ ਨੂੰ ਵੀ ਜਾਰੀ ਰੱਖਿਆ ਜਾਣਾ ਜ਼ਰੂਰੀ ਬਣਿਆ ਨਜ਼ਰ ਆਉਂਦਾ ਹੈ।

Check Also

ਅਮਰੀਕਾ ਦੀਆਂ ਆਮ ਚੋਣਾਂ ਦੇ ਨਤੀਜੇ

ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਦੀ ਦੁਨੀਆ ਭਰ ਵਿਚ ਚਰਚਾ …