Breaking News
Home / ਸੰਪਾਦਕੀ / ਸਿਆਸਤ ਦੇ ਬਦਲਦੇ ਰੰਗ

ਸਿਆਸਤ ਦੇ ਬਦਲਦੇ ਰੰਗ

ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਮਹਾਂਗੱਠਜੋੜ ਤੋਂ ਅਸਤੀਫ਼ਾ ਦੇ ਕੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐਨ.ਡੀ.ਏ.) ਨਾਲ ਸਮਝੌਤਾ ਕਰਨ ਉਪਰੰਤ, ਇਕ ਦਿਨ ‘ਚ ਹੀ ਮੁੜ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਵਲੋਂ ਵਾਰ-ਵਾਰ ਪਾਲਾ ਬਦਲ ਕੇ ਮੁੱਖ ਮੰਤਰੀ ਬਣੇ ਰਹਿਣ, ਨੇ ਭਾਰਤੀ ਸਿਆਸਤ ਨੂੰ ਬੇਹੱਦ ਨੀਵੇਂ ਪੱਧਰ ‘ਤੇ ਲਿਆ ਖੜ੍ਹਾ ਕੀਤਾ ਹੈ। ਨਿਤਿਸ਼ ਕੁਮਾਰ ਨੇ ਇਕ ਨੌਜੁਆਨ ਵਜੋਂ ਸੋਸ਼ਲਿਸਟ ਵਿਚਾਰਧਾਰਾ ਅਪਣਾ ਕੇ ਸਿਆਸਤ ਵਿਚ ਪੈਰ ਧਰਿਆ ਸੀ। ਉਹ ਜੈ ਪ੍ਰਕਾਸ਼ ਨਾਰਾਇਣ ਨੂੰ ਆਪਣਾ ਮਾਰਗ ਦਰਸ਼ਕ ਮੰਨਦੇ ਰਹੇ ਹਨ। ਉਨ੍ਹਾਂ ਦਾ ਅਕਸ ਇਮਾਨਦਾਰ ਸਿਆਸਤਦਾਨ ਵਾਲਾ ਬਣਿਆ ਰਿਹਾ ਸੀ। ਉਨ੍ਹਾਂ ਤੋਂ ਬਿਹਾਰ ਅਤੇ ਦੇਸ਼ ਨੂੰ ਵੱਡੀਆਂ ਆਸਾਂ ਸਨ। ਲੋਕਾਂ ਨੇ ਵੀ ਲਾਲੂ ਪ੍ਰਸਾਦ ਯਾਦਵ ਦੀ ਅਗਵਾਈ ਵਾਲੇ ਰਾਸ਼ਟਰੀ ਜਨਤਾ ਦਲ ਦੇ ਭ੍ਰਿਸ਼ਟਾਚਾਰ ਅਤੇ ਬੇਚੈਨੀ ਵਾਲੇ ਰਾਜ ਤੋਂ ਉਕਤਾ ਕੇ ਨਿਤਿਸ਼ ਲਈ ਹੁੰਗਾਰਾ ਭਰਿਆ ਸੀ।
ਬਹੁਤ ਹੇਠਲੇ ਪੱਧਰ ‘ਤੇ ਖੜ੍ਹੇ ਬਿਹਾਰ ਨੂੰ ਇਕ ਅਜਿਹੇ ਕ੍ਰਿਸ਼ਮਈ ਆਗੂ ਦੀ ਲੋੜ ਸੀ, ਜੋ ਉਸ ਨੂੰ ਖ਼ੁਸ਼ਹਾਲ ਬਣਾਉਣ ਵਿਚ ਆਪਣਾ ਵੱਡਾ ਯੋਗਦਾਨ ਪਾ ਸਕਦਾ ਹੋਵੇ, ਪਰ ਮੁੱਖ ਮੰਤਰੀ ਵਜੋਂ ਆਪਣੇ ਲੰਮੇ ਕਾਰਜਕਾਲ ਵਿਚ ਕੁਝ ਅਰਸਾ ਚੰਗਾ ਪ੍ਰਸ਼ਾਸਨ ਦੇਣ ਤੋਂ ਬਾਅਦ ਅਖ਼ੀਰ ਉਨ੍ਹਾਂ ਤੋਂ ਲੋਕਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ ਹੈ। 90ਵਿਆਂ ਦੇ ਸਮੇਂ ਹੀ ਦਲਬਦਲੀ ਤੇ ਸਿਆਸੀ ਮੌਕਾਪ੍ਰਸਤੀ ਨੂੰ ਵੇਖਦਿਆਂ ‘ਆਇਆ ਰਾਮ ਗਿਆ ਰਾਮ’ ਦਾ ਵਾਕ ਬੇਹੱਦ ਚਰਚਿਤ ਹੋਇਆ ਸੀ, ਉਸ ਸਮੇਂ ਇਸ ਦਾ ਸੰਬੰਧ ਹਰਿਆਣਾ ਦੀ ਸਿਆਸਤ ਨਾਲ ਸੀ, ਪਰ ਮੌਕਾਪ੍ਰਸਤੀ ਦੀ ਇਸ ਸਿਆਸਤ ਵਿਚ ਨਿਤਿਸ਼ ਕੁਮਾਰ ਕਿਤੇ ਅੱਗੇ ਵਧ ਗਏ ਜਾਪਦੇ ਹਨ। ਲਗਾਤਾਰ ਅਤੇ ਵਾਰ-ਵਾਰ ਆਪਣੀਆਂ ਵਫ਼ਾਦਾਰੀਆਂ ਬਦਲਣ ਕਰਕੇ ਅੱਜ ਉਨ੍ਹਾਂ ਦਾ ਕੱਦ ਬੇਹੱਦ ਬੌਣਾ ਦਿਖਾਈ ਦੇਣ ਲੱਗਾ ਹੈ। ਸਮਾਂ ਅਤੇ ਹਾਲਾਤ ਦੇਖ ਕੇ ਉਨ੍ਹਾਂ ਵਲੋਂ ਵਾਰ-ਵਾਰ ਵਫ਼ਾਦਾਰੀਆਂ ਬਦਲਣ ਕਰਕੇ ਹੀ ਅੱਜ ਉਨ੍ਹਾਂ ਦੇ ਵਿਰੋਧੀ ਲਗਾਤਾਰ ਉਨ੍ਹਾਂ ਨੂੰ ਗਿਰਗਿਟ ਜੋ ਲਗਾਤਾਰ ਰੰਗ ਬਦਲਦਾ ਹੈ, ਦਾ ਨਾਂਅ ਦੇਣ ਲੱਗੇ ਹਨ। ਬਿਹਾਰ ਦੇ ਮਹਾਂਗੱਠਜੋੜ ਵਿਚ ਉਹ ਰਾਸ਼ਟਰੀ ਜਨਤਾ ਦਲ, ਕਾਂਗਰਸ ਤੇ ਖੱਬੀਆਂ ਪਾਰਟੀਆਂ ਨਾਲ ਖੜ੍ਹੇ ਸਨ। ਆਪ ਉਹ ਜਨਤਾ ਦਲ (ਯੂ) ਦੇ ਆਗੂ ਹਨ। ਨਿਤਿਸ਼ ਵਲੋਂ ਹੀ ਭਾਜਪਾ ਦੇ ਖਿਲਾਫ਼ 28 ਪਾਰਟੀਆਂ ਦਾ ‘ਇੰਡੀਆ’ ਗੱਠਜੋੜ ਬਣਾ ਕੇ ਲੋਕ ਸਭਾ ਚੋਣਾਂ ਮਿਲ ਕੇ ਲੜਨ ਲਈ ਪਹਿਲ ਕੀਤੀ ਗਈ ਸੀ। ਉਹ ਨਵੇਂ ਬਣੇ ‘ਇੰਡੀਆ’ ਗੱਠਜੋੜ ਦੀਆਂ ਪਹਿਲੀਆਂ ਤਿੰਨ ਮੀਟਿੰਗਾਂ ਵਿਚ ਸ਼ਾਮਿਲ ਵੀ ਹੋਏ ਸਨ, ਪਰ ਜਦੋਂ ‘ਇੰਡੀਆ’ ਗੱਠਜੋੜ ਲਈ ਚੇਅਰਮੈਨ ਦੇ ਤੌਰ ‘ਤੇ ਕਾਂਗਰਸ ਦੇ ਪ੍ਰਧਾਨ ਮਲਿਕਅਰਜੁਨ ਖੜਗੇ ਨੂੰ ਚੁਣਿਆ ਗਿਆ ਤਾਂ ਨਿਤਿਸ਼ ਇਸ ਗੱਲ ‘ਤੇ ਨਾਰਾਜ਼ ਹੋ ਗਏ।
ਡੇਢ ਕੁ ਸਾਲ ਪਹਿਲਾਂ ਉਨ੍ਹਾਂ ਨੇ ਬਿਹਾਰ ਦੀ ਸਿਆਸਤ ਵਿਚ ਪਹਿਲਾਂ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕੀਤਾ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਰਾਸ਼ਟਰੀ ਜਨਤਾ ਦਲ ਨਾਲ ਮਿਲ ਕੇ ਬਣਾਏ ਮਹਾਂਗਠਬੰਧਨ ਵਿਚ ਸ਼ਾਮਿਲ ਹੋ ਕੇ ਭਾਜਪਾ ਦੀ ਸਖ਼ਤ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਇਹ ਵੀ ਕਿਹਾ ਸੀ ਕਿ ਉਹ ਹੁਣ ਕਿਸੇ ਵੀ ਸੂਰਤ ਵਿਚ ਭਾਜਪਾ ਲਈ ਹੁੰਗਾਰਾ ਨਹੀਂ ਭਰਨਗੇ। ਪਰ ਉਨ੍ਹਾਂ ਦੀ ਸਿਆਸਤ ਹਮੇਸ਼ਾ ਹੀ ਰੰਗ ਬਦਲਦੀ ਰਹੀ ਹੈ। ਸਾਲ 1994 ਵਿਚ ਉਹ ਲਾਲੂ ਪ੍ਰਸਾਦ ਯਾਦਵ ਤੋਂ ਅਲੱਗ ਹੋ ਗਏ ਅਤੇ ਉਨ੍ਹਾਂ ਨੇ ਆਪਣੀ ਸਮਤਾ ਪਾਰਟੀ ਬਣਾਈ। ਦੋ ਸਾਲ ਬਾਅਦ ਉਨ੍ਹਾਂ ਨੇ ਭਾਜਪਾ ਨਾਲ ਗੱਠਜੋੜ ਕਰ ਲਿਆ ਅਤੇ ਸਾਲ 2000 ਵਿਚ 7 ਦਿਨ ਲਈ ਮੁੱਖ ਮੰਤਰੀ ਬਣੇ। 2005-13 ਤਕ ਉਹ ਭਾਜਪਾ ਨਾਲ ਰਲ ਕੇ ਬਿਹਾਰ ਦੇ ਮੁੱਖ ਮੰਤਰੀ ਬਣੇ ਰਹੇ। ਉਸ ਤੋਂ ਬਾਅਦ ਉਹ ਲਗਾਤਾਰ ਮੁੱਖ ਮੰਤਰੀ ਦੀ ਕੁਰਸੀ ਲਈ ਪਾਲੇ ਬਦਲਦੇ ਰਹੇ। ਸਾਲ 2017 ਵਿਚ ਰਾਸ਼ਟਰੀ ਜਨਤਾ ਦਲ ਨਾਲੋਂ ਨਾਤਾ ਤੋੜ ਲਿਆ ਅਤੇ ਕੌਮੀ ਜਮਹੂਰੀ ਗੱਠਜੋੜ (ਐਨ.ਡੀ.ਏ.) ਵੱਲ ਵਾਪਸ ਮੁੜ ਗਏ ਅਤੇ ਸਰਕਾਰ ਬਣਾਈ। ਸਾਲ 2022 ਵਿਚ ਫਿਰ ਐਨ.ਡੀ.ਏ. ਨਾਲੋਂ ਨਾਤਾ ਤੋੜ ਕੇ ਮਹਾਗੱਠਜੋੜ ਨਾਲ ਜੁੜੇ ਅਤੇ ਮੁੱਖ ਮੰਤਰੀ ਬਣੇ। ਹੁਣ ਸਾਲ 2024 ਵਿਚ ਫਿਰ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਨਾਲ ਜੁੜ ਕੇ 9ਵੀਂ ਵਾਰ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕ ਲਈ ਹੈ।
ਵਿਧਾਨ ਸਭਾ ਵਿਚ ਭਾਰਤੀ ਜਨਤਾ ਪਾਰਟੀ ਦੀਆਂ 78 ਸੀਟਾਂ ਹਨ ਅਤੇ ਜਨਤਾ ਦਲ (ਯੂ) ਦੀਆਂ 45 । ਇਹ ਦੋਵੇਂ ਮਿਲਾ ਕੇ ਅੱਧ ਦਾ ਅੰਕੜਾ ਪਾਰ ਕਰ ਜਾਂਦੇ ਹਨ, ਕਿਉਂਕਿ ਬਿਹਾਰ ਵਿਧਾਨ ਸਭਾ ਦੀਆਂ 243 ਸੀਟਾਂ ਹਨ। ਆਉਂਦੇ ਮਹੀਨਿਆਂ ਵਿਚ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਭਾਜਪਾ, ਜੋ ਕਦੇ ਆਪਣੇ ਆਪ ਨੂੰ ਵੱਡੀ ਸਿਧਾਂਤਕ ਪਾਰਟੀ ਅਖਵਾਉਂਦੀ ਸੀ, ਵੀ ਅੱਜ ਜੋੜ-ਤੋੜ ਦੀ ਸਿਆਸਤ ਵਿਚ ਪੂਰੀ ਤਰ੍ਹਾਂ ਸ਼ਾਮਿਲ ਹੋ ਚੁੱਕੀ ਹੈ। ਇਸ ਸਮੇਂ ਉਸ ਦਾ ਨਿਸ਼ਾਨਾ ਹਰ ਹੀਲੇ-ਵਸੀਲੇ ਲੋਕ ਸਭਾ ਦੀਆਂ ਚੋਣਾਂ ਜਿੱਤਣਾ ਹੈ। ਅਜਿਹੇ ਮਾਹੌਲ ਵਿਚ ਸਿਆਸੀ ਸਦਾਚਾਰ ਤਾਂ ਉੱਡ-ਪੁੱਡ ਹੀ ਗਿਆ ਹੈ, ਜਿਸ ਨੇ ਅੱਜ ਦੇਸ਼ ਦੀ ਸਿਆਸਤ ਨੂੰ ਬੇਹੱਦ ਹਲਕਾ ਕਰ ਦਿੱਤਾ ਹੈ ਅਤੇ ਪਾਰਟੀਆਂ ਨੂੰ ਸਿਧਾਂਤਹੀਣਤਾ ਦੇ ਰਾਹ ‘ਤੇ ਤੋਰ ਦਿੱਤਾ ਹੈ। ਸਿਆਸਤ ਵਿਚ ਵਿਚਰਦੇ ਵੱਡੇ ਆਗੂਆਂ ਅਤੇ ਸਿਆਸੀ ਪਾਰਟੀਆਂ ਦੀ ਅਜਿਹੀ ਮੌਕਾਪ੍ਰਸਤੀ ਕਾਰਨ ਜੇ ਲੋਕਾਂ ਵਿਚੋਂ ਜਮਹੂਰੀ ਵਿਵਸਥਾ ਪ੍ਰਤੀ ਵਿਸ਼ਵਾਸਯੋਗਤਾ ਖ਼ਤਮ ਹੋ ਜਾਂਦੀ ਹੈ ਤਾਂ ਇਹ ਦੇਸ਼ ਲਈ ਖ਼ਤਰੇ ਦੀ ਘੰਟੀ ਹੋਵੇਗੀ।

Check Also

ਭਾਰਤ ਵਿਚ ਵਧਦੀ ਫਿਰਕੂ ਹਿੰਸਾ

ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …