ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਅਤੇ ਚਰਨਜੀਤ ਸਿੰਘ ਚੰਨੀ ਨੂੰ ਨਵਾਂ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ. ਸੋਨੀ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਕੁਝ ਦਿਨ ਨਵੀਂ ਵਜ਼ਾਰਤ ਦੇ ਗਠਨ ਬਾਰੇ ਵੱਡੀ ਚਰਚਾ ਚਲਦੀ ਰਹੀ ਹੈ। ਕੁਝ ਮੰਤਰੀਆਂ ਨੂੰ ਹਟਾਉਣ ਅਤੇ ਕੁਝ ਹੋਰ ਨਵੇਂ ਚਿਹਰੇ ਸ਼ਾਮਿਲ ਕੀਤੇ ਜਾਣ ਦੇ ਚਰਚਿਆਂ ਕਾਰਨ ਸੂਬਾ ਪਾਰਟੀ ਅੰਦਰ ਵੀ ਹਲਚਲ ਮਚੀ ਰਹੀ। ਹੁਣ ਕੁਝ ਪੁਰਾਣੇ ਮੰਤਰੀਆਂ ਨੂੰ ਹਟਾਉਣ ਅਤੇ ਕੁਝ ਨਵੇਂ ਚਿਹਰੇ ਲਿਆਉਣ ਤੋਂ ਬਾਅਦ ਅਜਿਹੇ ਚਰਚੇ ਹੋਰ ਵੀ ਤੇਜ਼ ਹੋਏ ਹਨ। ਨਵੀਂ ਸਰਕਾਰ ਦਾ ਕਾਰਜਕਾਲ ਆਉਂਦੀ ਫਰਵਰੀ ਤੱਕ ਹੀ ਸੀਮਤ ਹੈ। ਭਾਵ ਕੁਝ ਮਹੀਨਿਆਂ ਬਾਅਦ ਸੂਬੇ ਵਿਚ ਨਵੀਆਂ ਚੋਣਾਂ ਕਰਵਾਉਣ ਦੀ ਕਵਾਇਦ ਚੱਲ ਪਵੇਗੀ ਪਰ ਇਸ ਸੀਮਤ ਅਰਸੇ ਲਈ ਪਦਵੀਆਂ ਪ੍ਰਾਪਤ ਕਰਨ ਲਈ ਏਨੀ ਹੋੜ ਕਿਉਂ ਮਚੀ ਰਹੀ, ਇਸ ਦੀ ਸਮਝ ਆਉਣੀ ਮੁਸ਼ਕਿਲ ਹੈ ਕਿਉਂਕਿ ਏਨੇ ਥੋੜ੍ਹੇ ਸਮੇਂ ਵਿਚ ਪੰਜਾਬ ਦੇ ਗੁੰਝਲਦਾਰ ਹੋਏ ਵੱਡੇ ਮਸਲੇ ਹੱਲ ਨਹੀਂ ਕੀਤੇ ਜਾ ਸਕਦੇ।
ਬੇਅਦਬੀਆਂ ਸੰਬੰਧੀ ਕੇਸ ਅਦਾਲਤਾਂ ਵਿਚ ਚੱਲ ਰਹੇ ਹਨ। ਉਨ੍ਹਾਂ ਬਾਰੇ ਫੌਰੀ ਕੋਈ ਵੱਡੀਆਂ ਕਾਰਵਾਈਆਂ ਕੀਤੀਆਂ ਜਾਣੀਆਂ ਮੁਸ਼ਕਿਲ ਹਨ। ਸੂਬੇ ਸਾਹਮਣੇ ਬੇਰੁਜ਼ਗਾਰੀ ਦੀ ਸਮੱਸਿਆ ਮੂੰਹ ਅੱਡੀ ਖੜ੍ਹੀ ਹੈ। ਇਸ ‘ਤੇ ਕਰਜ਼ੇ ਦੀ ਪੰਡ ਬੇਹੱਦ ਭਾਰੀ ਹੋ ਗਈ ਹੈ। ਕਾਂਗਰਸ ਵਲੋਂ ਚੋਣਾਂ ਸਮੇਂ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਦੀ ਟੋਕਰੀ ‘ਚੋਂ ਸਿਰਫ ਕੁਝ ਪੂਣੀਆਂ ਹੀ ਕੱਤੀਆਂ ਗਈਆਂ ਨਜ਼ਰ ਆਉਂਦੀਆਂ ਹਨ। ਸਰਕਾਰ ਦੀ ਪਿਛਲੇ ਸਾਢੇ ਚਾਰ ਸਾਲ ਦੀ ਕਾਰਗੁਜ਼ਾਰੀ ਸੰਤੁਸ਼ਟੀਜਨਕ ਨਹੀਂ ਰਹੀ। ਜੇ ਇਹ ਸੰਤੁਸ਼ਟੀ ਭਰੀ ਹੁੰਦੀ ਤਾਂ ਸ਼ਾਇਦ ਪਾਰਟੀ ਅੰਦਰੋਂ ਵੀ ਏਨਾ ਵਾਵੇਲਾ ਖੜ੍ਹਾ ਨਾ ਹੁੰਦਾ। ਸਰਕਾਰ ਦੇ ਕਾਰਜਕਾਲ ਦੀ ਸ਼ੁਰੂਆਤ ਵਿਚ ਕੈਪਟਨ ਅਮਰਿੰਦਰ ਸਿੰਘ ਨਾਇਕ ਦੇ ਰੂਪ ਵਿਚ ਉੱਭਰੇ ਸਨ ਪਰ ਸਮਾਂ ਪਾ ਕੇ ਉਨ੍ਹਾਂ ‘ਤੇ ਆਪਣਿਆਂ ਵਲੋਂ ਹੀ ਲਗਾਤਾਰ ਉਂਗਲੀਆਂ ਚੁੱਕੀਆਂ ਜਾਣ ਲੱਗੀਆਂ। ਅਜਿਹਾ ਪ੍ਰਭਾਵ ਵੀ ਬਣਦਾ ਨਜ਼ਰ ਆਇਆ ਕਿ ਆਉਂਦੀਆਂ ਚੋਣਾਂ ਵਿਚ ਕਾਂਗਰਸ ਸਰਕਾਰ ਦੀ ਲੜਖੜਾਉਂਦੀ ਬੇੜੀ ਪਾਰ ਨਹੀਂ ਹੋ ਸਕੇਗੀ।
ਦਿੱਲੀ ਦਰਬਾਰ ਵਿਚ ਵੀ ਕੈਪਟਨ ਸਾਹਿਬ ਦੇ ਬਹੁਤੇ ਸਾਥੀਆਂ ਨੇ ਸ਼ਿਕਾਇਤਾਂ ਦੀ ਭਰਮਾਰ ਲਗਾ ਦਿੱਤੀ ਜਿਸ ਕਰਕੇ ਹਾਈਕਮਾਨ ਨੂੰ ਮੁੱਖ ਮੰਤਰੀ ਨੂੰ ਅਸਤੀਫ਼ਾ ਦੇਣ ਲਈ ਕਹਿਣ ਦਾ ਮੌਕਾ ਮਿਲ ਗਿਆ। ਚਾਹੇ ਆਪਣੇ ਪਿਛਲੇ ਬਿਆਨਾਂ ਵਿਚ ਉਨ੍ਹਾਂ ਨੇ ਹਾਈਕਮਾਨ ਦੇ ਇਸ ਫ਼ੈਸਲੇ ਸੰਬੰਧੀ ਬੁਰਾ ਮਨਾਇਆ ਹੈ ਅਤੇ ਇਸ ਦੀ ਆਲੋਚਨਾ ਵੀ ਕੀਤੀ ਹੈ ਪਰ ਪਿਛਲੇ ਕੁਝ ਮਹੀਨਿਆਂ ਤੋਂ ਜੋ ਦੀਵਾਰ ‘ਤੇ ਲਿਖਿਆ ਜਾ ਰਿਹਾ ਸੀ ਕੈਪਟਨ ਸਾਹਿਬ ਉਸ ਨੂੰ ਪੜ੍ਹ ਸਕਣ ਤੋਂ ਅਸਮਰੱਥ ਰਹੇ। ਚਾਹੇ ਨਵੀਂ ਟੀਮ ਦਾ ਫ਼ੈਸਲਾ ਲੰਮੀ ਸੋਚ-ਵਿਚਾਰ ਤੋਂ ਬਾਅਦ ਕੀਤਾ ਗਿਆ ਹੈ ਪਰ ਇਸ ਸੰਬੰਧੀ ਹਰ ਤਰ੍ਹਾਂ ਦੇ ਪ੍ਰਤੀਕਰਮ ਆਉਣੇ ਸੁਭਾਵਿਕ ਹਨ। ਚਾਹੇ ਨਵੀਂ ਟੀਮ ਦੇ ਐਲਾਨ ਨਾਲ ਕਾਂਗਰਸ ਇਹ ਸੋਚ ਰਹੀ ਹੋਵੇਗੀ ਕਿ ਇਸ ਤਰ੍ਹਾਂ ਕਰਨ ਨਾਲ ਸੂਬੇ ਦੀ ਜਨਤਾ ਸਰਕਾਰ ਦੀ ਪਿਛਲੀ ਕਾਰਗੁਜ਼ਾਰੀ ਭੁੱਲ ਜਾਵੇਗੀ ਪਰ ਥੋੜ੍ਹੇ ਸਮੇਂ ਵਿਚ ਅਜਿਹਾ ਹੋਣਾ ਮੁਸ਼ਕਿਲ ਹੈ। ਇਸ ਦੇ ਨਾਲ ਹੀ ਨਵੀਂ ਸਰਕਾਰ ਸਾਹਮਣੇ ਹੋਰ ਵੀ ਨਵੀਆਂ ਚੁਣੌਤੀਆਂ ਆ ਖੜ੍ਹੀਆਂ ਹੋਈਆਂ ਹਨ।
ਪਾਰਟੀ ਨੇ ਆਪਣੇ ਵੱਕਾਰ ਨੂੰ ਫਿਰ ਕਿਵੇਂ ਕਾਇਮ ਕਰਨਾ ਹੈ, ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਕੈਪਟਨ ਤੋਂ ਬਾਗ਼ੀ ਹੋਏ ਆਗੂਆਂ ਨੇ ਪਿਛਲੇ ਸਮੇਂ ਵਿਚ ਵੱਖ-ਵੱਖ ਮੁੱਦਿਆਂ ‘ਤੇ ਆਪਣੇ ਵਲੋਂ ਦਿੱਤੇ ਗਏ ਬਿਆਨਾਂ ‘ਤੇ ਕਿਵੇਂ ਪਹਿਰਾ ਦੇਣਾ ਹੈ, ਹੁਣ ਹਰੇਕ ਦੀਆਂ ਨਜ਼ਰਾਂ ਇਨ੍ਹਾਂ ਗੱਲਾਂ ‘ਤੇ ਲੱਗੀਆਂ ਹੋਣਗੀਆਂ।
ਪਿਛਲੇ ਕਈ ਮਹੀਨਿਆਂ ਤੋਂ ਪਾਰਟੀ ਅੰਦਰੋਂ ਉੱਠਦੀਆਂ ਬਾਗ਼ੀ ਸੁਰਾਂ ਅਤੇ ਆਪਸੀ ਫੁੱਟ ਨੇ ਹੁਣ ਤੱਕ ਇਸ ਦਾ ਹੋਰ ਵੀ ਵੱਡਾ ਨੁਕਸਾਨ ਕਰ ਦਿੱਤਾ ਹੈ। ਇਸ ਸਮੇਂ ਵਿਚ ਹੀ ਸੂਬੇ ਦੀਆਂ ਦੂਸਰੀਆਂ ਵਿਰੋਧੀ ਪਾਰਟੀਆਂ ਨੇ ਅਗਲੀ ਉਡਾਣ ਲਈ ਆਪਣੇ ਪਰ ਹੋਰ ਮਜ਼ਬੂਤ ਕਰ ਲਏ ਜਾਪਦੇ ਹਨ।
ਕਿਸਾਨ ਅੰਦੋਲਨ ਦਾ ਮਸਲਾ ਵੀ ਪਹਿਲਾਂ ਦੀ ਤਰ੍ਹਾਂ ਉਲਝਿਆ ਖੜ੍ਹਾ ਦਿਖਾਈ ਦੇ ਰਿਹਾ ਹੈ ਪਰ ਇਸ ਸਭ ਦੇ ਬਾਵਜੂਦ ਅਸੀਂ ਨਵੀਂ ਵਜ਼ਾਰਤ ਨੂੰ ਸ਼ੁੱਭ ਇੱਛਾਵਾਂ ਦਿੰਦੇ ਹਾਂ ਅਤੇ ਇਹ ਉਮੀਦ ਕਰਦੇ ਹਾਂ ਕਿ ਆਉਂਦੇ ਸੀਮਤ ਸਮੇਂ ਵਿਚ ਵੀ ਉਹ ਸੂਬੇ ਦੀ ਬਿਹਤਰੀ ਲਈ ਆਪਣੇ ਯਤਨਾਂ ਵਿਚ ਕਾਮਯਾਬ ਹੋਣ ਲਈ ਪੂਰੇ ਯਤਨ ਕਰੇਗੀ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …