ਪਿਛਲੇ ਦਿਨੀਂ ਪੰਜਾਬ ਤੋਂ ਜਿਹੜੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ, ਉਹ ਬੇਹੱਦ ਦੁਖਦਾਈ ਅਤੇ ਪੰਜਾਬ ਦੇ ਅੰਦਰ ਵਰਤ ਰਹੀ ਭਿਆਨਕਤਾ ਨਾਲ ਜੁੜੀਆਂ ਹੋਈਆਂ ਹਨ। ਕੋਈ ਦਿਨ ਅਜਿਹਾ ਨਹੀਂ ਜਾਂਦਾ ਜਦੋਂ ਅਖ਼ਬਾਰਾਂ ਦੇ ਮੁੱਖ ਪੰਨੇ ‘ਤੇ ਪਰਿਵਾਰਾਂ ਦੇ ਪਰਿਵਾਰਾਂ ਵਲੋਂ ਸਮੂਹਿਕ ਖ਼ੁਦਕੁਸ਼ੀਆਂ ਜਾਂ ਪਰਿਵਾਰ ਦੇ ਕਤਲ ਤੋਂ ਬਾਅਦ ਖ਼ੁਦਕੁਸ਼ੀ ਦੀ ਕੋਈ ਖ਼ਬਰ ਨਾ ਛਪੀ ਹੋਵੇ। ਲੰਘੀ 3 ਅਗਸਤ ਨੂੰ ਮੋਗਾ ਨੇੜੇ ਇਕ ਪਿੰਡ ਵਿਚ 25 ਸਾਲਾ ਇਕ ਨੌਜਵਾਨ ਵਲੋਂ ਆਪਣੇ ਮਾਤਾ-ਪਿਤਾ, ਦਾਦੀ, ਭੈਣ ਅਤੇ ਮਾਸੂਮ ਭਾਣਜੀ ਸਣੇ ਪਰਿਵਾਰ ਦੇ 5 ਜੀਆਂ ਦੀ ਹੱਤਿਆ ਕਰਨ ਤੋਂ ਬਾਅਦ ਖ਼ੁਦਕੁਸ਼ੀ ਨੇ ਮਨੁੱਖੀ ਹਿਰਦਿਆਂ ਦਾ ਕਾਲਜਾ ਮੂੰਹ ਨੂੰ ਆਉਣਾ ਕਰ ਦਿੱਤਾ ਹੈ। ਨਿਰਸੰਦੇਹ ਇਹ ਦੁਖਦ ਘਟਨਾ ਸਾਡੇ ਸਮਿਆਂ ਦੇ ਆਰਥਿਕ, ਰਾਜਨੀਤਕ ਤੇ ਸਮਾਜਿਕ ਸੰਕਟ ਦੀ ਸਭ ਤੋਂ ਸਿਖਰਲੀ ਦੁਖਦਾਇਕ ਸਥਿਤੀ ਦੀ ਨਿਸ਼ਾਨੀ ਹੈ। ਉਂਝ ਕੋਈ ਦਿਨ ਅਜਿਹਾ ਨਹੀਂ ਜਾਂਦਾ ਜਦੋਂ ਪੰਜਾਬ ਵਿਚ ਦੋ-ਚਾਰ ਕਿਸਾਨਾਂ ਵਲੋਂ ਕਰਜ਼ੇ ਤੋਂ ਤੰਗ ਆ ਕੇ ਆਤਮ-ਹੱਤਿਆ ਨਾ ਕੀਤੀ ਗਈ ਹੋਵੇ।
ਕਿਸੇ ਦਿਨ ਦੀ ਅਖ਼ਬਾਰ ਪੜ੍ਹ ਲਵੋ, ਕਿਤੇ ਕਰਜ਼ਾਈ ਕਿਸਾਨ ਵਲੋਂ ਆਤਮ-ਹੱਤਿਆ, ਕਿਤੇ ਇਸ਼ਕ ਮਿਜਾਜ਼ੀ ‘ਚ ਨਿਰਾਸ਼ਾ ਮਿਲਣ ਤੋਂ ਕਿਸੇ ਗੱਭਰੂ ਜਾਂ ਮੁਟਿਆਰ ਵਲੋਂ ਆਤਮ ਹੱਤਿਆ, ਕਿਤੇ ਕਿਸੇ ਲਾਚਾਰ ਵਿਅਕਤੀ ਵਲੋਂ ਵਿਤਕਰੇ-ਭਰਪੂਰ ਰਾਜ ਪ੍ਰਬੰਧ ਕੋਲੋਂ ਇਨਸਾਫ਼ ਨਾ ਮਿਲਣ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲੈਣ ਦੀ ਖ਼ਬਰ ਸੁਣਨ ਨੂੰ ਮਿਲਦੀ ਹੈ। ਬੇਸ਼ੱਕ ਇਹ ਸਾਰੀਆਂ ਘਟਨਾਵਾਂ ਅਤੇ ਇਨ੍ਹਾਂ ਨਾਲ ਜੁੜੇ ਵਰਤਾਰੇ ਸਾਡੇ ਪੰਜਾਬ ਦੇ ਰਾਜ ਪ੍ਰਬੰਧਾਂ ਅਤੇ ਨਿਆਂ-ਵਿਵਸਥਾ ਦੇ ਫ਼ਰਜ਼ਾਂ ਅਤੇ ਇਖਲਾਕ ‘ਤੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ, ਪਰ ਇਸ ਦੇ ਨਾਲ ਇਕ ਹੋਰ ਅਤਿ-ਸੰਵੇਦਨਸ਼ੀਲ ਪਹਿਲੂ ਸਾਹਮਣੇ ਆਉਂਦਾ ਹੈ, ਉਹ ਹੈ ਜੀਵਨ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਤੋਂ ਭੱਜ ਰਹੇ ਜਾਂ ਭੌਂਤਿਕ ਤੋਟਾਂ ਦੇ ਮਾਰੇ ਮਨੁੱਖ ਵਿਚ ਜ਼ਿੰਦਗੀ ਪ੍ਰਤੀ ਵੱਧ ਰਹੀ ਉਦਾਸੀਨਤਾ। ਧਾਰਮਿਕ ਫ਼ਲਸਫ਼ੇ ਮਨੁੱਖੀ ਜੀਵਨ ਨੂੰ ਕੁਦਰਤ ਵਲੋਂ ਸਾਜੀ ਇਸ ਸ੍ਰਿਸ਼ਟੀ ਦੀ ਸਭ ਤੋਂ ਉੱਤਮ ਕ੍ਰਿਤ ਮੰਨਦੇ ਹਨ। ਸਾਡੇ ਧਾਰਮਿਕ ਅਕੀਦਿਆਂ ਅਨੁਸਾਰ ਸ੍ਰਿਸ਼ਟੀ ‘ਤੇ 84 ਲੱਖ ਜੂਨਾਂ ਹਨ ਅਤੇ ਇਨ੍ਹਾਂ ਸਾਰੀਆਂ ਜੂਨਾਂ ਨੂੰ ਭੋਗਣ ਤੋਂ ਬਾਅਦ ਮਨੁੱਖਾ ਦੇਹੀ ਮਿਲਦੀ ਹੈ। ਬਾਬਾ ਨਾਨਕ ਦੀ ਫ਼ਿਲਾਸਫ਼ੀ ਵਾਰ-ਵਾਰ ਮਨੁੱਖਾ ਜੀਵਨ ਨੂੰ ਹੀਰੇ-ਮੋਤੀਆਂ ਤੋਂ ਵੀ ਅਨਮੋਲ ਦੱਸਦਿਆਂ ਮਨੁੱਖ ਨੂੰ ਇਸ ਦੇਹੀ ਦੀ ਕਦਰ ਕਰਨ ਦੀ ਨਸੀਹਤ ਦਿੰਦੀ ਹੈ। ਦੁਨੀਆ ਦੇ ਅਮੀਰ ਤੇ ਮੌਲਿਕ ਫ਼ਲਸਫ਼ੇ ਮਨੁੱਖ ਨੂੰ ਜ਼ਿੰਦਗੀ ਦੀਆਂ ਮੁਸੀਬਤਾਂ ਨਾਲ ਸਾਹਸ ਭਰਿਆ ਟਾਕਰਾ ਕਰਨ ਦੀ ਹੀ ਨੇਕ ਸਲਾਹ ਦਿੰਦੇ ਹਨ। ਪਰ ਅੱਜ ਜ਼ਿੰਦਗੀ ਦੀਆਂ ਲੋੜਾਂ, ਸਮੱਸਿਆਵਾਂ ਅੱਗੇ ਮਨੁੱਖ ਨੇ ਇਸ ਅਨਮੋਲ ਮਨੁੱਖਾ ਜੀਵਨ ਨੂੰ ਬੌਣਾ ਜਿਹਾ ਅਤੇ ਸਭ ਤੋਂ ਸਸਤਾ ਬਣਾ ਕੇ ਰੱਖ ਦਿੱਤਾ ਹੈ। ਇਕ ਅਨੁਮਾਨ ਅਨੁਸਾਰ ਹਰ ਸਾਲ ਦੁਨੀਆ ਭਰ ਵਿਚ ਘੱਟੋ-ਘੱਟ 10 ਲੱਖ ਲੋਕ ਆਤਮ-ਹੱਤਿਆ ਕਰਦੇ ਹਨ, ਜਿਸ ਦਾ ਦਸਵਾਂ ਹਿੱਸਾ ਸਿਰਫ ਭਾਰਤੀ ਲੋਕ ਹਨ। ਭਾਰਤ ਵਿਚ ਹਰ ਇਕ ਘੰਟੇ ਵਿਚ 15 ਲੋਕ ਆਤਮ ਹੱਤਿਆ ਕਰ ਰਹੇ ਹਨ।
ਮੌਤ ਇਸ ਭੌਂਤਿਕ ਸੰਸਾਰ ਦੇ ਹਰੇਕ ਜੀਵ ਦੀ ਅੰਤਮ ਤੇ ਅਟੱਲ ਸੱਚਾਈ ਹੈ ਪਰ ਮਨੁੱਖ ਇਸ ਨੂੰ ਸਵੀਕਾਰ ਕਰਨ ਤੋਂ ਹਮੇਸ਼ਾ ਸੁਚੇਤ ਤੇ ਅਚੇਤ ਰੂਪ ਵਿਚ ਭੱਜਦਾ ਹੈ। ਭਗਤ ਕਬੀਰ ਜੀ ਗੁਰਬਾਣੀ ਅੰਦਰ ਇਕ ਥਾਂ ਸਮਝਾਉਂਦੇ ਹਨ ਕਿ ਸੰਸਾਰ ਵਿਚ ਹਰ ਵੇਲੇ ਮੌਤ ਦਾ ਡਰ ਬਣਿਆ ਰਹਿੰਦਾ ਹੈ ਅਤੇ ਇਸ ਮੌਤ ਦੇ ਡਰ ਵਿਚ ਹੀ ਮਨੁੱਖ ਮਰ ਜਾਂਦਾ ਹੈ ਪਰ ਇਸ ਦੇ ਬਾਵਜੂਦ ਕਿਸੇ ਨੂੰ ਮਰਨ ਦੀ ਜਾਚ ਨਹੀਂ ਆਈ। ਜੋ ਮਨੁੱਖ ਦੁਨਿਆਵੀ ਲਾਲਸਾਵਾਂ ਤੇ ਤ੍ਰਿਸ਼ਨਾਵਾਂ ਦੀ ਅਮੁੱਕ ਅਗਨੀ ਨੂੰ ਬੁਝਾ ਲੈਂਦਾ ਹੈ, ਇਹੀ ਅਸਲ ਵਿਚ ਮਰਨਾ ਹੈ ਅਤੇ ਅਜਿਹੀ ਮੌਤ ਮਰਨ ਵਾਲੇ ਨੂੰ ਫ਼ਿਰ ਸਰੀਰਕ ਮੌਤ ਦਾ ਡਰ ਨਹੀਂ ਰਹਿੰਦਾ।
ਅਸਲ ਵਿਚ ਇਸ ਸਮੱਸਿਆ ਦੀ ਵਿਆਪਕਤਾ ਨੂੰ ਸਮਝਣ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਅਜੋਕੇ ਵਿਕਾਸ ਦਾ ਸਰਮਾਏਦਾਰੀ ਆਧਾਰਿਤ ਨਮੂਨੇ ਨੇ ਮਨੁੱਖ ਦੇ ਅੰਦਰ ਇਹ ਗੱਲ ਪੱਕੀ ਤਰ੍ਹਾਂ ਵਸਾ ਦਿੱਤੀ ਹੈ ਕਿ ਭੌਂਤਿਕ ਸੁੱਖ ਹੀ ਉਸ ਦੀ ਜ਼ਿੰਦਗੀ ਦਾ ਅਸਲ ਸੁੱਖ ਹਨ। ਇਹ ਵਿਵਸਥਾ ਮਨੁੱਖ ਨੂੰ ਕਿਸੇ ਵੀ ਚੀਜ਼ ਦਾ ਅਨੰਦ ਮਾਨਣ ਤੋਂ ਪਹਿਲਾਂ ਉਸ ਦਾ ਮਾਲਕ ਬਣਨ ਲਈ ਉਤੇਜਿਤ ਕਰਦੀ ਹੈ। ਇਸ ਕਾਰਨ ਹਰ ਮਨੁੱਖ ਵਿਚ ਵੱਧ ਤੋਂ ਵੱਧ ਪਦਾਰਥਾਂ ਦਾ ਮਾਲਕ ਬਣਨ ਦੀ ਹੋੜ ਲੱਗੀ ਹੋਈ ਹੈ। ਇਹ ਵਿਵਸਥਾ ਮਨੁੱਖ ਦੇ ਅੰਦਰੋਂ ਸਬਰ, ਸੰਤੋਖ, ਬੁਰਾਈ ਦੇ ਖਿਲਾਫ਼ ਮੁਕਾਬਲਾ ਕਰਨ ਦੀ ਪ੍ਰਵਿਰਤੀ ਖ਼ਤਮ ਕਰ ਰਹੀ ਹੈ ਫ਼ਲਸਰੂਪ ਮਨੁੱਖੀ ਅਸੰਤੋਸ਼ ਖ਼ਤਰਨਾਕ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ।
ਕਦੇ ਵੀ ਭੌਂਤਿਕ ਸੁੱਖ ਜਾਂ ਪਦਾਰਥਕ ਬਹੁਤਾਤ ਜੀਵਨ ਦੀ ਸਦੀਵੀ ਸੁਖਦਾਈ ਅਵਸਥਾ ਦੀ ਸ਼ਰਤ ਨਹੀਂ ਹੁੰਦੇ। ਤੁਸੀਂ ਲੱਖਾਂ ਰੁਪਏ ਮਹੀਨਾ ਪੈਕੇਜ ਲੈਣ ਵਾਲੇ ਕਿਸੇ ਵੱਡੇ ਕਾਰਪੋਰੇਟ ਘਰਾਣੇ ਦੇ ਸੀ.ਈ.ਓ. ਨੂੰ ਸ਼ਾਮ ਨੂੰ ਘਰ ਨੂੰ ਪਰਤਿਆਂ ਦੇਖੋ, ਉਹ ਏ.ਸੀ. ਲਗਜ਼ਰੀ ਕਰੋੜਾ ਰੁਪਏ ਦੀ ਕਾਰ ਵਿਚ ਵੀ ਆਪਣੇ ਮੱਥੇ ‘ਤੇ ਹੱਥ ਧਰੀ ਚਿੰਤਾਵਾਂ ਦੀ ਉਲਝਣਾ ‘ਚ ਫ਼ਸਿਆ ਹੋਇਆ ਨਜ਼ਰ ਆਵੇਗਾ ਤੇ ਦੂਜੇ ਪਾਸੇ ਅੱਠ ਘੰਟੇ ਕੜਕਦੀ ਧੁੱਪ ‘ਚ ਮਜ਼ਦੂਰੀ ਕਰਕੇ ਸ਼ਾਮ ਨੂੰ 100 ਰੁਪਏ ਦਾ ਨੋਟ ਬੋਝੇ ‘ਚ ਪਾ ਕੇ ਸਾਈਕਲ ਦੇ ਹੈਂਡਲ ਨਾਲ ਰੋਟੀ ਵਾਲਾ ਖਾਲੀ ਝੋਲਾ ਲਟਕਾਈ ਟੱਲੀਆਂ ਵਜਾਉਂਦੇ ਤੇ ਗੁਣਗੁਣਾਉਂਦੇ ਕਿਰਤੀ ਨੂੰ ਘਰ ਨੂੰ ਜਾਂਦੇ ਨੂੰ ਦੇਖੋ, ਜ਼ਿੰਦਗੀ ਦੀ ਸੰਤੁਸ਼ਟੀ ਤੇ ਖੁਸ਼ੀ ਦਾ ਮੰਤਰ ਸਮਝਣ ਲਈ ਇਸ ਤੋਂ ਪ੍ਰਤੱਖ ਮਿਸਾਲ ਤੁਹਾਨੂੰ ਹੋਰ ਕੀ ਮਿਲ ਸਕਦੀ ਹੈ। ਪਦਾਰਥਵਾਦ ਦਾ ਫ਼ਲਸਫ਼ਾ ਤੁਹਾਨੂੰ ਭਵਿੱਖ ਦੀਆਂ ਰਣਨੀਤੀਆਂ ਦੀ ਗਿਣਤੀ-ਮਿਣਤੀ ਵਿਚ ਉਲਝਾ ਕੇ ਰੱਖ ਦੇਵੇਗਾ।
ਅਸੀਂ ਆਪਣੇ ਫ਼ਲਸਫ਼ੇ ਵੱਲ ਹੀ ਧਿਆਨ ਮਾਰੀਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਜ਼ੁਲਮ ਦੇ ਖਿਲਾਫ਼ ਲੜਾਈ ਲੜਦਿਆਂ ਆਪਣੇ ਮਾਤਾ-ਪਿਤਾ, ਚਾਰੇ ਪੁੱਤਰ ਅਤੇ ਪਤਨੀਆਂ ਦੀ ਸ਼ਹੀਦੀ ਦੇਣ ਤੋਂ ਬਾਅਦ ਵੀ ਕਾਦਰ ਦੇ ਭਾਣੇ ‘ਚ ਪ੍ਰਸੰਨਤਾ ਜ਼ਾਹਰ ਕੀਤੀ ਸੀ। ਫ਼ਿਰ ਕਿਉਂ ਅੱਜ ਉਸ ਪੰਜਾਬ ਦੇ ਵਾਰਸ ਸਮਾਜਿਕ ਨਾ-ਬਰਾਬਰੀ, ਨਿਜ਼ਾਮੀ ਬੇਇਨਸਾਫ਼ੀ ਅਤੇ ਆਰਥਿਕ ਸਮੱਸਿਆਵਾਂ ਦਾ ਬਹਾਦਰੀ ਨਾਲ ਟਾਕਰਾ ਕਰਨ ਦੀ ਥਾਂ ਆਤਮ-ਘਾਤੀ ਰਸਤੇ ‘ਤੇ ਤੁਰੀ ਹੋਈ ਹੈ? ਅਸਲ ਵਿਚ ਅਸੀਂ ਬਾਬੇ ਨਾਨਕ ਦੇ ਵਾਰਸ ਤਾਂ ਕਹਾਉਂਦੇ ਹਾਂ ਪਰ ਅਜੇ ਤੱਕ ਉਸ ਦੇ ਫ਼ਲਸਫ਼ੇ ਨੂੰ ਨਾ ਤਾਂ ਸਮਝ ਸਕੇ ਅਤੇ ਨਾ ਹੀ ਆਪਣੇ ਜੀਵਨ ‘ਚ ਉਨ੍ਹਾਂ ਆਦਰਸ਼ਾਂ ਨੂੰ ਢਾਲ ਸਕੇ। ਬਾਬੇ ਨਾਨਕ ਦਾ ਫ਼ਲਸਫ਼ਾ ਹੀ ਹੈ, ਜਿਹੜਾ ਮਨੁੱਖ ਨੂੰ ਜਿਊਂਦਿਆਂ ਮਰਨ ਦੀ ਜਾਚ ਸਿਖਾਉਂਦਾ ਹੈ। ਤ੍ਰਿਸ਼ਨਾਵਾਂ ਨੂੰ ਕਾਬੂ ਕਰਕੇ ਜ਼ਿੰਦਗੀ ਨੂੰ ਜਿਊਣਾ ਹੀ ਅਸਲ ਮਰਨਾ ਹੈ ਅਤੇ ਇਸੇ ਮੌਤ ਵਿਚੋਂ ਜ਼ਿੰਦਗੀ ਦਾ ਸਹਿਜ ਤੇ ਅਨੰਦ ਨਿਕਲਦਾ ਹੈ। ਮਨ ਨੂੰ ਜਿੱਤਣ ਦੇ ਨਾਲ ਹੀ ਜਗ ਨੂੰ ਜਿੱਤਣ ਦਾ ਰਸਤਾ ਪੱਧਰਾ ਹੁੰਦਾ ਹੈ। ਕਿਸੇ ਦਾਰਸ਼ਨਿਕ ਨੇ ਸਹੀ ਕਿਹਾ ਹੈ ਕਿ, ‘ਤ੍ਰਿਸ਼ਨਾਵਾਂ ਲਈ ਜੀਊਣ ਵਾਲਾ ਮਨੁੱਖ ਬਾਦਸ਼ਾਹੀ ਦੇ ਤਖ਼ਤ ‘ਤੇ ਬੈਠਾ ਵੀ ਭਿਖਾਰੀ ਹੈ ਅਤੇ ਜ਼ਿੰਦਗੀ ਦੀਆਂ ਲੋੜਾਂ ਮੁਤਾਬਕ ਜੀਵਨ ਬਸਰ ਕਰਨ ਵਾਲਾ ਕੁੱਲੀ ਵਿਚ ਬੈਠਾ ਫ਼ਕੀਰ ਵੀ ਬਾਦਸ਼ਾਹ ਹੈ।” ਬਸ ਇਸੇ ਭੇਦ ਨੂੰ ਸਮਝਣ ਦੀ ਲੋੜ ਹੈ। ਜ਼ਿੰਦਗੀ ਦੀਆਂ ਅਸਫ਼ਲਤਾਵਾਂ ਨੂੰ ਦੇਖ ਕੇ ਸਿਵਿਆਂ ਦੇ ਰਾਹ ਪੈਣਾ ਮਨੁੱਖ ਦਾ ਜੀਵਨ ਸਿਧਾਂਤ ਨਹੀਂ ਹੈ, ਸਗੋਂ ਜ਼ਿੰਦਗੀ ਜੀਊਣ ਲਈ ਸਮੱਸਿਆਵਾਂ ਦਾ ਬਹਾਦਰੀ ਨਾਲ ਟਾਕਰਾ ਕਰਨਾ ਅਸਲ ਜੀਵਨ ਸਿਧਾਂਤ ਹੈ।
Check Also
ਅਮਰੀਕਾ ਦੀਆਂ ਆਮ ਚੋਣਾਂ ਦੇ ਨਤੀਜੇ
ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਦੀ ਦੁਨੀਆ ਭਰ ਵਿਚ ਚਰਚਾ …