ਅੰਮ੍ਰਿਤਪਾਲ ਸਮਰਾਲਾ
95692-16001
ਮੇਰੇ ਦੇਸ਼ ਦੀ ਰਾਜਨੀਤੀ ਗੰਧਲੀ ਹੋ ਚੁੱਕੀ ਹੈ, ਵਾਤਾਵਰਨ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਿਆ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਚਾਰੇ ਪਾਸੇ ਪਸਰਿਆ ਹੋਇਆ ਹੈ। ਸਾਡੇ ਬਜ਼ੁਰਗ ਤਾਂ ਇਸ ਪੀੜਾ ਨੂੰ ਸਹਾਰ ਗਏ, ਅਸੀਂ ਸਹਾਰ ਰਹੇ ਹਾਂ, ਪ੍ਰੰਤੂ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਇਸਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰ ਰਹੀ ਹੈ। ਹੋਵੇ ਵੀ ਕਿਉਂ ਨਾ, ਉਚੇਰੀਆਂ ਪੜ੍ਹਾਈਆਂ, ਵੱਡੀਆਂ ਡਿਗਰੀਆਂ ਅਤੇ ਵਿਗਿਆਨਕ ਯੁੱਗ ਦੇ ਧਾਰਨੀ ਨੌਜਵਾਨ ਘੱਟੋ-ਘੱਟ ਇਸ ਗੱਲ ਨੂੰ ਤਾਂ ਜਾਨਣ ਵਿਚ ਸਫਲ ਹੋ ਚੁੱਕੇ ਹਨ ਕਿ ਦੁਨੀਆਂ ਦੇ ਕਿਸ ਕੋਨੇ ‘ਚ ਕਿਹੋ ਜਿਹੇ ਲੋਕ ਰਹਿੰਦੇ ਨੇ ਅਤੇ ਉੱਥੋਂ ਦੇ ਕਿਹੋ ਜਿਹੇ ਦਸਤੂਰ ਨੇ। ਇਹ ਖੁਸ਼ੀ ਦੀ ਵੀ ਗੱਲ ਹੈ ਕਿ ਸਾਡੇ ਨੌਜਵਾਨ ਹੁਣ ਆਪਣੀ ਜ਼ਿੰਦਗੀ ਦੇ ਫੈਸਲੇ ਲੈਣ ਦੇ ਸਮਰੱਥ ਹੋ ਚੁੱਕੇ ਹਨ, ਪ੍ਰੰਤੂ ਇੱਥੇ ਦੁੱਖ ਦੀ ਗੱਲ ਇਹ ਵੀ ਹੈ ਕਿ ਅਸੀਂ ਆਪਣੇ ਦੇਸ਼ ਦੇ ਸਿਸਟਮ ਨੂੰ ਉਨ੍ਹਾਂ ਦੇ ਫੈਸਲਿਆਂ ਦੇ ਅਨੁਕੂਲ ਨਹੀਂ ਰੱਖ ਸਕੇ। ਇੱਥੇ ਮਨੁੱਖ ਦੀਆਂ ਲਾਲਸਾਵਾਂ ਕਾਰਨ ਸਮਾਜ, ਸਿਆਸਤ ਅਤੇ ਵਾਤਾਵਰਨ ਸਮੇਤ ਸਭ ਕੁੱਝ ਪ੍ਰਦੂਸ਼ਿਤ ਹੋ ਚੁੱਕਾ ਹੈ, ਬੱਸ ਇਹੀ ਕਾਰਨ ਹੈ ਕਿ ਪੜ੍ਹਿਆ-ਲਿਖਿਆ ਨੌਜਵਾਨ ਵਰਗ ਵਿਦੇਸ਼ ਜਾਣ ਨੂੰ ਹੀ ਆਪਣਾ ਸੁਪਨਾ ਬਣਾ ਚੁੱਕਾ ਹੈ। ਇੱਕ ਪਾਸੇ ਮੇਰੇ ਦੇਸ਼ ਦੇ ਮੁਤਫ਼ਿਕਰ ਲੋਕ ਦਲੀਲ ਦੇ ਰਹੇ ਹਨ ਕਿ ਜੇਕਰ ਪੜ੍ਹੇ-ਲਿਖੇ ਨੌਜਵਾਨ ਇਸੇ ਤਰ੍ਹਾਂ ਵਿਦੇਸ਼ਾਂ ਨੂੰ ਭੱਜਦੇ ਰਹੇ ਤਾਂ ਪਿੱਛੇ ਦੇਸ਼ ਦਾ ਕੀ ਬਣੇਗਾ, ਪਰ ਦੂਜੇ ਪਾਸੇ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਆਪਣੀ ਦਲੀਲ ਨਾਲ ਜਵਾਬ ਦਿੰਦੇ ਹਨ ਕਿ ਜੇਕਰ ਅਸੀਂ ਇਸ ਦੇਸ਼ ਵਿਚ ਰਹੇ ਤਾਂ ਸਾਡਾ ਕੀ ਬਣੇਗਾ।
ਕੈਨੇਡਾ, ਆਸਟ੍ਰੇਲੀਆ ਤੇ ਅਮਰੀਕਾ ਵਰਗੇ ਦੇਸ਼ਾਂ ‘ਚ ਜਾਣ ਵਾਲੇ ਇਹ ਨੌਜਵਾਨ ਆਪਣੇ ਦੇਸ਼ ‘ਚੋਂ 10+2 ਪਾਸ ਕਰਦਿਆਂ ਹੀ ਅੰਡਰ ਗ੍ਰੈਜੂਏਟ ਜਾਂ ਗ੍ਰੈਜੂਏਟ ਕੋਰਸਾਂ ਲਈ ਵਿਦੇਸ਼ਾਂ ਨੂੰ ਉਡਾਰੀ ਮਾਰ ਜਾਂਦੇ ਹਨ। ਦੂਜੇ ਪਾਸੇ ਸਾਡੇ ਦੇਸ਼ ‘ਚ ਰਹਿ ਕੇ ਨੌਜਵਾਨ ਗ੍ਰੈਜੂਏਟ ਜਾਂ ਹੋਰ ਉਚੇਰੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀਆਂ ਲਈ ਦਰ-ਬ-ਦਰ ਠੋਕਰਾਂ ਖਾਣ ਲਈ ਮਜ਼ਬੂਰ ਹੋ ਜਾਂਦੇ ਹਨ। ਇਸੇ ਕਰਕੇ ਜਿਨ੍ਹਾਂ ਨੌਜਵਾਨਾਂ ਦੇ ਮਾਪਿਆਂ ਕੋਲ ਚੰਗੀ ਗੁੰਜਾਇਸ਼ ਹੁੰਦੀ ਹੈ, ਉਹ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਸਟੱਡੀ ਬੇਸ ਜਾਂ ਪੀ.ਆਰ. ਬੇਸ ‘ਤੇ ਦੂਜੇ ਦੇਸ਼ਾਂ ਦਾ ਰਾਹ ਪੱਧਰਾ ਕਰ ਦਿੰਦੇ ਹਨ, ਕਿਉਂਕਿ ਸਭ ਦਾ ਮੰਨਣਾ ਹੈ ਕਿ ਸਾਡੇ ਦੇਸ਼ ‘ਚ ਬੱਚਿਆਂ ਦਾ ਭਵਿੱਖ ਸੁਰੱਖਿਅਤ ਨਹੀਂ ਹੈ। ਇੱਕ ਚਪੜਾਸੀ ਦੀ ਆਸਾਮੀ ਲਈ ਜਦੋਂ ਲੱਖਾਂ ਦੀ ਤਦਾਦ ਵਿਚ ਫਾਰਮ ਭਰੇ ਜਾਂਦੇ ਹਨ ਤੇ ਉਨ੍ਹਾਂ ਵਿਚ ਵੀ ਬਹੁ-ਗਿਣਤੀ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਨੌਜਵਾਨਾਂ ਦੀ ਹੋਵੇ, ਤਾਂ ਤੁਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਨੌਜਵਾਨ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਕਿਉਂ ਨਾ ਹੋਣ। ਸਾਡੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਨੂੰ ਕੂਚ ਕਰਨ ਪਿੱਛੇ ਵੱਡਾ ਕਾਰਨ ਇਹ ਵੀ ਹੈ ਕਿ ਬਾਹਰਲੇ ਦੇਸ਼ਾਂ ‘ਚ ਕੰਮ ਕਰਨ ਵਾਲਿਆਂ ਦੀ ਕਦਰ ਹੈ ਤੇ ਉਨ੍ਹਾਂ ਦੀ ਮਿਹਨਤ ਦਾ ਸਹੀ ਮੁੱਲ ਵੀ ਉਨ੍ਹਾਂ ਦੇ ਪੱਲੇ ਪੈਂਦਾ ਹੈ। ਇਨ੍ਹਾਂ ਨੌਜਵਾਨ ਲੜਕੇ-ਲੜਕੀਆਂ ਨੂੰ ਬਾਹਰਲੇ ਦੇਸ਼ਾਂ ਦਾ ਸਿਸਟਮ, ਰੂਲਜ਼, ਕਾਨੂੰਨੀ ਵਿਵਸਥਾ, ਸਾਫ਼-ਸੁਥਰਾ ਵਾਤਾਵਰਨ, ਇੱਕ ਸਮਾਨਤਾ ਵਾਲਾ ਮਾਹੌਲ ਵੀ ਪ੍ਰਭਾਵਿਤ ਕਰਦਾ ਹੈ, ਜੋ ਉਨ੍ਹਾਂ ਨੂੰ ਆਪਣੇ ਦੇਸ਼ ‘ਚ ਕਿਧਰੇ ਵੀ ਨਜ਼ਰ ਨਹੀਂ ਆਉਂਦਾ। ਦਿਨ ਪ੍ਰਤੀ ਦਿਨ ਘੱਟਦੇ ਜਾ ਰਹੇ ਰੁਜ਼ਗਾਰ ਦੇ ਮੌਕਿਆਂ, ਮੰਦਹਾਲੀ ਦੀ ਭੇਂਟ ਚੜ੍ਹੇ ਵਪਾਰ, ਘਾਟੇ ਦਾ ਵਣਜ਼ ਸਾਬਿਤ ਹੋ ਰਹੀ ਕਿਸਾਨੀ, ਬੇਹੱਦ ਮਹਿੰਗੀ ਹੋ ਰਹੀ ਸਿੱਖਿਆ ਪ੍ਰਣਾਲੀ ਅਤੇ ਸ਼ਿਖਰਾਂ ਨੂੰ ਛੋਹ ਰਹੇ ਭ੍ਰਿਸ਼ਟਾਚਾਰ ਨੂੰ ਦੇਖਦਿਆਂ ਸੂਬੇ ਦੇ ਨੌਜਵਾਨਾਂ ਨੇ ਵਿਦੇਸ਼ਾਂ ਵੱਲ ਆਪਣਾ ਰੁਖ ਅਖਤਿਆਰ ਕਰ ਲਿਆ ਹੈ।
ਹਰ ਸਾਲ ਲੱਖਾਂ ਵਿਦਿਆਰਥੀ ‘ਆਇਲਟਸ’ ਦਾ ਟੈਸਟ ਪਾਸ ਕਰਨ ਉਪਰੰਤ ਵੱਖ-ਵੱਖ ਦੇਸ਼ਾਂ ਦੀਆਂ ਅੰਬੈਸੀਆਂ ‘ਚ ਅਪਲਾਈ ਕਰਦੇ ਹਨ, ਇਸੇ ਕਰਕੇ ਸੂਬੇ ਅੰਦਰ ‘ਆਇਲਟਸ ਕੋਚਿੰਗ ਸੈਂਟਰਾਂ’ ਦੀ ਭਰਮਾਰ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ, ਜਿੱਥੇ ਨੌਜਵਾਨਾਂ ਦੀਆਂ ਡਾਰਾਂ ਦੀਆਂ ਡਾਰਾਂ ਆਉਂਦੀਆਂ ਆਮ ਹੀ ਦਿਖਾਈ ਪੈਂਦੀਆਂ ਹਨ। ਜ਼ਿਆਦਾਤਰ ਨੌਜਵਾਨ ਮੁੰਡੇ-ਕੁੜੀਆਂ ਅਜਿਹੇ ਹੁੰਦੇ ਹਨ, ਜਿਨ੍ਹਾਂ ਕੋਲ ਵਿਦੇਸ਼ ਜਾਣ ਲਈ ਜਾਂ ਤਾਂ ਪੂਰਾ ਪੈਸਾ ਨਹੀਂ ਹੁੰਦਾ ਅਤੇ ਜਾਂ ਫਿਰ ਉਹ ਫੰਡ ਵਗੈਰਾ ਸ਼ੋਅ ਕਰਨ ਵਿਚ ਅਸਮਰੱਥ ਹੁੰਦੇ ਹਨ। ਅਕਸਰ ਅਜਿਹੇ ਨੌਜਵਾਨ ‘ਨੌਸਰਬਾਜ਼ ਏਜੰਟਾਂ’ ਦੇ ਧੱਕੇ ਚੜ੍ਹ ਕੇ ਜਿੱਥੇ ਆਪਣੀ ਆਰਥਿਕ ਲੁੱਟ ਕਰਵਾ ਬੈਠਦੇ ਹਨ, ਉੱਥੇ ਹੀ ਏਜੰਟਾਂ ਕੋਲ ਗਵਾਏ ਆਪਣੇ ਪੈਸਿਆਂ ਦਾ ਸਿਤਮ ਝੱਲਦਿਆਂ ਜਾਂ ਤਾਂ ਆਤਮ-ਹੱਤਿਆ ਵਰਗੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੰਦੇ ਹਨ ਅਤੇ ਜਾਂ ਫਿਰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਕੇ ਨਸ਼ਿਆਂ ਵਰਗੀਆਂ ਅਲਾਮਤਾਂ ਨੂੰ ਸਹੇੜ ਬੈਠਦੇ ਹਨ।
ਸੋ ਅੱਜ ਲੋੜ ਹੈ ਸੂਬਾ ਤੇ ਕੇਂਦਰ ਸਰਕਾਰਾਂ ਨੂੰ ਇਸ ਗੰਭੀਰ ਮਸਲੇ ‘ਤੇ ਵਿਚਾਰ ਕਰਨ ਦੀ ਕਿ ਸਾਡੇ ਦੇਸ਼ ਦੇ ਹੋਣਹਾਰ ਨੌਜਵਾਨ ਵਿਦੇਸ਼ਾਂ ਵੱਲ ਕੂਚ ਕਿਉਂ ਕਰ ਰਹੇ ਹਨ? ਅਜਿਹੇ ਕੀ ਕਾਰਨ ਹਨ? ਇਸ ਪ੍ਰਤੀ ਉਨ੍ਹਾਂ ਨੂੰ ਗੰਭੀਰ ਮੰਥਨ ਕਰਨੇ ਪੈਣਗੇ। ਸਾਡੇ ਦੇਸ਼ ਦੇ ਹੁਕਮਰਾਨਾਂ ਨੂੰ ਇਮਾਨਦਾਰ ਹੋਣਾ ਪਵੇਗਾ ਅਤੇ ਸਾਨੂੰ ਵੀ ਆਪਣੇ ਨਿਜਾਮ ਨੂੰ ਖੁਦ ਸੁਧਾਰਨ ਲਈ ਲਾਮਵੰਦ ਹੋਣਾ ਪਵੇਗਾ।
Check Also
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …