Breaking News
Home / ਫ਼ਿਲਮੀ ਦੁਨੀਆ / ਮਿਲਖਾ ਸਿੰਘ ਦੀ ਦੌੜ ਦਾ ਅੰਤ

ਮਿਲਖਾ ਸਿੰਘ ਦੀ ਦੌੜ ਦਾ ਅੰਤ

ਪ੍ਰਿੰ. ਸਰਵਣ ਸਿੰਘ
ਮਿਲਖਾ ਸਿੰਘ ਦੀ ਜੀਵਨ ਦੌੜ ਦਾ ਅੰਤ ਹੋ ਗਿਆ ਹੈ। ਆਖ਼ਰ ਉਹ ਵੀ ਓਥੇ ਚਲਾ ਗਿਆ ਜਿਥੋਂ ਕੋਈ ਨਹੀਂ ਮੁੜਦਾ। ਪੰਜ ਦਿਨ ਪਹਿਲਾਂ ਉਸ ਦੀ ਜੀਵਨ ਸਾਥਣ ਨਿਰਮਲ ਕੌਰ ਵਿਛੋੜਾ ਦੇ ਗਈ ਸੀ। ਪਿੱਛੇ ਹੁਣ ਉਨ੍ਹਾਂ ਦੀ ਔਲਾਦ ਹੈ, ਗੌਲਫ਼ਰ ਜੀਵ ਮਿਲਖਾ ਸਿੰਘ ਤੇ ਤਿੰਨ ਧੀਆਂ, ਪੋਤੇ ਪੋਤੀਆਂ ਤੇ ਦੋਹਤੇ ਦੋਹਤੀਆਂ। ઑਉਡਣਾ ਸਿੱਖ ਮਿਲਖਾ ਸਿੰਘ਼ ਭਾਰਤ ਦਾ ਹੀ ਨਹੀਂ, ਏਸ਼ੀਆ ਦਾ ਲਾਸਾਨੀ ਦੌੜਾਕ ਸੀ। ਦੌੜ ਉਹਦੀ ਜ਼ਿੰਦਗੀ ਸੀ। ਉਹਦਾ 400 ਮੀਟਰ ਦੌੜ ਦਾ ਰਿਕਾਰਡ ਭਾਰਤ ਦੇ ਕਿਸੇ ਦੌੜਾਕ ਤੋਂ 38 ਸਾਲ ਨਹੀਂ ਸੀ ਟੁੱਟਾ। ਦੌੜ ਉਹਦੇ ਨਾਲ ਬਚਪਨ ਤੋਂ ਹੀ ਜੁੜ ਗਈ ਸੀ। ਉਹ ਸਕੂਲੇ ਜਾਂਦਾ ਤਾਂ ਸਕੂਲੋਂ ਦੌੜ ਜਾਂਦਾ। ਤਪਦੇ ਹੋਏ ਰੇਤਲੇ ਰਾਹਾਂ ‘ਤੇ ਨੰਗੇ ਪੈਰ ਭੁਜਦੇ ਤਾਂ ਦੌੜ ਕੇ ਕਿਸੇ ਰੁੱਖ ਦੀ ਛਾਵੇਂ ਠੰਢੇ ਕਰਦਾ। ਫਿਰ ਇਕ ਰੁੱਖ ਦੀ ਛਾਂ ਤੋਂ ਦੂਜੇ ਰੁੱਖ ਦੀ ਛਾਂ ਵੱਲ ਦੌੜਦਾ। 1947 ਵਿਚ ਉਹ ਪਾਕਿਸਤਾਨ ‘ਚੋਂ ਜਾਨ ਬਚਾ ਕੇ ਦੌੜਿਆ। ਪਹਿਲਾਂ ਮੁਲਤਾਨ, ਫਿਰ ਫਿਰੋਜ਼ਪੁਰ ਤੇ ਫਿਰ ਦਿੱਲੀ ਪੁੱਜਾ। ਦਿੱਲੀ ਉਹ ਰੇਲ ਗੱਡੀਆਂ ਮਗਰ ਦੌੜਿਆ। ਢਿੱਡ ਦੀ ਭੁੱਖ ਨੇ ਚੋਰੀਆਂ ਚਕਾਰੀਆਂ ਵੀ ਕਰਵਾਈਆਂ। ਪੁਲਿਸ ਫੜਨ ਲੱਗੀ ਤਾਂ ਦੌੜ ਕੇ ਬਚਿਆ। ਬਿਨਟਿਕਟਾ ਸਫ਼ਰ ਕਰਦਾ ਦੌੜਨ ਲੱਗਾ ਤਾਂ ਦਬੋਚਿਆ ਗਿਆ ਜਿਸ ਕਰਕੇ ਜੇਲ੍ਹ ਜਾ ਪੁੱਜਾ। ਦਿੱਲੀ ‘ਚ ਦਿਨ-ਕੱਟੀ ਕਰਦੀ ਉਹਦੀ ਭੈਣ ਨੇ ਵਾਲੀਆਂ ਗਹਿਣੇ ਰੱਖ ਕੇ ਜੇਲ੍ਹੋਂ ਛੁਡਾਇਆ। ਫਿਰ ਉਸ ਨੂੰ ਭੈਣ ਦੇ ਸਹੁਰਿਆਂ ਨੇ ਘਰੋਂ ਦੌੜਾਅ ਦਿੱਤਾ।
ਚੜ੍ਹਦੀ ਜੁਆਨੀ ‘ਚ ਉਹ ਇਕ ਗ਼ਰੀਬ ਕੁੜੀ ਦੇ ਕੁਆਰੇ ਇਸ਼ਕ ਪਿੱਛੇ ਦੌੜਿਆ ਪਰ ਉਹ ਕੁੜੀ ਉਹਦੇ ਹੱਥ ਨਾ ਆਈ। ਇਕ ਅਮੀਰ ਕੁੜੀ ਉਹਦੇ ਮਗਰ ਦੌੜੀ ਜਿਸ ਨੂੰ ਮਿਲਖਾ ਸਿੰਘ ਨੇ ਡਾਹੀ ਨਾ ਦਿੱਤੀ। ਫੌਜ ‘ਚ ਭਰਤੀ ਹੋਇਆ ਤਾਂ ਦੌੜ ਕੇ ਹੀ ਦੁੱਧ ਦਾ ਸਪੈਸ਼ਲ ਗਲਾਸ ਲੁਆਇਆ। ਦੌੜ-ਦੌੜ ਕੇ ਤਰੱਕੀਆਂ ਪਾਈਆਂ ਤੇ ਸਿਪਾਹੀ ਤੋਂ ਜੇਸੀਓ ਬਣਿਆ। ਦੇਸ਼ਾਂ ਵਿਦੇਸ਼ਾਂ ਵਿਚ ਦੌੜ ਕੇ ਉਹ ਕੱਪ ਤੇ ਮੈਡਲ ਜਿੱਤਦਾ ਗਿਆ ਅਤੇ ਅਮਰੀਕਾ ਦੀ ਹੈਲਮਜ਼ ਟਰਾਫੀ ਨੂੰ ਜਾ ਹੱਥ ਪਾਇਆ। 1958 ਵਿਚ ਟੋਕੀਓ ਦੀਆਂ ਏਸ਼ੀਆਈ ਖੇਡਾਂ ਦਾ ਬੈੱਸਟ ਅਥਲੀਟ ਬਣਿਆ ਤਾਂ ਕੁਲ ਦੁਨੀਆ ‘ਚ ਮਿਲਖਾ-ਮਿਲਖਾ ਹੋ ਗਈ। 1960 ‘ਚ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਚ ਦੌੜਿਆ ਤਾਂ ઑਫਲਾਈਂਗ ਸਿੱਖ਼ ਦਾ ਖ਼ਿਤਾਬ ਮਿਲਿਆ। ਮੁਸੀਬਤਾਂ ਉਸ ਨੂੰ ਵਾਰ-ਵਾਰ ਘੇਰਦੀਆਂ ਰਹੀਆਂ ਪਰ ਉਹ ਉਨ੍ਹਾਂ ਤੋਂ ਬਚਦਾ ਬਚਾਉਂਦਾ ਅੱਗੇ ਹੀ ਅੱਗੇ ਦੌੜਦਾ ਗਿਆ। ਉਹਦੇ ਬਾਰੇ ਫਿਲਮ ਬਣਾਉਣ ਵਾਲਿਆਂ ਨੂੰ ਵੀ ਇਹੋ ਨਾਂ ਸੁੱਝਾ, ઑਭਾਗ ਮਿਲਖਾ ਭਾਗ਼। ਜਨੂੰਨੀਆਂ ਹੱਥੋਂ ਉਹਦੇ ਮਾਰੇ ਜਾ ਰਹੇ ਬਾਪ ਦੇ ਆਖ਼ਰੀ ਬੋਲ ਸਨ, ”ਦੌੜ ਜਾ ਪੁੱਤਰਾ! ਦੌੜ ਜਾਹ…।”
ਜਾਨ ਬਚਾ ਕੇ ਉਹ ਅਜਿਹਾ ਦੌੜਿਆ ਕਿ ਸਾਰੀ ਉਮਰ ਦੌੜਦਾ ਹੀ ਰਿਹਾ। ਆਖ਼ਰ 18 ਜੂਨ 2021 ਦੀ ਅੱਧੀ ਰਾਤ ਨੂੰ ਉਹਦੀ ਜੀਵਨ ਦੌੜ ਪੂਰੀ ਹੋਈ। ਜਿਨ੍ਹਾਂ ਰਾਹਾਂ, ਖੇਤਾਂ, ਡੰਡੀਆਂ, ਪਗਡੰਡੀਆਂ, ਪਟੜੀਆਂ, ਪਾਰਕਾਂ, ਟਰੈਕ, ਟ੍ਰੇਲਾਂ ਤੇ ਗੌਲਫ਼ ਗਰਾਊਂਡਾਂ ਵਿਚ ਉਹ ਦੌੜਿਆ ਅੱਜ ਵੀ ਉਥੋਂ ਉਹਦੇ ਮੁੜ੍ਹਕੇ ਦੀ ਮਹਿਕ ਆ ਰਹੀ ਹੈ, ਉਹਦੀਆਂ ਪੈੜਾਂ ਦੇ ਨਿਸ਼ਾਨ ਲਿਸ਼ਕ ਰਹੇ ਹਨ!
ਮਿਲਖਾ ਸਿੰਘ ਦਾ ਕਹਿਣਾ ਸੀ ਕਿ ਕਾਮਯਾਬੀ ਦੀ ਮੰਜ਼ਿਲ ਤਕ ਕੋਈ ਸ਼ਾਹੀ ਸੜਕ ਨਹੀਂ ਜਾਂਦੀ ਹੁੰਦੀ। ਕਠਨ ਤਪੱਸਿਆ ਬਿਨਾਂ ਜੋਗ ਹਾਸਲ ਨਹੀਂ ਹੁੰਦਾ। ਸਖ਼ਤ ਮਿਹਨਤ ਬਿਨਾਂ ਜਿੱਤ ਨਸੀਬ ਨਹੀਂ ਹੁੰਦੀ। ਦੌੜਨਾ ਦੁਸ਼ਵਾਰ ਸਾਧਨਾ ਹੈ। ਤਪ ਕਰਨਾ ਹੈ। ਉਸ ਨੂੰ 400 ਮੀਟਰ ਦੀ ਦੌੜ ਦੌੜਨ ਵਿਚ ਪ੍ਰਪੱਕ ਹੋਣ ਲਈ, ਨਵੇਂ ਰਿਕਾਰਡ ਰੱਖਣ ਲਈ, ਵਰ੍ਹਿਆਂ-ਬੱਧੀ ਦੌੜਨ ਦੀ ਪ੍ਰੈਕਟਿਸ ਕਰਨੀ ਪਈ ਸੀ। ਪ੍ਰੈਕਟਿਸ ਕਰਦਿਆਂ ਉਹ ਘੱਟੋ-ਘੱਟੋ 40 ਹਜ਼ਾਰ ਮੀਲ ਦੌੜਿਆ। ਅਨੇਕਾਂ ਵਾਰ ਹਫ਼ਿਆ, ਡਿਗਿਆ, ਲਹੂ ਦੀਆਂ ਉਲਟੀਆਂ ਕੀਤੀਆਂ ਤੇ ਬੇਹੋਸ਼ ਹੋਇਆ। ਦਿਨੇ ਉਹ ਟ੍ਰੈਕ ‘ਤੇ ਦੌੜਦਾ ਤੇ ਰਾਤੀਂ ਸੁਪਨਿਆਂ ਵਿਚ। ਹਫ਼ਤੇ ਦੇ ਸੱਤੇ ਦਿਨ, ਸਾਲ ਦੇ 364 ਦਿਨ। ਭਾਵੇਂ ਮੀਂਹ ਪਵੇ, ਨੇਰ੍ਹੀ ਵਗੇ, ਉਹ ਬਿਨਾ-ਨਾਗਾ ਦੌੜਦਾ। ਉਸ ਨੇ ਦੌੜ-ਦੌੜ ਟ੍ਰੈਕ ਘਸਾ ਦਿੱਤੇ ਸਨ ਅਤੇ ਖੇਤਾਂ ਤੇ ਪਾਰਕਾਂ ਵਿਚ ਪਗਡੰਡੀਆਂ ਪਾ ਦਿੱਤੀਆਂ ਸਨ। ਜੇਕਰ ਉਹ ਧਰਤੀ ਦੁਆਲੇ ਦੌੜਨ ਲੱਗਦਾ ਤਾਂ ਕਦੋਂ ਦਾ ਚੱਕਰ ਲਾ ਗਿਆ ਹੁੰਦਾ। ਕਦੋਂ ਦਾ ਏਸ਼ੀਆ, ਅਫਰੀਕਾ, ਅਮਰੀਕਾ ਤੇ ਯੌਰਪ ਗਾਹ ਗਿਆ ਹੁੰਦਾ!
ਇਕ ਸਮੇਂ 100 ਮੀਟਰ, 200 ਮੀਟਰ, 400 ਮੀਟਰ ਤੇ 4+400 ਮੀਟਰ ਰਿਲੇਅ ਦੌੜਾਂ ਦੇ ਚਾਰੇ ਨੈਸ਼ਨਲ ਰਿਕਾਰਡ ਉਹਦੇ ਨਾਂ ਸਨ। ਉਸ ਨੇ 1958 ਵਿਚ ਭਾਰਤ ਲਈ ਕਾਮਨਵੈਲਥ ਖੇਡਾਂ ਦਾ ਪਹਿਲਾ ਗੋਲਡ ਮੈਡਲ ਜਿੱਤਿਆ ਸੀ। ਫਿਰ ਏਸ਼ੀਆਈ ਖੇਡਾਂ ‘ਚੋਂ ਚਾਰ ਸੋਨੇ ਦੇ ਤਗ਼ਮੇ ਜਿੱਤੇ। ਕੌਮੀ ਤੇ ਕੌਮਾਂਤਰੀ ਦੌੜਾਂ ਵਿਚ ਉਹਦੇ ਤਗ਼ਮਿਆਂ ਦੀ ਗਿਣਤੀ ਸੌ ਤੋਂ ਵੱਧ ਹੈ। ਉਹ 80 ਇੰਟਰਨੈਸ਼ਨਲ ਦੌੜਾਂ ਦੌੜਿਆ ਜਿਨ੍ਹਾਂ ‘ਚੋਂ 77 ਦੌੜਾਂ ਜਿੱਤਿਆ। 1960 ‘ਚ ਰੋਮ ਦੀਆਂ ਓਲੰਪਿਕ ਖੇਡਾਂ ਸਮੇਂ ਉਸ ਨੇ 400 ਮੀਟਰ ਦੀ ਦੌੜ 45.6 ਸੈਕੰਡ ਵਿਚ ਲਾ ਕੇ ਪਹਿਲਾ ਓਲੰਪਿਕ ਰਿਕਾਰਡ ਮਾਤ ਪਾਇਆ ਸੀ। ਸਿੰਡਰ ਟਰੈਕ ਉਤੇ ਕਿੱਲਾਂ ਵਾਲੇ ਭਾਰੇ ਸਪਾਈਕਸਾਂ ਨਾਲ ਲਾਈ ਦੌੜ ਦਾ ਉਹ ਨੈਸ਼ਨਲ ਰਿਕਾਰਡ ਭਾਰਤੀ ਅਥਲੀਟਾਂ ਲਈ 20ਵੀਂ ਸਦੀ ਦੇ ਅੰਤ ਤਕ ਚੈਲੰਜ ਬਣਿਆ ਰਿਹਾ। ਐਨ ਆਈ ਐਸ ਪਟਿਆਲੇ ਦੇ ਅਜਾਇਬ ਘਰ ਵਿਚ ਟੰਗੇ ਉਹਦੇ ਕਿੱਲਾਂ ਵਾਲੇ ਭਾਰੇ ਬੂਟ ਭਾਰਤ ਦੇ ਅਥਲੀਟਾਂ ਨੂੰ ਵੰਗਾਰਦੇ ਰਹੇ, ਆਵੇ ਕੋਈ ਨਿੱਤਰੇ!
ਮਿਲਖਾ ਸਿੰਘ ਦਾ ਜਨਮ ਸ. ਸੰਪੂਰਨ ਸਿੰਘ ਦੇ ਘਰ ਮਾਤਾ ਵਧਾਵੀ ਕੌਰ ਦੀ ਕੁੱਖੋਂ ਹੋਇਆ ਸੀ। ਵਧਾਵੀ ਕੌਰ ਦਾ ਪੇਕੜਾ ਨਾਂ ਚਾਵਲੀ ਬਾਈ ਸੀ। ਉਹ ਪੱਛਮੀ ਪੰਜਾਬ ਦੇ ਪਿੰਡ ਗੋਬਿੰਦਪੁਰਾ, ਤਹਿਸੀਲ ਕੋਟ ਅੱਦੂ, ਜ਼ਿਲ੍ਹਾ ਮੁਜ਼ੱਫਰਗੜ੍ਹ ਵਿਚ ਰਹਿੰਦੇ ਸਨ। ਉਥੇ ਦੋ ਪਿੰਡ ਸਿੱਖਾਂ ਦੇ ਸਨ। ਗੋਬਿੰਦਪੁਰਾ ਦਾ ਪਹਿਲਾ ਨਾਂ ਬੁਖਾਰੀਆਂ ਸੀ। ਬਾਅਦ ਵਿਚ ਸਿੱਖਾਂ ਨੇ ਗੋਬਿੰਦਪੁਰਾ ਰੱਖਿਆ। ਉਹਦੇ ਉੱਤਰ ਵੱਲ ਜ਼ਿਲ੍ਹਾ ਮੁਲਤਾਨ ਸੀ ਤੇ ਦੱਖਣ ਵੱਲ ਰਿਆਸਤ ਬਹਾਵਲਪੁਰ। ਉਥੋਂ ਦੀ ਉਪ ਭਾਸ਼ਾ ਮੁਲਤਾਨੀ ਸੀ। ਹੁਣ ਉਹ ਇਲਾਕਾ ਚੰਗਾ ਆਬਾਦ ਹੈ। ਸ਼ਾਇਦ ਉਥੋਂ ਦੇ ਲੋਕ ਵੀ ਮਿਲਖਾ ਸਿੰਘ ਨੂੰ ਯਾਦ ਕਰਦੇ ਹੋਣ ਕਿ ਉਹ ਮਹਾਨ ਦੌੜਾਕ ਸਾਡੇ ਵਿਚੋਂ ਹੀ ਸੀ!
ਜਿਸ ਇਲਾਕੇ ਵਿਚ ਮਿਲਖਾ ਸਿੰਘ ਜੰਮਿਆ ਉਹ ਪੱਧਰਾ ਮੈਦਾਨੀ ਸੀ ਤੇ ਦੌੜਾਂ ਦੌੜਨ ਦੇ ਅਨੁਕੂਲ ਸੀ। ਉਹਦੇ ਪੂਰਬ ਵੱਲ ਦਰਿਆ ਝਨਾਂ ਵਗਦਾ ਸੀ ਤੇ ਪੱਛਮ ਵੱਲ ਸਿੰਧ। ਉਹ ਫਲ ਮੇਵੇ, ਖਜੂਰਾਂ, ਕਣਕ, ਕਪਾਹ ਤੇ ਕਮਾਦ ਆਦਿ ਦੀਆਂ ਭਰਪੂਰ ਫਸਲਾਂ ਦੇਣ ਵਾਲੀ ਧਰਤੀ ਸੀ ਅਤੇ ਹੁਣ ਵੀ ਹੈ। ਹੁਣ ਬਿਜਲੀ ਨੇ ਹੋਰ ਵੀ ਰੰਗ ਭਾਗ ਲਾ ਦਿੱਤੇ ਹਨ। ਮੁਜ਼ੱਫਰਗੜ੍ਹ, ਮੁਲਤਾਨ ਤੋਂ ਡੇਰਾ ਗਾਜ਼ੀਖਾਨ ਨੂੰ ਜਾਂਦੀ ਜਰਨੈਲੀ ਸੜਕ ਉਤੇ ਆਬਾਦ ਹੈ। ਹੁਣ ਉਥੇ ਪਾਕਿਸਤਾਨ ਦਾ ਥਰਮਲ ਪਾਵਰ ਸਟੇਸ਼ਨ ਹੈ। ਜਦੋਂ ਮਿਲਖਾ ਸਿੰਘ ਜੰਮਿਆ ਉਦੋਂ ਉਨ੍ਹਾਂ ਦਾ ਪਰਿਵਾਰ ਥੋੜ੍ਹੀ ਜਿਹੀ ਜ਼ਮੀਨ ਉਤੇ ਖੇਤੀਬਾੜੀ ਕਰਦਾ ਸੀ। ਉਨ੍ਹਾਂ ਦੇ ਦੋ ਕੱਚੇ ਕੋਠੇ ਸਨ। ਇਕ ਵਿਚ ਪਰਿਵਾਰ ਦੇ ਜੀਅ ਰਹਿੰਦੇ, ਦੂਜੇ ਵਿਚ ਤੂੜੀ-ਪੱਠੇ ਪਏ ਹੁੰਦੇ ਤੇ ਸਿਆਲ ਵਿਚ ਡੰਗਰ ਬੱਝਦੇ। ਘਰ ਦੀ ਕਣਕ, ਘਰ ਦਾ ਦੁੱਧ ਘਿਓ ਤੇ ਘਰ ਦੀ ਸਬਜ਼ੀ ਭਾਜੀ ਖਾਧ ਖੁਰਾਕ ਲਈ ਹੁੰਦੀ। ਉਹ ਦਸਾਂ ਨਹੁੰਆਂ ਦੀ ਕਿਰਤ ਕਰਦੇ ਰੱਬ ਦਾ ਸ਼ੁਕਰ ਮਨਾਉਂਦੇ। ਕਿਰਤੀ ਪਰਿਵਾਰ ਗ਼ਰੀਬੀ ਵਿਚ ਵੀ ਖੁਸ਼ਹਾਲ ਤੇ ਸੰਤੁਸ਼ਟ ਸੀ।
ਮਿਲਖਾ ਸਿੰਘ ਦੀ ਮਾਤਾ ਨੇ ਪੰਦਰਾਂ ਬੱਚਿਆਂ ਨੂੰ ਜਨਮ ਦਿੱਤਾ ਸੀ ਜਿਨ੍ਹਾਂ ਵਿਚੋਂ ਸੱਤ ਬੱਚੇ ਜਨਮ ਸਮੇਂ ਜਾਂ ਬਚਪਨ ‘ਚ ਲੱਗੀਆਂ ਬਿਮਾਰੀਆਂ ਕਾਰਨ ਮਰ ਗਏ। ਉਦੋਂ ਸੰਤਾਨ ਸੰਜਮ ਅਥਵਾ ਪਰਿਵਾਰ ਨਿਯੋਜਨ ਦੀਆਂ ਸਕੀਮਾਂ ਨਹੀਂ ਸਨ ਚੱਲੀਆਂ। ਜਣੇਪੇ ਦੀਆਂ ਬੀਮਾਰੀਆਂ ਦਾ ਉਚਿਤ ਇਲਾਜ ਨਹੀਂ ਸੀ। ਸੰਪੂਰਨ ਸਿੰਘ ਦਾ ਪਰਿਵਾਰ ਕਿਰਸਾਣੀ ਕਰਦਾ ਸੀ। ਉਹ ਮਾਲ ਡੰਗਰ ਰੱਖਦੇ ਸਨ। ਗੁਜ਼ਾਰਾ ਕਰਨ ਲਈ ਸਾਰੇ ਜੀਆਂ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਸੀ। ਉਨ੍ਹਾਂ ਦਾ ਵਿਹੜਾ ਖੁੱਲ੍ਹਾ ਸੀ ਤੇ ਕੜੀਆਂ ਬਾਲਿਆਂ ਵਾਲੇ ਦੋ ਕੱਚੇ ਕੋਠੇ ਸਨ। ਇਕ ਵਿਚ ਘਰ ਦੇ ਜੀਅ ਸੌਂਦੇ, ਦੂਜੇ ਵਿਚ ਡੰਗਰ ਵੱਛਾ ਬੰਨ੍ਹਦੇ। ਪਿੰਡ ਦੇ ਨੇੜੇ ਹੀ ਇਕ ਨੈਂ ਵਗਦੀ ਸੀ ਜਿਹੜੀ ਪਾਣੀ ਦੀਆਂ ਲੋੜਾਂ ਪੂਰੀਆਂ ਕਰਦੀ।
ਜਨਮ ਲੈਣ ਵਾਲੇ ਪੰਦਰਾਂ ਬੱਚਿਆਂ ਵਿਚੋਂ ਜੀਵਤ ਰਹਿਣ ਵਾਲੇ ਮਿਲਖਾ ਸਿੰਘ ਹੋਰੀਂ ਅੱਠ ਭੈਣ ਭਾਈ ਸਨ। ਪੰਜ ਭਰਾ ਤੇ ਤਿੰਨ ਭੈਣਾਂ। ਵੱਡਾ ਅਮੀਰ ਸਿੰਘ, ਫਿਰ ਦੌਲਤ ਸਿੰਘ, ਮੱਖਣ ਸਿੰਘ, ਮਿਲਖਾ ਸਿੰਘ ਤੇ ਸਭ ਤੋਂ ਛੋਟਾ ਗੋਬਿੰਦ ਸਿੰਘ ਸੀ। ਭੈਣਾਂ ਈਸ਼ਰ, ਹਰਬੰਸ ਤੇ ਮਖਣੀ ਸਨ। ਮਾਂ ਸਵੱਖਤੇ ਉਠਦੀ, ਚੱਕੀ ਝੋਂਦੀ, ਧਾਰਾਂ ਕੱਢਦੀ, ਚਾਟੀ ਵਿਚ ਮਧਾਣੀ ਪਾਉਂਦੀ ਤੇ ਵੱਡੇ ਟੱਬਰ ਦਾ ਖਾਣਾ ਤਿਆਰ ਕਰਦੀ। ਦਾਲਾਂ ਰਿਝਦੀਆਂ, ਤੰਦੂਰ ਤਪਦਾ ਤੇ ਰੋਟੀਆਂ ਦੇ ਪੂਰ ਲਹਿੰਦੇ। ਮਾਂ ਘਰ ਦੇ ਜੀਆਂ ਨੂੰ ਰੀਝ ਨਾਲ ਖਾਣਾ ਖੁਆਉਂਦੀ। ਦਾਲ ਸਬਜ਼ੀ ਵਿਚ ਦੇਸੀ ਘਿਓ ਤਰੋ ਤਰ ਹੁੰਦਾ। ਉਨ੍ਹਾਂ ਦਿਨਾਂ ਵਿਚ ਧੀਆਂ ਪੁੱਤਰਾਂ ਦੇ ਛੋਟੇ ਹੁੰਦਿਆਂ ਹੀ ਵਿਆਹ ਕਰ ਦਿੱਤੇ ਜਾਂਦੇ ਸਨ। ਅਮੀਰ ਸਿੰਘ, ਦੌਲਤ ਸਿੰਘ, ਮੱਖਣ ਸਿੰਘ, ਹਰਬੰਸ ਕੌਰ ਤੇ ਈਸ਼ਰ ਕੌਰ ਪਾਕਿਸਤਾਨ ਬਣਨ ਤੋਂ ਪਹਿਲਾਂ ਹੀ ਵਿਆਹ ਦਿੱਤੇ ਗਏ ਸਨ ਤੇ ਉਨ੍ਹਾਂ ਦੇ ਬਾਲ ਬੱਚੇ ਵੀ ਹੋ ਗਏ ਸਨ। ਦੇਸ਼ ਦੀ ਵੰਡ ਵੇਲੇ ਮੱਖਣ ਸਿੰਘ ਫੌਜ ਵਿਚ ਸੀ ਅਤੇ ਮਿਲਖਾ ਸਿੰਘ ਸਕੂਲੇ ਪੜ੍ਹ ਰਿਹਾ ਸੀ।
ਸੰਪੂਰਨ ਸਿੰਘ ਦੇ ਵੱਡੇ ਤਿੰਨੇ ਪੁੱਤਰ ਪੜ੍ਹ ਨਹੀਂ ਸੀ ਸਕੇ। ਪਿਤਾ ਸਮਝਦਾ ਸੀ ਕਿ ਕੋਈ ਪੜ੍ਹ ਲਵੇਗਾ ਤਾਂ ਉਹਦੀ ਜੂੰਨ ਸੰਵਰ ਜਾਵੇਗੀ। ਮਿਲਖਾ ਸਿੰਘ ਦਾ ਬਚਪਨ ਖੇਡਣ ਮੱਲ੍ਹਣ ਵਾਲੇ ਆਮ ਨਿਆਣਿਆਂ ਵਾਂਗ ਬੀਤ ਰਿਹਾ ਸੀ। ਉਸ ਨੂੰ ਉਹਦੀ ਰੁਚੀ ਦੇ ਉਲਟ ਲਾਗਲੇ ਪਿੰਡ ਪੜ੍ਹਨੇ ਪਾ ਦਿੱਤਾ ਗਿਆ। ਉਹ ਬੋਰੀ ਬਸਤਾ ਲੈ ਕੇ ਮਦਰੱਸੇ ਜਾਂਦਾ ਜਿਥੇ ਮੌਲਵੀ ਗ਼ੁਲਾਮ ਮੁਹੰਮਦ ਉਸ ਨੂੰ ਉਰਦੂ ਦੇ ਅੱਖਰ ਸਿਖਾਉਂਦਾ ਅਤੇ ਹਿਸਾਬ ਦੇ ਸੁਆਲ ਸਮਝਾਉਂਦਾ। ਸ਼ੁਕਰਵਾਰ ਦੇ ਦਿਨ ਉਹ ਮਦਰੱਸੇ ਦੀ ਸਾਫ ਸਫਾਈ ਕਰ ਕੇ ਲੇਪਾ ਪੋਚਾ ਕਰਦੇ। ਮਦਰੱਸੇ ਤੋਂ ਛੁੱਟੀ ਮਿਲਦੀ ਤਾਂ ਉਹ ਟਟੀਹਰੀ ਬਣਿਆ ਘਰ ਨੂੰ ਦੌੜਦਾ।
ਲਾਗਲੇ ਪਿੰਡੋਂ ਮੁੱਢਲੀਆਂ ਚਾਰ ਜਮਾਤਾਂ ਪੜ੍ਹ ਕੇ ਮਿਲਖਾ ਸਿੰਘ ਤੇ ਉਹਦਾ ਦੋਸਤ ਸਾਹਿਬ ਸਿੰਘ ‘ਸਹਿਬੂ’ ਪੰਜਵੀਂ ਜਮਾਤ ਕੋਟ ਅੱਦੂ ਦੇ ਸਕੂਲ ਵਿਚ ਪੜ੍ਹਨ ਲੱਗੇ। ਕੋਟ ਅੱਦੂ ਗੋਬਿੰਦਪੁਰੇ ਤੋਂ ਸੱਤ ਮੀਲ ਯਾਨੀ ਗਿਆਰਾਂ ਕਿਲੋਮੀਟਰ ਦੂਰ ਸੀ ਜਿਥੇ ਪਹੁੰਚਣ ਨੂੰ ਦੋ ਘੰਟੇ ਲੱਗਦੇ। ਸਵੇਰੇ ਮੁਲਤਾਨ ਵਾਲੀ ਗੱਡੀ ਚੀਕ ਮਾਰ ਕੇ ਲੰਘਦੀ ਤਾਂ ਉਹ ਘਰੋਂ ਤੁਰ ਪੈਂਦੇ। ਗੱਡੀ ਸਕੂ ਲੱਗਣ ਤੋਂ ਦੋ ਘੰਟੇ ਪਹਿਲਾਂ ਲੰਘਦੀ ਸੀ ਜਿਸ ਨਾਲ ਪਤਾ ਲੱਗ ਜਾਂਦਾ ਸੀ ਕਿ ਸਕੂਲ ਜਾਣ ਦਾ ਵਕਤ ਹੋ ਗਿਆ। ਉਸ ਇਲਾਕੇ ਵਿਚ ਗਰਮੀ ਏਨੀ ਪੈਂਦੀ ਸੀ ਕਿ ਪਾਰਾ 50 ਡਿਗਰੀ ਤੋਂ ਵੀ ਉਪਰ ਚਲਾ ਜਾਂਦਾ ਸੀ। ਪੜ੍ਹਨ ਉਹ ਨੰਗੇ ਪੈਰੀਂ ਜਾਂਦਾ। ਰੇਤਲੇ ਰਾਹ ਉਤੇ ਬਾਲਕ ਮਿਲਖਾ ਸਿੰਘ ਦੇ ਪੈਰ ਤਪਦੇ ਤਾਂ ਉਹ ਦੌੜ ਕੇ ਕਿਸੇ ਕਿੱਕਰੀ ਦੀ ਛਾਵੇਂ ਖੜ੍ਹ ਕੇ ਠੰਢੇ ਕਰਦਾ। ਫਿਰ ਛਾਂ ਤੋਂ ਛਾਂ ਵੱਲ ਦੌੜਦਾ। ਕਦੇ ਦੌੜਦਾ, ਕਦੇ ਖੜ੍ਹਦਾ, ਉਹ ਸੱਤ ਮੀਲ ਦਾ ਪੈਂਡਾ ਮੁਕਾਉਂਦਾ ਘਰ ਪਹੁੰਚਦਾ। ਤੱਤੀ ਰੇਤ ਉਤੇ ਲਾਈਆਂ ਦੌੜਾਂ ਉਹਦੇ ਜੀਵਨ ਦੀਆਂ ਮੁੱਢਲੀਆਂ ਦੌੜਾਂ ਸਨ ਜੋ ਬਾਅਦ ਵਿਚ ਓਲੰਪਿਕ ਖੇਡਾਂ ਤਕ ਜਾ ਪੁੱਜੀਆਂ। ਸਿਆਲ ਵਿਚ ਕੋਰਾ ਪੈਂਦਾ ਤਾਂ ਉਹ ਦੌੜ ਕੇ ਪੈਰ ਗਰਮਾਉਂਦਾ। ਇੰਜ ਉਹਦੀਆਂ ਲੱਤਾਂ ਵਿਚ ਤਾਕਤ ਭਰਦੀ ਗਈ ਪਰ ਸਰੀਰ ਇਕਹਿਰਾ ਹੀ ਰਿਹਾ। ਆਪਣੇ ਹਾਣੀਆਂ ਨਾਲ ਖੇਡਦਾ ਤਾਂ ਕਿਸੇ ਨੂੰ ਡਾਹੀ ਨਾ ਦਿੰਦਾ।
ਕੋਟ ਅੱਦੂ ਤੋਂ ਸੱਤਵੀਂ ਜਮਾਤ ਪਾਸ ਕਰ ਕੇ ਮਿਲਖਾ ਸਿੰਘ ਅੱਠਵੀਂ ਵਿਚ ਮੁਲਤਾਨ ਛਾਉਣੀ ਦੇ ਸਕੂਲ ਵਿਚ ਜਾ ਦਾਖਲ ਹੋਇਆ। ਉਥੇ ਉਹਦਾ ਵੱਡਾ ਭਰਾ ਮੱਖਣ ਸਿੰਘ ਫੌਜ ਵਿਚ ਭਰਤੀ ਸੀ। ਉਹ ਉਨ੍ਹਾਂ ਕੋਲ ਰਹਿੰਦਾ ਤੇ ਛੁੱਟੀ ਵਾਲੇ ਦਿਨ ਪਿੰਡ ਪਹੁੰਚ ਜਾਂਦਾ। ਉਦੋਂ ਤਕ ਦਿਨ ਸੋਹਣੇ ਲੰਘ ਰਹੇ ਸਨ। ਜਾਪਦਾ ਸੀ ਮਿਲਖਾ ਸਿੰਘ ਪੜ੍ਹ ਲਿਖ ਕੇ ਸੌਖਾ ਜੀਵਨ ਜੀਵੇਗਾ ਤੇ ਮਾਪਿਆਂ ਦੀ ਸੇਵਾ ਕਰੇਗਾ। ਫਿਰ 1947 ਦਾ ਸਾਲ ਆ ਗਿਆ। ਮਾਰ-ਧਾੜ ਵਾਲਾ ਸਾਲ। ਆਜ਼ਾਦੀ ਦੇ ਨਾਂ ਉਤੇ ਪੰਜਾਬੀਆਂ ਦੀ ਬਰਬਾਦੀ ਦਾ ਸਾਲ, ਜਿਸ ਵਿਚ ਮਿਲਖਾ ਸਿੰਘ ਦੇ ਮਾਂ ਬਾਪ, ਭੈਣ ਭਾਈ ਤੇ ਬੱਚੇ ਮਾਰੇ ਗਏ। ਫਿਰ ਮਿਲਖਾ ਸਿੰਘ ਰਾਖ ‘ਚੋਂ ਉੱਗਿਆ।
ਮਿਲਖਾ ਸਿੰਘ ਦੀ ਜਨਮ ਮਿਤੀ ਦਾ ਕਿਸੇ ਨੂੰ ਵੀ ਪੱਕਾ ਪਤਾ ਨਹੀਂ। ਉਂਜ ਉਹਦੀਆਂ ਤਿੰਨ ਜਨਮ ਮਿਤੀਆਂ ਲਿਖੀਆਂ ਮਿਲਦੀਆਂ ਹਨ। 20 ਨਵੰਬਰ 1929, 17 ਅਕਤੂਬਰ 1935 ਅਤੇ 20 ਨਵੰਬਰ 1935, ਦੇਸ਼ ਦੀ ਵੰਡ ਵੇਲੇ ਉਹ ਅੱਠਵੀਂ ‘ਚ ਪੜ੍ਹਦਾ ਸੀ। ਅੰਦਾਜ਼ੇ ਨਾਲ ਉਹਦਾ ਜਨਮ ਸਾਲ 1931-32 ਦਾ ਮੰਨਿਆ ਜਾ ਸਕਦੈ। ਉਹ ਲਗਭਗ ਸੱਠ ਸਾਲ ਚੰਡੀਗੜ੍ਹ ਦੇ ਖੇਡ ਮੈਦਾਨਾਂ ਤੇ ਪਾਰਕਾਂ ‘ਚ ਜੌਗਿੰਗ ਕਰਦਾ ਅਤੇ ਗੌਲਫ਼ ਖੇਡਦਾ ਰਿਹਾ। ਉਹਦੀ ਸਿਹਤ ਵੱਲ ਵੇਖਦਿਆਂ ਲੱਗਦਾ ਸੀ ਕਿ ਸੈਂਚਰੀ ਮਾਰ ਜਾਵੇਗਾ। ਪਰ ਕਰੋਨਾ ਉਸ ਮਹਾਨ ਦੌੜਾਕ ਨੂੰ 90ਵਿਆਂ ਦੀ ਉਮਰ ਵਿਚ ਲੈ ਬੈਠਾ। ਪਾਸ਼ ਨੇ ਉਹਦੀ ਸਵੈਜੀਵਨੀ ઑਫਲਾਈਂਗ ਸਿੱਖ ਮਿਲਖਾ ਸਿੰਘ਼ ਲਿਖੀ ਸੀ ਤੇ ਮੈਂ ਉਹਦੀ ਜੀਵਨੀ ઑਉਡਣਾ ਸਿੱਖ ਮਿਲਖਾ ਸਿੰਘ਼ ਛਪਵਾਈ ਜਿਸ ਦੇ ਸਰਵਰਕ ਉਤੇ ਦਰਜ ਹੈ:
ਅਣਵੰਡੇ ਪੰਜਾਬ ਵਿਚ ਜ਼ਿਲ੍ਹਾ ਮੁਜ਼ੱਫਰਗੜ੍ਹ ਦੇ ਪਿੰਡ ਗੋਬਿੰਦਪੁਰਾ ਵਿਖੇ ਇਕ ਗ਼ਰੀਬ ਕਿਸਾਨ ਘਰ ਦਾ ਜੰਮਪਲ ਹੋ ਕੇ, 1947 ਦੀ ਦੇਸ਼-ਵੰਡ ਸਮੇਂ ਆਪਣੀਆਂ ਅੱਖਾਂ ਸਾਹਮਣੇ ਮਾਂ ਬਾਪ ਤੇ ਭੈਣ ਭਰਾ ਕਤਲ ਹੁੰਦੇ ਵੇਖ ਕੇ, ਬਚਪਨ ਤੇ ਭਵਿੱਖ ਟੁਕੜੇ ਟੁਕੜੇ ਕਰਾ ਕੇ, ਮਾਤਭੂਮੀ ਤੋਂ ਉੱਜੜ ਪੁੱਜੜ ਕੇ, ਅਨਾਥ ਹੋ ਕੇ, ਭੁੱਖੇ ਪਿਆਸੇ ਰਹਿ ਕੇ, ਜੇਲ੍ਹ ਦੀ ਹਵਾ ਖਾ ਕੇ, ਅੰਤਾਂ ਦੀਆਂ ਦੁਸ਼ਵਾਰੀਆਂ ‘ਚੋਂ ਲੰਘ ਕੇ, ਫੌਜ ਵਿਚ ਭਰਤੀ ਹੋ ਕੇ, ਵੱਡੀ ਉਮਰ ‘ਚ ਦੌੜ ਮੁਕਾਬਲੇ ਸ਼ੁਰੂ ਕਰ ਕੇ ਤੇ ਫਿਰ ઑਦੌੜ ਦਾ ਬਾਦਸ਼ਾਹ਼ ਬਣ ਕੇ ਜੋ ਮਿਸ਼ਾਲ ਮਿਲਖਾ ਸਿੰਘ ਨੇ ਜਗਾਈ ਉਹ ਸਾਡੇ ਸਭਨਾਂ ਲਈ ਚਾਨਣ ਮੁਨਾਰਾ ਹੈ। ਮਿਲਖਾ ਸਿੰਘ ਦੀ ਜਗਾਈ ਮਿਸ਼ਾਲ ਹਰ ਬੱਚੇ ਨੂੰ, ਹਰ ਨੌਜੁਆਨ ਨੂੰ, ਹੌਂਸਲਾ ਹਾਰੀ ਬੈਠੇ ਹਾਰੀ-ਸਾਰੀ ਨੂੰ, ਡਿੱਗੇ ਢੱਠੇ ਇਨਸਾਨਾਂ ਨੂੰ ਉੱਚੀਆਂ ਉਡਾਰੀਆਂ ਭਰਨ ਅਤੇ ਮੰਜ਼ਿਲਾਂ ਮਾਰਨ ਲਈ ਉਕਸਾ ਸਕਦੀ ਹੈ। ਉਨ੍ਹਾਂ ਲਈ ਚਾਨਣ ਮੁਨਾਰਾ ਹੋ ਸਕਦੀ ਹੈ, ਰਾਹਦਸੇਰਾ ਹੋ ਸਕਦੀ ਹੈ, ਰਹਿਬਰ ਬਣ ਸਕਦੀ ਹੈ। ਮਿਲਖਾ ਸਿੰਘ ਦੀ ਦੌੜ, ਤੇਜ਼ ਕਦਮਾਂ ਨਾਲ ਕੇਵਲ 400 ਮੀਟਰ ਦੀ ਦੌੜ ਹੀ ਨਹੀਂ ਬਲਕਿ ਹਰ ਬਾਲਕ ਅੰਦਰ ਸੁੱਤੀਆਂ ਪਈਆਂ ਬੇਅੰਤ ਸੰਭਾਵਨਾਵਾਂ ਜਗਾਉਣ ਦੀ ਦੌੜ ਹੈ। ਪਰ ਇਰਾਦੇ ਦੀ ਦ੍ਰਿੜਤਾ, ਸਦੀਵੀ ਲਗਨ ਅਤੇ ਅਣਥੱਕ ਮਿਹਨਤ ਮਿਲਖਾ ਸਿੰਘ ਵਰਗੀ ਹੋਣੀ ਚਾਹੀਦੀ ਹੈ।
ੲੲੲ

 

Check Also

ਡਿੰਗਕੋ ਸਿੰਘ ਨੂੰ ਯਾਦ ਕਰਦਿਆਂ

ਹੁਣ ਨਹੀਂ ਬੱਜੇਗਾ ਕਦੇ ਡਿੰਗਕੋ ਦਾ ਡੰਕਾ…! ਡਾ. ਬਲਜਿੰਦਰ ਸਿੰਘ ਭਾਰਤ ਵੱਲੋਂ ਸੰਨ 1998 ਵਿੱਚ …