Breaking News
Home / ਜੀ.ਟੀ.ਏ. ਨਿਊਜ਼ / ਸਸਕੈਚਵਨ ਫਰਸਟ ਨੇਸ਼ਨ ਨੂੰ ਪੁਰਾਣੇ ਰੈਜ਼ੀਡੈਂਸ਼ੀਅਲ ਸਕੂਲ ਨੇੜੇ ਮਿਲੀਆਂ ਸੈਂਕੜੇ ਕਬਰਾਂ

ਸਸਕੈਚਵਨ ਫਰਸਟ ਨੇਸ਼ਨ ਨੂੰ ਪੁਰਾਣੇ ਰੈਜ਼ੀਡੈਂਸ਼ੀਅਲ ਸਕੂਲ ਨੇੜੇ ਮਿਲੀਆਂ ਸੈਂਕੜੇ ਕਬਰਾਂ

ਜਸਟਿਨ ਟਰੂਡੋ ਨੇ ਪ੍ਰਗਟਾਇਆ ਦੁੱਖ
ਟੋਰਾਂਟੋ : ਸਸਕੈਚਵਨ ਵਿੱਚ ਕਾਓਐਸਿਸ ਫਰਸਟ ਨੇਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੁਰਾਣੇ ਰੈਜ਼ੀਡੈਂਸ਼ੀਅਲ ਸਕੂਲ ਨੇੜੇ ਸੈਂਕੜੇ ਕਬਰਾਂ ਮਿਲੀਆਂ ਹਨ ਤੇ ਇਹ ਨਿਸ਼ਾਨਬੱਧ ਵੀ ਨਹੀਂ ਹਨ। ਬੁੱਧਵਾਰ ਨੂੰ ਜਾਰੀ ਕੀਤੀ ਗਈ ਮੀਡੀਆ ਐਡਵਾਈਜ਼ਰੀ ਅਨੁਸਾਰ ਕਾਓਐਸਿਸ ਫਰਸਟ ਨੇਸ਼ਨ ਵੱਲੋਂ ਮੈਰੀਵਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੇ ਨਾਲ ਲੱਗਦੇ ਇਲਾਕੇ ਦਾ ਰਡਾਰ ਸਕੈਨ ਮੁਕੰਮਲ ਕਰ ਲਿਆ ਹੈ ਤੇ ਇੱਥੇ ਸੈਂਕੜੇ ਦੀ ਗਿਣਤੀ ਵਿੱਚ ਕਬਰਾਂ ਮਿਲੀਆਂ ਹਨ। ਫੈਡਰੇਸ਼ਨ ਆਫ ਸੌਵਰੇਨ ਇੰਡੀਜੀਨਸ ਨੇਸ਼ਨਜ਼ (ਐਫ ਐਸ ਆਈ ਐਨ) ਨੇ ਇੱਕ ਐਡਵਾਈਜ਼ਰੀ ਵਿੱਚ ਆਖਿਆ ਹੈ ਕਿ ਕੈਨੇਡਾ ਵਿੱਚ ਹੁਣ ਤੱਕ ਮਿਲੀਆਂ ਇਹ ਕਬਰਾਂ ਅਤੀਤ ਵਿੱਚ ਹੋਈਆਂ ਵਧੀਕੀਆਂ ਦਾ ਠੋਸ ਸਬੂਤ ਹਨ। ਕਾਓਐਸਿਸ ਫਰਸਟ ਨੇਸ਼ਨ ਵੱਲੋਂ ਇਸ ਸਬੰਧ ਵਿੱਚ ਰਸਮੀ ਐਲਾਨ ਕੀਤਾ ਜਾਵੇਗਾ ਤੇ ਹੋਰ ਵੇਰਵੇ ਮੁਹੱਈਆ ਕਰਵਾਏ ਜਾਣਗੇ। ਯੂਨੀਵਰਸਿਟੀ ਆਫ ਰੇਜਾਈਨਾ ਅਨੁਸਾਰ ਮੈਰੀਵਲ ਰੈਜ਼ੀਡੈਂਸ਼ੀਅਲ ਸਕੂਲ 1899 ਤੋਂ 1997 ਤੱਕ ਕਿਊਐਪਲ ਵੈਲੀ ਵਿੱਚ ਚਲਾਇਆ ਜਾ ਰਿਹਾ ਸੀ। ਮੈਰੀਵਲ ਦਾ ਕੰਮਕਾਜ ਰੋਮਨ ਕੈਥੋਲਿਕ ਚਰਚ ਵੱਲੋਂ ਚਲਾਇਆ ਜਾ ਰਿਹਾ ਸੀ ਤੇ 1981 ਵਿੱਚ ਇਸ ਦਾ ਕੰਮਕਾਜ ਕਾਓਐਸਿਸ ਫਰਸਟ ਨੇਸ਼ਨ ਵੱਲੋਂ ਸਾਂਭ ਲਿਆ ਗਿਆ।
ਬਾਅਦ ਵਿੱਚ 1999 ਵਿੱਚ ਇਸ ਰੈਜ਼ੀਡੈਂਸ਼ੀਅਲ ਸਕੂਲ ਨੂੰ ਖ਼ਤਮ ਕਰਕੇ ਇੱਥੇ ਡੇਅ ਸਕੂਲ ਖੋਲ੍ਹ ਦਿੱਤਾ ਗਿਆ। ਕਮਿਊਨਿਟੀ ਨੂੰ ਸਸਕੈਚਵਨ ਪੌਲੀਟੈਕਨਿਕ ਦੀ ਅੰਡਰਗ੍ਰਾਊਂਡ ਰਡਾਰ ਡਿਟੈਕਸ਼ਨ ਟੀਮ ਨਾਲ ਕੰਮ ਕਰਨ ਲਈ ਫੈਡਰਲ ਸਰਕਾਰ ਤੋਂ ਗ੍ਰਾਂਟ ਵੀ ਹਾਸਲ ਹੋਈ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਨ੍ਹਾਂ ਨਵੀਆਂ ਕਬਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਮੇਰਾ ਦਿਲ ਦੁਖ ਨਾਲ ਭਰ ਗਿਆ ਹੈ। ਅਜਿਹੇ ਖੁਲਾਸੇ ਲਗਾਤਾਰ ਹੋ ਰਹੇ ਹਨ ਅਤੇ ਇਹ ਉਸ ਦੌਰ ਦੇ ਰੰਗਭੇਦ ਅਤੇ ਜਾਤੀ ਭੇਦਭਾਵ ਦੇ ਮਾਮਲਿਆਂ ਨੂੰ ਵੀ ਸਾਹਮਣੇ ਲਿਆ ਰਹੇ ਹਨ। ਅਤੀਤ ਵਿਚ ਜੋ ਕੁਝ ਵੀ ਹੋਇਆ, ਉਹ ਬਹੁਤ ਦੁਖਦਾਈ ਹੈ। ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਦੂਰ ਕਰ ਦਿੱਤਾ ਗਿਆ ਅਤੇ ਹੁਣ ਉਨ੍ਹਾਂ ਦੇ ਪਰਿਵਾਰਾਂ ਦਾ ਦੁਖ ਇਕ ਵਾਰ ਫਿਰ ਤੋਂ ਹਰਾ ਹੋ ਜਾਵੇਗਾ। ਇਹ ਸਭ ਨਹੀਂ ਹੋਣਾ ਚਾਹੀਦਾ ਸੀ ਅਤੇ ਇਹ ਕੈਨੇਡਾ ਦੇ ਅਤੀਤ ਦੇ ਧੱਬੇ ਹਨ, ਜਿਨ੍ਹਾਂ ਨੂੰ ਅਸੀਂ ਦੂਰ ਕਰਨ ਦਾ ਯਤਨ ਕਰਾਂਗੇ। ਸਾਡੀ ਕੋਸ਼ਿਸ਼ ਹੈ ਕਿ ਕੈਨੇਡਾ ਨੂੰ ਭਵਿੱਖ ਵਿਚ ਇਸ ਪ੍ਰਕਾਰ ਦੇ ਸਾਰੇ ਧੱਬਿਆਂ ਤੋਂ ਦੂਰ ਰੱਖਿਆ ਜਾਵੇ ਅਤੇ ਇਕ ਬਿਹਤਰ ਕੈਨੇਡਾ ਬਣਾਇਆ ਜਾਵੇ। ਮੈਂ ਇਸ ਦੁੱਖ ਅਤੇ ਸ਼ੋਕ ਦੀ ਘੜੀ ਵਿਚ ਪੀੜਤ ਪਰਿਵਾਰਾਂ ਦੇ ਨਾਲ ਹਾਂ।

 

Check Also

ਸ੍ਰੀ ਕਰਤਾਰਪੁਰ ਸਾਹਿਬ ‘ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ

ਲਹਿੰਦੇ ਪੰਜਾਬ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕੀਤਾ ਬੁੱਤ ਦਾ ਉਦਘਾਟਨ ਲਾਹੌਰ/ਬਿਊਰੋ …