Breaking News
Home / ਸੰਪਾਦਕੀ / ਪੰਜਾਬ ਲਈ ਖ਼ਤਰੇ ਦੀ ਘੰਟੀ ਵੱਜਣ ਨੂੰ ਤਿਆਰ!

ਪੰਜਾਬ ਲਈ ਖ਼ਤਰੇ ਦੀ ਘੰਟੀ ਵੱਜਣ ਨੂੰ ਤਿਆਰ!

ਪੰਜਾਬ ਦਾ ਜ਼ਮੀਨੀ ਪਾਣੀ ਧਰਤੀ ਹੇਠਲੀਆਂ ਤਿੰਨ ਪਰਤਾਂ ਵਿੱਚ ਹੈ। ਪਹਿਲੀ ਪਰਤ 10 ਤੋਂ 20 ਫੁੱਟ ਤੱਕ ਹੈ। ਇਸ ਵਿਚਲਾ ਪਾਣੀ ਕਈ ਦਹਾਕੇ ਪਹਿਲਾਂ ਖਤਮ ਹੋ ਚੁੱਕਾ ਹੈ। ਦੂਜੀ ਪਰਤ ਲੱਗਭੱਗ 100 ਤੋਂ 200 ਫੁੱਟ ਉੱਤੇ ਹੈ ਇਹ ਵੀ 10 ਸਾਲ ਪਹਿਲਾਂ ਸੁੱਕ ਗਈ ਸੀ। ਹੁੱਣ ਪੰਜਾਬ ਤੀਜੀ ਪਰਤ, ਜੋ ਕਿ 350 ਫੁੱਟ ਤੋਂ ਵੱਧ ਡੂੰਘੀ ਹੈ, ਨੂੰ ਵਰਤ ਰਿਹਾ ਹੈ ਜੋ ਕਿ ਅਗਲੇ ਦਹਾਕੇ ਤੱਕ ਖਾਲ਼ੀ ਹੋ ਜਾਵੇਗੀ। ਇਸ ਪਰਤ ਵਿਚਲੇ ਪਾਣੀ ਦੇ ਖਤਮ ਹੋਣ ਨਾਲ ਪੰਜਾਬ ਦੇ ਪਾਣੀ ਦੀਆਂ ਆਖਰੀ ਘੁੱਟਾਂ ਵੀ ਖਤਮ ਹੋ ਜਾਣਗੀਆਂ। ਕਰੋੜਾਂ ਤੋਂ ਲੱਖਾਂ ਦੀ ਹੋਈ ਜ਼ਮੀਨ 2 ਦਹਾਕਿਆਂ ਵਿੱਚ ਹਜ਼ਾਰਾਂ ਦੀ ਵੀ ਨਹੀਂ ਹੋਵੇਗੀ।
ਸਾਇੰਸ ਦੱਸਦੀ ਹੈ ਕਿ ਤਿੰਨਾਂ ਪਰਤਾਂ ਵਿੱਚੋ ਕੇਵਲ ਉਪਰਲੀ ਪਰਤ ਹੀ ਮੀਂਹ ਅਤੇ ਦਰਿਆਈ ਪਾਣੀ ਨਾਲ ਕੁੱਝ ਕੁੱਝ ਭਰ ਸਕਦੀ ਹੈ। ਜੇ ਪਾਣੀ ਭਰ ਵੀ ਜਾਵੇ ਇਹ ਪਾਣੀ ਕਈ ਸਦੀਆਂ ਪੀਣ ਯੋਗ ਨਹੀਂ ਹੋਵੇਗਾ ਦੂਜੀ ਅਤੇ ਤੀਜੀ ਪਰਤ ਵਿੱਚ ਪਾਣੀ ਲੱਖਾਂ ਸਾਲਾਂ ਵਿੱਚ ਪਹੁੰਚਦਾ ਹੈ। ਇਸ ਵਿਚਲਾ ਤੁਬਕਾ ਤੁਬਕਾ ਬੇਹੱਦ ਕੀਮਤੀ ਅਤੇ ਕੁਦਰਤ ਦਾ ਪੰਜਾਬ ਨੂੰ ਤੋਹਫ਼ਾ ਹੈ।
ਭਾਰਤ ਸਰਕਾਰ ਨੂੰ ਦੁਨੀਆਂ ਭਰ ਦੇ ਸਾਇੰਸਦਾਨ ਕਈ ਦਹਾਕਿਆਂ ਤੋਂ ਚੇਤਾਵਨੀਆਂ ਦੇ ਰਹੇ ਸਨ ਕਿ ਪੰਜਾਬ ਵਿੱਚ ਖੇਤੀ ਅਤੇ ਉਦਯੋਗ ਦਰਿਆਈ ਪਾਣੀਆਂ ਨਾਲ ਕਰੋ, ਕਿਉਂਕਿ ਧਰਤੀ ਹੇਠਲਾ ਪਾਣੀ ਇਸ ਖੇਤਰ ਵਿੱਚ ਮਨੁੱਖੀ ਜੀਵਨ ਲਈ ਅਤਿ ਜ਼ਰੂਰੀ ਹੈ। ਪਰ ਦਰਿਆਈ ਪਾਣੀਆਂ ਦੇ ਲਗਾਤਾਰ ਪੰਜਾਬੋਂ ਬਾਹਰ ਜਾਣ ਕਾਰਨ ਪੰਜਾਬੀ ਹੇਠਲਾ ਪਾਣੀ ਵਰਤਣ ਲਈ ਮਜਬੂਰ ਹੋ ਗਏ। ਅਜਿਹੇ ਹਾਲਾਤਾਂ ਵਿੱਚ ਕਿਸਾਨਾਂ ਨੂੰ ਝੋਨਾ ਲਾਉਣ ਵਰਗੇ ਦੋਸ਼ ਲਾ ਕੇ ਅਸਲੀ ਦੋਸ਼ੀਆਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ। ਪੰਜਾਬ ਦੇ ਪਾਣੀ ਬਾਹਰ ਭੇਜਣ ਵਾਲਿਆਂ ਨੂੰ ਅੱਧਾ ਸਦੀ ਪਹਿਲਾਂ ਪਤਾ ਸੀ ਕਿ ਪੰਜਾਬ ਕਿੱਧਰ ਜਾ ਰਿਹਾ ਹੈ, ਪਰ ਕਿਸਾਨਾਂ ਨੂੰ ਨਹੀਂ ਚਿੰਤਾ ਇਹ ਨਹੀਂ ਕਿ ਪੰਜਾਬ ਰੇਗਿਸਤਾਨ ਬਣੇਗਾ, ਇਹ ਹੈ ਕਿ ਕਿੰਨੀ ਛੇਤੀ ਬਣੇਗਾ।
ਪੰਜਾਬ ਵਿੱਚ ਜ਼ਮੀਨਦੋਜ਼ ਪਾਣੀ 145 ਫੀਸਦੀ ਦਰ ਨਾਲ ਕੱਢਿਆ ਜਾ ਰਿਹਾ ਹੈ, ਜਿਸ ਕਾਰਨ ਪਾਣੀ ਦਾ ਪੱਧਰ ਖ਼ਤਰੇ ਦੀ ਹੱਦ ਪਾਰ ਕਰਦਾ ਜਾ ਰਿਹਾ ਹੈ। ਪੰਜਾਬ ‘ਚ ਕੁੱਲ 138 ਬਲਾਕ ਹਨ। ਇਨ੍ਹਾਂ ਵਿੱਚੋਂ 103 ਅਜਿਹੇ ਹਨ, ਜਿੱਥੇ ਖ਼ਤਰੇ ਦੀ ਹੱਦ ਤੋਂ ਵੱਧ ਪਾਣੀ ਕੱਢਿਆ ਜਾ ਚੁੱਕਾ ਹੈ। 5 ਬਲਾਕ ਖ਼ਤਰੇ ਦੀ ਸਥਿਤੀ ਵਿੱਚ ਹਨ ਤੇ 4 ਬਲਾਕ ਖ਼ਤਰੇ ਵੱਲ ਵੱਧ ਰਹੇ ਹਨ। ਬਾਕੀ ਬਲਾਕਾਂ ਵਿੱਚ ਖ਼ਤਰੇ ਵਾਲੀ ਹਾਲਤ ਨਹੀਂ, ਪਰ ਉਨ੍ਹਾਂ ਦਾ ਪਾਣੀ ਵੀ ਪੀਣਯੋਗ ਨਹੀਂ। ਜ਼ਮੀਨਦੋਜ਼ (ਭਾਰਤ ਸਰਕਾਰ) ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਕੋਈ ਜ਼ਿਲ੍ਹਾ ਅਜਿਹਾ ਨਹੀਂ, ਜਿਸ ਦਾ ਪਾਣੀ ਮਲੀਨ ਨਾ ਹੋਵੇ। ਮਾਲਵੇ ਦੀ ਜ਼ਮੀਨ ਵਿੱਚ ਸੰਖਿਆ (ਆਰਸੈਨਿਕ) ਵੱਡੀ ਮਾਤਰਾ ‘ਚ ਸ਼ਾਮਲ ਹੈ। ਇਸ ਕਾਰਨ ਇਲਾਕੇ ਵਿੱਚ ਕੈਂਸਰ, ਕਾਲਾ ਪੀਲੀਆ, ਬੇਔਲਾਦਪਨ ਤੇ ਕਿਡਨੀ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ।
ਪੰਜਾਬ ਦੇ 13 ਲੱਖ ਟਿਊਬਵੈਲ ਪੰਜਾਬ ਨੂੰ ਲਗਾਤਾਰ ਖ਼ਾਤਮੇ ਵੱਲ ਲਿਜਾ ਰਹੇ ਹਨ। ਇੱਕ ਅੰਦਾਜ਼ੇ ਅਨੁਸਾਰ ਅਗਲੇ 15 ਸਾਲਾਂ ਵਿੱਚ ਬਹੁਤੇ ਮੱਛੀ ਮੋਟਰਾਂ ਵਾਲੇ ਬੋਰ ਸੁੱਕ ਜਾਣਗੇ ਅਤੇ ਪੰਜਾਬ ਦੇ 2.5 ਕਰੋੜ ਲੋਕਾਂ ਕੋਲ ਇਹ ਇਲਾਕਾ ਛੱਡਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚੇਗਾ ਦਰਿਆਈ ਪਾਣੀ ਵਿੱਚ ਸੌ ਤੋਂ ਵੱਧ ਤਰ੍ਹਾਂ ਦੇ ਵੱਖ-ਵੱਖ ਮਿਨਰਲ ਅਤੇ ਸੈਡੀਮੈਂਟ ਹੁੰਦਾ ਹੈ। ਜੋ ਕਿ ਕੁਦਰਤੀ ਤੌਰ ਉੱਤੇ ਵਧੀਆ ਫਸਲਾਂ ਵਾਸਤੇ ਧਰਤੀ ਨੂੰ ਉਪਜਾਊ ਬਣਾ ਕੇ ਰੱਖਦਾ ਹੈ। ਦਰਿਆਈ ਪਾਣੀ ਦੀ ਅਣਹੋਂਦ ਵਿੱਚ ਪੰਜਾਬ ਨੂੰ ਇਹ ਘਾਟ ਖਾਦਾਂ ਅਤੇ ਦਵਾਈਆਂ ਨਾਲ ਪੂਰੀ ਕਰਨੀ ਪਈ ਪੰਜਾਬ ਇੱਕ ਪਾਸੇ ਤਾਜ਼ੇ ਪਾਣੀ ਦਾ ਅਣਮੁੱਲਾ ਜ਼ਖ਼ੀਰਾ ਖਤਮ ਕਰ ਚੁੱਕਾ ਹੈ ਦੂਜੇ ਪਾਸੇ ਦਵਾਈਆਂ ਨਾਲ ਜ਼ਮੀਨ ਦੀ ਉੱਪਰਲੀ ਤਹਿ ਦੂਸ਼ਿਤ ਕਰ ਚੁੱਕਾ ਹੈ। ਪੰਜਾਬ ਕੇਵਲ ਰੇਗਸਤਾਨ ਹੀ ਨਹੀਂ ਬਣੇਗਾ ਬਲਕੇ ਜ਼ਹਿਰੀਲਾ ਰੇਗਸਤਾਨ ਬਣੇਗਾ ਅਤੇ ਅੱਜ ਦੀ ਪੀੜੀ ਸਾਹਮਣੇ ਬਣੇਗਾ।
ਲੋੜ ਤਾਂ ਇਸ ਗੱਲ ਦੀ ਹੈ ਪਾਣੀ ਦੇ ਪ੍ਰਦੂਸ਼ਣ, ਧਰਤੀ ਹੇਠਲੇ ਪਾਣੀ ਦੀ ਬਰਬਾਦੀ ਰੋਕਣ ਲਈ ਕਾਨੂੰਨ ਬਣਨ। ਕੁਦਰਤੀ ਸਾਧਨਾਂ ਦੇ ਨੁਕਸਾਨ ਦਾ ਹਿਸਾਬ-ਕਿਤਾਬ ਵਿਧਾਨ ਸਭਾ ਤੇ ਸੰਸਦ ‘ਚ ਰੱਖ ਕੇ ਵਿਕਾਸ ਦੇ ਨਾਮ ‘ਤੇ ਚੱਲ ਰਹੇ ਚੱਲ ਰਹੇ ਨਦੀ-ਜਲ ਪ੍ਰਦੂਸ਼ਣ ਤੇ ਬਰਬਾਦੀ ਨੂੰ ਪੂਰੇ ਦੇਸ ‘ਚ ਰੁਕਵਾਉਣਾ ਜ਼ਰੂਰੀ ਹੈ। ਜੇ ਇਹ ਨਾ ਹੋਇਆ, ਤਾਂ ਜ਼ਿੰਦਗੀ ਜਿਊਣੀ ਮੁਸ਼ਕਲ ਹੋ ਜਾਵੇਗੀ ਤੇ ਇਹ ਅਖੌਤੀ ਵਿਕਾਸ ਮਨੁੱਖੀ ਹੋਂਦ ਲਈ ਵਿਨਾਸ਼ ਬਣ ਜਾਵੇਗਾ। ਜਿੱਥੇ ਲੋਕ ਬਿਮਾਰ ਹੋਣਗੇ, ਉੱਥੇ ਫਿਰ ਕੌਣ ਉਦਯੋਗ ਲਗਾਏਗਾ। ਫਿਰ ਉੱਥੇ ਕਿਹੋ ਜਿਹਾ ਵਿਕਾਸ ਹੋਵੇਗਾ, ਇਹ ਤੁਸੀਂ ਭਲੀਭਾਂਤ ਜਾਣ ਸਕਦੇ ਹੋ। ਜਿਨ੍ਹਾਂ ਵਿਕਾਸ ਪ੍ਰਾਜੈਕਟਾਂ ਨੇ ਦੇਸ਼ ਤੇ ਮਨੁੱਖਤਾ ਨੂੰ ਤਬਾਹ ਕੀਤਾ ਹੈ, ਉਨ੍ਹਾਂ ਨੂੰ ਰੁਕਵਾਉਣਾ ਤੇ ਲੋਕਾਂ, ਪਾਣੀ, ਜ਼ਮੀਨ, ਜੰਗਲ, ਜੰਗਲੀ ਜੀਵਨ ਨੂੰ ਖੁਸ਼ਹਾਲ ਬਣਾਉਣ ਦਾ ਰਸਤਾ ਸੁਝਾਉਣਾ ਜ਼ਰੂਰੀ ਹੈ। ਇਸ ਸੰਬੰਧੀ ਲੋਕਾਂ ਨੂੰ ਜਾਗ੍ਰਿਤ ਹੋਣਾ ਜ਼ਰੂਰੀ ਹੈ ਤੇ ਇਹ ਮੁੱਦਾ ਸਭ ਸਿਆਸੀ ਪਾਰਟੀਆਂ ਦਾ ਏਜੰਡਾ ਬਣਨਾ ਚਾਹੀਦਾ ਹੈ। ਇਹ ਤਾਂ ਹੀ ਸੰਭਵ ਹੈ ਜੇ ਲੋਕ ਆਪਣੀ ਜ਼ਿੰਦਗੀ ਪ੍ਰਤੀ ਸੁਚੇਤ ਹੋਣਗੇ।

Check Also

ਅਮਰੀਕਾ ਦੀਆਂ ਆਮ ਚੋਣਾਂ ਦੇ ਨਤੀਜੇ

ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਦੀ ਦੁਨੀਆ ਭਰ ਵਿਚ ਚਰਚਾ …