Breaking News
Home / ਸੰਪਾਦਕੀ / ਭਾਰਤ ਦੀਆਂ ਲੋਕ ਸਭਾ ਚੋਣਾਂ ਪੰਜਾਬ ਦੇ ਪ੍ਰਸੰਗ ‘ਚ

ਭਾਰਤ ਦੀਆਂ ਲੋਕ ਸਭਾ ਚੋਣਾਂ ਪੰਜਾਬ ਦੇ ਪ੍ਰਸੰਗ ‘ਚ

ਭਾਰਤ ਦੀਆਂ ਅਠ੍ਹਾਰਵੀਆਂ ਲੋਕ ਸਭਾ ਦੀਆਂ 7ਵੇਂ ਅਤੇ ਆਖ਼ਰੀ ਗੇੜ ਦੀਆਂ ਚੋਣਾਂ ਸ਼ਨਿੱਚਰਵਾਰ ਨੂੰ ਹੋਣ ਜਾ ਰਹੀਆਂ ਹਨ। ਇਸ ਗੇੜ ਵਿਚ ਪੰਜਾਬ ਦੀਆਂ ਚੋਣਾਂ ਵੀ ਹੋਣੀਆਂ ਹਨ। ਚਾਹੇ ਚੰਡੀਗੜ੍ਹ ਅਤੇ ਪੰਜਾਬ ਦੀਆਂ 14 ਸੀਟਾਂ ਹੀ ਹਨ, ਲੋਕ ਸਭਾ ਦੇ 543 ਮੈਂਬਰਾਂ ਵਿਚ ਇਹ ਗਿਣਤੀ ਬਹੁਤ ਘੱਟ ਹੈ ਪਰ ਕਈ ਹੋਰ ਪੱਖਾਂ ਤੋਂ ਪੰਜਾਬ ਦੀ ਮਹੱਤਤਾ ਵਧੇਰੇ ਹੈ। ਇਹ ਛੋਟਾ ਜਿਹਾ ਸਰਹੱਦੀ ਸੂਬਾ ਹੈ। ਪਾਕਿਸਤਾਨ ਦੀਆਂ ਇਸ ‘ਤੇ ਨਜ਼ਰਾਂ ਰਹਿੰਦੀਆਂ ਹਨ। ਅਫ਼ਗਾਨਿਸਤਾਨ ‘ਚੋਂ ਤਰ੍ਹਾਂ-ਤਰ੍ਹਾਂ ਦੇ ਨਸਅਿਾਂ ਦੀ ਤਸਕਰੀ ਲਈ ਵੀ ਇਸ ਸੂਬੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਦੋ ਦਹਾਕੇ ਪਹਿਲਾਂ ਬਣੀ ਆਮ ਆਦਮੀ ਪਾਰਟੀ ਦਾ ਵੀ ਦਿੱਲੀ ਤੋਂ ਬਾਅਦ ਪੰਜਾਬ ਹੀ ਆਧਾਰ ਰਿਹਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਸੂਬੇ ‘ਚੋਂ ਹੀ ਇਸ ਪਾਰਟੀ ਨੂੰ ਵੱਡਾ ਹੁੰਗਾਰਾ ਮਿਲਿਆ ਸੀ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿਚੋਂ ਆਮ ਆਦਮੀ ਪਾਰਟੀ ਨੂੰ 92 ਸੀਟਾਂ ਮਿਲੀਆਂ ਸਨ। ਇਥੇ ਉਸ ਸਮੇਂ ਇਕ ਬਦਲਾਅ ਦੀ ਹਨ੍ਹੇਰੀ ਚੱਲੀ ਸੀ। ਨਵੀਂ ਬਣੀ ਸੂਬਾ ਸਰਕਾਰ ਤੋਂ ਲੋਕਾਂ ਨੂੰ ਵੱਡੀਆਂ ਆਸਾਂ ਸਨ, ਪਰ 2 ਸਾਲਾਂ ਦੇ ਅਰਸੇ ਵਿਚ ਇਹ ਆਸਾਂ ਢਹਿ ਢੇਰੀ ਹੋ ਗਈਆਂ ਹਨ। ਅੱਜ ਹਰ ਪਾਸੇ ਨਿਰਾਸ਼ਾ ਦਿਖਾਈ ਦੇ ਰਹੀ ਹੈ। ਸੂਬੇ ਵਿਚ ਥਾਂ-ਥਾਂ ਵੱਖ-ਵੱਖ ਵਰਗਾਂ ਵਲੋਂ ਧਰਨੇ ਲਾਏ ਜਾ ਰਹੇ ਹਨ ਅਤੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਅਮਨ ਕਾਨੂੰਨ ਦੀ ਹਾਲਤ ਬੇਹੱਦ ਮਾੜੀ ਹੈ। ਸਨਅਤਕਾਰਾਂ ਤੇ ਵਪਾਰੀਆਂ ਤੋਂ ਅਪਰਾਧੀ ਗਰੋਹਾਂ ਵਲੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਨਸ਼ਿਆਂ ਦੀ ਭਰਮਾਰ ਹੈ। ਨੌਜਵਾਨਾਂ ਵਿਚ ਵੱਡੀ ਪੱਧਰ ‘ਤੇ ਬੇਰੁਜ਼ਗਾਰੀ ਪਾਈ ਜਾ ਰਹੀ ਹੈ। ਇਸ ਅਰਸੇ ਵਿਚ ਸਰਕਾਰ ਕੋਈ ਠੋਸ ਪ੍ਰਾਪਤੀਆਂ ਕਰਨ ‘ਚ ਅਸਮਰੱਥ ਰਹੀ ਹੈ।
ਇਸ ਵਾਰ ਸਿਆਸੀ ਦ੍ਰਿਸ਼ ਵੀ ਕਾਫੀ ਹੱਦ ਤਕ ਬਦਲ ਗਿਆ ਹੈ। ਪਿਛਲੇ ਲੰਮੇ ਸਮੇਂ ਤੋਂ ਇਥੇ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਸਹਿਯੋਗ ਬਣਿਆ ਰਿਹਾ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਇਸ ਗੱਠਜੋੜ ਨੇ ਲੰਮਾ ਸਮਾਂ ਰਾਜ ਕੀਤਾ। ਇਸ ਦੇ ਨਾਲ-ਨਾਲ ਕਾਂਗਰਸ ਦਾ ਵੀ ਪ੍ਰਭਾਵ ਲਗਾਤਾਰ ਸੂਬੇ ਵਿਚ ਦੇਖਿਆ ਜਾਂਦਾ ਰਿਹਾ ਹੈ। ਲੰਮੇ ਚੱਲੇ ਕਿਸਾਨ ਅੰਦੋਲਨਾਂ ਨੇ ਵੀ ਕੇਂਦਰ ਸਰਕਾਰ ਨੂੰ ਚੁਣੌਤੀ ਦਿੱਤੀ ਅਤੇ ਅਖ਼ੀਰ ਮੋਦੀ ਸਰਕਾਰ ਵਲੋਂ ਐਲਾਨੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਲਈ ਕੇਂਦਰ ਨੂੰ ਮਜਬੂਰ ਹੋਣਾ ਪਿਆ ਸੀ। ਇਸ ਦੇ ਬਾਵਜੂਦ ਹੁਣ ਵੀ ਕਿਸਾਨ ਵਰਗ ਦੇ ਵੱਡੇ ਹਿੱਸੇ ਵਿਚ ਅਸ਼ਾਂਤੀ ਦਿਖਾਈ ਦਿੰਦੀ ਹੈ, ਜੋ ਸਿਆਸੀ ਪਾਰਟੀਆਂ ਲਈ ਇਕ ਚੁਣੌਤੀ ਬਣੀ ਹੋਈ ਹੈ। ਜਿਥੇ ‘ਆਪ’ ਇਕੱਲੇ ਤੌਰ ‘ਤੇ ਮੈਦਾਨ ਵਿਚ ਉੱਤਰੀ ਹੋਈ ਹੈ, ਉਥੇ ਭਾਜਪਾ ਨੇ ਵੀ ਸੂਬੇ ਵਿਚ ਵੱਖਰੇ ਤੌਰ ‘ਤੇ ਚੋਣ ਲੜਨ ਦੀ ਨੀਤੀ ਅਪਣਾਈ ਹੈ ਅਤੇ ਇਕ ਤਰ੍ਹਾਂ ਨਾਲ ਇਸ ਨੂੰ ਚੁਣੌਤੀ ਦੇ ਰੂਪ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ‘ਇੰਡੀਆ’ ਗੱਠਜੋੜ ਵਲੋਂ ਦੇਸ਼ ਦੇ ਕਈ ਹੋਰ ਸੂਬਿਆਂ ਵਿਚ ਮਿਲ ਕੇ ਚੋਣਾਂ ਲੜੀਆਂ ਜਾ ਰਹੀਆਂ ਹਨ। ਦਿੱਲੀ ਵਿਚ ਵੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੱਠਿਆਂ ਮਿਲ ਕੇ ਚੋਣਾਂ ਲੜ ਰਹੀਆਂ ਹਨ, ਪਰ ਪੰਜਾਬ ਵਿਚ ਇਹ ਦੋਵੇਂ ਪਾਰਟੀਆਂ ਵੱਖੋ-ਵੱਖਰੇ ਤੌਰ ‘ਤੇ ਚੋਣ ਮੈਦਾਨ ਵਿਚ ਉੱਤਰੀਆਂ ਹੋਈਆਂ ਹਨ।
ਚਾਹੇ ਕਾਂਗਰਸ ਦੀ ਕੇਂਦਰ ਦੀ ਲੀਡਰਸ਼ਿਪ ਇੱਥੇ ਚੋਣਾਂ ਆਮ ਆਦਮੀ ਪਾਰਟੀ ਨਾਲ ਰਲ ਕੇ ਲੜਨਾ ਚਾਹੁੰਦੀ ਸੀ ਪਰ ਕਾਂਗਰਸ ਦੀ ਪੰਜਾਬ ਇਕਾਈ ਨੇ ਇਸ ਮਾਮਲੇ ਵਿਚ ਆਪਣੀ ਪਹੁੰਚ ਨੂੰ ਬਿਲਕੁਲ ਸਪੱਸ਼ਟ ਰੱਖਿਆ ਅਤੇ ਆਪਣੇ ਇਰਾਦਿਆਂ ‘ਤੇ ਦ੍ਰਿੜ੍ਹ ਰਹੀ। ਇਸ ਕਰਕੇ ਹੀ ਉਹ ਇਕੱਲਿਆਂ ਚੋਣਾਂ ਲੜਨ ਦੀ ਸਰਗਰਮੀ ਵਿਖਾ ਰਹੀ ਹੈ। ਕਾਂਗਰਸ ਦੀ ਸੂਬਾ ਇਕਾਈ ਦੇ ਇਸ ਫ਼ੈਸਲੇ ਦਾ ਉਨ੍ਹਾਂ ਨੂੰ ਲਾਭ ਪੁੱਜਦਾ ਦਿਖਾਈ ਦੇ ਰਿਹਾ ਹੈ। ਉਂਝ ਇਸ ਸਮੇਂ ਸਾਰੀਆਂ ਪਾਰਟੀਆਂ ਲਈ ਹੀ ਇਹ ਚੋਣਾਂ ਇੱਜ਼ਤ ਦਾ ਸਵਾਲ ਬਣੀਆਂ ਦਿਖਾਈ ਦੇ ਰਹੀਆਂ ਹਨ। ਇਹ ਚੋਣਾਂ ਜਿੱਥੇ ਕੇਂਦਰ ਵਿਚ ਨਵੀਂ ਸਰਕਾਰ ਦਾ ਗਠਨ ਕਰਨਗੀਆਂ, ਉੱਥੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਵਾ ਦੋ ਸਾਲ ਦੀ ਕਾਰਗੁਜਾਰੀ ਪ੍ਰਤੀ ਵੀ ਲੋਕਾਂ ਦਾ ਫਤਵਾ ਸਾਬਤ ਹੋਣਗੀਆਂ।

Check Also

ਸ੍ਰੀਲੰਕਾ ਦੇ ਬਦਲ ਰਹੇ ਹਾਲਾਤ ਦਾ ਗੁਆਂਢੀ ਮੁਲਕਾਂ ‘ਤੇ ਅਸਰ

ਸ੍ਰੀਲੰਕਾ ਵਿਚ ਆਈ ਵੱਡੀ ਤਬਦੀਲੀ ਵਜੋਂ ਅਨੂਰਾ ਦੀਸਾਨਾਇਕੇ ਨੇ ਦੇਸ਼ ਦੇ ਨੌਵੇਂ ਰਾਸ਼ਟਰਪਤੀ ਵਜੋਂ ਸਹੁੰ …