16 C
Toronto
Sunday, October 5, 2025
spot_img
Homeਪੰਜਾਬਹਰਿਮੰਦਰ ਸਾਹਿਬ ਤੇ ਆਲੇ-ਦੁਆਲੇ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਯਤਨਾਂ ਨੂੰ ਢਾਅ...

ਹਰਿਮੰਦਰ ਸਾਹਿਬ ਤੇ ਆਲੇ-ਦੁਆਲੇ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਯਤਨਾਂ ਨੂੰ ਢਾਅ ਲੱਗਣ ਦਾ ਖਦਸ਼ਾ

ਅੰਮ੍ਰਿਤਸਰ ਜ਼ਿਲ੍ਹਾ ਫ਼ਸਲੀ ਰਹਿੰਦ-ਖੂੰਹਦ ਸਾੜਨ ਪੱਖੋਂ ‘ਮੋਹਰੀ’
ਅੰਮ੍ਰਿਤਸਰ/ਬਿਊਰੋ ਨਿਊਜ਼ : ਅਜਿਹੇ ਸਮੇਂ ਜਦੋਂ ਸਰਕਾਰ, ਪ੍ਰਸ਼ਾਸਨ ਅਤੇ ਸ਼੍ਰੋਮਣੀ ਕਮੇਟੀ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਯਤਨਸ਼ੀਲ ਹੈ ਤਾਂ ਉਸ ਵੇਲੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਇਹ ਰਿਪੋਰਟ ਕਿ ਅੰਮ੍ਰਿਤਸਰ ਜ਼ਿਲ੍ਹਾ ਕਣਕ ਦੀ ਫ਼ਸਲ ਦੀ ਰਹਿੰਦ ਖੂੰਹਦ ਨੂੰ ਸਾੜਨ ਵਿੱਚ ਹੋਰਨਾਂ ਸੂਬਿਆਂ ਦੇ ਮੁਕਾਬਲੇ ਮੋਹਰੀ ਹੈ, ਇਸ ਦਿਸ਼ਾ ਵਿੱਚ ਵੱਡੀ ਚਿੰਤਾ ਦਾ ਸਬੱਬ ਹੈ।
ਪੰਜਾਬ ਰਿਮੋਟ ਸੈਂਸਿੰਗ ਬੋਰਡ ਦੀ ਇਕ ਰਿਪੋਰਟ ਤੋਂ ਖੁਲਾਸਾ ਹੋਇਆ ਹੈ ਕਿ ਇਸ ਵਰ੍ਹੇ 10 ਅਪਰੈਲ ਤੋਂ 22 ਮਈ ਤਕ ਸਮੁੱਚੇ ਪੰਜਾਬ ਵਿੱਚ ਕਣਕ ਦੀ ਰਹਿੰਦ ਖੂੰਹਦ ਸਾੜਨ ਦੇ 11005 ਕੇਸ ਸਾਹਮਣੇ ਆਏ ਹਨ, ਜਿਸ ਵਿੱਚੋਂ 1033 ਕੇਸਾਂ ਨਾਲ ਅੰਮ੍ਰਿਤਸਰ ਜ਼ਿਲ੍ਹਾ ਸਿਖਰ ‘ਤੇ ਹੈ। ਸਰਹੱਦੀ ਜ਼ਿਲ੍ਹੇ ਤੋਂ ਬਾਅਦ ਦੂਜਾ ਨੰਬਰ ਸੰਗਰੂਰ (950) ਤੇ ਤੀਜਾ ਫਿਰੋਜ਼ਪੁਰ (823) ਦਾ ਆਉਂਦਾ ਹੈ। ਬਠਿੰਡਾ, ਗੁਰਦਾਸਪੁਰ, ਲੁਧਿਆਣਾ, ਮੋਗਾ ਅਤੇ ਤਰਨਤਾਰਨ ਵਿੱਚ ਰਹਿੰਦ ਖੂੰਹਦ ਸਾੜਨ ਦੇ ਕੇਸਾਂ ਦੀ ਗਿਣਤੀ 700 ਤੋਂ ਵੱਧ ਹੈ। ਸਭ ਤੋਂ ਘੱਟ 28 ਅਜਿਹੇ ਕੇਸ ਐਸਏਐਸ ਨਗਰ ਮੁਹਾਲੀ ਵਿੱਚ ਸਾਹਮਣੇ ਆਏ ਹਨ। ਰੂਪਨਗਰ ਵਿੱਚ ਅਜਿਹੇ ਕੇਸਾਂ ਦੀ ਗਿਣਤੀ 74 ਹੈ। ਹੋਰਨਾਂ ਜ਼ਿਲ੍ਹਿਆਂ ਵਿੱਚ ਅਜਿਹੇ ਕੇਸਾਂ ਦੀ ਗਿਣਤੀ ਸੌ ਤੋਂ ਲੈ ਕੇ ਚਾਰ ਸੌ ਵਿਚਾਲੇ ਹੈ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਨੇ ਇਸ ਰਿਪੋਰਟ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਸੂਬੇ ਵਿਚ ਕਿਸਾਨਾਂ ਨੂੰ ਫਸਲੀ ਰਹਿੰਦ ਖੂੰਹਦ ਸਾੜਨ ਤੋਂ ਡੱਕਣ ਲਈ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ ਹੈ। ਇਸ ਸਬੰਧ ਵਿੱਚ ਪੁਲਿਸ ਕੇਸ ਵੀ ਦਰਜ ਕੀਤੇ ਗਏ, ਪਰ ਇਸ ਦੇ ਬਾਵਜੂਦ ਰਹਿੰਦ ਖੂੰਹਦ ਸਾੜਨ ਦਾ ਅਮਲ ਬੇਰੋਕ ਜਾਰੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਸ ਦੀ ਰੋਕਥਾਮ ਲਈ ਸਖ਼ਤ ਕਾਰਵਾਈ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੀ ਨਿਸਬਤ ਅਜਿਹੇ ਮਾਮਲਿਆਂ ਵਿੱਚ ਕੁਝ ਕਮੀ ਜ਼ਰੂਰ ਆਈ ਹੈ, ਪਰ ਫਿਲਹਾਲ ਇਸ ਦਿਸ਼ਾ ਵਿੱਚ ਵਧੇਰੇ ਠੋਸ ਕਦਮ ਚੁੱਕਣ ਦੀ ਲੋੜ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਪੀਆਰਐਸਸੀ ਦੀ ਇਸ ਰਿਪੋਰਟ ਤੋਂ ਨਿਰਾਸ਼ਾ ਹੋਈ ਹੈ।
ਉਨ੍ਹਾਂ ਐਸਡੀਐਮ ਤੇ ਹੋਰਨਾਂ ਅਧਿਕਾਰੀਆਂ ਨੂੰ ਅਜਿਹੀਆਂ ਘਟਨਾਵਾਂ ਖਿਲਾਫ਼ ਸਖ਼ਤੀ ਵਰਤਣ ਦੀ ਹਦਾਇਤ ਕੀਤੀ ਹੈ। ਐਸਡੀਐਮ ਅਜਨਾਲਾ ਰਜਤ ਓਬਰਾਏ ਨੇ ਅਜਨਾਲਾ ਤਹਿਸੀਲ ਦੇ ਪਿੰਡਾਂ ਦਾ ਦੌਰਾ ਕਰਨ ਮੌਕੇ ਕੁਝ ਥਾਵਾਂ ‘ਤੇ ਰਹਿੰਦ ਖੂੰਹਦ ਸਾੜਨ ਦੇ ਮਾਮਲੇ ਦੇਖੇ ਹਨ। ਉਨ੍ਹਾਂ ਸਬੰਧਤ ਕਿਸਾਨਾਂ ਖਿਲਾਫ਼ ਕੇਸ ਦਰਜ ਕਰਨ ਲਈ ਕਿਹਾ ਹੈ। ਅਜੇ ਪਿਛਲੇ ਮਹੀਨੇ ਸਿਰਫ ਅਜਨਾਲਾ ਵਿੱਚ ਹੀ ਅਜਿਹੇ 25 ਕੇਸ ਦਰਜ ਕੀਤੇ ਗਏ ਹਨ। ਇਥੇ ਦੱਸਣਯੋਗ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਸ੍ਰੀ ਹਰਿਮੰਦਰ ਸਾਹਿਬ ਅਤੇ ਇਸ ਦੇ ਆਲੇ ਦੁਆਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਯਤਨ ਅਰੰਭੇ ਗਏ ਹਨ, ਜਿਸ ਤਹਿਤ ਇਥੇ ਕਰੋੜਾਂ ਰੁਪਏ ਖਰਚ ਕੇ ਪ੍ਰਦੂਸ਼ਣ ਮਾਪਕ ਯੰਤਰ ਵੀ ਸਥਾਪਤ ਕੀਤਾ ਗਿਆ ਹੈ, ਪਰ ਫਸਲੀ ਰਹਿੰਦ ਖੂੰਹਦ ਸਾੜਨ ਦੀਆਂ ਘਟਨਾਵਾਂ ਕਾਰਨ ਇਥੇ ਆਲੇ ਦੁਆਲੇ ਮੁੜ ਪ੍ਰਦੂਸ਼ਣ ਵਧਣ ਦੀ ਸੰਭਾਵਨਾ ਹੈ।

RELATED ARTICLES
POPULAR POSTS