Breaking News
Home / ਸੰਪਾਦਕੀ / ਗੁਜਰਾਤ ਦੇ ਪੰਜਾਬੀ ਕਿਸਾਨਾਂ ਸਿਰ ਮੁੜ ਉਜਾੜੇ ਦੇ ਬੱਦਲ!

ਗੁਜਰਾਤ ਦੇ ਪੰਜਾਬੀ ਕਿਸਾਨਾਂ ਸਿਰ ਮੁੜ ਉਜਾੜੇ ਦੇ ਬੱਦਲ!

Editorial6-680x365-300x161-300x161ਗੁਜਰਾਤ ਦੇ ਪੰਜਾਬੀ ਕਿਸਾਨਾਂ ਦੇ ਉਜਾੜੇ ਦਾ ਮੁੱਦਾ ਭਖਦਾ ਨਜ਼ਰ ਆ ਰਿਹਾ ਹੈ। ਗੁਜਰਾਤ ਦੇ ਕੱਛ ਖੇਤਰ ਦੇ ਜ਼ਿਲ੍ਹਾ ਭੁਜ ਦੇ ਇਕ ਪਿੰਡ ਲੋਰੀਆ ਵਿਚ ਇਕ ਪੰਜਾਬੀ ਕਿਸਾਨ ਦੀ 20 ਏਕੜ ਦੇ ਕਰੀਬ ਜ਼ਮੀਨ ‘ਤੇ ਭਾਜਪਾ ਆਗੂ ਵਲੋਂ ਕਬਜ਼ਾ ਕਰਨ ਅਤੇ ਕਈ ਹੋਰਨਾਂ ਪਿੰਡਾਂ ਦੇ ਪੰਜਾਬੀ ਕਿਸਾਨਾਂ ਨੂੰ ਵੀ ਧਮਕੀਆਂ ਦੇਣ ਦੀਆਂ ਖ਼ਬਰਾਂ ਨੇ ਇਕ ਵਾਰ ਮੁੜ ਗੁਜਰਾਤ ਦੇ ਪੰਜਾਬੀ ਕਿਸਾਨਾਂ ਨੂੰ ਚਿੰਤਤ ਕਰ ਦਿੱਤਾ ਹੈ। ਪਿਛਲੇ ਡੇਢ ਸਾਲ ਦੌਰਾਨ ਗੁਜਰਾਤ ਦੇ ਕੱਛ ਖੇਤਰ ਦੇ ਪੰਜਾਬੀ ਕਿਸਾਨਾਂ ਨਾਲ ਧੱਕੇਸ਼ਾਹੀ ਦੀ ਵਾਪਰੀ ਇਹ ਤੀਜੀ ਘਟਨਾ ਹੈ।
ਅਸਲ ਵਿਚ ਪੰਜਾਬੀ ਸਿੱਖਾਂ ਦੇ ਮਿਹਨਤੀ, ਦ੍ਰਿੜ੍ਹ ਇਰਾਦਿਆਂ ਵਾਲੇ ਅਤੇ ਚੜ੍ਹਦੀ ਕਲਾ ਵਾਲੇ ਸੁਭਾਅ ਕਾਰਨ ਸਾਲ 1965-66 ‘ਚ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਪੰਜਾਬ ਅਤੇ ਹਰਿਆਣਾ ਦੇ ਇਕ ਹਜ਼ਾਰ ਦੇ ਲਗਭਗ ਸਿੱਖ ਕਿਸਾਨਾਂ ਨੂੰ ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਨਾਲ ਲੱਗਦੇ ਗੁਜਰਾਤ ਸੂਬੇ ਦੇ ਕੱਛ ਖੇਤਰ ਦੀਆਂ ਬੀਆਬਾਨ ਪਈਆਂ ਜ਼ਮੀਨਾਂ ਨੂੰ ਆਬਾਦ ਕਰਨ ਦੇ ਇਰਾਦੇ ਨਾਲ ਜ਼ਮੀਨਾਂ ਦੀ ਅਲਾਟਮੈਂਟ ਕੀਤੀ ਸੀ। ਬਿਨ੍ਹਾਂ ਸ਼ੱਕ ਅੱਜ ਕੱਛ ਖੇਤਰ ਦੀ ਖੁਸ਼ਹਾਲੀ ਸਿੱਖ ਕਿਸਾਨਾਂ ਦੀ ਮਿਹਨਤ ਦੀ ਮੂੰਹ ਬੋਲਦੀ ਤਸਵੀਰ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਦਹਾਕਿਆਂ ਦੀ ਮਿਹਨਤ ਨਾਲ ਗੁਜਰਾਤ ਦੀਆਂ ਉਜਾੜ ਜ਼ਮੀਨਾਂ ਨੂੰ ਆਬਾਦ ਕਰਨ ਵਾਲੇ ਪੰਜਾਬੀ ਸਿੱਖ ਕਿਸਾਨਾਂ ਨੂੰ ਅੱਜ ਗੁਜਰਾਤ ਦੀ ਸਰਕਾਰ ਆਪਣਾ ਮਤਲਬ ਨਿਕਲ ਜਾਣ ‘ਤੇ ਬੇਦਖ਼ਲ ਕਰਨ ‘ਤੇ ਉਤਾਰੂ ਹੈ। ਸਰਕਾਰ ਦੀਆਂ ਇਨ੍ਹਾਂ ਨੀਅਤਾਂ ਕਾਰਨ ਹੀ ਗੁਜਰਾਤ ਦੇ ਪੰਜਾਬੀ ਕਿਸਾਨਾਂ ਨਾਲ ਧੱਕੇਸ਼ਾਹੀਆਂ ਲਗਾਤਾਰ ਵੱਧ ਰਹੀਆਂ ਹਨ। ਸਾਲ 2008 ਵਿਚ ਗੁਜਰਾਤ ਸਰਕਾਰ ਨੇ ਆਪਣੇ ਇਰਾਦਿਆਂ ਨੂੰ ਸਪੱਸ਼ਟ ਕਰਦਿਆਂ ਉਥੇ ਵੱਸਦੇ ਪੰਜਾਬੀ ਕਿਸਾਨਾਂ ਨੂੰ ਬੇਦਖਲ ਕਰਨ ਦਾ ਫ਼ਰਮਾਨ ਜਾਰੀ ਕਰ ਦਿੱਤਾ ਸੀ। ਹਾਲਾਂਕਿ ਇਸ ਦੇ ਵਿਰੁੱਧ, ਜ਼ਮੀਨਾਂ ਦੀ ਮਾਲਕੀ ਦੇ ਹੱਕ ਹਾਸਲ ਕਰਨ ਲਈ ਪੰਜਾਬੀ ਸਿੱਖ ਕਿਸਾਨਾਂ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ। ਗੁਜਰਾਤ ਹਾਈਕੋਰਟ ਨੇ ਜੁਲਾਈ 2012 ਵਿਚ ਪੰਜਾਬੀ ਕਿਸਾਨਾਂ ਦੇ ਹੱਕ ਵਿਚ ਫ਼ੈਸਲਾ ਸੁਣਾ ਦਿੱਤਾ ਸੀ ਪਰ ਗੁਜਰਾਤ ਸਰਕਾਰ ਫ਼ਿਰ ਵੀ ਚੁੱਪ ਕਰਕੇ ਨਾ ਬੈਠੀ ਸਗੋਂ ਪੰਜਾਬੀ ਸਿੱਖ ਕਿਸਾਨਾਂ ਨੂੰ ਉਜਾੜਨ ਲਈ ਬਜ਼ਿੱਦ ਹੋ ਕੇ ਉਸ ਨੇ ਹਾਈਕੋਰਟ ਦੇ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ਵਿਚ ਚੁਣੌਤੀ ਦੇ ਦਿੱਤੀ ਸੀ। ਪਿਛਲੇ ਸਾਲਾਂ ਦੌਰਾਨ ਗੁਜਰਾਤ ਦੇ ਪੰਜਾਬੀ ਕਿਸਾਨਾਂ ਨੂੰ ਉਜਾੜਨ ਦਾ ਮੁੱਦਾ ਵੱਡੀ ਪੱਧਰ ‘ਤੇ ਉਠਿਆ ਸੀ ਅਤੇ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਹਾਈਕਮਾਨ ਤੱਕ ਗੁਜਰਾਤ ਦੇ ਪੰਜਾਬੀ ਸਿੱਖ ਕਿਸਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਰੀਏ ਫ਼ਰਿਆਦਾਂ ਲਗਾਈਆਂ ਸਨ। ਭਾਰਤ ਵਿਚ ਲੋਕ ਸਭਾ ਚੋਣਾਂ ਦੌਰਾਨ ਜਦੋਂ ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਵਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬਣੇ ਤਾਂ ਮੁੜ ਗੁਜਰਾਤ ਦੇ ਸਿੱਖ ਕਿਸਾਨਾਂ ਨੂੰ ਉਜਾੜੇ ਜਾਣ ਦਾ ਮੁੱਦਾ ਸਿਆਸੀ ਗਲਿਆਰਿਆਂ ਵਿਚ ਵੀ ਵੱਡੀ ਪੱਧਰ ‘ਤੇ ਉਛਲਿਆ ਸੀ। ਮੋਦੀ ਨੇ ਪੰਜਾਬ ਵਿਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਸਮੇਂ 24 ਫ਼ਰਵਰੀ 2014 ਨੂੰ ਜਗਰਾਓਂ ਰੈਲੀ ਵਿਚ ਹਿੱਕ ਠੋਕ ਕੇ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ, ”ਜੇਕਰ ਪੰਜਾਬੀ ਵਾਅਦਿਆਂ ਨੂੰ ਪੂਰੇ ਨਿਭਾਉਣ ਕਰਕੇ ਜਾਣੇ ਜਾਂਦੇ ਹਨ ਤਾਂ ਮੈਂ ਵੀ ਅੱਜ ਵਾਅਦਾ ਕਰਦਾ ਹਾਂ ਕਿ ਤੁਸੀਂ ਕੇਂਦਰ ‘ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾ ਦੇਵੋ, ਮੈਂ ਇਕ ਵੀ ਪੰਜਾਬੀ ਕਿਸਾਨ ਨੂੰ ਗੁਜਰਾਤ ਵਿਚੋਂ ਉਜੜਨ ਨਹੀਂ ਦੇਵਾਂਗਾ।” ਪਰ ਅਸਲੀਅਤ ਕੁਝ ਹੋਰ ਹੀ ਸਾਹਮਣੇ ਆ ਰਹੀ ਹੈ ਕਿ ਨਰਿੰਦਰ ਮੋਦੀ ਵਲੋਂ ਗੁਜਰਾਤ ਦੇ ਪੰਜਾਬੀ ਕਿਸਾਨਾਂ ਪ੍ਰਤੀ ਪੰਜਾਬ ‘ਚ ਜਾ ਕੇ ਕੀਤਾ ਵਾਅਦਾ ਵੀ ਗੁਜਰਾਤ ਸਰਕਾਰ ਦਾ ਫ਼ਰੇਬ ਨਿਕਲਿਆ, ਕਿਉਂਕਿ ਕੇਂਦਰ ਵਿਚ ਮੋਦੀ ਸਰਕਾਰ ਬਣਨ ਤੋਂ ਬਾਅਦ ਨਸ਼ਰ ਹੋਈ ਇਕ ਅਖ਼ਬਾਰੀ ਰਿਪੋਰਟ ਅਨੁਸਾਰ ਸੂਚਨਾ ਦੇ ਅਧਿਕਾਰ ਐਕਟ ਤਹਿਤ ਮਿਲੀ ਸੂਚਨਾ ਵਿਚ ਇਹ ਖੁਲਾਸਾ ਹੋਇਆ ਸੀ ਕਿ ਗੁਜਰਾਤ ਦੀ ਸਰਕਾਰ ਨੇ ਸੁਪਰੀਮ ਕੋਰਟ ਵਿਚ ਪੰਜਾਬੀ ਸਿੱਖ ਕਿਸਾਨਾਂ ਦੇ ਖਿਲਾਫ਼ ਕੇਸ ਨੂੰ ਵਾਪਸ ਲੈਣ ਦੀ ਪੈਰਵੀ ਤੱਕ ਸ਼ੁਰੂ ਨਹੀਂ ਕੀਤੀ। ਸੂਚਨਾ ਅਨੁਸਾਰ ਗੁਜਰਾਤ ਸਰਕਾਰ ਦੇ ਮਾਲ ਵਿਭਾਗ ਦੇ ਉੱਚ ਅਫ਼ਸਰਾਂ ਨੇ ਸਪੱਸ਼ਟ ਦੱਸਿਆ ਕਿ ਸੁਪਰੀਮ ਕੋਰਟ ‘ਚੋਂ ਪੰਜਾਬੀ ਕਿਸਾਨਾਂ ਦੇ ਮਾਮਲੇ ‘ਤੇ ਪਾਈ ਸਪੈਸ਼ਲ ਲੀਵ ਪਟੀਸ਼ਨ ਵਾਪਸ ਲੈਣ ਸਬੰਧੀ ਕੋਈ ਕਾਰਵਾਈ ਨਹੀਂ ਹੋ ਰਹੀ।
ਜਦੋਂ-ਜਦੋਂ ਵੀ ਗੁਜਰਾਤ ਦੇ ਪੰਜਾਬੀ ਕਿਸਾਨਾਂ ਦੇ ਉਜਾੜੇ ਦਾ ਮੁੱਦਾ ਭਖਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਲਈ ਕਸੂਤੀ ਸਥਿਤੀ ਬਣਨੀ ਵੀ ਸੁਭਾਵਿਕ ਹੀ ਹੈ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਆਪਣੇ ਆਪ ਨੂੰ ਪੰਜਾਬੀਆਂ ਅਤੇ ਕਿਸਾਨ ਹਿੱਤਾਂ ਦਾ ਪਹਿਰੇਦਾਰ ਅਖਵਾਉਂਦਾ ਹੈ ਪਰ ਭਾਰਤੀ ਜਨਤਾ ਪਾਰਟੀ ਨਾਲ ਸਿਆਸੀ ਸਾਂਝ ਨੇ ਇਸ ਮੁੱਦੇ ‘ਤੇ ਉਸ ਦੀ ਹਾਲਤ ‘ਸੱਪ ਦੇ ਮੂੰਹ ਵਿਚ ਕੋਹੜ ਕਿਰਲੀ’ ਵਾਲੀ ਕਰ ਦਿੱਤੀ ਹੈ। ਗੁਜਰਾਤ ਵਿਚ ਵੀ ਤੇ ਭਾਰਤ ਦੇ ਕੇਂਦਰ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਭਾਈਵਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਇਸ ਸੰਵੇਦਨਸ਼ੀਲ ਅਤੇ ਗੰਭੀਰ ਮੁੱਦੇ ਉਤੇ ਗੁਜਰਾਤ ਸਰਕਾਰ ਵਿਰੁੱਧ ਸਖ਼ਤ ਸਟੈਂਡ ਲੈਣ ਵਿਚ ਅਸਫ਼ਲ ਰਿਹਾ ਹੈ। ਕਦੇ ਵੀ ਸ਼੍ਰੋਮਣੀ ਅਕਾਲੀ ਦਲ ਗੁਜਰਾਤ ‘ਚ ਸਿੱਖ ਕਿਸਾਨਾਂ ਦੇ ਉਜਾੜੇ ਨੂੰ ਰੋਕਣ ਲਈ ਕੋਈ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਜ਼ੁਰਅੱਤ ਨਹੀਂ ਕਰ ਸਕਿਆ, ਕਿਉਂਕਿ ਸਾਲ 1999 ‘ਚ ਉੱਤਰ ਪ੍ਰਦੇਸ਼ ਦੇ ਸ਼ਹੀਦ ਊਧਮ ਸਿੰਘ ਨਗਰ ਨੂੰ ਨਵੇਂ ਸੂਬੇ ਉਤਰਾਂਚਲ ਵਿਚ ਸ਼ਾਮਲ ਕਰਨ ਦੇ ਖਿਲਾਫ਼ ਵੀ, ਉਸ ਵੇਲੇ ਦੀ ਕੇਂਦਰ ‘ਚ ਵਾਜਪਾਈ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ. ਪ੍ਰਕਾਸ਼ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਤੋੜਨ ਦੀ ਧਮਕੀ ਦਿੱਤੀ ਸੀ। ਜਦੋਂਕਿ ਇਸ ਧਮਕੀ ਦੀ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਨੇ ਕੋਈ ਪ੍ਰਵਾਹ ਨਹੀਂ ਕੀਤੀ ਸੀ ਅਤੇ ਸ਼ਹੀਦ ਊਧਮ ਸਿੰਘ ਨਗਰ ਨੂੰ ਉਤਰਾਂਚਲ ਸੂਬੇ ਵਿਚ ਸ਼ਾਮਲ ਕਰਕੇ ਹੀ ਸਾਹ ਲਿਆ ਸੀ ਪਰ ਬਾਅਦ ਵਿਚ ਸ. ਬਾਦਲ ਨੇ ਇਹ ਆਖ ਕਿ ਪੱਲਾ ਝਾੜ ਲਿਆ ਸੀ, ”ਸਾਡਾ ਭਾਰਤੀ ਜਨਤਾ ਪਾਰਟੀ ਨਾਲ ਨਾਤਾ ਸਿਧਾਂਤਕ ਨਹੀਂ, ਸਗੋਂ ਸਿਆਸੀ ਹੈ ਜਿਸ ਕਰਕੇ ਸਾਡੇ ਕੋਲ ਵਾਜਪਾਈ ਦੀ ਲੀਡਰਸ਼ਿਪ ਦਾ ਕੋਈ ਬਦਲ ਨਾ ਹੋਣ ਕਾਰਨ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਜਾਰੀ ਰੱਖਾਂਗੇ।” ਹੁਣ ਤਾਂ ਪੰਜਾਬ ਦੀਆਂ ਸੁਹਿਰਦ ਧਿਰਾਂ ਅਤੇ ਜਮਹੂਰੀਅਤ ਨੂੰ ਬਚਾਉਣ ਲਈ ਮਾਦਾ ਰੱਖਣ ਵਾਲੀਆਂ ਧਿਰਾਂ ਨੂੰ ਹੀ ਪੰਜਾਬ ਦੇ ਗੁਜਰਾਤ ਵਿਚੋਂ ਉਜਾੜੇ ਜਾ ਰਹੇ ਕਿਸਾਨਾਂ ਦੇ ਹੱਕ ਵਿਚ ਡੱਟਣ ਲਈ ਸਾਹਮਣੇ ਆਉਣਾ ਪਵੇਗਾ। ਇਸ ਮਾਮਲੇ ‘ਚ ਹਰਿਆਣਾ ਦੀ ਸਾਬਕਾ ਕਾਂਗਰਸ ਸਰਕਾਰ ਦੀ ਪ੍ਰਸੰਸਾ ਕਰਨੀ ਬਣਦੀ ਹੈ, ਜਿਸ ਨੇ ਹਰਿਆਣਾ ਵਿਚ ਪਟੇਦਾਰ ਸਿੱਖ ਕਿਸਾਨਾਂ ਕੋਲੋਂ ਜ਼ਮੀਨਾਂ ਖੋਹਣ ਦਾ ਫ਼ੈਸਲਾ ਰੱਦ ਕਰਕੇ ਪੰਜਾਬੀ ਕਿਸਾਨਾਂ ਨੂੰ ਪੱਕੇ ਜ਼ਮੀਨੀ ਮਾਲਕਾਨਾ ਹੱਕ ਦੇ ਦਿੱਤੇ ਸਨ। ਇਥੇ ਇਹ ਵੀ ਸਵਾਲ ਉਠਣਾ ਸੁਭਾਵਿਕ ਹੈ ਕਿ ਕੀ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਸਿਰਫ਼ ਕਾਂਗਰਸ ਨੂੰ ਹੀ ਪੰਜਾਬੀਆਂ ਦੀ ਦੁਸ਼ਮਣ ਪਾਰਟੀ ਕਰਾਰ ਦਿੰਦਾ ਰਹੇਗਾ ਅਤੇ ਭਾਰਤੀ ਜਨਤਾ ਪਾਰਟੀ ਨਾਲ, ਪੰਜਾਬੀਆਂ ਨਾਲ ਫ਼ਰੇਬ ਹੋਣ ਦੇ ਬਾਵਜੂਦ, ਆਪਣਾ ਨਹੁੰ-ਮਾਸ ਵਾਲਾ ਰਿਸ਼ਤਾ ਕਾਇਮ ਰੱਖੇਗਾ।

Check Also

ਭਾਰਤ ਵਿਚ ਵਧਦੀ ਫਿਰਕੂ ਹਿੰਸਾ

ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …