Breaking News
Home / ਸੰਪਾਦਕੀ / ਲੋਕ ਸਭਾ ਜਲੰਧਰ ਉੱਪ ਚੋਣ ਦਾ ਐਲਾਨ, ਆਪ ਸਰਕਾਰ ਦਾ ਵੱਕਾਰ ਦਾਅ ‘ਤੇ!

ਲੋਕ ਸਭਾ ਜਲੰਧਰ ਉੱਪ ਚੋਣ ਦਾ ਐਲਾਨ, ਆਪ ਸਰਕਾਰ ਦਾ ਵੱਕਾਰ ਦਾਅ ‘ਤੇ!

ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਦੇ ਐਲਾਨ ਨਾਲ ਹੀ ਜਲੰਧਰ ਦੀ ਖਾਲੀ ਹੋਈ ਲੋਕ ਸਭਾ ਦੀ ਸੀਟ ‘ਤੇ ਚੋਣ ਕਰਵਾਉਣ ਲਈ ਤਰੀਕ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਕਦੀ ਸਿਆਸਤ ਵਿਚ ਪ੍ਰੌੜ੍ਹ ਵਿਅਕਤੀ ਵਜੋਂ ਜਾਣੇ ਜਾਂਦੇ ਮਾਸਟਰ ਗੁਰਬੰਤਾ ਸਿੰਘ ਜੋ ਤਤਕਾਲੀ ਕਾਂਗਰਸ ਦੀਆਂ ਸਰਕਾਰਾਂ ਵਿਚ ਕੈਬਨਿਟ ਮੰਤਰੀ ਵੀ ਰਹੇ ਸਨ, ਦੇ ਸਪੁੱਤਰ ਤੇ ਸੀਨੀਅਰ ਕਾਂਗਰਸ ਆਗੂ ਚੌਧਰੀ ਸੰਤੋਖ ਸਿੰਘ ਇਸ ਸੀਟ ਤੋਂ ਲੋਕ ਸਭਾ ਦੇ ਮੈਂਬਰ ਸਨ। ਉਨ੍ਹਾਂ ਦੇ ਵੱਡੇ ਭਰਾ ਚੌਧਰੀ ਜਗਜੀਤ ਸਿੰਘ ਵੀ ਲੰਮਾ ਸਮਾਂ ਸੂਬੇ ਦੀ ਸਿਆਸਤ ‘ਤੇ ਛਾਏ ਰਹੇ ਸਨ। ਇਸ ਤਰ੍ਹਾਂ ਪਰੰਪਰਾਗਤ ਤੌਰ ‘ਤੇ ਇਹ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਸਿਆਸਤ ਨਾਲ ਜੁੜਿਆ ਰਿਹਾ ਹੈ। ਇਹ ਸਿਲਸਿਲਾ ਅੱਜ ਵੀ ਜਾਰੀ ਹੈ।
ਚੌਧਰੀ ਸੰਤੋਖ ਸਿੰਘ ਦਾ ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਨਾਲ ਚਲਦਿਆਂ ਇਸ ਸਾਲ 14 ਜਨਵਰੀ, 2023 ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ, ਜਿਸ ਕਾਰਨ ਇਹ ਸੀਟ ਖਾਲੀ ਹੋ ਗਈ ਸੀ। ਚਾਹੇ ਇਸ ‘ਤੇ ਚੋਣ ਦੀ ਤਰੀਕ ਹੁਣ ਐਲਾਨੀ ਗਈ ਹੈ ਪਰ ਇਸ ਤੋਂ ਪਹਿਲਾਂ ਹੀ ਚੌਧਰੀ ਪਰਿਵਾਰ ਦੇ ਪਿਛੋਕੜ ਨੂੰ ਵੇਖਦਿਆਂ ਕਾਂਗਰਸ ਪਾਰਟੀ ਵਲੋਂ ਉਨ੍ਹਾਂ ਦੀ ਧਰਮਪਤਨੀ ਕਰਮਜੀਤ ਕੌਰ ਦੇ ਉਮੀਦਵਾਰ ਹੋਣ ਦਾ ਐਲਾਨ ਕਰ ਦਿੱਤਾ ਗਿਆ ਸੀ। ਹੁਣ ਤਕ ਚਾਹੇ ਦੂਸਰੀਆਂ ਪਾਰਟੀਆਂ ਵਲੋਂ ਆਪੋ-ਆਪਣੇ ਉਮੀਦਵਾਰਾਂ ਦਾ ਐਲਾਨ ਤਾਂ ਨਹੀਂ ਕੀਤਾ ਗਿਆ ਪਰ ਚੋਣ ਦੀਆਂ ਸੰਭਾਵਨਾਵਾਂ ਨੂੰ ਦੇਖਦਿਆਂ ਇਹ ਸਾਰੀਆਂ ਸਿਆਸੀ ਪਾਰਟੀਆਂ ਪਿਛਲੇ ਕਾਫੀ ਸਮੇਂ ਤੋਂ ਇਸ ਸੀਟ ‘ਤੇ ਸਰਗਰਮ ਨਜ਼ਰ ਆਉਂਦੀਆਂ ਰਹੀਆਂ ਹਨ। ਕਾਂਗਰਸ ਤੋਂ ਇਲਾਵਾ ਸੂਬੇ ਦਾ ਪ੍ਰਸ਼ਾਸਨ ਚਲਾ ਰਹੀ ਆਮ ਆਦਮੀ ਪਾਰਟੀ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਅਤੇ ਇਸ ਵਾਰ ਇਕੱਲੇ ਤੌਰ ‘ਤੇ ਇਸ ਸੀਟ ‘ਤੇ ਚੋਣ ਲੜਨ ਲਈ ਭਾਰਤੀ ਜਨਤਾ ਪਾਰਟੀ ਵੀ ਪੂਰੀ ਤਰ੍ਹਾਂ ਨਾਲ ਸਰਗਰਮ ਹੋਈ ਵਿਖਾਈ ਦਿੰਦੀ ਹੈ। ਜਲੰਧਰ ਦੀ ਇਸ ਲੋਕ ਸਭਾ ਸੀਟ ਵਿਚ 9 ਵਿਧਾਨ ਸਭਾ ਹਲਕੇ ਪੈਂਦੇ ਹਨ। ਸਾਲ ਕੁ ਪਹਿਲਾਂ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਵਿਚ ਇਨ੍ਹਾਂ 9 ਹਲਕਿਆਂ ਵਿਚ ਪਹਿਲੇ ਨੰਬਰ ‘ਤੇ ਕਾਂਗਰਸ ਆਈ ਸੀ। ਦੂਜੇ ਨੰਬਰ ‘ਤੇ ਆਮ ਆਦਮੀ ਪਾਰਟੀ ਰਹੀ ਸੀ, ਤੀਸਰੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਆਈਆਂ ਸਨ ਅਤੇ ਭਾਰਤੀ ਜਨਤਾ ਪਾਰਟੀ ਨੂੰ ਕ੍ਰਮਵਾਰ ਵੋਟਾਂ ਵਿਚ ਚੌਥਾ ਸਥਾਨ ਹੀ ਮਿਲ ਸਕਿਆ ਸੀ। ਇਨ੍ਹਾਂ 9 ਹਲਕਿਆਂ ਵਿਚ ਉਸ ਸਮੇਂ 5 ਕਾਂਗਰਸ ਦੇ ਅਤੇ 4 ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ ਸਨ। ਜੇਕਰ ਇਸ ਪਿਛਲੀ ਕਾਰਗੁਜ਼ਾਰੀ ਨੂੰ ਦੇਖਿਆ ਜਾਵੇ ਤਾਂ ਇਸ ਵਾਰ ਵੀ ਮੁਕਾਬਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਹੀ ਬਣਦਾ ਹੈ, ਕਿਉਂਕਿ ਕੁਝ ਹਲਕਿਆਂ ਵਿਚ ਵਧੀਆ ਕਾਰਗੁਜ਼ਾਰੀ ਵਿਖਾ ਸਕਣ ਤੋਂ ਬਾਅਦ ਵੀ ਅਕਾਲੀ ਦਲ-ਬਸਪਾ ਨੂੰ ਉਸ ਸਮੇਂ ਇਕ ਵੀ ਸੀਟ ਪ੍ਰਾਪਤ ਨਹੀਂ ਸੀ ਹੋਈ। ਚਾਹੇ ਇਸ ਲੋਕ ਸਭਾ ਸੀਟ ਲਈ ਰਹਿੰਦਾ ਸਮਾਂ ਸਾਲ ਕੁ ਭਰ ਦਾ ਹੈ ਪਰ ਪਾਰਟੀਆਂ ਇਸ ਨੂੰ ਸਾਲ 2024 ਵਿਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਲਈ ਆਪਣੀ ਸਥਿਤੀ ਮਜ਼ਬੂਤ ਬਣਾਉਣ ਦੇ ਪੱਖ ਤੋਂ ਇਸ ਚੋਣ ਨੂੰ ਵੇਖਦੀਆਂ ਹਨ।
ਇਸ ਲਈ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਨ੍ਹਾਂ ਸਾਰੀਆਂ ਪਾਰਟੀਆਂ ਵਲੋਂ ਪੂਰੀ ਦਿਲਚਸਪੀ ਨਾਲ ਇਹ ਚੋਣ ਲੜੀ ਜਾਏਗੀ। ਆਮ ਆਦਮੀ ਪਾਰਟੀ ਲਈ ਇਹ ਚੋਣ ਇਸ ਲਈ ਵੀ ਵਧੇਰੇ ਮਹੱਤਵ ਰੱਖਦੀ ਹੈ, ਕਿਉਂਕਿ ਉਹ ਇਸ ਨੂੰ ਪੰਜਾਬ ਵਿਚ ਆਪਣੀ ਸਰਕਾਰ ਦੀ ਇਕ ਸਾਲ ਦੀ ਕਾਰਗੁਜ਼ਾਰੀ ਉੱਪਰ ਵੋਟਰਾਂ ਵਲੋਂ ਪਾਈ ਗਈ ਸਹੀ ਵਜੋਂ ਪੇਸ਼ ਕਰਨਾ ਚਾਹੁੰਦੀ ਹੈ। ਇਕ ਸਾਲ ਵਿਚ ਇਸ ਸਰਕਾਰ ਦਾ ਲੋਕਾਂ ਵਿਚ ਜੋ ਪ੍ਰਭਾਵ ਬਣਿਆ ਹੈ ਉਸ ਦਾ ਨਿਸਚੇ ਹੀ ਇਨ੍ਹਾਂ ਚੋਣਾਂ ਵਿਚ ਅਕਸ ਦਿਖਾਈ ਦੇਵੇਗਾ। ਸੁਖਬੀਰ ਦੀ ਅਗਵਾਈ ਵਿਚ ਅਕਾਲੀ ਦਲ ਲਈ ਇਹ ਇਸ ਲਈ ਪਰਖ ਦਾ ਸਮਾਂ ਹੋਵੇਗਾ, ਕਿਉਂਕਿ ਇਸ ਚੋਣ ਦੇ ਨਤੀਜਿਆਂ ਵਿਚ ਪਾਰਟੀ ਨੂੰ ਇਹ ਪਤਾ ਚੱਲ ਸਕੇਗਾ ਕਿ ਪਿਛਲੀਆਂ ਕਈ ਨਮੋਸ਼ੀਜਨਕ ਹਾਰਾਂ ਤੋਂ ਬਾਅਦ ਉਹ ਕਿੰਨਾ ਕੁ ਸੰਭਲ ਸਕੀ ਹੈ? ਭਾਜਪਾ ਵਲੋਂ ਇਕੱਲੇ ਤੌਰ ‘ਤੇ ਚੋਣ ਮੈਦਾਨ ਵਿਚ ਉਤਰਨਾ ਅਤੇ ਆਪਣਾ ਪ੍ਰਭਾਵ ਬਣਾ ਸਕਣਾ ਵੀ ਇਕ ਦਿਲਚਸਪ ਗੱਲ ਹੋਵੇਗੀ। ਬਿਨਾਂ ਸ਼ੱਕ ਪਿਛਲੇ ਸਮੇਂ ਵਿਚ ਇਸ ਸੀਟ ‘ਤੇ ਕਾਂਗਰਸ ਦਾ ਪ੍ਰਭਾਵ ਰਿਹਾ ਹੈ ਪਰ ਹੁਣ ਸਮਾਂ ਬਦਲ ਚੁੱਕਾ ਹੈ। ਇਸ ਸਮੇਂ ਕਾਂਗਰਸ ਸਾਹਮਣੇ ਆਪਣੀ ਪਾਰਟੀ ਨੂੰ ਇਕਜੁੱਟ ਰੱਖ ਸਕਣਾ ਵੀ ਇਕ ਵੱਡਾ ਸਵਾਲ ਹੋਵੇਗਾ। ਬਣ ਚੁੱਕੀ ਇਸ ਸਥਿਤੀ ਵਿਚ ਇਸ ਚੋਣ ਨੂੰ ਜਿਥੇ ਬੇਹੱਦ ਦਿਲਚਸਪੀ ਨਾਲ ਵੇਖਿਆ ਜਾਵੇਗਾ, ਉਥੇ ਪੰਜਾਬ ਦੀ ਨੇੜ ਭਵਿੱਖ ਦੀ ਸਿਆਸਤ ਲਈ ਵੀ ਇਹ ਦਿਸ਼ਾਸੂਚਕ ਬਣ ਸਕੇਗੀ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …