Breaking News
Home / ਸੰਪਾਦਕੀ / ਅਮਰੀਕਾ ਦੇ ਫਲੋਰਿਡਾ ‘ਚ ਹੱਤਿਆ ਕਾਂਡ

ਅਮਰੀਕਾ ਦੇ ਫਲੋਰਿਡਾ ‘ਚ ਹੱਤਿਆ ਕਾਂਡ

Editorial6-680x365-300x161ਅਮਰੀਕਾ ਦੇ ਫਲੋਰਿਡਾ ਸੂਬੇ ਦੇ ਸ਼ਹਿਰ ਔਰਲੈਂਡੋ ਵਿਚ ਇਕ ਨਾਈਟ ਕਲੱਬ ਵਿਚ ਅੰਨ੍ਹੇਵਾਹ ਗੋਲੀਬਾਰੀ ਕਰਕੇ ਘੱਟੋ-ਘੱਟ 50 ਵਿਅਕਤੀਆਂ ਦੀ ਹੱਤਿਆ ਅਤੇ 53 ਵਿਅਕਤੀਆਂ ਨੂੰ ਜ਼ਖ਼ਮੀ ਕਰਨ ਦੀ ਘਟਨਾ ਨੇ ਅਮਰੀਕਾ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਹਮਲੇ ਨੂੰ ਦੇਸ਼ ‘ਤੇ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ ਅਤੇ ਇਸ ਦੀ ਤਹਿ ਤੱਕ ਜਾਣ ਦਾ ਵਾਅਦਾ ਕੀਤਾ ਹੈ ਪਰ ਰਾਸ਼ਟਰਪਤੀ ਦਾ ਸਿਰਫ਼ ਭਰੋਸਾ ਹੀ ਤਸੱਲੀਬਖ਼ਸ਼ ਨਹੀਂ ਹੈ।
ਅਮਰੀਕਾ ਵਿਚ 9/11 ਦੇ ਦਹਿਸ਼ਤੀ ਹਮਲੇ ਪਿੱਛੋਂ ਅੱਤਵਾਦੀ ਹਮਲਿਆਂ ਨੂੰ ਟਾਲਣ ਜਾਂ ਰੋਕਣ ਲਈ ਬਹੁਤ ਸਖ਼ਤ ਅਤੇ ਵੱਡੇ ਕਦਮ ਚੁੱਕੇ ਗਏ ਸਨ। ਉੱਥੇ ਹਰ ਸ਼ੱਕੀ ਵਿਅਕਤੀ ਉੱਪਰ ਵੱਖ-ਵੱਖ ਢੰਗਾਂ ਨਾਲ ਨਜ਼ਰ ਰੱਖੀ ਜਾਂਦੀ ਹੈ ਅਤੇ ਜਨਤਕ ਥਾਵਾਂ ਉੱਤੇ ਅਤਿ-ਆਧੁਨਿਕ ਤਕਨੀਕਾਂ ਰਾਹੀਂ ਪੂਰਾ ਇਹਤਿਆਤ ਵਰਤਿਆ ਜਾਂਦਾ ਹੈ। ਪਰ ਇਸ ਦੇ ਬਾਵਜੂਦ ਅਮਰੀਕਾ ਵਿਚ ਨਸਲੀ ਜਾਂ ਆਰਥਿਕ ਆਧਾਰ ‘ਤੇ ਪੱਛੜੇਪਨ ਤੇ ਹੀਣ-ਭਾਵਨਾ ਦੀ ਸ਼ਿਕਾਰ ਮਾਨਸਿਕਤਾ ਵਾਲੇ ਇਕੱਲੇ-ਕਾਰੇ ਲੋਕਾਂ ਵਲੋਂ ਕੀਤੀਆਂ ਜਾਂਦੀਆਂ ਸਮੂਹਿਕ ਹੱਤਿਆਵਾਂ ਦੀਆਂ ਵਾਰਦਾਤਾਂ ਨੂੰ ਰੋਕਿਆ ਨਹੀਂ ਜਾ ਸਕਿਆ। ਔਰਲੈਂਡੋ ਸਮੂਹਿਕ ਹੱਤਿਆ ਕਾਂਡ ਵੀ ਇਕ ਵਿਅਕਤੀ ਵਲੋਂ ਹੀ ਕੀਤਾ ਗਿਆ ਸੀ। ਪਹਿਲਾਂ ਵਾਪਰਦੀਆਂ ਰਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਂਗ ਇਹ ਹਮਲਾਵਰ ਵੀ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਮਾਰਿਆ ਗਿਆ, ਜਿਸ ਕਰਕੇ ਹਮਲਾਵਰ ਦੇ ਮਨ ‘ਚ ਕੀ ਸੀ, ਇਹ ਸਦਾ ਲਈ ਬੁਝਾਰਤ ਬਣ ਕੇ ਰਹਿ ਗਿਆ ਹੈ। ਇਹ ਤੱਥ ਜ਼ਰੂਰ ਸਾਹਮਣੇ ਆਇਆ ਹੈ ਕਿ ਉਹ ਇਸਲਾਮੀ ਕੱਟੜਪ੍ਰਸਤ ਸੀ। ਪਰ ਸੀਰੀਆ-ਇਰਾਕ ਦੇ ਇਸਲਾਮੀ ਦਹਿਸ਼ਤੀ ਸੰਗਠਨ ਆਈ.ਐੱਸ. ਨਾਲ ਉਸ ਦੀ ਕਿੰਨੀ ਕੁ ਸਾਂਝ ਸੀ, ਇਸ ਬਾਰੇ ਕਿਆਸ ਅਰਾਈਆਂ ਉਸ ਵਲੋਂ ਆਈ.ਐੱਸ. ਨਾਲ ਇਕ ਵਾਰ ਕੀਤੇ ਗਏ ਫੋਨ ਸੰਪਰਕ ਤੱਕ ਹੀ ਸੀਮਤ ਹਨ।
ਔਰਲੈਂਡੋ ਕਾਂਡ ਦਾ ਹਮਲਾਵਰ ਅਫਗ਼ਾਨ ਮੂਲ ਦਾ ਅਮਰੀਕੀ ਨਾਗਰਿਕ ਸੀ ਅਤੇ ਉਸ ਦੇ ਸਾਰੇ ‘ਸ਼ਿਕਾਰ’ ਹਮਜਿਨਸੀ ਇਸਾਈ ਭਾਈਚਾਰੇ ਨਾਲ ਸਬੰਧਤ ਅਮਰੀਕੀ ਸਨ। ਇਹ ਵੀ ਚਰਚਾ ਹੈ ਕਿ ਉਹ ਖ਼ੁਦ ਵੀ ਹਮਜਿਨਸੀ ਸੀ ਅਤੇ ਪਹਿਲਾਂ ਵੀ ਇਸ ਨਾਈਟ ਕਲੱਬ ਵਿਚ ਆਉਂਦਾ-ਜਾਂਦਾ ਰਿਹਾ ਹੈ।
ਅਮਰੀਕਾ ਵਿਚ ਮਾਨਸਿਕ ਤਣਾਅ ਅਤੇ ਸਨਕ ਤੋਂ ਪੀੜਤ ਲੋਕਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਮੰਨੀ ਜਾਂਦੀ ਹੈ। ਮਾਨਸਿਕ ਪ੍ਰੇਸ਼ਾਨੀ ਦੀ ਦਵਾਈ ਸਾਰੀ ਦੁਨੀਆ ਨਾਲੋਂ ਵੱਧ ਇਕੱਲੇ ਅਮਰੀਕਾ ਵਿਚ ਵਰਤੀ ਜਾਂਦੀ ਹੈ। ਮਾਨਸਿਕ ਉਤਪੀੜਨ ਤੇ ਸਨਕ ਦੇ ਸ਼ਿਕਾਰ ਲੋਕਾਂ ਵਲੋਂ ਵੀ ਅਮਰੀਕਾ ਵਿਚ ਬਹੁਤ ਸਾਰੀਆਂ ਸਮੂਹਿਕ ਹੱਤਿਆਵਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਰਿਹਾ ਹੈ। ਅਮਰੀਕਾ ਉਨ੍ਹਾਂ ਮੁਲਕਾਂ ਵਿਚ ਮੋਹਰੀ ਹੈ ਜਿਥੇ ਸਭ ਤੋਂ ਵੱਧ ਸਮੂਹਿਕ ਹੱਤਿਆਵਾਂ ਹੋ ਰਹੀਆਂ ਹਨ। ਸਾਲ 1966 ਤੋਂ ਲੈ ਕੇ 2012 ਤੱਕ ਇਥੇ ਅਜਿਹੀਆਂ 90 ਵਾਰਦਾਤਾਂ ਹੋਈਆਂ ਜਦ ਕਿ ਇਸ ਸਮੇਂ ਦੌਰਾਨ ਦੁਨੀਆ ਦੇ ਹੋਰ ਮੁਲਕਾਂ ਵਿਚ 292 ਵਾਰਦਾਤਾਂ ਹੋਈਆਂ ਹਨ। ਇਕ ਹੋਰ ਰਿਪੋਰਟ ਅਨੁਸਾਰ ਅਮਰੀਕਾ ਵਿਚ ਸੰਸਾਰ ਦੀ ਆਬਾਦੀ ਦਾ ਸਿਰਫ਼ 5 ਫ਼ੀਸਦੀ ਹਿੱਸਾ ਹੈ, ਜਦੋਂਕਿ ਇੱਥੇ ਦੁਨੀਆ ਦੇ 25 ਫ਼ੀਸਦੀ ਕੈਦੀ ਜੇਲ੍ਹਾਂ ਵਿਚ ਨਜ਼ਰਬੰਦ ਹਨ। ਅਮਰੀਕਾ ਵਿਚ ਦੁਨੀਆ ਦੀਆਂ 31 ਫੀਸਦੀ ਸਮੂਹਿਕ ਹੱਤਿਆਵਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ। ਅਮਰੀਕਾ ਵਿਚ ਅਪਰਾਧਾਂ ਤੇ ਹਿੰਸਕ ਵਾਰਦਾਤਾਂ ਦੇ ਵਧਣ ਵਿਚ ਅਮਰੀਕਾ ਦੀ ਹਥਿਆਰ ਰੱਖਣ ਸਬੰਧੀ ਨੀਤੀ ਵੀ ਕਿਸੇ ਨਾ ਕਿਸੇ ਤਰ੍ਹਾਂ ਜ਼ਿੰਮੇਵਾਰ ਹੈ। ਅਮਰੀਕਾ ਵਿਚ ਹਰ ਕਿਸੇ ਕੋਲ ਅਸਲਾ ਹੈ। ਇਕ ਅੰਦਾਜ਼ੇ ਮੁਤਾਬਕ ਅਮਰੀਕਾ ਵਿਚ 27 ਤੋਂ 31 ਕਰੋੜ ਬੰਦੂਕਾਂ ਹਨ ਜਦੋਂਕਿ ਅਮਰੀਕਾ ਦੀ ਆਬਾਦੀ 31.8 ਕਰੋੜ ਹੈ।
ਅਮਰੀਕਾ ਵਿਚ ਗੋਲੀਬਾਰੀ ਅਤੇ ਸਮੂਹਿਕ ਹੱਤਿਆਵਾਂ ਦੀਆਂ ਘਟਨਾਵਾਂ ਤੋਂ ਬਾਵਜੂਦ ਅਮਰੀਕਾ ਵਾਸੀ ਜਥੇਬੰਦੀਆਂ ਗੰਨ ਕੰਟਰੋਲ ਕਾਨੂੰਨ ਨੂੰ ਬਣਾਉਣ ਦੀ ਤਜਵੀਜ਼ ਦਾ ਡੱਟਵਾਂ ਵਿਰੋਧ ਕਰ ਰਹੀਆਂ ਹਨ। ਅਮਰੀਕੀ ਲੋਕ ਆਪਣੀ ਰੱਖਿਆ ਲਈ ਹਥਿਆਰ ਰੱਖਣ ਨੂੰ ਆਪਣਾ ਸੰਵਿਧਾਨਿਕ ਅਧਿਕਾਰ ਸਮਝਦੇ ਹਨ। ਸਿਰਫ਼ 27 ਫ਼ੀਸਦੀ ਅਮਰੀਕਾ ਵਾਸੀ ਹੀ ‘ਗੰਨ ਕੰਟਰੋਲ’ ਕਰਨ ਦੇ ਹਾਮੀ ਹਨ ਤਾਂ ਜੋ ਸਮੂਹਿਕ ਹੱਤਿਆਵਾਂ ‘ਤੇ ਕਾਬੂ ਪਾਇਆ ਜਾ ਸਕੇ। ਇਸੇ ਤਰ੍ਹਾਂ 14 ਫ਼ੀਸਦੀ ਅਮਰੀਕੀ ਲੋਕ ਚਾਹੁੰਦੇ ਹਨ ਕਿ ਗੋਲੀਬਾਰੀ ਦੀਆਂ ਘਟਨਾਵਾਂ ਰੋਕਣ ਲਈ ਜਨਤਕ ਇਕੱਠ ਵਾਲੀਆਂ ਥਾਵਾਂ ‘ਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ।
ਅਮਰੀਕਾ ਵਿਚ ਹਥਿਆਰਾਂ ਦੀ ਵਿਕਰੀ ਉੱਪਰ ਕੰਟਰੋਲ ਦੀ ਮੰਗ ਪਿਛਲੇ ਕੁਝ ਸਮੇਂ ਤੋਂ ਜ਼ੋਰ ਫੜਦੀ ਜਾ ਰਹੀ ਹੈ, ਪਰ ਦੇਸ਼ ਦੀ ਸਿਆਸੀ ਲੀਡਰਸ਼ਿਪ ਇਸ ਬਾਰੇ ਫ਼ੈਸਲਾ ਲੈਣ ਤੋਂ ਹਮੇਸ਼ਾ ਝਿਜਕਦੀ ਆਈ ਹੈ। ਹੁਣ ਵੀ ਰਾਸ਼ਟਰਪਤੀ ਓਬਾਮਾ ਨੇ ਸਿੱਧੇ ਤੌਰ ‘ਤੇ ਇਹ ਨਹੀਂ ਕਿਹਾ ਕਿ ਉਹ ਬੰਦੂਕ ਸੱਭਿਆਚਾਰ ‘ਤੇ ਨਿਯੰਤਰਣ ਦਾ ਯਤਨ ਕਰਨਗੇ। ਆਖਰ ਕਿਉਂ ਅਮਰੀਕਾ ਵਿਚ ਅਸਹਿਣਸ਼ੀਲਤਾ, ਨਸਲਵਾਦ ਅਤੇ ਹਿੰਸਾ ਵੱਧ ਰਹੀ ਹੈ? ਇਸ ਦਾ ਮੁੱਖ ਕਾਰਨ ਅਮਰੀਕਾ ਦਾ ਆਰਥਿਕ ਸੰਕਟ ਹੈ। ਜਿਵੇਂ-ਜਿਵੇਂ ਆਰਥਿਕ ਸੰਕਟ ਡੂੰਘਾ ਹੋ ਰਿਹਾ ਹੈ, ਉਵੇਂ-ਉਵੇਂ ਅਮਰੀਕਨਾਂ ਵਿਚ ਘੱਟ-ਗਿਣਤੀਆਂ ਅਤੇ ਪਰਵਾਸੀਆਂ ਵਿਰੁੱਧ ਭਾਵਨਾ ਵੱਧਦੀ ਜਾ ਰਹੀ ਹੈ। ਉਹ ਇਨ੍ਹਾਂ ਨੂੰ ਇਸ ਆਰਥਿਕ ਸੰਕਟ ਲਈ ਜ਼ਿੰਮੇਵਾਰ ਸਮਝਦੇ ਹਨ। ਸੰਸਾਰੀਕਰਨ ਦੀਆਂ ਨੀਤੀਆਂ ਅਤੇ ਆਰਥਿਕ ਸੰਕਟ ਦੇ ਡੂੰਘੇ ਹੋਣ ਦਾ ਇਕ ਹੋਰ ਪ੍ਰਭਾਵ ਇਹ ਪੈ ਰਿਹਾ ਹੈ ਕਿ ਗੋਰੀ ਮੱਧ ਸ਼੍ਰੇਣੀ ਸੁੰਗੜਦੀ ਜਾ ਰਹੀ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਉਸ ਦਾ ਵਜੂਦ ਹੀ ਖ਼ਤਮ ਹੋ ਸਕਦਾ ਹੈ। ਅਜਿਹੀ ਭਾਵਨਾ ਵਿਚੋਂ ਇਕ ਘਿਰੀ ਹੋਈ ਮਾਨਸਿਕਤਾ ਉਪਜਦੀ ਹੈ। ਇਹ ਘਿਰੀ ਹੋਈ ਮਾਨਸਿਕਤਾ ਨਿਰਾਸ਼ਾ ਅਤੇ ਹਿੰਸਾ ਨੂੰ ਜਨਮ ਦਿੰਦੀ ਹੈ। ਜਿਥੇ ਅਮਰੀਕਾ ਦੀ ਹੇਠਲੀ ਜਮਾਤ ਅਸਹਿਣਸ਼ੀਲਤਾ, ਨਸਲਵਾਦ ਅਤੇ ਪਰਵਾਸ ਦੇ ਵਿਰੁੱਧ ਭਾਵਨਾਵਾਂ ਦਾ ਸ਼ਿਕਾਰ ਹੋ ਜਾਂਦੀ ਹੈ, ਉਥੇ ਮੱਧ ਸ਼੍ਰੇਣੀ ਨਿਰਾਸ਼ ਹੋ ਕੇ ਹਿੰਸਾ ਵੱਲ ਪ੍ਰੇਰਿਤ ਹੋ ਜਾਂਦੀ ਹੈ। ਉਨ੍ਹਾਂ ਦੀ ਹਿੰਸਾ ਦਾ ਸ਼ਿਕਾਰ ਜ਼ਿਆਦਾਤਰ ਗੋਰੇ ਹੀ ਬਣਦੇ ਹਨ, ਜਿਥੇ ਹੇਠਲੀ ਜਮਾਤ ਨਾਲ ਸਬੰਧਤ ਗੋਰੇ ਤੁਲਨਾਤਮਕ ਤੌਰ ‘ਤੇ ਘੱਟ ਪੜ੍ਹੇ-ਲਿਖੇ ਹੁੰਦੇ ਹਨ ਅਤੇ ਸਮਾਜ ਵਿਚ ਕੋਈ ਸਤਿਕਾਰਤ ਸਥਾਨ ਹਾਸਲ ਕਰਨ ਵਿਚ ਅਕਸਰ ਨਾਕਾਮ ਹੋਏ ਹੁੰਦੇ ਹਨ। ਉਥੇ ਮੱਧ ਸ਼੍ਰੇਣੀ ਨਾਲ ਸਬੰਧਤ ਹਿੰਸਾ ਕਰਨ ਵਾਲੇ ਗੋਰੇ ਕਈ ਵਾਰ ਬਹੁਤ ਪੜ੍ਹੇ-ਲਿਖੇ ਅਤੇ ਪ੍ਰਾਪਤੀ ਕਰਨ ਵਾਲੇ ਹੁੰਦੇ ਹਨ। ਭਾਵੇਂਕਿ ਮੌਜੂਦਾ ਆਰਥਿਕ ਸੰਕਟ ਸਿਰਫ਼ ਅਮਰੀਕਾ ਦਾ ਹੀ ਨਹੀਂ ਸਗੋਂ ਸਾਰੇ ਪੱਛਮੀ ਸਰਮਾਏਦਾਰ ਦੇਸ਼ਾਂ ਦਾ ਹੈ ਅਤੇ ਸਾਰੇ ਪੱਛਮੀ ਸਰਮਾਏਦਾਰ ਦੇਸ਼ਾਂ ਵਿਚ ਨਸਲਵਾਦ ਅਤੇ ਪਰਵਾਸ ਵਿਰੋਧੀ ਭਾਵਨਾਵਾਂ ਵੱਧ ਰਹੀਆਂ ਹਨ ਪਰ ਅਮਰੀਕਾ ਦੀ ਬਾਕੀ ਪੱਛਮੀ ਸਰਮਾਏਦਾਰ ਦੇਸ਼ਾਂ ਨਾਲੋਂ ਇਹ ਗੱਲ ਵੱਖਰੀ ਹੈ ਕਿ ਉਥੇ ਹਿੰਸਾ ਦੂਜੇ ਪੱਛਮੀ ਦੇਸ਼ਾਂ ਨਾਲੋਂ ਕਈ ਗੁਣਾ ਜ਼ਿਆਦਾ ਹੈ। ਇਸ ਤੱਥ ਦੇ ਸੱਭਿਆਚਾਰਕ ਅਤੇ ਇਤਿਹਾਸਕ ਕਾਰਨ ਹਨ। ਯੂਰਪ ਅਮਰੀਕਾ ਨੂੰ ਅਮਲੀ ਤੌਰ ‘ਤੇ ਇਕ ਮੁਜਰਮਾਂ ਨੂੰ ਬਾਹਰ ਭੇਜਣ ਵਾਲੀ ਬਸਤੀ ਦੇ ਤੌਰ ‘ਤੇ ਵਰਤਦਾ ਰਿਹਾ ਹੈ। ਅਮਰੀਕਨਾਂ ਨੂੰ ਬੰਦੂਕਾਂ ਰੱਖਣ ਲਈ ਉਤਸ਼ਾਹਿਤ ਕੀਤਾ ਜਾਂਦਾ ਸੀ। ਇਨ੍ਹਾਂ ਬੰਦੂਕਾਂ ਦੇ ਸਹਾਰੇ ਹੀ ਗੋਰੇ ਲੋਕ ਆਦਿਵਾਸੀਆਂ ਤੋਂ ਜ਼ਮੀਨ ਖਾਲੀ ਕਰਵਾ ਕੇ ਮਾਲਕ ਬਣੇ। ਅੱਜ ਵੀ ਇਸ ਦਾ ਪ੍ਰਭਾਵ ਸਾਫ਼ ਦਿਸਦਾ ਹੈ। ਅਮਰੀਕੀ ਪ੍ਰਸ਼ਾਸਨ ਨੂੰ ਦੇਸ਼ ਅੰਦਰ ਨਸਲੀ ਵਿਤਕਰਿਆਂ ਜਾਂ ਮਾਨਸਿਕ ਪ੍ਰੇਸ਼ਾਨੀਆਂ ਵਿਚੋਂ ਨਿਕਲ ਰਹੀ ਖ਼ਤਰਨਾਕ ਨਫ਼ਰਤ ਦੀ ਖੂਨੀ ਖੇਡ ਨੂੰ ਰੋਕਣ ਲਈ ਸਖ਼ਤ ਫ਼ੈਸਲੇ ਲੈਣੇ ਪੈਣਗੇ। ਅਮਰੀਕਾ ਦੇ ਹਥਿਆਰ ਰੱਖਣ ਸਬੰਧੀ ਕਾਨੂੰਨ ਵਿਚ ਵੀ ਜ਼ਰੂਰੀ ਸੋਧਾਂ ਦੀ ਗੁੰਜਾਇਸ਼ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …