16.8 C
Toronto
Sunday, September 28, 2025
spot_img
Homeਸੰਪਾਦਕੀਕਠੂਆ ਸਮੂਹਿਕ ਜਬਰ-ਜਨਾਹ ਮਾਮਲੇ ਦਾ ਫ਼ੈਸਲਾ

ਕਠੂਆ ਸਮੂਹਿਕ ਜਬਰ-ਜਨਾਹ ਮਾਮਲੇ ਦਾ ਫ਼ੈਸਲਾ

ਪਸ਼ੂ ਬਿਰਤੀ ਲੋਕਾਂ ਨੂੰ ਹੋਰ ਸਖ਼ਤ ਸਜ਼ਾਵਾਂ ਦੇਣ ਦੀ ਲੋੜ
ਪਿਛਲੇ ਦਿਨੀਂ ਬਹੁਚਰਚਿਤ ਜੰਮੂ ਦੇ ਕਠੂਆ ਸਮੂਹਿਕ ਜਬਰ-ਜਨਾਹ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ। ਤਿੰਨ ਦੋਸ਼ੀਆਂ ਨੂੰ ਤਾਉਮਰ ਜੇਲ੍ਹ ਅਤੇ ਤਿੰਨਾਂ ਨੂੰ 5-5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪਰ ਇਸ ਸਜ਼ਾ ‘ਤੇ ਵੀ ਅਸੰਤੁਸ਼ਟੀ ਦਾ ਪ੍ਰਗਟਾਵਾ ਹੋ ਰਿਹਾ ਹੈ। ਭਾਰਤ ਵਿਚ ਔਰਤਾਂ ਦੇ ਕੌਮੀ ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ ਨੇ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕਰਦਿਆਂ ਜੰਮੂ-ਕਸ਼ਮੀਰ ਸਰਕਾਰ ਨੂੰ ਇਸ ਸਬੰਧੀ ਉੱਚ ਅਦਾਲਤ ਵਿਚ ਪਹੁੰਚ ਦੀ ਅਪੀਲ ਕੀਤੀ ਹੈ। ਇਸੇ ਹੀ ਤਰ੍ਹਾਂ ਦਿੱਲੀ ਦੇ ਔਰਤਾਂ ਦੇ ਕਮਿਸ਼ਨ ਦੀ ਮੁਖੀ ਸਵਾਤੀ ਮਾਲਵੀਆ ਨੇ ਵੀ ਕਿਹਾ ਹੈ ਕਿ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਸੀ।
ਚੇਤੇ ਰਹੇ ਕਿ ਡੇਢ ਕੁ ਸਾਲ ਪਹਿਲਾਂ ਵਾਪਰੀ ਇਸ ਘਿਨਾਉਣੀ ਘਟਨਾ ਨੇ ਇਕ ਵਾਰ ਤਾਂ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਹ ਮਾਮਲਾ ਜੰਮੂ-ਕਸ਼ਮੀਰ ਦੇ ਕਠੂਆ ਦੇ ਇਕ ਪਿੰਡ ਰਸਾਨਾ ਵਿਚ 10 ਜਨਵਰੀ, 2018 ਨੂੰ ਵਾਪਰਿਆ ਸੀ, ਜਦੋਂ 8 ਸਾਲ ਦੀ ਬਕਰਵਾਹ ਬਰਾਦਰੀ ਦੀ ਇਕ ਬੱਚੀ ਪਸ਼ੂਆਂ ਨੂੰ ਚਰਾਉਣ ਲਈ ਗਈ ਸੀ। ਕੁਝ ਦਿਨਾਂ ਬਾਅਦ ਉਸ ਦੀ ਲਾਸ਼ ਪਿੰਡ ਦੇ ਇਕ ਧਾਰਮਿਕ ਸਥਾਨ ਦੇ ਨੇੜਿਓਂ ਮਿਲੀ ਸੀ, ਜਿਸ ‘ਤੇ ਵੱਡਾ ਵਿਵਾਦ ਉੱਠ ਖੜ੍ਹਾ ਹੋਇਆ ਸੀ। ਇਥੋਂ ਤੱਕ ਕਿ ਇਸ ਨੂੰ ਫ਼ਿਰਕੂ ਰੰਗਤ ਵੀ ਦਿੱਤੀ ਗਈ ਸੀ ਅਤੇ ਸੂਬੇ ਭਰ ਵਿਚ ਬੇਹੱਦ ਤਣਾਅ ਵੱਧ ਗਿਆ ਸੀ। ਦੋਸ਼ੀਆਂ ਨੂੰ ਬਚਾਉਣ ਲਈ ਭਾਜਪਾ ਵਰਗੀ ਕੌਮੀ ਪਾਰਟੀ ਦੇ ਬਹੁਤ ਸਾਰੇ ਨੁਮਾਇੰਦੇ ਵੀ ਉਸ ਸਮੇਂ ਸਰਗਰਮ ਨਜ਼ਰ ਆ ਰਹੇ ਸਨ। ਇਥੋਂ ਤੱਕ ਕਿ ਉਸ ਸਮੇਂ ਉਥੇ ਬਣਾਏ ਗਏ ਹਿੰਦੂ ਏਕਤਾ ਮੰਚ ਨੇ ਵੀ ਹਿੰਸਕ ਮੁਜ਼ਾਹਰੇ ਕੀਤੇ ਸਨ। ਉਸ ਸਮੇਂ ਜੰਮੂ-ਕਸ਼ਮੀਰ ਵਿਚ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਹਕੂਮਤ ਚਲਾ ਰਹੀਆਂ ਸਨ। ਇਸ ਮਸਲੇ ਨੂੰ ਲੈ ਕੇ ਦੋਵਾਂ ਭਾਈਵਾਲ ਪਾਰਟੀਆਂ ਵਿਚ ਵੀ ਵੱਡਾ ਤਣਾਅ ਪੈਦਾ ਹੋਇਆ ਸੀ। ਇਥੋਂ ਤੱਕ ਕਿ ਦੋਸ਼ੀਆਂ ਦੀ ਮਦਦ ਵਿਚ ਪੂਰੀ ਤਰ੍ਹਾਂ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਦੇ ਦੋ ਵਜ਼ੀਰਾਂ ਨੂੰ ਅਸਤੀਫ਼ਾ ਵੀ ਦੇਣਾ ਪਿਆ ਸੀ।
ਇਸੇ ਲਈ ਬਾਅਦ ਵਿਚ ਇਸ ਮਾਮਲੇ ਨੂੰ ਉੱਚ ਅਦਾਲਤ ਦੇ ਹੁਕਮਾਂ ‘ਤੇ ਜੰਮੂ-ਕਸ਼ਮੀਰ ਤੋਂ ਬਾਹਰ ਪੰਜਾਬ ਵਿਚ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਦੋਸ਼ੀਆਂ ਨੂੰ ਗੁਰਦਾਸਪੁਰ ਜੇਲ੍ਹ ਵਿਚ ਭੇਜ ਦਿੱਤਾ ਗਿਆ ਸੀ। ਲਗਭਗ ਇਕ ਸਾਲ ਦੇ ਅਰਸੇ ਤੱਕ ਇਸ ਦੀ ਲਗਾਤਾਰ ਸੁਣਵਾਈ ਤੋਂ ਬਾਅਦ ਇਸ ਮਾਮਲੇ ਦਾ ਫ਼ੈਸਲਾ ਆਇਆ ਹੈ। ਉਂਜ ਭਾਰਤ ‘ਚ ਔਰਤਾਂ ਨਾਲ ਜਬਰ-ਜਨਾਹ ਦੀਆਂ ਘਟਨਾਵਾਂ ਰੋਜ਼ਾਨਾ ਹੀ ਅਣਗਿਣਤ ਵਾਪਰਦੀਆਂ ਹਨ। ਕਈ ਮਾਮਲਿਆਂ ਵਿਚ ਦੋਸ਼ੀਆਂ ਵਲੋਂ ਆਪਣੀ ਪਛਾਣ ਨੂੰ ਲੁਕਾਉਣ ਲਈ ਛੋਟੀਆਂ ਬੱਚੀਆਂ ਜਾਂ ਔਰਤਾਂ ਨੂੰ ਬੜੇ ਘਿਨਾਉਣੇ ਤਰੀਕਿਆਂ ਨਾਲ ਮਾਰ ਦਿੱਤਾ ਜਾਂਦਾ ਹੈ। ਨਿੱਤ ਦਿਨ ਵਾਪਰਦੀਆਂ ਅਜਿਹੀਆਂ ਅਨੇਕਾਂ ਦਰਦਨਾਕ ਘਟਨਾਵਾਂ ਵਿਚੋਂ ਕੁਝ ਇਕ ਦੀ ਹੁਣ ਤੱਕ ਵੱਡੀ ਚਰਚਾ ਵੀ ਹੋਈ ਹੈ। ਅਜਿਹਾ ਹੀ ਬਹੁ-ਚਰਚਿਤ ਮਾਮਲਾ ਕੁਝ ਸਾਲ ਪਹਿਲਾਂ ਦਿੱਲੀ ਵਿਚ ਵਾਪਰਿਆ ਸੀ। ਨਿਰਭੈ ਮਾਮਲਾ, ਜਿਸ ਵਿਚ ਡਾਕਟਰੀ ਦੀ ਪੜ੍ਹਾਈ ਕਰਦੀ ਨੌਜਵਾਨ ਲੜਕੀ ਨਾਲ ਚਲਦੀ ਬੱਸ ਵਿਚ ਕੁਝ ਵਿਅਕਤੀਆਂ ਵਲੋਂ ਬੁਰੀ ਤਰ੍ਹਾਂ ਜਬਰ-ਜਨਾਹ ਕੀਤਾ ਗਿਆ ਸੀ, ਜਿਸ ਤੋਂ ਕੁਝ ਦਿਨਾਂ ਬਾਅਦ ਉਸ ਲੜਕੀ ਦੀ ਮੌਤ ਹੋ ਗਈ ਸੀ। ਉਸ ਤੋਂ ਪਿੱਛੋਂ ਦੇਸ਼ ਦੀ ਪਾਰਲੀਮੈਂਟ ਤੋਂ ਲੈ ਕੇ ਸੜਕਾਂ ਤੱਕ ਲੋਕ ਰੋਹ ਜਵਾਲਾਮੁਖੀ ਬਣ ਕੇ ਉਠਿਆ ਸੀ। ਇਸ ਤੋਂ ਬਾਅਦ ਭਾਰਤੀ ਪਾਰਲੀਮੈਂਟ ਨੇ ਔਰਤਾਂ ਨਾਲ ਹੁੰਦੀਆਂ ਅਜਿਹੀਆਂ ਘਿਨਾਉਣੀਆਂ ਘਟਨਾਵਾਂ ਸਬੰਧੀ ਸਖ਼ਤ ਕਾਨੂੰਨ ਬਣਾਏ ਸਨ। ਨਿਰਭੈ ਕਾਂਡ ਵਿਚ 5 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਬਾਅਦ ਵਿਚ ਸੁਪਰੀਮ ਕੋਰਟ ਨੇ ਇਸ ਸਜ਼ਾ ਦੀ ਪੁਸ਼ਟੀ ਵੀ ਕਰ ਦਿੱਤੀ ਸੀ। ਹੈਰਾਨੀ ਤੇ ਅਫ਼ਸੋਸ ਇਸ ਗੱਲ ਦਾ ਹੈ ਕਿ ਸਖ਼ਤ ਸਜ਼ਾਵਾਂ ਦੀ ਵਿਵਸਥਾ ਹੋਣ ਤੋਂ ਬਾਅਦ ਵੀ ਅਜਿਹੀਆਂ ਘਟਨਾਵਾਂ ਵਿਚ ਕਮੀ ਨਹੀਂ ਆ ਰਹੀ, ਜਿਸ ਤੋਂ ਲਗਦਾ ਹੈ ਕਿ ਦਰਿੰਦਗੀ ਵਾਲੀ ਮਾਨਸਿਕਤਾ ਪਾਲੀ ਬੈਠੇ ਵਿਅਕਤੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ।
ਕੌਮਾਂਤਰੀ ਖ਼ਬਰ ਏਜੰਸੀ ਰਾਇਟਰ ਦੀ ਸ਼ਾਖਾ ‘ਥਾਮਸਨ ਰਾਇਟਰ ਫਾਊਂਡੇਸ਼ਨ’ ਦੀ ਤਾਜ਼ਾ ਰਿਪੋਰਟ ਸਾਲ 2018 ਮੁਤਾਬਕ ਭਾਰਤ ਔਰਤਾਂ ਦੀ ਸੁਰੱਖਿਆ ਪੱਖੋਂ ਸਥਿਤੀ ਦੇ ਲਿਹਾਜ਼ ਨਾਲ ਦੁਨੀਆ ਵਿਚ ਸਭ ਤੋਂ ਫਾਡੀ ਹੈ। ਅੱਜ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਹਰ ਰੋਜ਼ ਔਰਤਾਂ ਨਾਲ ਜਬਰ ਜਨਾਹ, ਛੇੜਛਾੜ ਅਤੇ ਅਗਵਾ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜੋ ਇਸ ਰਿਪੋਰਟ ਦੇ ਪੱਖ ਵਿਚ ਗਵਾਹੀ ਭਰ ਰਹੀਆਂ ਹਨ।
ਭਾਰਤ ਦੇ ਕੌਮੀ ਅਪਰਾਧ ਬਿਊਰੋ ਦੀਆਂ ਪਿਛਲੇ 10 ਸਾਲਾਂ ਦੀਆਂ ਰਿਪੋਰਟਾਂ ਦੱਸ ਰਹੀਆਂ ਹਨ ਕਿ ਦੇਸ਼ ਅੰਦਰ ਔਰਤਾਂ ਨਾਲ ਜਬਰ-ਜਨਾਹ ਅਤੇ ਅਗਵਾ ਦੇ ਕੇਸ ਲਗਾਤਾਰ ਵੱਧ ਰਹੇ ਹਨ। ਇਨ੍ਹਾਂ ਰਿਪੋਰਟਾਂ ਅਨੁਸਾਰ ਸਾਲ 2007 ਦੌਰਾਨ ਦੇਸ਼ ਅੰਦਰ ਜਬਰ-ਜਨਾਹ ਦੇ 20737, 2008 ਵਿਚ 21467, 2009 ਵਿਚ 21937, 2010 ਵਿਚ 22172, 2011 ਵਿਚ 24206, 2012 ਵਿਚ 24923, 2013 ਵਿਚ 33707, 2014 ਵਿਚ 36975, 2015 ਵਿਚ 34771 ਅਤੇ 2016 ਵਿਚ 38947 ਮਾਮਲੇ ਦਰਜ ਕੀਤੇ ਗਏ ਹਨ। ਸਾਲ 2016 ਵਿਚ ਇਕੱਲੇ ਦਿੱਲੀ ਵਿਖੇ ਜਬਰ-ਜਨਾਹ ਦੇ 2006 ਕੇਸ ਦਰਜ ਹੋਏ ਹਨ; ਭਾਵ ਇਸ ਸ਼ਹਿਰ ਵਿਚ ਹਰ ਰੋਜ਼ ਔਸਤ 5 ਤੋਂ ਜ਼ਿਆਦਾ ਜਬਰ-ਜਨਾਹ ਦੇ ਮਾਮਲੇ ਦਰਜ ਹੋ ਰਹੇ ਹਨ, ਬਿਨਾਂ ਦਰਜ ਮਾਮਲੇ ਇਸ ਤੋਂ ਵੱਖਰੇ ਹਨ। ਇਸੇ ਤਰ੍ਹਾਂ ਬਿਊਰੋ ਦੀਆਂ ਵੱਖ-ਵੱਖ ਸਾਲਾਂ ਦੀਆਂ ਰਿਪੋਰਟਾਂ ਮੁਤਾਬਕ ਦੇਸ਼ ਅੰਦਰ ਸਾਲ 2007 ਵਿਚ ਅਗਵਾ ਦੇ 20416, 2008 ਵਿਚ 22939, 2009 ਵਿਚ 25741, 2010 ਵਿਚ 29795, 2011 ਵਿਚ 35565, 2012 ਵਿਚ 38262, 2013 ਵਿਚ 51881, 2014 ਵਿਚ 58492, 2015 ਵਿਚ 60652 ਅਤੇ 2016 ਵਿਚ 66544 ਮਾਮਲੇ ਦਰਜ ਕੀਤੇ ਗਏ ਹਨ। ਕੁੱਲ ਮਿਲਾ ਕੇ ਇਨ੍ਹਾਂ 10 ਸਾਲਾਂ ਵਿਚ ਜਬਰ-ਜਨਾਹ ਦੇ ਮਾਮਲਿਆਂ ਦੀ ਗਿਣਤੀ ਲਗਭਗ ਦੁੱਗਣੀ ਜਦੋਂਕਿ ਅਗਵਾ ਦੇ ਮਾਮਲਿਆਂ ਦੀ ਗਿਣਤੀ ਤਿਗੁਣੀ ਵਧੀ ਹੈ।
ਬਿਊਰੋ ਦੀਆਂ ਰਿਪੋਰਟਾਂ ਤੋਂ ਸਪੱਸ਼ਟ ਹੈ ਕਿ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਾਨੂੰ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਭਾਰਤ ਅੰਦਰ ਹਰ ਰੋਜ਼ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨਾਲ ਭਾਰਤ ਦਾ ਨਾਂਅ ਦੁਨੀਆ ਵਿਚ ਨੀਵਾਂ ਹੋ ਰਿਹਾ ਹੈ। ਔਰਤਾਂ ਨਾਲ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਦੇਸ਼ ਦੀ ਮੌਜੂਦਾ ਵਿਵਸਥਾ ਵਿਚ ਪਏ ਨੁਕਸਾਂ ਨੂੰ ਉਜਾਗਰ ਕਰ ਰਹੀਆਂ ਹਨ। ਭਾਰਤ ਅੰਦਰ ਔਰਤਾਂ ਨਾਲ ਜਬਰ-ਜਨਾਹ, ਛੇੜਛਾੜ ਅਤੇ ਅਗਵਾ ਦੀਆਂ ਵੱਧ ਰਹੀਆਂ ਘਟਨਾਵਾਂ ਗੰਭੀਰ ਚਿੰਤਾ ਦਾ ਵਿਸ਼ਾ ਤੇ ਇਕ ਵੱਡੀ ਚੁਣੌਤੀ ਹਨ। ਅਜਿਹੀ ਚੁਣੌਤੀ ਨਾਲ ਨਜਿੱਠਣ ਲਈ ਸਾਨੂੰ ਸੰਜੀਦਗੀ ਨਾਲ ਖੋਜ ਕਰਨ ਦੀ ਲੋੜ ਹੈ ਅਤੇ ਉਨ੍ਹਾਂ ਕਾਰਨਾਂ ਨੂੰ ਵੀ ਲੱਭਣ ਦੀ ਲੋੜ ਹੈ ਜਿਸ ਕਰਕੇ ਇਹ ਸਭ ਕੁਝ ਹੋ ਰਿਹਾ ਹੈ। ਭਾਰਤ ਅੰਦਰ ਅਜਿਹਾ ਵਾਤਾਵਰਨ ਸਥਾਪਤ ਕਰਨ ਦੀ ਲੋੜ ਹੈ ਜਿਸ ਨਾਲ ਮਰਦਾਂ ਦੀ ਔਰਤਾਂ ਪ੍ਰਤੀ ਗ਼ਲਤ ਸੋਚ ਖ਼ਤਮ ਹੋਵੇ ਤੇ ਉਹ ਬਿਨਾਂ ਕਿਸੇ ਡਰ ਤੋਂ ਆਪਣੇ ਰੋਜ਼ਮਰਾ ਦੇ ਕੰਮ ਕਰ ਸਕਣ। ਇਸੇ ਲੜੀ ਤਹਿਤ ਗ਼ੈਰ-ਮਿਆਰੀ ਸਮਾਜਿਕ ਪ੍ਰੋਗਰਾਮਾਂ ਵੱਲ ਉਚੇਚਾ ਧਿਆਨ ਦੇਣਾ ਪਵੇਗਾ। ਗ਼ੈਰ ਮਿਆਰੀ ਫ਼ਿਲਮਾਂ, ਨਾਟਕ, ਗੀਤ, ਚੁਟਕਲੇ ਆਦਿ ਜਿਸ ਨਾਲ ਸਮਾਜ ਵਿਚ ਮਰਦਾਂ ਦੀ ਔਰਤਾਂ ਪ੍ਰਤੀ ਗੈਰ ਸੱਭਿਅਕ ਸੋਚ ਪੈਦਾ ਹੁੰਦੀ ਹੈ, ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਔਰਤਾਂ ਦੇ ਸੁੰਦਰਤਾ ਮੁਕਾਬਲੇ ਜੋ ਪੱਛਮ ਦੀ ਦੇਣ ਹਨ, ਬਾਰੇ ਵੀ ਸੋਚਣਾ ਪਵੇਗਾ।

RELATED ARTICLES
POPULAR POSTS