25 ਅਪ੍ਰੈਲ ਨੂੰ ਕਰ ਸਕਦੇ ਹਨ ਐਲਾਨ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ 2024 ਵਿਚ ਹੋਣ ਵਾਲੇ ਯੂਐਸ ਪ੍ਰੈਜੀਡੈਂਟ ਇਲੈਕਸ਼ਨ ਵਿਚ ਉਤਰਨ ਦਾ ਮਨ ਬਣਾ ਰਹੇ ਹਨ। ਉਨ੍ਹਾਂ ਨੇ ਲੰਘੀ 15 ਅਪ੍ਰੈਲ ਨੂੰ ਆਇਰਲੈਂਡ ਵਿਚ ਇਕ ਰੈਲੀ ਦੌਰਾਨ ਕਿਹਾ ਸੀ ਕਿ ਉਹ ਇਸ ਸਬੰਧੀ ਤਿਆਰੀਆਂ ਕਰ ਰਹੇ ਹਨ। ਹੁਣ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ, ਬਾਈਡਨ ਆਉਂਦੀ 25 ਅਪ੍ਰੈਲ ਨੂੰ ਚੋਣ ਲੜਨ ਸਬੰਧੀ ਅਫੀਸ਼ੀਅਲ ਐਲਾਨ ਕਰ ਸਕਦੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਬਾਈਡਨ ਇਸ ਸਬੰਧੀ ਐਲਾਨ ਇਕ ਵੀਡੀਓ ਸੰਦੇਸ਼ ਰਾਹੀਂ ਕਰਨਗੇ। ਜ਼ਿਕਰਯੋਗ ਹੈ ਕਿ ਬਾਈਡਨ ਅਮਰੀਕਾ ਵਿਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੇ ਸਭ ਤੋਂ ਬਜ਼ੁਰਗ ਆਗੂ ਹਨ। 80 ਸਾਲਾਂ ਦੇ ਡੈਮੋਕਰੇਟ ਆਗੂ ਨੇ 20 ਜਨਵਰੀ 2021 ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ ਸੀ। ਉਨ੍ਹਾਂ ਨੇ ਰਿਪਬਲਿਕ ਉਮੀਦਵਾਰ ਡੋਨਾਲਡ ਟਰੰਪ ਨੂੰ ਹਰਾ ਕੇ ਅਮਰੀਕਾ ਦੀ ਸੱਤਾ ਹਾਸਲ ਕੀਤੀ ਸੀ। ਜੇਕਰ ਉਹ 2024 ਵਿਚ ਵੀ ਇਲੈਕਸ਼ਨ ਜਿੱਤ ਜਾਂਦੇ ਹਨ ਤਾਂ ਇਹ ਉਨ੍ਹਾਂ ਦਾ ਦੂਜਾ ਕਾਰਜਕਾਲ ਹੋਵੇਗਾ।