Breaking News
Home / Special Story / ਮਿਲਖਾ ਸਿੰਘ ਤੇ ਨਿਰਮਲ ਮਿਲਖਾ ਸਿੰਘ ਨੂੰ ਚੰਡੀਗੜ੍ਹ ‘ਚ ਸ਼ਰਧਾਂਜਲੀਆਂ

ਮਿਲਖਾ ਸਿੰਘ ਤੇ ਨਿਰਮਲ ਮਿਲਖਾ ਸਿੰਘ ਨੂੰ ਚੰਡੀਗੜ੍ਹ ‘ਚ ਸ਼ਰਧਾਂਜਲੀਆਂ

ਅੰਤਿਮ ਅਰਦਾਸ ਸਮਾਗਮ ਦੌਰਾਨ ਸਿਆਸੀ ਅਤੇ ਖੇਡ ਜਗਤ ਦੀਆਂ ਸ਼ਖ਼ਸੀਅਤਾਂ ਨੇ ਵਰਚੁਅਲ ਹਾਜ਼ਰੀ ਭਰੀ
ਚੰਡੀਗੜ੍ਹ/ਬਿਊਰੋ ਨਿਊਜ਼ : ‘ਉੱਡਣੇ ਸਿੱਖ’ ਵਜੋਂ ਮਕਬੂਲ ਅਥਲੀਟ ਮਿਲਖਾ ਸਿੰਘ ਅਤੇ ਉਨ੍ਹਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਨੂੰ ਬੁੱਧਵਾਰ ਨੂੰ ਚੰਡੀਗੜ੍ਹ ਦੇ ਸੈਕਟਰ-8 ਸਥਿਤ ਗੁਰਦੁਆਰਾ ਸਾਹਿਬ ਵਿੱਚ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਕਰੋਨਾ ਵਾਇਰਸ ਕਾਰਨ ਪ੍ਰਸ਼ਾਸਨ ਵੱਲੋਂ ਅੰਤਿਮ ਅਰਦਾਸ ਦੌਰਾਨ ਪਰਿਵਾਰਕ ਮੈਂਬਰਾ ਸਣੇ 50 ਵਿਅਕਤੀਆਂ ਦੇ ਸ਼ਾਮਲ ਹੋਣ ਦੀ ਪ੍ਰਵਾਨਗੀ ਦਿੱਤੀ ਗਈ ਸੀ, ਜਿਸ ਕਰਕੇ ਦੇਸ਼ ਦੇ ਸਿਆਸੀ, ਸਮਾਜਿਕ, ਪ੍ਰਸ਼ਾਸਨਿਕ ਅਤੇ ਖੇਡ ਜਗਤ ਨਾਲ ਜੁੜੀ ਸ਼ਖਸੀਅਤਾਂ ਨੇ ਵਰਚੁਅਲ ਹਾਜ਼ਰੀ ਭਰੀ। ਇਸ ਮੌਕੇ ਮਿਲਖਾ ਸਿੰਘ ਦੇ ਪੁੱਤਰ ਜੀਵ ਮਿਲਖਾ ਸਿੰਘ, ਸੋਨੀਆ ਮਿਲਖਾ ਸਿੰਘ, ਮੋਨਾ ਮਿਲਖਾ ਸਿੰਘ, ਜਵਾਈ ਮਨੀਸ਼ ਅਤੇ ਹੋਰ ਪਰਿਵਾਰਕ ਮੈਂਬਰਾਂ ਸਣੇ ਪ੍ਰਫੈਸ਼ਨਲ ਗੋਲਫ ਟੂਰ ਆਫ ਇੰਡੀਆ ਦੇ ਸੀਈਓ ਉੱਤਮ ਸਿੰਘ, ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ, ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਚੰਡੀਗੜ੍ਹ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਅਮਰਿੰਦਰ ਸਿੰਘ ਬਜਾਜ, ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਅਤੇ ਜਨਰਲ ਸਕੱਤਰ ਰਾਮਵੀਰ ਭੱਟੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜ਼ਿਕਰਯੋਗ ਹੈ ਕਿ ਮਿਲਖਾ ਸਿੰਘ (92) ਅਤੇ ਉਨ੍ਹਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ (85) ਪਿਛਲੇ ਕੁੱਝ ਦਿਨਾਂ ਤੋਂ ਕਰੋਨਾ ਤੋਂ ਪੀੜਤ ਸਨ। ਉਨ੍ਹਾਂ ਦਾ ਪੀਜੀਆਈ ਚੰਡੀਗੜ੍ਹ ਵਿੱਚ ਇਲਾਜ ਚੱਲ ਰਿਹਾ ਸੀ। ਇਸੇ ਦੌਰਾਨ ਸਿਹਤ ਜ਼ਿਆਦਾ ਖਰਾਬ ਹੋਣ ਕਰਕੇ ਨਿਰਮਲਾ ਮਿਲਖਾ ਸਿੰਘ ਦਾ 12 ਜੂਨ ਅਤੇ ਮਿਲਖਾ ਸਿੰਘ ਦਾ 18 ਜੂਨ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਅਥਲੈਟਿਕਸ ਵਿੱਚ ਭਾਰਤ ਵੱਲੋਂ ਖੇਡਦਿਆਂ ਚੰਗਾ ਨਾਮਣਾ ਖੱਟਿਆ। ਏਸ਼ੀਆਈ ਖੇਡਾਂ, ਓਲੰਪਿਕ ਅਤੇ ਰਾਸ਼ਟਰ ਮੰਡਲ ਖੇਡਾਂ ਵਿੱਚ ਉਨ੍ਹਾਂ ਨੇ ਕਈ ਰਿਕਾਰਡ ਬਣਾਏ। ਇਸੇ ਤਰ੍ਹਾਂ ਨਿਰਮਲ ਮਿਲਖਾ ਸਿੰਘ ਵੀ ਭਾਰਤੀ ਵਾਲੀਬਾਲ ਟੀਮ ਦੇ ਕਪਤਾਨ ਰਹੇ।
ਇਸ ਦੌਰਾਨ ਪੰਜਾਬ ਸਰਕਾਰ ਨੇ ਖੇਡ ਯੂਨੀਵਰਸਿਟੀ, ਪਟਿਆਲਾ ਵਿੱਚ ਮਿਲਖਾ ਸਿੰਘ ਚੇਅਰ ਸਥਾਪਤ ਕਰਨ ਅਤੇ ਹਰਿਆਣਾ ਸਰਕਾਰ ਨੇ ਮੋਰਨੀ ਦੇ ਨਾਲ ਲਗਦੇ ਟਿੱਕਰ ਤਾਲ ਵਿੱਚ ਬਣਾਏ ਜਾ ਰਹੇ ਕਲੱਬ ਦਾ ਨਾਂ ਮਿਲਖਾ ਸਿੰਘ ਦੇ ਨਾਂ ‘ਤੇ ਰੱਖਣ ਦਾ ਐਲਾਨ ਕੀਤਾ ਹੈ।
ਮਿਲਖਾ ਸਿੰਘ ਹਮੇਸ਼ਾ ਜਿਊਂਦੇ ਰਹਿਣਗੇ : ਫਰਹਾਨ ਅਖ਼ਤਰ
ਮੁੰਬਈ : ਫਿਲਮ ‘ਭਾਗ ਮਿਲਖਾ ਭਾਗ’ ਵਿੱਚ ਮਿਲਖਾ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਫਰਹਾਨ ਅਖ਼ਤਰ ਨੇ ਇਸ ਅਥਲੀਟ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਫਰਹਾਨ ਨੇ ਇੰਸਟਾਗ੍ਰਾਮ ‘ਤੇ ਮਿਲਖਾ ਦੇ ਨਾਲ ਤਸਵੀਰ ਪੋਸਟ ਕੀਤੀ ਹੈ। ਅਦਾਕਾਰ ਨੇ ਨੋਟ ਲਿਖਦਿਆਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਮਿਲਖਾ ਸਿੰਘ ਇਸ ਸੰਸਾਰ ਵਿੱਚ ਨਹੀਂ ਹਨ। ਸੱਚ ਇਹ ਹੈ ਕਿ ਤੁਸੀਂ ਹਮੇਸ਼ਾਂ ਜਿਉਂਦੇ ਰਹੋਗੇ। ਤੁਸੀਂ ਇੱਕ ਸੁਪਨੇ ਦੀ ਨੁਮਾਇੰਦਗੀ ਕੀਤੀ, ਜਿਹੜਾ ਮਿਹਨਤ, ਇਮਾਨਦਾਰੀ ਅਤੇ ਦ੍ਰਿੜਤਾ ਨਾਲ ਸੱਚ ਹੋਇਆ।
ਬੌਲੀਵੁੱਡ ਨੇ ਮਿਲਖਾ ਸਿੰਘ ਦੇ ਦਿਹਾਂਤ ‘ਤੇ ਪ੍ਰਗਟਾਇਆ ਦੁੱਖ
ਫਿਲਮਾਂ ਨਾਲ ਸਬੰਧਤ ਵੱਖ ਵੱਖ ਸ਼ਖ਼ਸੀਅਤਾਂ ਨੇ ਉੱਡਣੇ ਸਿੱਖ ਮਿਲਖਾ ਸਿੰਘ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮਿਲਖਾ ਸਿੰਘ ਦਾ ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਕਰੋਨਾ ਕਾਰਨ ਦਿਹਾਂਤ ਹੋ ਗਿਆ ਸੀ।
ਅਮਿਤਾਭ ਬੱਚਨ ਨੇ ਟਵਿੱਟਰ ‘ਤੇ ਲਿਖਿਆ, ‘ਮੈਂ ਸੋਗ ਵਿੱਚ ਹਾਂ.. ਮਿਲਖਾ ਸਿੰਘ ਦਾ ਦੇਹਾਂਤ.. ਭਾਰਤ ਦਾ ਮਾਣ.. ਇੱਕ ਮਹਾਨ ਐਥਲੀਟ.. ਵੱਡਾ ਇਨਸਾਨ.. ਵਾਹਿਗੁਰੂ ਦੀ ਮੇਹਰ.. ਅਰਦਾਸਾਂ।’ ਸ਼ਾਹਰੁਖ ਖਾਨ ਨੇ ਟਵੀਟ ਕੀਤਾ, ‘ਉੱਡਣਾ ਸਿੱਖ ਭਾਵੇਂ ਸਰੀਰਕ ਤੌਰ ‘ਤੇ ਹੁਣ ਸਾਡੇ ਨਾਲ ਨਹੀਂ ਹੋਣਗੇ ਪਰ ਉਨ੍ਹਾਂ ਦੀ ਮੌਜੂਦਗੀ ਹਮੇਸ਼ਾਂ ਮਹਿਸੂਸ ਕੀਤੀ ਜਾਵੇਗੀ। ਮੇਰੇ ਲਈ ਇੱਕ ਪ੍ਰੇਰਣਾ… ਲੱਖਾਂ ਲੋਕਾਂ ਲਈ ਪ੍ਰੇਰਣਾ ਮਿਲਖਾ ਸਿੰਘ ਸਰ। ਪਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ।’ ਅਨਿਲ ਕਪੂਰ ਨੇ ਮਿਲਖਾ ਸਿੰਘ ਅਤੇ ਉਸ ਦੇ ਪਰਿਵਾਰ ਨਾਲ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, ‘ਮਿਲਖਾ ਸਿੰਘ ਜੀ ਨੇ ਸਾਡਾ ਆਪਣੇ ਘਰ ਵਿੱਚ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਪਿਆਰੀ ਪਤਨੀ ਨੇ ਮੈਨੂੰ ਕਦੇ ਨਾ ਭੁੱਲਣਯੋਗ ਆਲੂ ਦੇ ਪਰਾਂਠੇ ਖੁਆਏ। ਉਹ ਸੱਚਮੁੱਚ ਸ਼ਾਨਦਾਰ ਖਿਡਾਰੀ ਸੀ, ਵਿਲੱਖਣ ਮੇਜ਼ਬਾਨ ਅਤੇ ਸਭ ਤੋਂ ਵੱਧ ਸ਼ਾਨਦਾਰ ਮਨੁੱਖ।’ ਮਿਲਖਾ ਸਿੰਘ ਦੇ ਜੀਵਨ ‘ਤੇ ਬਣੀ ਫਿਲਮ ‘ਭਾਗ ਮਿਲਖਾ ਭਾਗ’ ਵਿੱਚ ਮਿਲਖਾ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਫਰਹਾਨ ਅਖ਼ਤਰ ਨੇ ਇੰਸਟਾਗ੍ਰਾਮ ‘ਤੇ ਮਿਲਖਾ ਨਾਲ ਤਸਵੀਰ ਸਾਂਝੀ ਕੀਤੀ ਹੈ। ਅਦਾਕਾਰ ਨੇ ਨੋਟ ਲਿਖਦਿਆਂ ਕਿਹਾ, ‘ਮੈਨੂੰ ਨਹੀਂ ਲੱਗਦਾ ਕਿ ਮਿਲਖਾ ਸਿੰਘ ਇਸ ਸੰਸਾਰ ਵਿੱਚ ਨਹੀਂ ਹਨ। ਸੱਚ ਇਹ ਹੈ ਕਿ ਤੁਸੀਂ ਹਮੇਸ਼ਾਂ ਜਿਊਂਦੇ ਰਹੋਗੇ। ਤੁਸੀਂ ਇੱਕ ਸੁਫ਼ਨੇ ਦੀ ਨੁਮਾਇੰਦਗੀ ਕੀਤੀ, ਜਿਹੜਾ ਮਿਹਨਤ, ਇਮਾਨਦਾਰੀ ਅਤੇ ਦ੍ਰਿੜਤਾ ਨਾਲ ਸੱਚ ਹੋਇਆ।”ਭਾਗ ਮਿਲਖਾ ਭਾਗ’ ਦਾ ਹਿੱਸਾ ਰਹੀ ਅਦਾਕਾਰਾ ਦਿੱਵਿਆ ਦੱਤਾ ਨੇ ਲਿਖਿਆ, ਪਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ ਮਿਲਖਾ ਸਿੰਘ ਜੀ! ਤੁਹਾਡੇ ਨਾਲ ਇੱਕ ਯੁੱਗ ਦਾ ਅੰਤ ਹੋ ਰਿਹਾ ਹੈ! ਤੁਹਾਡੇ ਨਾਲ ਮਿਲਣਾ, ਤੁਹਾਨੂੰ ਜਾਣਨਾ ਸਨਮਾਨ ਦੀ ਗੱਲ ਹੈ।’ ਫਿਲਮ ‘ਭਾਗ ਮਿਲਖਾ ਭਾਗ’ ਵਿੱਚ ਕੰਮ ਕਰਨ ਵਾਲੀ ਸੋਨਮ ਕਪੂਰ ਨੇ ਇੰਸਟਾਗ੍ਰਾਮ ‘ਤੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘ਸ਼ਾਂਤੀ ‘ਚ ਰਹੋ ਸਰ!’ ਇਸੇ ਤਰ੍ਹਾਂ ਅਦਾਕਾਰ ਮਹੇਸ਼ ਬਾਬੂ, ਤੇਲਗੂ ਅਦਾਕਾਰ ਆਧੀ ਨੇ ਵੀ ਮਿਲਖਾ ਸਿੰਘ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ।
ਮਿਲਖਾ ਸਿੰਘ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਵਿਖੇ ਸਤਲੁਜ ਕਿਨਾਰੇ ਜਲ ਪ੍ਰਵਾਹ
ਕੀਰਤਪੁਰ ਸਾਹਿਬ : ਮਿਲਖਾ ਸਿੰਘ, ਜਿਨ੍ਹਾਂ ਦਾ ਪਿਛਲੇ ਦਿਨੀਂ ਚੰਡੀਗੜ੍ਹ ਵਿਚ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀਆਂ ਅਸਥੀਆਂ ਪਰਿਵਾਰਕ ਮੈਂਬਰਾਂ ਵਲੋਂ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਾਤਾਲਪੁਰੀ ਸਾਹਿਬ ਦੇ ਨੇੜੇ ਸਤਲੁਜ ਦਰਿਆ ‘ਤੇ ਬਣੇ ਅਸਥਘਾਟ ਵਿਚ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਇਸ ਤੋਂ ਪਹਿਲਾਂ ਗੁਰਦੁਆਰਾ ਪਾਤਾਲਪੁਰੀ ਸਾਹਿਬ ਦੇ ਗ੍ਰੰਥੀ ਭਾਈ ਨਿਰਮਲ ਸਿੰਘ ਵਲੋਂ ਅਰਦਾਸ ਕੀਤੀ ਗਈ ਤੇ ਪਰਿਵਾਰਕ ਮੈਂਬਰਾਂ ਵਲੋਂ ਮਿਲਖਾ ਸਿੰਘ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਗੁਰਦੁਆਰਾ ਪਾਤਾਲਪੁਰੀ ਸਾਹਿਬ ਵਿਖੇ ਨਤਮਸਤਕ ਹੋ ਕੇ ਮਿਲਖਾ ਸਿੰਘ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਮਿਲਖਾ ਸਿੰਘ ਦੇ ਪੁੱਤਰ ਗੋਲਫਰ ਜੀਵ ਮਿਲਖਾ ਸਿੰਘ, ਸੋਨੀਆ ਮਿਲਖਾ ਸਿੰਘ ਤੇ ਮੋਨਾ ਮਿਲਖਾ ਸਿੰਘ (ਦੋਵੇਂ ਬੇਟੀਆਂ) ਵੀ ਹਾਜ਼ਰ ਸਨ।
ਮਿਲਖਾ ਸਿੰਘ ਦੇ ਨਾਂ ‘ਤੇ ਖੇਡ ਇੰਸਟੀਚਿਊਟ ਬਣਾਇਆ ਜਾਵੇ: ਢੀਂਡਸਾ
ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮਿਲਖਾ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਦੋਹਾਂ ਨੇ ਵਿਸ਼ਵ ਪੱਧਰ ‘ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਖੇਡ ਯੂਨੀਵਰਸਿਟੀ, ਪਟਿਆਲਾ ਵਿੱਚ ਮਿਲਖਾ ਸਿੰਘ ਦੇ ਨਾਂ ‘ਤੇ ਚੇਅਰ ਸਥਾਪਤ ਕਰਨ ਦੀ ਜਗ੍ਹਾ ਯੂਨੀਵਰਸਿਟੀ ਦਾ ਨਾਂ ਹੀ ਮਿਲਖਾ ਸਿੰਘ ਦੇ ਨਾਂ ‘ਤੇ ਰੱਖ ਦੇਣਾ ਚਾਹੀਦਾ ਹੈ ਜਾਂ ਉਨ੍ਹਾਂ ਦੇ ਨਾਂ ‘ਤੇ ਹੋਰ ਖੇਡ ਇੰਸਟੀਚਿਊਟ ਬਣਾਉਣਾ ਚਾਹੀਦਾ ਹੈ। ਇਸ ਨਾਲ ਮਿਲਖਾ ਸਿੰਘ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਮਿਲਖਾ ਸਿੰਘ ਨੇ ਕਿਸਾਨ ਅੰਦੋਲਨ ਦੀ ਕੀਤੀ ਸੀ ਹਮਾਇਤ
ਮਿਲਖਾ ਸਿੰਘ ਨੇ ਦਿੱਲੀ ਵਿਚ ਆਪਣੀਆਂ ਹੱਕੀ ਮੰਗਾਂ ਸਬੰਧੀ ਧਰਨੇ, ਪ੍ਰਰਦਸ਼ਨ ਕਰ ਰਹੇ ਕਿਸਾਨਾਂ, ਮਜ਼ਦੂਰਾਂ ਦੀ ਹਮਾਇਤ ‘ਚ ਆਉਂਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਦਰਿਆਦਿਲੀ ਦਿਖਾਉਂਦਿਆਂ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨੇ।

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …