Breaking News
Home / Special Story / ਵਿਗਿਆਨ ਗਲਪ ਕਹਾਣੀ

ਵਿਗਿਆਨ ਗਲਪ ਕਹਾਣੀ

ਚੇਤਾਵਨੀ
ਡਾ. ਦੇਵਿੰਦਰ ਪਾਲ ਸਿੰਘ
ਅਪ੍ਰੈਲ ਦਾ ਮਹੀਨਾ ਸੀ, ਵੱਡੇ ਭਰਾ ਦਾ ਸੁਨੇਹਾ ਆਇਆ ਸੀ ਕਿ ਫਸਲ ਪੱਕ ਗਈ ਹੈ ਤੇ ਕਣਕ ਦੀ ਵਾਢੀ ਲਈ ਮਦਦ ਦੀ ਲੋੜ ਹੈ। ਸੁਨੇਹਾ ਮਿਲਦਿਆਂ ਅਗਲੇ ਹੀ ਦਿਨ ਪਿੰਡ ਨੂੰ ਚੱਲ ਪਿਆ ਸਾਂ। ਪਿੰਡ ਨੂੰ ਜਾ ਰਹੀ ਬੱਸ ਵਿਚ ਬੈਠਾ ਮੈਂ ਖੁਸ਼ ਸਾਂ ਕਿ ਅਗਲੇ ਕੁਝ ਦਿਨ ਪਿੰਡ ਵਿਚ ਕੁਦਰਤ ਦੇ ਸੰਗ, ਹਰੇ ਭਰੇ ਰੁੱਖਾਂ ਦੀ ਛਾਂ ਹੇਠ, ਤਰ੍ਹੋ-ਤਾਜ਼ੀ ਹਵਾ ਦਾ ਆਨੰਦ ਮਾਣ ਸਕਾਂਗਾ। ਸ਼ਹਿਰ ਦੀ ਖ਼ਾਦ ਫੈਕਟਰੀ ਵਿਚ ਨੌਕਰੀ ਕਰਦਿਆਂ ਤਾਂ ਜ਼ਹਿਰੀਲੀਆ ਗੈਸਾਂ ਹੀ ਨੱਕ ਵਿਚ ਦਮ ਕਰੀ ਰੱਖਦੀਆਂ ਨੇ। ਹੋਰ ਤਾਂ ਹੋਰ ਖਾਦ ਫੈਕਟਰੀ ਦੀ ਕੋਲੇ ਦੀ ਰਾਖ਼, ਹਵਾ ਦੇ ਬੁੱਲਿਆਂ ਨਾਲ ਉੱਡ ਉੱਡ, ਕੱਪੜੇ ਤਾਂ ਕੀ, ਮੂੰਹ ਸਿਰ ਵੀ ਕਾਲਾ ਹੀ ਕਰੀ ਰੱਖਦੀ ਹੈ। ਫੈਕਟਰੀ ਕੋਲੋਂ ਲੰਘਦੇ ਸਤਲੁਜ ਦਰਿਆ ਨੂੰ ਤਾਂ ਇਸ ਰਾਖ ਨੇ ਕਾਲਾ ਕਰ ਹੀ ਦਿੱਤਾ ਹੈ ਤੇ ਬਹੁਤ ਵਾਰ ਤਾਂ ਖਾਣੇ ਵਿਚ ਵੀ ਕਿਰਕ ਹੀ ਜਾਪਦੀ ਹੈ, ਜਿਵੇਂ ਇਸ ਸੁਆਹ ਨੇ ਪੂਰੇ ਜਹਾਨ ਉੱਤੇ ਕਬਜ਼ਾ ਕਰਨ ਦੀ ਠਾਣੀ ਹੋਈ ਹੈ।
ਜਿਵੇਂ ਹੀ ਬੱਸ ਨੇ ਪਿੰਡਾਂ ਵਿਚੋ ਲੰਘਦੀ ਸੜਕ ਦਾ ਰਾਹ ਫੜਿਆ, ਦੂਰ-ਦੂਰ ਤੱਕ ਸੋਨੇ ਰੰਗੀ ਕਣਕ ਦੀ ਫ਼ਸਲ ਤੇ ਕਿਧਰੇ-ਕਿਧਰੇ ਹਰੇ-ਭਰੇ ਕਮਾਦ ਦੀ ਫ਼ਸਲ ਰੁਮਕ ਰਹੀ ਹਵਾ ਨਾਲ ਲਹਿਲਹਾਂਦੀ ਨਜ਼ਰ ਪਈ। ਕਣਕ ਦੀ ਵਢਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਜਾਪ ਰਿਹਾ ਸੀ। ਇਸੇ ਕਾਰਣ ਕਈ ਖੇਤਾਂ ਵਿਚ ਤਾਂ ਵਢਾਈ ਪਿੱਛੋਂ ਕਣਕ ਦੀ ਨਾੜ ਹੀ ਖੜ੍ਹੀ ਨਜ਼ਰ ਆ ਰਹੀ ਸੀ। ਜਿਵੇਂ ਹੀ ਬੱਸ ਅੱਗੇ ਵਧੀ, ਇਹ ਕੀ, ਕਈ ਖੇਤਾਂ ਵਾਲਿਆਂ ਨੇ ਤਾਂ ਇਸ ਨਾੜ ਨੂੰ ਅੱਗ ਹੀ ਲਾ ਦਿੱਤੀ ਸੀ ਜਿਸ ਨਾਲ ਸਾਰਾ ਮਾਹੌਲ ਹੀ ਧੂੰਏ ਨਾਲ ਗੰਧਲਾ ਹੋਇਆ ਪਿਆ ਸੀ। ਕਿਧਰੇ ਅੱਗ ਬਲ ਰਹੀ ਸੀ ਤੇ ਕਿਧਰੇ ਸੱਭ ਕੁਝ ਸੜ੍ਹ ਕੇ ਸੁਆਹ ਹੋਇਆ ਨਜ਼ਰ ਆ ਰਿਹਾ ਸੀ। ਇਨ੍ਹਾਂ ਖੇਤਾਂ ਵਿਚ ਮੌਜੂਦ ਰੁੱਖ ਵੀ ਅੱਗ ਦੀਆਂ ਲਪਟਾਂ ਨਾਲ ਕੰਗਾਰ ਬਣੇ, ਹਵਾਈ ਵਾਵਰੋਲਿਆਂ ਨਾਲ ਉੱਡਦੀ ਕਾਲੀ ਸੁਆਹ ਦੇ ਨਾਲ ਅੱਟੇ ਹੋਏ ਕਾਲੇ ਭੂਤ ਹੀ ਲਗ ਰਹੇ ਸਨ। ਇਹ ਕਿਹੋ ਜਿਹੇ ਪੰਜਾਬ ਵਿਚ ਆ ਗਿਆ ਸਾਂ ਮੈਂ। ਮੇਰੇ ਬਚਪਨ ਵਾਲਾ ਹਰੀਆਂ-ਕਚੂਰ ਫ਼ਸਲਾਂ ਵਾਲਾ ਰੰਗਲਾ ਪੰਜਾਬ, ਜਿਸ ਦੇ ਜੰਗਲ ਬੇਲਿਆਂ ਵਿਚ ਹਰੇ-ਭਰੇ ਰੁੱਖਾਂ ਤੇ ਉਨ੍ਹਾਂ ਉਪਰ ਲੁਕਣ-ਮੀਟੀ ਖੇਲ ਰਹੇ ਪੰਛੀਆਂ ਦੀ ਚਹਿਚਹਾਹਟ ਕਿਧਰ ਚਲੀ ਗਈ ਸੀ। ਨਾ ਕਿਧਰੇ ਜੰਗਲ ਬੇਲੇ ਹੀ ਨਜ਼ਰ ਆ ਰਹੇ ਸਨ ਤੇ ਨਾ ਹੀ ਪੰਛੀ। ਸਗੋਂ ਧੂੰਏਂ ਦੇ ਗੁਬਾਰ ਹੇਠ ਕਾਲੀ ਸੁਆਹ ਰੰਗੇ ਖੇਤਾਂ ਵਿਚ ਦਿਖਾਈ ਦੇ ਰਹੀਆਂ ਚਿੜੀਆਂ, ਸ਼ਾਰਕਾਂ ਤੇ ਰੁੱਖਾਂ ਦੀਆਂ ਅੱਧ-ਸੜੀਆਂ ਲਾਸ਼ਾਂ ਇਨ੍ਹਾਂ ਖੇਤਾਂ ਨੂੰ ਕਿਸੇ ਸਮਸ਼ਾਨ ਘਾਟ ਹੋਣ ਦੀ ਦੱਸ ਪਾ ਰਹੀਆਂ ਸਨ। ਹਾਲਾਤ ਦੇਖ ਮਨ ਡਾਢਾ ਉਦਾਸ ਹੋ ਗਿਆ ਸੀ।
*****
ਘਰ ਪਹੁੰਚਿਆ, ਖਾਣਾ ਖਾਣ ਤੋਂ ਬਾਅਦ ਅਗਲੇ ਦਿਨ ਦਾ ਪ੍ਰੋਗਰਾਮ ਬਣਾ, ਸੌਣ ਲਈ ਕੋਠੇ ਉੱਤੇ ਡਾਹੇ ਮੰਜਿਆਂ ਉੱਤੇ ਜਾ ਪਏ। ਮੈਨੂੰ ਉਦਾਸ ਦੇਖ ਵੱਡੇ ਭਰਾ ਨੇ ਪੁੱਛਿਆ, ‘ਘਰੇ ਤਾਂ ਠੀਕ ਠਾਕ ਹੈ ਨਾ ਸੱਭ ਕੁਝ? ਮੂੰਹ ਕਿਉਂ ਲੱਥਿਆ ਹੋਇਆ ਹੈ?’
‘ਹੂੰ! ਆਹ ਕਿਹੋ ਜਿਹਾ ਮਾਹੌਲ ਬਣਾ ਰੱਖਿਆ ਹੈ ਪਿੰਡਾਂ ਵਾਲਿਆਂ?’ ਮੈਂ ਉਦਾਸ ਸੁਰ ਵਿਚ ਪੁੱਛਿਆ।
‘ਕਿਉਂ ਕੀ ਹੋਇਆ?’
‘ਖੇਤਾਂ ਵਿਚ ਥਾਂ ਥਾਂ ਨਾੜ ਨੂੰ ਅੱਗ ਲਾ ਲੋਕਾਂ ਤਾਂ ਸਾਰਾ ਮਾਹੌਲ ਹੀ ਵਿਗਾੜ ਦਿੱਤਾ ਹੈ। ਧੂੰਏਂ ਭਰੀ ਹਵਾ ਨੇ ਤਾਂ ਸਾਹ ਲੈਣਾ ਵੀ ਦੁੱਭਰ ਕੀਤਾ ਹੋਇਆ ਹੈ। ਮੈਂ ਤਾਂ ਸੋਚਦਾ ਸਾਂ ਕਿ ਸ਼ਹਿਰਾਂ ਵਿਚ ਹੀ ਫੈਕਟਰੀਆਂ ਤੇ ਬੱਸਾਂ-ਗੱਡੀਆਂ ਵਿਚੋਂ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ ਤੇ ਧੂੰਏ ਕਾਰਣ ਹਾਲਤ ਗੜਬੜ ਹੈ। ਪਰ ਹੁਣ ਤਾਂ ਪਿੰਡਾਂ ਦਾ ਵੀ ਉਹੋ-ਜਿਹਾ ਹੀ ਹਾਲ ਹੈ।’
‘ਜਦ ਤੋਂ ਖੇਤੀ ਦਾ ਕੰਮ ਮਸ਼ੀਨਾਂ ਨਾਲ ਹੋਣ ਲੱਗ ਪਿਆ ਹੈ, ਤਾਂ ਮਨੁੱਖ ਦੇ ਲਾਲਚ ਨੇ ਤਾਂ ਤੋਬਾ ਹੀ ਕਰਾ ਦਿੱਤੀ ਹੈ। ਇਕ ਫਸਲ ਕੱਟਦਿਆਂ ਹੀ ਦੂਸਰੀ ਫਸਲ ਦੀ ਬੀਜਾਈ ਲਈ ਜ਼ਮੀਨ ਤਿਆਰ ਕਰਨ ਲਈ ਇਹ ਸ਼ਾਰਟ-ਕੱਟ ਜੂ ਹੈ ਨਾੜ ਨੂੰ ਸਾੜ ਦੇਣਾ।’
‘ਪਹਿਲਾਂ ਤਾਂ ਲੋਕ ਨਾੜ ਨੂੰ ਕੁਤਰ ਕੇ ਤੂੜੀ ਬਣਾ ਲੈਂਦੇ ਸਨ ਤੇ ਸਾਰਾ ਸਾਲ ਚਾਰੇ ਵਿਚ ਡੰਗਰਾਂ ਨੂੰ ਪਾਂਦੇ ਸਨ, ਪਰ ਹੁਣ ਅਜਿਹਾ ਕਿਉਂ ਨਹੀਂ ਕਰਦੇ?’
‘ਪਹਿਲਾਂ ਤਾਂ ਅੱਜ ਕੱਲ੍ਹ ਢੱਗੇ ਰਹੇ ਹੀ ਨਹੀਂ। ਖੇਤੀ ਮਸ਼ੀਨਾਂ ਨਾਲ ਜੂ ਹੋਣ ਲਗ ਪਈ। ਢੱਗੇ ਪਾਲਣ ਦੀ ਜ਼ਰੂਰਤ ਹੀ ਖ਼ਤਮ ਹੋ ਗਈ। ਰਹੀ ਗੱਲ ਲਵੇਰੀਆਂ ਦੀ, ਉਨ੍ਹਾਂ ਨੂੰ ਤਾਂ ਹਰੇ ਪੱਠੇ ਹੀ ਚਾਹੀਦੇ ਨੇ, ਸੁੱਕੀ ਤੂੜੀ ਪਾਣ ਨਾਲ, ਤਾਂ ਉਨ੍ਹਾਂ ਦਾ ਦੁੱਧ ਹੀ ਸੁੱਕ ਜਾਂਦਾ ਹੈ। ਫਿਰ ਭਲਾ ਕੋਈ ਤੂੜੀ ਦਾ ਕੀ ਕਰੇ। ਨਾੜ ਨੂੰ ਖੇਤ ਵਿਚ ਹੀ ਵਾਹਿਆਂ ਇਹ ਗਲਣ-ਸੜਣ ਨੂੰ ਬਹੁਤ ਸਮਾਂ ਲਾ ਦਿੰਦੀ ਹੈ। ਕੱਟ ਕੇ ਸੁੱਟਣ ਲਈ ਮਜ਼ਦੂਰੀ ਦਾ ਖਰਚਾ ਕੌਣ ਝੱਲੇ, ਇਸ ਲਈ ਇਸ ਨੂੰ ਅੱਗ ਲਾਉਣਾ ਹੀ ਵਕਤ ਦਾ ਰਿਵਾਜ਼ ਬਣ ਗਿਆ ਹੈ।’
‘ਪਰ ਇਸ ਨਾਲ ਵਾਤਾਵਰਣ ਦਾ ਤਾਂ ਬਹੁਤ ਨੁਕਸਾਨ ਹੁੰਦਾ ਹੈ। ਅਜਿਹੀ ਅੱਗ ਨਾਲ ਤਾਂ ਰੁੱਖ, ਪੌਦੇ, ਪੰਛੀ ਤੇ ਪਰਾਗਦਾਨੀ ਤਾਂ ਬਿਲਕੁਲ ਹੀ ਸੜ-ਬਲ ਜਾਂਦੇ ਹਨ। ਉਨ੍ਹਾਂ ਦੀ ਭਰਪਾਈ ਤਾਂ ਕਿਵੇਂ ਹੋਊ?’
‘ਕੌਣ ਸੋਚਦਾ ਇੰਨੀ ਲੰਮੀ ਸੋਚ। ਹਰ ਕੋਈ ਤਾਂ ਜ਼ਮੀਨ ਵਿਚੋ ਸਾਲ ਅੰਦਰ ਤਿੰਨ-ਤਿੰਨ, ਚਾਰ-ਚਾਰ ਫ਼ਸਲਾਂ ਕੱਢਣ ਦੀ ਦੌੜ ਵਿਚ ਹੈ। ਹੋਰ ਤੇ ਹੋਰ ਪੈਸਾ ਇਕੱਠਾ ਕਰਨ ਦੀ ਲਾਲਸਾ ਨੇ ਹਰ ਕਿਸੇ ਨੂੰ ਗੂੰਗਾ, ਬੋਲਾ ਤੇ ਅੰਨ੍ਹਾ ਕਰ ਦਿੱਤਾ ਹੈ। ਬੇਜ਼ੁਬਾਨਿਆਂ ਦੀ ਚੀਖ ਪੁਕਾਰ ਇਨ੍ਹਾਂ ਨੂੰ ਸੁਣਾਈ ਨਹੀਂ ਦਿੰਦੀ ਤੇ ਨਾ ਹੀ ਪੰਛੀਆਂ ਦਾ ਉਜਾੜਾ ਹੀ ਨਜ਼ਰ ਆਉਂਦਾ ਹੈ। ਬੇਜ਼ੁਬਾਨਿਆਂ ਦੇ ਹੱਕ ਵਿਚ ਆਹ ਦਾ ਨਾਅਰਾ ਮਾਰਨ ਵਾਲਾ ਕੋਈ ਵੀ ਦਿਖਾਈ ਨਹੀਂ ਦਿੰਦਾ। ਹੁਣ ਤਾਂ ਸਰਕਾਰ ਉੱਤੇ ਹੀ ਆਸ ਹੈ ਕਿ ਉਹ ਇਸ ਔਕੜ ਦਾ ਕੋਈ ਹੱਲ ਕੱਢੇ।’ ਵੱਡੇ ਭਰਾ ਨੇ ਹਾਉਕਾ ਭਰਦਿਆਂ ਕਿਹਾ।
‘ਇਥੇ ਹੀ ਨਹੀਂ ਪੂਰੀ ਧਰਤੀ ਦੇ ਹਾਲਾਤ ਹੀ ਖ਼ਰਾਬ ਹੋ ਗਏ ਨੇ ਇਨਸਾਨ ਦੇ ਲਾਲਚ ਕਾਰਣ। ਸ਼ਹਿਰਾਂ ਤੇ ਮਹਾਨਗਰਾਂ ਵਿਚ ਬੱਸਾਂ, ਗੱਡੀਆਂ, ਕਾਰਾਂ ਤੇ ਫੈਕਟਰੀਆਂ ਤੋਂ ਨਿਕਲ ਰਹੇ ਪਰਦੂਸ਼ਣ ਨੇ ਨੱਕ ਵਿਚ ਦਮ ਕੀਤਾ ਪਿਆ ਹੈ। ਵਿਗਿਆਨੀ ਕਹਿੰਦੇ ਨੇ ਕਿ ਇਨ੍ਹਾਂ ਕਾਰਣ ਧਰਤੀ ਦੇ ਹਵਾਈ ਗਿਲਾਫ਼ ਦਾ ਤਾਪਮਾਨ ਵਧਦਾ ਜਾ ਰਿਹਾ ਹੈ। ਜਿਸ ਕਾਰਣ ਮੌਸਮਾਂ ਵਿਚ ਵੀ ਡਾਢੀ ਤਬਦੀਲੀ ਨਜ਼ਰ ਆਉਣ ਲੱਗੀ ਹੈ। ਇਨ੍ਹਾਂ ਦਿਨ੍ਹਾਂ ਵਿਚ ਕਿਧਰੇ ਇੰਨੀ ਗਰਮੀ ਕਦੇ ਪੈਂਦੀ ਸੀ ਭਲਾ?’
‘ਪਤਾ ਨਹੀਂ ਕੀ ਬਣੂ ਦੁਨੀਆ ਦਾ!’ ਭਰਾ ਦੇ ਉਦਾਸੀ ਭਰੇ ਬੋਲ ਸਨ।
ਸੋਚਾਂ ਸੋਚਦਿਆਂ ਪਤਾ ਨਹੀਂ ਕਦ ਨੀਂਦ ਨੇ ਘੇਰ ਲਿਆ।
*****
ਪਿੰਡ ਦੇ ਉੱਤਰ ਵੱਲ ਲੰਬੜਾਂ ਦਾ ਖੂਹ ਮੌਜੂਦ ਸੀ। ਜਿਸ ਗਿਰਦ ਦਰਖਤਾਂ ਦਾ ਝੁਰਮਟ, ਪਿਛਲੇ ਦਿਨੀ ਲਾਗਲੇ ਖੇਤ ਵਿਚ ਮੌਜੂਦ ਨਾੜ੍ਹ ਨੂੰ ਲਾਈ ਅੱਗ ਕਾਰਣ ਝੁਲਸਿਆ ਖੜ੍ਹਾ ਸੀ। ਮੱਸਿਆ ਦੀ ਕਾਲੀ ਬੋਲੀ ਰਾਤ ਵਿਚ, ਪੱਤਿਆਂ ਤੋਂ ਸੱਖਣੇ ਰੁੱਖਾਂ ਦੇ ਡਾਹਣ, ਕਿਸੇ ਫ਼ਕੀਰ ਦੀਆਂ ਦੁਆ ਲਈ ਉਪਰ ਉੱਠੀਆਂ ਬਾਹਵਾਂ ਵਾਂਗ ਜਾਪ ਰਹੇ ਸਨ।
ਅੱਧੀ ਕੁ ਰਾਤ ਨੂੰ, ਖੂਹ ਵਾਲੇ ਪਾਸੇ ਤੋਂ ਕਿਸੇ ਭਾਰੀ ਭਰਕਮ ਚੀਜ਼ ਦੇ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਟੱਕਰ ਨਾਲ ਧਰਤੀ ਕੰਬ ਗਈ। ਧਮਾਕੇ ਦੀ ਉੱਚੀ ਆਵਾਜ਼ ਨੇ ਪਿੰਡ ਦੇ ਲੋਕਾਂ ਨੂੰ ਗਹਿਰੀ ਨੀਂਦ ਤੋਂ ਜਗਾ ਦਿੱਤਾ।
‘ਇਹ ਕੀ ਹੋ ਗਿਆ?’ ਵੱਡੇ ਭਰਾ ਦੇ ਪ੍ਰੇਸ਼ਾਨੀ ਭਰੇ ਬੋਲ ਸੁਣਾਈ ਦਿੱਤੇ।
‘ਪਤਾ ਨਹੀਂ। ਪਰ ਧਮਾਕੇ ਤੋਂ ਤਾਂ ਜਾਪਦਾ ਹੈ ਕਿ ਕੋਈ ਕਾਫ਼ੀ ਵੱਡੀ ਚੀਜ਼ ਡਿੱਗੀ ਹੈ।’ ਮੈਂ ਕਿਹਾ।
‘ਚਲੋ! ਦੇਖੀਏ ਕੀ ਹੋਇਆ ਹੈ।’ ਭਰਾ ਬੋਲਿਆ।
ਅਸੀਂ ਦੋਨੋਂ ਜਲਦੀ ਜਲਦੀ ਉੱਠੇ ਤੇ ਉਤਸੁਕਤਾ ਵੱਸ ਮੋਟਰ-ਸਾਇਕਲ ਉੱਤੇ ਸਵਾਰ ਹੋ ਫਟਾਫਟ ਘਟਨਾ ਵਾਲੇ ਸਥਾਨ ਵੱਲ ਚਲ ਪਏ।
ਪਹਿਲਾਂ ਹੀ ਕਿੰਨੇ ਲੋਕ ਉਸ ਸਥਾਨ ਵੱਲ ਜਾ ਰਹੇ ਸਨ। ਕੋਈ ਸਕੂਟਰਾਂ ਉੱਤੇ ਸਵਾਰ ਸਨ, ਤੇ ਕੋਈ ਸਾਇਕਲਾਂ ਉੱਤੇ। ਕਈ ਤਾਂ ਪੈਦਲ ਹੀ ਉਸ ਪਾਸੇ ਵੱਲ ਨੂੰ ਤੁਰੇ ਹੋਏ ਸਨ।
ਜਦੋਂ ਅਸੀਂ ਦੋਨੋਂ ਉੱਥੇ ਪੁੱਜੇ ਤਾਂ ਕਈ ਲੋਕ ਪਹਿਲਾਂ ਹੀ ਉੱਥੇ ਪਹੁੰਚ ਹੋ ਚੁੱਕੇ ਸਨ।
ਦੂਰ ਪਰੇ ਡਿੱਗੀ ਚੀਜ਼ ਕਾਰਣ ਬਾਟੇ ਦੀ ਸ਼ਕਲ ਵਾਲਾ ਵੱਡਾ ਟੋਆ ਨਜ਼ਰ ਆ ਰਿਹਾ ਸੀ ਜਿਸ ਉਪਰ ਧੂੰਏਂ ਦਾ ਗੁਬਾਰ ਛਾਇਆ ਹੋਇਆ ਸੀ। ਇਸ ਧੂੰਏਂ ਵਿਚ ਧਾਂਤ ਦੀ ਕਾਫ਼ੀ ਵੱਡੇ ਆਕਾਰ ਵਾਲੀ ਅੰਡਾਕਾਰ ਡਿਸਕ ਦਿਖਾਈ ਦੇ ਰਹੀ ਸੀ। ਇਸ ਡਿਸਕ ਦਾ ਵਿਆਸ ਲਗਭਗ ਤੀਹ ਫੁੱਟ ਸੀ।
ਪਿੰਡ ਦਾ ਪੰਸਾਰੀ ਗਿਰਧਾਰੀ ਲਾਲ, ਵੱਡੇ ਭਰਾ ਕੋਲ ਆ ਆਪਣੀ ਭਾਰੀ ਭਰਕਮ ਆਵਾਜ਼ ਵਿਚ ਬੋਲਿਆ, ‘ਤੋਬਾ, ਤੋਬਾ। ਇਹ ਤਾਂ ਬਹੁਤ ਵੱਡੀ ਸ਼ੈਅ ਹੈ।’
‘ਹਾਂ, ਪਰ ਪਤਾ ਨਹੀਂ ਇਹ ਹੈ ਕੀ ਤੇ ਕਿਥੋਂ ਆਈ ਹੈ? ਪਹਿਲਾਂ ਤਾਂ ਅਜਿਹੀ ਚੀਜ਼ ਕਦੇ ਨਹੀਂ ਦੇਖੀ।’ ਵੱਡੇ ਭਰਾ ਦੇ ਬੋਲ ਸਨ।
ਹੁਣ ਧੂੰਆਂ ਪਹਿਲਾਂ ਨਾਲੋਂ ਥੋੜ੍ਹਾ ਘਟ ਗਿਆ ਸੀ।
‘ਦੇਖੋ ਦੇਖੋ ਉਹ ਖਿੜਕੀਆਂ ਜਿਹੀਆਂ ਨਜ਼ਰ ਆ ਰਹੀਆਂ ਹਨ।’ ਗਿਰਧਾਰੀ ਨੇ ਉਸ ਡਿਸਕ ਦੇ ਇਕ ਪਾਸੇ ਬਣੇ ਅੰਡਾਕਾਰ ਛੇਕਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ।
‘ਜਾਪਦਾ ਹੈ ਕਿ ਇਹ ਕੋਈ ਉੱਡਣ-ਤਸ਼ਤਰੀ ਹੈ।’
‘ਹੂੰ।’
‘ਰੱਬ ਖੈਰ ਕਰੇ। ਮੈਂ ਤਾਂ ਅਜਿਹੀਆਂ ਗੱਲਾਂ ਨੂੰ ਗੱਪਾਂ ਹੀ ਸਮਝਦਾ ਰਿਹਾ ਹਾਂ।’
‘ਮੈਂ ਵੀ ਇਨ੍ਹਾਂ ਨੂੰ ਕੋਰੀ ਕਲਪਨਾ ਦੀ ਉਡਾਣ ਹੀ ਸਮਝਦਾ ਸਾਂ, ਪੁਰਾਣੀਆਂ ਉੱਡਣ ਖਟੋਲਿਆਂ ਦੀਆਂ ਗੱਲਾਂ ਵਾਂਗ।’
ਗੋਲੇ ਵਿਚੋਂ ਅਚਾਨਕ ਘੂੰ ਘੂੰ ਦੀ ਆਵਾਜ਼ ਸੁਣਾਈ ਦੇਣ ਲੱਗੀ ਤਾਂ ਸਾਰੇ ਫਟਾਫਟ ਉਸ ਤੋਂ ਦੂਰ ਹਟ ਗਏ।
‘ਤੁਹਾਡਾ ਕੀ ਖਿਆਲ ਹੈ? ਸਰਪੰਚ ਸਾਹਿਬ!’ ਕੁਝ ਦੂਰੀ ਤੇ ਖੜ੍ਹੇ ਗਿਆਨੀ ਪੂਰਨ ਸਿੰਘ ਨੇ ਸਰਪੰਚ ਚਰਨ ਸਿੰਘ ਨੂੰ ਸੰਬੋਧਿਤ ਕਰਦੇ ਹੋਏ ਕਿਹਾ। ਹੋਰਨਾਂ ਵਾਂਗ ਉਹ ਵੀ ਇਸ ਅਜੀਬੋ-ਗਰੀਬ ਚੀਜ਼ ਨੂੰ ਦੇਖ ਹੈਰਾਨ ਪ੍ਰੇਸ਼ਾਨ ਨਜ਼ਰ ਆ ਰਿਹਾ ਸੀ।
‘ਗਿਆਨੀ ਜੀ! ਪੱਕਾ ਤਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ। ਹੋ ਸਕਦਾ ਹੈ ਇਹ ਸਰਕਾਰ ਦੇ ਕਿਸੇ ਫੌਜ਼ੀ ਮਿਸ਼ਨ ਦਾ ਹਿੱਸਾ ਹੋਵੇ, ਜਾਂ ਫਿਰ ਪੁਲਾੜ ਤੋਂ ਆਈ ਕੋਈ ਸ਼ੈਅ ਵੀ ਹੋ ਸਕਦੀ ਹੈ।’
‘ਪੁਲਾੜ ਤੋਂ?’
‘ਗਿਆਨੀ ਜੀ! ਕੀ ਪਤਾ ਇਹੋ ਹੀ ਸੱਚ ਹੋਵੇ, ਕੌਣ ਜਾਣਦਾ ਹੈ ਵਿਸ਼ਾਲ ਬ੍ਰਹਿਮੰਡ ਵਿਚ ਕੀ ਕੀ ਭੇਤ ਛੁੱਪੇ ਪਏ ਹਨ?’
‘ਵਾਹਿਗੁਰੂ! ਵਾਹਿਗੁਰੂ!’ ਗਿਆਨੀ ਪੂਰਨ ਸਿੰਘ ਨੇ ਹਾਮੀ ਭਰਦਿਆਂ ਕਿਹਾ, ‘ਰੱਬ ਦੇ ਰੰਗ ਵੀ ਨਿਆਰੇ ਨੇ।’
*****
ਧਮਾਕੇ ਨੂੰ ਵਾਪਰਿਆਂ ਘੰਟਾ ਕੁ ਬੀਤ ਚੁੱਕਾ ਸੀ। ਹੁਣ ਤਕ ਆਲੇ ਦੁਆਲੇ ਦੇ ਪਿੰਡਾਂ ਤੋ ਵੀ ਲੋਕ ਪਹੁੰਚ ਚੁੱਕੇ ਸਨ। ਕਾਫ਼ੀ ਭੀੜ ਇਕੱਠੀ ਹੋ ਗਈ ਸੀ।
ਤਦ ਅਚਾਨਕ ਹੀ ਇਹ ਘਟਨਾ ਵਾਪਰ ਗਈ।
ਡਿਸਕ ਰੂਪੀ ਸ਼ੈਅ ਦਾ ਵਿਚਕਾਰਲਾ ਹਿੱਸਾ ਹੌਲੇ ਹੌਲੇ ਉੱਪਰ ਉੱਠਣ ਲੱਗ ਪਿਆ। ਲੋਕਾਂ ਦੀ ਭੀੜ ਘਬਰਾ ਕੇ ਪਿੱਛੇ ਵੱਲ ਹਟ ਗਈ। ਡਿਸਕ ਵਿਚੋਂ ਆ ਰਹੀ ਘੂੰ ਘੂੰ ਦੀ ਆਵਾਜ਼ ਹੁਣ ਉੱਚੀ ਹੋ ਗਈ ਸੀ। ਡਿਸਕ ਦੀ ਵੱਖੀ ਵਿਚੋਂ ਇਕ ਪਲੇਟਫਾਰਮ ਜਿਹਾ ਬਾਹਰ ਆਇਆ ਤੇ ਇਸ ਦਾ ਭੀੜ ਵੱਲ ਦਾ ਸਿਰਾ ਟੋਏ ਦੇ ਕਿਨਾਰੇ ਕੋਲ ਆ ਕੇ ਰੁਕ ਗਿਆ। ਤਦ ਹੀ ਪਲੇਟਫਾਰਮ ਦੇ ਡਿਸਕ ਨਾਲ ਜੁੜੇ ਭਾਗ ਦੇ ਉਪਰਲੇ ਪਾਸੇ, ਡਿਸਕ ਦੀ ਵੱਖੀ ਵਿਚ, ਇਕ ਦਰਵਾਜ਼ਾ ਜਿਹਾ ਬਣ ਗਿਆ ਸੀ, ਜਿਸ ਵਿਚੋਂ ਤੁਰੰਤ ਹੀ ਬਹੁਤ ਅਜੀਬ ਕਿਸਮ ਦੇ ਜੀਵਾਂ ਦਾ ਇਕ ਜੋੜਾ ਬਾਹਰ ਨਿਕਲ ਪਲੇਟਫਾਰਮ ਉੱਤੇ ਅੱਗੇ ਵੱਧਣ ਲਗਾ। ਉੱਚੇ-ਲੰਮੇ ਤੇ ਪਤਲੇ ਜਿਹੇ ਇਹ ਦੋਨੋਂ ਜੀਵ ਮਸ਼ੀਨੀ-ਮਨੁੱਖਾਂ (ਮਾਨਵੀ ਰੂਪ ਵਾਲੇ ਰੋਬੋਟਾਂ) ਵਰਗੇ ਜਾਪ ਰਹੇ ਸਨ। ਉਨ੍ਹਾਂ ਦਾ ਕੱਦ ਸਾਢੇ ਛੇ ਫੁੱਟ ਦੇ ਲਗਭਗ ਸੀ। ਉਨ੍ਹਾਂ ਨੇ ਸਲੇਟੀ ਰੰਗੀ ਚਮਕਦਾਰ ਧਾਂਤ ਦੀ ਡ੍ਰੈੱਸ ਪਹਿਨੀ ਹੋਈ ਸੀ। ਉਨ੍ਹਾਂ ਦੀ ਡ੍ਰੈਸ ਦੇ ਛਾਤੀ ਵਾਲੇ ਹਿੱਸੇ ਉੱਤੇ ਇਕ ਤਾਰੇ ਦੇ ਚਿੰਨ ਅੰਦਰ ਡਿਸਕ ਦਾ ਨਿਸ਼ਾਨ ਬਣਿਆ ਹੋਇਆ ਸੀ। ਉਨ੍ਹਾਂ ਦੇ ਸਿਰ ਉੱਤੇ ਮੌਜੂਦ ਸਲੇਟੀ ਧਾਂਤ ਦੇ ਟੋਪ ਦੇ ਸਾਹਮਣੇ ਵਾਲੇ ਪਾਸੇ ਕਾਫ਼ੀ ਵੱਡੇ ਛੇਕਾਂ ਦਾ ਜੋੜਾ ਮੌਜੂਦ ਸੀ ਜਿਨ੍ਹਾਂ ਵਿਚੋਂ ਹਰੀ ਰੌਸ਼ਨੀ ਨਿਕਲ ਰਹੀ ਸੀ। ਉਨ੍ਹਾਂ ਦੇ ਹੱਥਾਂ ਵਿਚ ਅਜੀਬ ਸ਼ਕਲ ਵਾਲੇ ਯੰਤਰ ਸਨ ਜੋ ਕਿਸੇ ਹਥਿਆਰ ਹੋਣ ਦਾ ਝਾਉਲਾ ਮਾਰ ਰਹੇ ਸਨ।
ਲੋਕ ਆਪੋ-ਆਪਣੇ ਥਾਂ ਉੱਤੇ ਜੜ੍ਹ ਹੋਏ, ਉਨ੍ਹਾਂ ਨੂੰ ਡਰ, ਹੈਰਾਨੀ, ਤੇ ਘਬਰਾਹਟ ਦੇ ਰਲੇ-ਮਿਲੇ ਭਾਵਾਂ ਨਾਲ ਦੇਖ ਰਹੇ ਸਨ।
ਕੌਣ ਨੇ ਇਹ? ਇਨ੍ਹਾਂ ਦਾ ਇਥੇ ਆਉਣ ਦਾ ਕੀ ਮਕਸਦ ਹੈ? ਕੀ ਇਹ ਹਮਲਾ ਤਾਂ ਨਹੀਂ ਕਰ ਦੇਣਗੇ? ਲੋਕਾਂ ਦੇ ਮਨਾਂ ਵਿਚ ਸਵਾਲਾਂ ਦੀ ਉਥਲ-ਪੁਥਲ ਲਗਾਤਾਰ ਜਾਰੀ ਸੀ।
ਉਹ ਮਸ਼ੀਨੀ-ਮਨੁੱਖ ਪਲੇਟਫਾਰਮ ਦੇ ਜ਼ਮੀਨ ਨੇੜਲੇ ਕਿਨਾਰੇ ਕੋਲ ਆ ਕੇ ਰੁਕ ਗਏ। ਅਤੇ ਉਨ੍ਹਾਂ ਨੇ ਸੱਜੇ ਪਾਸੇ ਤੋਂ ਖੱਬੇ ਵੱਲ ਹੌਲੇ ਹੌਲੇ ਆਪਣੇ ਸਿਰ ਘੁੰਮਾਦਿਆਂ ਇਕੱਠੀ ਹੋਈ ਭੀੜ ‘ਤੇ ਨਜ਼ਰ ਮਾਰੀ।
ਉਨ੍ਹਾਂ ਦੇ ਟੋਪ ਵਿਚਲੇ ਛੇਕਾਂ ਵਿਚੋਂ ਨਿਕਲ ਰਹੀ ਹਰੀ ਰੌਸ਼ਨੀ ਹੁਣ ਵਧੇਰੇ ਚਮਕੀਲੀ ਹੁੰਦੀ ਜਾ ਰਹੀ ਸੀ। ਤੇ ਤੁਰੰਤ ਹੀ ਇਸ ਰੌਸ਼ਨੀ ਨੇ ਸਾਰੇ ਲੋਕਾਂ ਨੂੰ ਆਪਣੇ ਘੇਰੇ ਵਿਚ ਲੈ ਲਿਆ।
ਲੋਕਾਂ ਨੇ ਆਪਣੇ ਸਰੀਰਾਂ ਵਿਚ ਅਜੀਬ ਜਿਹੀ ਝੁਣਝੁਣੀ ਮਹਿਸੂਸ ਕੀਤੀ ਤੇ ਅਗਲੇ ਹੀ ਪਲ ਇਹ ਜਾਣ ਉਹ ਹੈਰਾਨ ਤੇ ਪ੍ਰੇਸ਼ਾਨ ਹੋ ਗਏ ਕਿ ਉਹ ਆਪਣੇ ਅੰਗਾਂ ਨੂੰ ਹਿਲਾਉਣ ਡੁਲਾਉਣ ਤੋਂ ਅਸਮਰਥ ਹੋ ਚੁੱਕੇ ਸਨ।
ਅਣਜਾਣੇ ਡਰ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਆਪਣੀ ਜਕੜ ਵਿਚ ਲੈ ਲਿਆ ਸੀ।
‘ਓਹ ਰੱਬਾ! ਇਹ ਕੀ ਹੋ ਰਿਹਾ ਹੈ? ਪਤਾ ਨਹੀਂ ਕੀ ਹੋਣ ਵਾਲਾ ਹੈ?’ ਮਾਰੇ ਘਬਰਾਹਟ ਦੇ ਉਨ੍ਹਾਂ ਦੇ ਮਨਾਂ ਵਿਚ ਅਜੀਬ ਖਿਆਲਾਂ ਦੀ ਖਲਬਲੀ ਮਚ ਗਈ ਸੀ।
ਸੁਭਾਵਿਕ ਹੀ ਸੀ ਕਿ ਉਹ ਉਥੋਂ ਦੌੜ ਜਾਣਾ ਚਾਹੁੰਦੇ ਸਨ। ਪਰ ਸੱਚ ਤਾਂ ਇਹ ਸੀ ਕਿ ਦੌੜ ਜਾਣਾ ਤਾਂ ਕੀ ਉਹ ਤਾਂ ਹਿੱਲ ਸਕਣ ਤੋਂ ਵੀ ਅਸਮਰਥ ਹੋ ਚੁੱਕੇ ਸਨ। ਬੁੱਤਾਂ ਵਰਗੀ ਜੜ੍ਹ ਹਾਲਤ ਵਿਚ ਖੜ੍ਹੇ ਉਹ ਉਨ੍ਹਾਂ ਅਜੀਬ ਮਸ਼ੀਨੀ ਮਨੁੱਖਾਂ ਨੂੰ ਇਕ ਟੱਕ ਦੇਖ ਰਹੇ ਸਨ।
*****
ਤਦ ਹੀ ਉਨ੍ਹਾਂ ਨੂੰ ਆਵਾਜ਼ ਸੁਣਾਈ ਦੇਣ ਲੱਗੀ।
‘ਦੋਸਤੋ! ਡਰਨ ਦੀ ਲੋੜ ਨਹੀਂ ਹੈ। ਤੁਹਾਡੀ ਦੁਨੀਆਂ ਦੀ ਖੁਸ਼ਹਾਲੀ ਤੇ ਸਦੀਵੀਪਣ ਹੀ ਸਾਡਾ ਮਕਸਦ ਹੈ। ਤੁਹਾਡੀ ਭਲਾਈ ਲਈ ਹੀ ਅਸੀਂ ਇਥੇ ਆਏ ਹਾਂ। ਅਸੀਂ ਤੁਹਾਨੂੰ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਤੁਹਾਡੀ ਦੁਨੀਆਂ ਉੱਤੇ ਬਹੁਤ ਵੱਡਾ ਸੰਕਟ ਮੰਡਰਾ ਰਿਹਾ ਹੈ।
ਅਸੀਂ ਲੰਮੇ ਸਮੇਂ ਤੋਂ ਤੁਹਾਡੀ ਦੁਨੀਆਂ ਦੀ ਨਜ਼ਰਸਾਨੀ ਕਰ ਰਹੇ ਸਾਂ। ਅਸੀਂ ਤੁਹਾਨੂੰ ਜਲਚਰ ਤੋਂ ਥਲਚਰ ਬਣਦਿਆਂ ਦੇਖਿਆ ਹੈ। ਗੁਫਾਵਾਂ ਵਿਚ ਵਸਦੇ ਆਦਿ ਮਾਨਵ ਤੋਂ ਅਜੋਕੇ ਮਨੁੱਖ ਤਕ ਦਾ ਜੀਵਨ ਸਫ਼ਰ ਦੇਖਿਆ ਹੈ। ਪਿਛਲੀਆਂ ਸਦੀਆਂ ਦੌਰਾਨ ਕਈ ਸੱਭਿਆਤਾਵਾਂ ਪੈਦਾ ਹੁੰਦੀਆਂ, ਵੱਧਦੀਆਂ-ਫੁੱਲਦੀਆਂ ਤੇ ਮਨੁੱਖੀ ਲਾਲਚ ਕਾਰਣ ਖ਼ਤਮ ਹੁੰਦੀਆਂ ਦੇਖੀਆਂ ਹਨ। ਤੇ ਹੁਣ ਅਸੀਂ ਤੁਹਾਡੀ ਸੱਭਿਅਤਾ ਵਿਚ ਵੀ ਅਜਿਹੇ ਹੀ ਆਸਾਰ ਦੇਖ ਰਹੇ ਹਾਂ।
ਤੁਸੀਂ ਤੇ ਤੁਹਾਡੇ ਅਦਾਰਿਆਂ ਵਲੋਂ ਜ਼ਿਆਦਾ ਤੋਂ ਜ਼ਿਆਦਾ ਧੰਨ ਤੇ ਤਾਕਤ ਪ੍ਰਾਪਤੀ ਦੇ ਲਾਲਚ ਵਿਚ ਧਰਤੀ ਦੇ ਕੁਦਰਤੀ ਸਰੋਤਾਂ ਨਾਲ ਵੱਡੇ ਪੱਧਰ ਉੱਤੇ ਖਿਲਵਾੜ ਕੀਤਾ ਜਾ ਰਿਹਾ ਹੈ। ਜ਼ਰਾ ਆਪਣੇ ਆਲੇ ਦੁਆਲੇ ਹੀ ਨਜ਼ਰ ਮਾਰੋ, ਤੁਹਾਡੀਆਂ ਨਾੜ, ਪਰਾਲੀ, ਤੇ ਘਾਹ-ਫੂਸ ਨੂੰ ਲਾਈਆਂ ਅੱਗਾਂ ਕਾਰਣ ਇਹ ਸੁਆਹ ਰੰਗੇ ਖੇਤ, ਪੱਤਿਆਂ ਤੋਂ ਸੱਖਣੇ ਅੱਧ-ਸੜੇ ਰੁੱਖ, ਤੇ ਖੇਤਾਂ ਵਿਚ ਰੁੱਲ ਰਹੀਆਂ ਪੰਛੀਆਂ ਤੇ ਕੀਟਾਂ ਦੀਆਂ ਅੱਧ-ਸੜੀਆਂ ਲਾਸ਼ਾਂ ਇਸ ਖਿਲਵਾੜ ਦਾ ਪ੍ਰਤੱਖ ਸਬੂਤ ਹਨ। ਸਥਾਨਕ ਪੱਧਰ ਉੱਤੇ ਇਹ ਵਰਤਾਰਾ ਬਹੁਤਾ ਵੱਡਾ ਨਹੀਂ ਜਾਪਦਾ, ਪਰ ਜਦੋਂ ਹਰ ਪਿੰਡ, ਹਰ ਸੂਬੇ ਤੇ ਹਰ ਦੇਸ਼ ਦੇ ਲੋਕ ਅਜਿਹਾ ਕਰਦੇ ਨੇ ਤਾਂ ਇਹੋ ਵਰਤਾਰਾ ਦਾਨਵੀ ਰੂਪ ਧਾਰ ਲੈਂਦਾ ਹੈ।
ਇਸ ਦਾਨਵ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ ਵਿਚ ਥਾਂ-ਥਾਂ ਵਾਪਰਦੀਆਂ ਜੰਗਲਾਂ ਤੇ ਤੇਲ ਦੇ ਖੂਹਾਂ ਦੀਆਂ ਅੱਗਾਂ ਅਤੇ ਫੈਕਟਰੀਆਂ ਤੇ ਵਾਹਣਾਂ ਦਾ ਗੈਸੀ ਨਿਕਾਸ ਬਹੁਤ ਖ਼ਤਰਨਾਕ ਰੋਲ ਅਦਾ ਕਰਦਾ ਹੈ। ਜਿਸ ਕਾਰਣ ਤੁਹਾਡੀ ਧਰਤੀ ਉੱਤੇ ਗੰਭੀਰ ਵਾਤਾਵਰਣੀ ਤਬਦੀਲੀਆਂ ਵਾਪਰਣੀਆਂ ਸ਼ੁਰੂ ਹੋ ਚੁੱਕੀਆਂ ਹਨ। ਗਲੋਬਲ ਵਾਰਮਿੰਗ ਦੇ ਨਤੀਜੇ ਸੌਖੇ, ਕਾਲ, ਹੜ੍ਹਾਂ ਤੇ ਮੌਸਮੀ ਤਬਦੀਲੀਆਂ ਦੇ ਰੂਪ ਵਿਚ ਤਾਂ ਤੁਸੀਂ ਭੁਗਤ ਹੀ ਰਹੇ ਹੋ। ਤੁਹਾਡੀਆਂ ਕੁਦਰਤ ਵਿਰੋਧੀ ਕਾਰਵਾਈਆਂ ਨਾਲ ਤਾਂ ਵਿਨਾਸ਼ ਹੋ ਹੀ ਰਿਹਾ ਹੈ।ਪਰ ਇਸ ਦੇ ਨਾਲ ਹੀ ਪੂੰਜੀਵਾਦ ਦੇ ਪ੍ਰਸਾਰ ਹਿੱਤ ਦੇਸ਼ਾਂ ਦੀਆਂ ਆਪਸੀ ਜੰਗਾਂ ਨੇ ਤੁਹਾਡੇ ਵਿਨਾਸ਼ ਦੀ ਰਫ਼ਤਾਰ ਨੂੰ ਹੋਰ ਵੀ ਤੇਜ਼ ਕਰ ਦਿੱਤਾ ਹੈ।
ਜੇ ਤੁਸੀਂ ਇਸ ਵਿਨਾਸ਼ ਤੋਂ ਬੱਚਣਾ ਚਾਹੁੰਦੇ ਹੋ ਤਾਂ ਆਪਸੀ ਸ਼ਾਂਤਮਈ ਸਹਿਹੌਂਦ ਤੇ ਕੁਦਰਤ ਨਾਲ ਸੁਮੇਲਤਾ ਵਾਲਾ ਜੀਵਨ ਜਿਊਣਾ ਸਿੱਖੋ। ਜੇ ਤੁਸੀਂ ਆਪਣੇ ਜੀਵਨ ਢੰਗ ਨੂੰ ਤੁਰੰਤ ਨਾ ਬਦਲਿਆ, ਤੇ ਕੁਦਰਤੀ ਸਰੋਤਾਂ ਦੀ ਦੁਰਵਰਤੋਂ ਨਾ ਰੋਕੀ ਤਾਂ ਬਹੁਤ ਦੇਰ ਹੋ ਚੁੱਕੀ ਹੋਵੇਗੀ, ਤਦ ਤੁਹਾਡੇ ਕੋਲ ਪਛਤਾਵੇ ਲਈ ਵੀ ਸਮਾਂ ਨਹੀਂ ਹੋਵੇਗਾ।
ਜਾਓ ਤੇ ਸਾਰੀ ਦੁਨੀਆਂ ਵਿਚ ਸ਼ਾਂਤਮਈ ਸਹਿਹੌਂਦ ਤੇ ਕੁਦਰਤ ਨਾਲ ਸੁਮੇਲਤਾ ਵਾਲੇ ਜੀਵਨ ਚਲਣ ਦਾ ਸੁਨੇਹਾ ਘਰ ਘਰ ਤੱਕ ਪਹੁੰਚਾ ਦਿਓ। ਕਿਉਂ ਜੋ ਹਾਲਾਤ ਨੂੰ ਸਹੀ ਕਰਨ ਲਈ ਸਮਾਂ ਬਹੁਤ ਹੀ ਘੱਟ ਹੈ, ਇਸ ਲਈ ਤੁਹਾਡੇ ਸੱਭ ਵਲੋਂ ਸਹੀ ਸੇਧ ਵਿਚ ਤੇਜ਼ੀ ਨਾਲ ਕੰਮ ਕਰਨ ਦੀ ਤੁਰੰਤ ਲੋੜ ਹੈ। ਇਸ ਨੂੰ ਆਖ਼ਰੀ ਚੇਤਾਵਨੀ ਸਮਝਿਆ ਜਾਵੇ। ਅਸੀਂ ਤੁਹਾਨੂੰ ਸਹੀ ਦਿਸ਼ਾ ਵਿਚ ਕੰਮ ਕਰਨ ਲਈ ਸਿਰਫ਼ ਪ੍ਰੇਰ ਸਕਦੇ ਹਾਂ ਮਜ਼ਬੂਰ ਨਹੀਂ ਕਰ ਸਕਦੇ। ਚੰਗਾ ਰਹੇਗਾ ਜੇ ਤੁਸੀਂ ਸਾਡੇ ਸੁਨੇਹੇ ਨੂੰ ਆਖ਼ਰੀ ਚੇਤਾਵਨੀ ਸਮਝਦੇ ਹੋਏ ਪੂਰੇ ਦਿਲੋ-ਦਿਮਾਗ ਨਾਲ ਇਸ ਉੱਤੇ ਅਮਲ ਕਰ ਸਕੋ।
ਅਣਜਾਣ ਜੀਵਾਂ ਨੇ ਇਹ ਸੁਨੇਹਾ, ਟੈਲੀਪੈਥਿਕ ਵਿਧੀ ਰਾਹੀਂ ਸਾਰੇ ਹਾਜ਼ਿਰ ਲੋਕਾਂ ਨੂੰ ਪਹੁੰਚਾ ਦਿੱਤਾ ਸੀ।
ਸੁਨੇਹੇ ਦਾ ਸੰਚਾਰ ਖ਼ਤਮ ਹੁੰਦਿਆ ਹੀ ਉਨ੍ਹਾਂ ਅਣਜਾਣ ਜੀਵਾਂ ਦੇ ਟੋਪਾਂ ਵਿਚੋਂ ਨਿਕਲ ਰਹੀ ਰਹੀ ਰੌਸ਼ਨੀ ਦੀ ਚਮਕ ਘੱਟਣੀ ਸ਼ੁਰੂ ਹੋ ਗਈ ਸੀ।
ਤਦ ਹੀ ਦਰਸ਼ਕਾਂ ਦੇ ਅੰਗਾਂ ਵਿਚ ਹਰਕਤ ਵਾਪਸ ਆ ਗਈ। ਇਸ ਤੋਂ ਪਹਿਲਾਂ ਕਿ ਉਨ੍ਹਾਂ ਨੂੰ ਕੋਈ ਸਵਾਲ ਪੁੱਛਦਾ, ਉਹ ਅਣਜਾਣੇ ਜੀਵ ਵਾਪਸ ਮੁੜ, ਆਪਣੇ ਵਾਹਣ ਅੰਦਰ ਚਲੇ ਗਏ। ਦਿਖਾਈ ਦੇ ਰਿਹਾ ਪਲੇਟਫਾਰਮ, ਤੁਰੰਤ ਹੀ ਉਸ ਅੰਡਾਕਾਰ ਡਿਸਕ ਵਿਚ ਗਾਇਬ ਹੋ ਗਿਆ ਤੇ ਡਿਸਕ ਦੀ ਵੱਖੀ ਵਿਚ ਨਜ਼ਰ ਆ ਰਿਹਾ ਦਰਵਾਜ਼ਾ ਵੀ ਬੰਦ ਹੋ ਗਿਆ। ਘੂੰ ਘੂੰ ਦੀ ਆਵਾਜ਼ ਹੌਲੇ ਹੌਲੇ ਇੰਨੀ ਤੇਜ਼ ਹੋ ਗਈ ਕਿ ਲੋਕ ਆਪਣੇ ਕੰਨਾਂ ਉੱਤੇ ਹੱਥ ਰੱਖ ਡਿਸਕ ਤੋਂ ਦੂਰ ਜਾਣ ਲਈ ਨੱਠ ਪਏ।
ਕੁਝ ਦੇਰ ਬਾਅਦ ਹੀ ਉਹ ਡਿਸਕ ਹਿੱਲੀ ਤੇ ਸਿੱਧਾ ਉੱਪਰ ਵੱਲ ਜਾਣ ਲੱਗ ਪਈ । ਕੁਝ ਉਚਾਈ ‘ਤੇ ਜਾ ਉਹ ਪਲ ਕੁ ਲਈ ਠਿਠਕੀ ਤੇ ਫਿਰ ਰਾਤ ਦੇ ਹਨ੍ਹੇਰੇ ਅੰਬਰ ਵਿਚ ਤੇਜ਼ ਲਾਲ ਰੋਸ਼ਨੀ ਛੱਡਦੀ ਹੋਈ ਅਚਾਨਕ ਗਾਇਬ ਹੋ ਗਈ ।
ਹਨ੍ਹੇਰੇ ਅੰਬਰ ਹੇਠ, ਡਿਸਕ ਵਾਲੀ ਥਾਂ ਹੁਣ ਇਕ ਵੱਡਾ ਟੋਆ ਹੀ ਨਜ਼ਰ ਆ ਰਿਹਾ ਸੀ।
ਇਸ ਅਜਬ ਵਰਤਾਰੇ ਦੇ ਖ਼ਾਤਮੇ ਪਿਛੋਂ ਘਰਾਂ ਨੂੰ ਵਾਪਿਸ ਜਾ ਰਹੇ ਲੋਕ ਉਨ੍ਹਾਂ ਅਜਨਬੀ ਜੀਵਾਂ ਵਲੋਂ ਦੱਸੇ ਸੱਚ ਬਾਰੇ ਸੋਚਦਿਆਂ ਧਰਤੀ ਉੱਤੇ ਮਨੁੱਖੀ ਸਦੀਵਤਾ ਤੇ ਪ੍ਰਫੁੱਲਤਾ ਲਈ ਆਪਣਾ ਯੋਗ ਹਿੱਸਾ ਪਾਉਣ ਲਈ ਚਿੰਤਾਤੁਰ ਲਗ ਰਹੇ ਸਨ।
*****
ਘਰ ਵਾਪਸ ਆ ਮੈਂ ਤੇ ਮੇਰੇ ਵੱਡੇ ਭਰਾ ਨੇ ਵੀ ਇਸ ਵਾਰ ਕਣਕ ਦੀ ਨਾੜ ਨੂੰ ਅੱਗ ਨਾ ਲਾਉਣ ਦਾ ਫੈਸਲਾ ਕਰ ਲਿਆ ਸੀ ਅਤੇ ਤਦ ਹੀ ਅਸੀਂ ਦੋਨਾਂ ਨੇ ਹੋਰਨਾਂ ਨੂੰ ਵੀ ਅਜਿਹਾ ਕਰਣ ਲਈ ਪ੍ਰੇਰਿਤ ਕਰਣ ਦਾ ਅਹਿਦ ਕੀਤਾ ਸੀ, ਜਿਸ ਦੀ ਪਾਲਣਾ ਅਸੀਂ ਅੱਜ ਵੀ ਕਰ ਰਹੇ ਹਾਂ। ਆਸ ਹੈ ਕਿ ਧਰਤੀ ਉਪਰ ਮਨੁੱਖ ਦੀ ਖੁਸ਼ਹਾਲੀ ਤੇ ਸਦੀਵਤਾ ਲਈ ਇਹ ਜ਼ਰੂਰ ਸਾਡਾ ਛੋਟਾ ਜਿਹਾ ਯੋਗਦਾਨ ਹੋਵੇਗਾ।

drdpsinghauthor.wordpress.com
email: [email protected]

 

 

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ

ਵੱਡੀ ਗਿਣਤੀ ਸੰਗਤ ਨੇ ਗੁਰਦੁਆਰਾ ਸਾਹਿਬਾਨਾਂ ‘ਚ ਮੱਥਾ ਟੇਕਿਆ; ਅਲੌਕਿਕ ਜਲੌਅ ਸਜਾਏ ਤੇ ਦੀਪਮਾਲਾ ਕੀਤੀ …