Home / ਸੰਪਾਦਕੀ / ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਬਣੀ ਪੁਲਿਸ ਲਈ ਚੁਣੌਤੀ

ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਬਣੀ ਪੁਲਿਸ ਲਈ ਚੁਣੌਤੀ

ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਬੂ ਹੇਠ ਰੱਖਣ, ਨਸ਼ਾ-ਤਸਕਰੀ ਨੂੰ ਰੋਕਣ ਅਤੇ ਗੈਂਗਸਟਰਾਂ ਦਾ ਸਾਹਮਣਾ ਕਰਨ ਲਈ ਪੰਜਾਬ ਪੁਲਿਸ ਨੂੰ ਵੱਡੀਆਂ ਚੁਣੌਤੀਆਂ ਦਰਪੇਸ਼ ਹਨ। ਭਾਵੇਂ ਪੰਜਾਬ ਪੁਲਿਸ ਇਨ੍ਹਾਂ ਚੁਣੌਤੀਆਂ ਨਾਲ ਨਿਪਟਣ ਲਈ ਆਪਣੇ ਵਲੋਂ ਪੂਰੀ ਵਾਹ ਲਾ ਰਹੀ ਹੈ ਪਰ ਅਜੇ ਵੀ ਵੱਖ-ਵੱਖ ਉਪਰੋਕਤ ਖੇਤਰਾਂ ਵਿਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਪੁਲਿਸ ਦੀ ਕਾਰਗੁਜ਼ਾਰੀ ਅਤੇ ਸਮਰੱਥਾ ‘ਤੇ ਪ੍ਰਸ਼ਨ-ਚਿੰਨ੍ਹ ਲਗਾਉਂਦੀਆਂ ਹਨ।
ਪੁਲਿਸ ਨੂੰ ਇਕ ਵੱਡੀ ਚੁਣੌਤੀ ਉਸ ਦੇ ਆਪਣੇ ਅੰਦਰੋਂ ਮਿਲ ਰਹੀ ਹੈ। ਸਾਡੇ ਕਹਿਣ ਦਾ ਭਾਵ ਹੈ ਕਿ ਪੁਲਿਸ ਦੇ ਅੰਦਰ ਕੁਝ ਅਜਿਹੀਆਂ ਕਾਲੀਆਂ ਭੇਡਾਂ ਮੌਜੂਦ ਹਨ ਜੋ ਉਸ ਦਾ ਅਕਸ ਖ਼ਰਾਬ ਕਰ ਰਹੀਆਂ ਹਨ ਤੇ ਜੁਰਮਾਂ ਨੂੰ ਵਧਾਉਣ ਦਾ ਵੀ ਕਾਰਨ ਬਣ ਰਹੀਆਂ ਹਨ। ਉਸ ਦੇ ਆਪਣੇ ਸੀਨੀਅਰ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਖ਼ੁਦ ਵੱਖ-ਵੱਖ ਜੁਰਮਾਂ ਵਿਚ ਸ਼ਾਮਿਲ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਕਤੂਬਰ ਮਹੀਨੇ ਵਿਚ ਪੰਜਾਬ ਵਿਜੀਲੈਂਸ ਵਲੋਂ ਆਪਣੇ ਹੀ ਇਕ ਏ.ਆਈ.ਜੀ. ਅਸ਼ੀਸ਼ ਕਪੂਰ ਨੂੰ ਕੁਰੂਕਸ਼ੇਤਰ ਦੀ ਇਕ ਔਰਤ ਅਤੇ ਉਸ ਦੇ ਪਰਿਵਾਰ ਨੂੰ ਧੋਖਾਧੜੀ ਦੇ ਇਕ ਕੇਸ ਵਿਚੋਂ ਰਾਹਤ ਦੇਣ ਦਾ ਵਾਅਦਾ ਕਰ ਕੇ ਉਸ ਤੋਂ ਇਕ ਕਰੋੜ ਰੁਪਏ ਵਸੂਲਣ ਅਤੇ ਬਾਅਦ ਵਿਚ ਉਸ ਨਾਲ ਨਜ਼ਰਬੰਦੀ ਦੌਰਾਨ ਬਲਾਤਕਾਰ ਕਰਨ ਆਦਿ ਦੇ ਗੰਭੀਰ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਅਧਿਕਾਰੀ ‘ਤੇ ਆਪਣੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਸੰਬੰਧੀ ਵੀ ਕੇਸ ਦਰਜ ਕੀਤਾ ਗਿਆ ਹੈ। ਹੁਣ ਪੁਲਿਸ ਸ਼ਿਕਾਇਤ ਅਥਾਰਿਟੀੇ (ਸੀ.ਆਈ.ਏ.) ਨੇ ਉਪਰੋਕਤ ਅਧਿਕਾਰੀ ਨੂੰ ਕਲੀਨ ਚਿੱਟ ਦੇਣ ਵਾਲੇ ਪੰਜਾਬ ਪੁਲਿਸ ਦੇ ਤਿੰਨ ਹੋਰ ਸੀਨੀਅਰ ਅਧਿਕਾਰੀਆਂ ਖਿਲਾਫ ਵੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਉਹ ਪੁਲਿਸ ਅਧਿਕਾਰੀ ਇਸ ਸਮੇਂ ਪਟਿਆਲਾ ਜੇਲ੍ਹ ਵਿਚ ਬੰਦ ਹੈ।
ਪਿਛਲੇ ਦਿਨੀਂ ਕਈ ਹੋਰ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਵੀ ਜੁਰਮਾਂ ਵਿਚ ਸ਼ਾਮਿਲ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਹ ਗੱਲ ਹੁਣ ਜੱਗ ਜ਼ਾਹਰ ਹੈ ਕਿ ਮਾਨਸਾ ਸੀ.ਆਈ.ਏ. ਸਟਾਫ ਦੇ ਇੰਚਾਰਜ ਪ੍ਰਿਤਪਾਲ ਸਿੰਘ ਨੇ ਮੂਸੇਵਾਲਾ ਕਤਲ ਕੇਸ ਨਾਲ ਸੰਬੰਧਿਤ ਇਕ ਗੈਂਗਸਟਰ ਦੀਪਕ ਟੀਨੂੰ ਨੂੰ ਭਜਾਉਣ ਵਿਚ ਮਦਦ ਕੀਤੀ ਸੀ। ਇਸੇ ਤਰ੍ਹਾਂ ਫਿਰੋਜ਼ਪੁਰ ਜੇਲ੍ਹ ਦੇ ਡਿਪਟੀ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਵਲੋਂ ਜੇਲ੍ਹ ਵਿਚ ਗੈਂਗਸਟਰਾਂ ਅਤੇ ਹੋਰ ਦੋਸ਼ਾਂ ਵਿਚ ਨਜ਼ਰਬੰਦ ਮੁਜਰਿਮਾਂ ਨੂੰ ਨਸ਼ੇ ਅਤੇ ਮੋਬਾਈਲ ਫ਼ੋਨ ਮੁਹੱਈਆ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਥੇ ਹੀ ਬਸ ਨਹੀਂ ਲੁਧਿਆਣੇ ਦੇ ਇਕ ਸਹਾਇਕ ਐਸ.ਐਚ.ਓ. ਹਰਜਿੰਦਰ ਕੁਮਾਰ ਨੂੰ ਵੀ ਪਿਛਲੇ ਦਿਨੀਂ 11 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਨਾਲ ਮਿਲ ਕੇ ਕੰਮ ਕਰਨ ਵਾਲੇ ਜ਼ਿਲ੍ਹਾ ਜਲੰਧਰ ਦੇ ਇਕ ਪਿੰਡ ਦੇ ਦੋ ਹੋਰ ਦੋਸ਼ੀਆਂ ‘ਤੋਂ ਵੀ 846 ਗ੍ਰਾਮ ਹੈਰੋਇਨ ਫੜੀ ਗਈ ਸੀ। ਉਪਰੋਕਤ ਪੁਲਿਸ ਮੁਲਾਜ਼ਮ ਉਸ ਪਿੰਡ ਦੇ ਦੋਸ਼ੀਆਂ ਨਾਲ ਰਲ ਕੇ ਨਸ਼ਾ ਤਸਕਰੀ ਦਾ ਕੰਮ ਕਰ ਰਿਹਾ ਸੀ ਅਤੇ ਉਹ ਖ਼ੁਦ ਵੀ ਨਸ਼ਾ ਕਰਨ ਦਾ ਆਦੀ ਦੱਸਿਆ ਜਾ ਰਿਹਾ ਹੈ।
ਇਹ ਤਾਂ ਕੁਝ ਉਦਾਹਰਨਾਂ ਹਨ ਜਿਨ੍ਹਾਂ ਵਿਚ ਪੁਲਿਸ ਦੇ ਸੀਨੀਅਰ ਅਤੇ ਜੂਨੀਅਰ ਅਧਿਕਾਰੀ ਅਤੇ ਮੁਲਾਜ਼ਮ ਵੱਖ-ਵੱਖ ਕੇਸਾਂ ਵਿਚ ਫੜੇ ਗਏ ਹਨ। ਬਹੁਤ ਸਾਰੇ ਅਜਿਹੇ ਮਾਮਲੇ ਦੱਬੇ ਹੀ ਰਹਿ ਜਾਂਦੇ ਹਨ। ਇਹ ਗੱਲ ਵੀ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਪੁਲਿਸ ਵਿਚ ਵੱਡੀ ਪੱਧਰ ‘ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਅਕਸਰ ਆਪਣੇ ਅਸਰ ਰਸੂਖ ਨਾਲ ਵੱਡੇ ਲੋਕ ਗੰਭੀਰ ਜੁਰਮ ਕਰ ਕੇ ਵੀ ਬਚ ਨਿਕਲਦੇ ਹਨ ਅਤੇ ਅਨੇਕਾਂ ਵਾਰ ਗ਼ਰੀਬ ਲੋਕਾਂ ਨੂੰ ਝੂਠੇ ਕੇਸਾਂ ਵਿਚ ਫਸਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ‘ਤੇ ਤਸ਼ੱਦਦ ਕਰ ਕੇ ਪੁਲਿਸ ਵਲੋਂ ਪੈਸਿਆਂ ਦੀ ਵੀ ਵਸੂਲੀ ਕੀਤੀ ਜਾਂਦੀ ਹੈ। ਬਹੁਤ ਸਾਰੇ ਵੱਖ-ਵੱਖ ਕਿਸਮ ਦੇ ਅਪਰਾਧੀਆਂ ਅਤੇ ਮਾਫ਼ੀਆ ਗਰੋਹਾਂ ਨਾਲ ਪੁਲਿਸ ਦੀ ਮਿਲੀ-ਭੁਗਤ ਦੇ ਮਾਮਲੇ ਵੀ ਵਾਰ-ਵਾਰ ਸਾਹਮਣੇ ਆਉਂਦੇ ਰਹਿੰਦੇ ਹਨ।
ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੰਮ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਸ ਗੱਲ ਲਈ ਪ੍ਰਸੰਸਾ ਕਰਦੇ ਹਾਂ ਕਿ ਉਸ ਨੇ ਪੰਜਾਬ ਪੁਲਿਸ ਦੇ ਵਿਜੀਲੈਂਸ ਵਿੰਗ ਨੂੰ ਸਰਗਰਮ ਕੀਤਾ ਹੈ ਅਤੇ ਪਿਛਲੇ ਸਮਿਆਂ ਵਿਚ ਬਹੁਤ ਸਾਰੇ ਸਿਵਲ ਅਤੇ ਪੁਲਿਸ ਨਾਲ ਸੰਬੰਧਿਤ ਸੀਨੀਅਰ ਅਧਿਕਾਰੀਆਂ ਦੇ ਖਿਲਾਫ ਭ੍ਰਿਸ਼ਟਾਚਾਰ ਅਤੇ ਵੱਖ-ਵੱਖ ਹੋਰ ਗੰਭੀਰ ਦੋਸ਼ਾਂ ਅਧੀਨ ਕਾਰਵਾਈ ਵੀ ਕੀਤੀ ਗਈ ਹੈ। ਪਰ ਲੋੜ ਇਸ ਗੱਲ ਦੀ ਹੈ ਕਿ ਜੇਕਰ ਪੰਜਾਬ ਪੁਲਿਸ ਆਪਣਾ ਅਕਸ ਬਿਹਤਰ ਬਣਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਉੱਪਰ ਤੋਂ ਲੈ ਕੇ ਹੇਠਾਂ ਤੱਕ ਵੱਡੀ ਪੱਧਰ ‘ਤੇ ਪੁਲਿਸ ਦੀ ਸਕ੍ਰੀਨਿੰਗ ਕਰਨੀ ਚਾਹੀਦੀ ਹੈ।
ਜਿਹੜੇ ਪੁਲਿਸ ਅਧਿਕਾਰੀ ਜਾਇਜ਼-ਨਾਜਾਇਜ਼ ਕੰਮ ਕਰ ਕੇ ਧੰਨ-ਦੌਲਤ ਇਕੱਠੀ ਕਰ ਰਹੇ ਹਨ ਜਾਂ ਲੋਕਾਂ ਨਾਲ ਜ਼ਿਆਦਤੀ ਕਰ ਰਹੇ ਹਨ, ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜਿਹੜੇ ਪੁਲਿਸ ਅਧਿਕਾਰੀ ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਅਤੇ ਗੈਂਗਸਟਰਾਂ ਨਾਲ ਮਿਲੀ ਭੁਗਤ ਕਰ ਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਮੋਬਾਈਲ ਫ਼ੋਨ ਅਤੇ ਨਸ਼ਿਆਂ ਸਮੇਤ ਹੋਰ ਸਮੱਗਰੀ ਪਹੁੰਚਾ ਰਹੇ ਹਨ ਉਨ੍ਹਾਂ ਦੀ ਜਾਂਚ ਪੜਤਾਲ ਕਰ ਕੇ ਉਨ੍ਹਾਂ ਨੂੰ ਤਾਂ ਪੁਲਿਸ ਸੇਵਾਵਾਂ ਤੋਂ ਵੀ ਲਾਂਭੇ ਕਰਨਾ ਚਾਹੀਦਾ ਹੈ। ਇਸ ਨਾਲ ਨਾ ਕੇਵਲ ਪੰਜਾਬ ਪੁਲਿਸ ਨੂੰ ਆਪਣਾ ਅਕਸ ਬਿਹਤਰ ਬਣਾਉਣ ਵਿਚ ਮਦਦ ਮਿਲੇਗੀ, ਸਗੋਂ ਲੋਕਾਂ ਨੂੰ ਬਿਹਤਰ ਪੁਲਿਸ ਸੇਵਾਵਾਂ ਵੀ ਮੁਹੱਈਆ ਕੀਤੀਆਂ ਜਾ ਸਕਣਗੀਆਂ। ਅਜੋਕੀ ਸਥਿਤੀ ਵਿਚ ਅਮਨ-ਕਾਨੂੰਨ ਦੀ ਸਥਿਤੀ ‘ਤੇ ਕਾਬੂ ਪਾਉਣ ਅਤੇ ਰਾਜ ਨੂੰ ਜੁਰਮਾਂ ਤੋਂ ਰਹਿਤ ਕਰਨ ਲਈ ਅਜਿਹੇ ਵੱਡੇ ਕਦਮਾਂ ਦੀ ਬੇਹੱਦ ਜ਼ਰੂਰਤ ਹੈ। ਆਸ ਹੈ ਕਿ ਪੁਲਿਸ ਆਪਣੇ ਘਰ ਨੂੰ ਠੀਕ-ਠਾਕ ਕਰਨ ਲਈ ਆਉਣ ਵਾਲੇ ਸਮੇਂ ਵਿਚ ਕੁਝ ਵੱਡੇ ਕਦਮ ਜ਼ਰੂਰ ਉਠਾਵੇਗੀ।

 

 

 

 

 

 

 

 

 

Check Also

ਪੰਜਾਬ ਦੀ ‘ਆਪ’ ਸਰਕਾਰ ਦਾ ਇਕ ਸਾਲ

ਭਾਵੇਂਕਿ ਇਕ ਸਾਲ ਬੀਤ ਜਾਣ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਇਸ ਸਮੇਂ ਦੀਆਂ ਪ੍ਰਾਪਤੀਆਂ ਦੇ …