ਓਟਵਾ/ਬਿਊਰੋ ਨਿਊਜ਼ : ਫੈਡਰਲ ਡੈਂਟਲ ਕੇਅਰ ਪ੍ਰੋਗਰਾਮ ਤਹਿਤ ਯੋਗ ਕੈਨੇਡੀਅਨ ਹੁਣ ਪਹਿਲੀ ਦਸੰਬਰ ਤੋਂ ਫੰਡ ਹਾਸਲ ਕਰਨ ਲਈ ਕੈਨੇਡਾ ਰੈਵਨਿਊ ਏਜੰਸੀ ਰਾਹੀਂ ਅਪਲਾਈ ਕਰ ਸਕਣਗੇ। 12 ਦਸੰਬਰ ਤੋਂ ਘੱਟ ਆਮਦਨ ਵਾਲੇ ਕੈਨੇਡੀਅਨ ਲਈ ਹਾਊਸਿੰਗ ਬੈਨੇਫਿਟ ਵਾਸਤੇ ਅਰਜੀਆਂ ਸਵੀਕਾਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਜਾਵੇਗਾ।
17 ਨਵੰਬਰ ਨੂੰ ਐਨਡੀਪੀ ਦੀ ਮਦਦ ਨਾਲ ਲਿਬਰਲਾਂ ਵੱਲੋਂ ਲਿਆਂਦਾ ਅਫੋਰਡੇਬਿਲਿਟੀ ਬਿੱਲ ਸੀ-31 ਕਾਨੂੰਨ ਦਾ ਰੂਪ ਅਖਤਿਆਰ ਕਰ ਗਿਆ। ਇਸ ਵਿੱਚ ਡੈਂਟਲ ਕੇਅਰ ਬੈਨੇਫਿਟ ਤੇ ਘੱਟ ਆਮਦਨ ਵਾਲੇ ਕੈਨੇਡੀਅਨਜ਼ ਲਈ ਰੈੱਟਲ ਬੂਸਟ ਸ਼ਾਮਲ ਹਨ। ਬੁੱਧਵਾਰ ਨੂੰ ਫੈਡਰਲ ਫਾਇਨਾਂਸ਼ੀਅਲ ਏਜੰਸੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਨ੍ਹਾਂ ਬੈਨੇਫਿਟਸ ਨੂੰ ਹਾਸਲ ਕਰਨ ਲਈ ਅਪਲਾਈ ਕਰਨ ਵਾਲੇ ਕੈਨੇਡੀਅਨਜ਼ ਲਈ ਇਹ ਸਿਸਟਮ ਕਿਵੇਂ ਕੰਮ ਕਰੇਗਾ।
ਸੀਆਰਏ ਨੇ ਦੱਸਿਆ ਕਿ ਅਪਲਾਈ ਕਰਨ ਲਈ ਕੁੱਝ ਮਿੰਟ ਹੀ ਲੱਗਣਗੇ। ਏਜੰਸੀ ਨੇ ਦੱਸਿਆ ਕਿ ਸਿਸਟਮ ਵਿੱਚ ਹੀ ਵੈਰੀਫਿਕੇਸ਼ਨ ਦਾ ਵੀ ਪ੍ਰਬੰਧ ਹੈ, ਜਿਸ ਵਿੱਚ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਤੁਹਾਡਾ 2021 ਦਾ ਟੈਕਸ ਰਿਟਰਨ ਭਰਿਆ ਹੋਇਆ ਹੈ ਜਾਂ ਨਹੀਂ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਡੈਂਟਲ ਬੈਨੇਫਿਟ 12 ਸਾਲ ਤੋਂ ਘੱਟ ਉਮਰ ਦੇ ਉਨ੍ਹਾਂ ਬੱਚਿਆਂ ਨੂੰ ਮੁਹੱਈਆ ਕਰਵਾਇਆ ਜਾਵੇਗਾ ਜਿਨ੍ਹਾਂ ਦੇ ਪਰਿਵਾਰ ਦੀ ਸਾਲਾਨਾ ਆਮਦਨ 90,000 ਡਾਲਰ ਤੋਂ ਘੱਟ ਹੈ। 70,000 ਡਾਲਰ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਹਰ ਬੱਚੇ ਲਈ 650 ਡਾਲਰ ਮਿਲਣਗੇ, ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ 70,000 ਡਾਲਰ ਤੋਂ 79,999 ਡਾਲਰ ਦਰਮਿਆਨ ਹੈ ਉਨ੍ਹਾਂ ਨੂੰ 390 ਡਾਲਰ ਪ੍ਰਤੀ ਬੱਚਾ ਮਿਲਣਗੇ, ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ 80,000 ਡਾਲਰ ਤੋਂ 89,999 ਡਾਲਰ ਹੈ ਉਨ੍ਹਾਂ ਨੂੰ ਹਰ ਬੱਚੇ ਪਿੱਛੇ 260 ਡਾਲਰ ਮਿਲਣਗੇ।
ਪਹਿਲੇ ਪੜਾਅ ਵਿੱਚ ਯੋਗ ਮਾਪਿਆਂ ਨੂੰ ਡੈਂਟਲ ਖਰਚਿਆਂ ਨੂੰ ਪੂਰਾ ਕਰਨ ਲਈ ਟੈਕਸ ਫਰੀ ਅਦਾਇਗੀ ਦਿੱਤੀ ਜਾਵੇਗੀ। ਹਰੇਕ ਯੋਗ ਬੱਚੇ ਲਈ ਮਾਪਿਆਂ ਜਾਂ ਕੇਅਰਗਿਵਰਜ ਨੂੰ ਦੋ ਅਦਾਇਗੀਆਂ ਹਾਸਲ ਹੋਣਗੀਆਂ। ਪਹਿਲੇ ਪੀਰੀਅਡ ਵਿੱਚ ਪਹਿਲੀ ਅਕਤੂਬਰ, 2022 ਤੋਂ 30 ਜੂਨ, 2023 ਤੱਕ ਦੇ ਖਰਚਿਆਂ ਨੂੰ ਪੂਰਾ ਕੀਤਾ ਜਾਵੇਗਾ। ਦੂਜੇ ਪੀਰੀਅਡ ਵਿੱਚ ਪਹਿਲੀ ਜੁਲਾਈ 2023 ਤੇ 30 ਜੂਨ, 2024 ਦਰਮਿਆਨ ਬੱਚੇ ਨੂੰ ਹਾਸਲ ਹੋਣ ਵਾਲੀਆਂ ਡੈਂਟਲ ਸੇਵਾਵਾਂ ਦਾ ਖਰਚਾ ਸਰਕਾਰ ਚੁੱਕੇਗੀ। ਜੇ ਬੱਚੇ ਦੀ ਡੈਂਟਲ ਕੇਅਰ ਉੱਤੇ 650 ਡਾਲਰ ਤੋਂ ਵੱਧ ਦਾ ਖਰਚਾ ਆਉਂਦਾ ਹੈ ਤੇ ਮਾਪਿਆਂ ਨੇ ਸਿਰਫ ਇੱਕ ਬੈਨੇਫਿਟ ਪੀਰੀਅਡ ਲਈ ਅਪਲਾਈ ਕੀਤਾ ਹੈ ਤਾਂ ਉਹ ਵਾਧੂ ਅਦਾਇਗੀ ਲਈ ਮਾਪਦੰਡਾਂ ਉੱਤੇ ਵੀ ਪੂਰੇ ਉਤਰ ਸਕਦੇ ਹਨ। ਦੂਜੀ ਕਿਸਮ ਦੀ ਫੈਡਰਲ ਫੰਡਿੰਗ ਜਿਹੜੀ ਕੈਨੇਡੀਅਨਜ਼ ਨੂੰ ਹਾਸਲ ਹੋਵੇਗੀ ਉਹ ਹੈ ਕੈਨੇਡਾ ਹਾਊਸਿੰਗ ਬੈਨੇਫਿਟ ਤਹਿਤ ਇੱਕ ਵਾਰੀ ਮਿਲਣ ਵਾਲੇ 500 ਡਾਲਰ।
ਇਸ ਫੰਡਿੰਗ ਲਈ ਐਪਲੀਕੇਸ਼ਨ ਪ੍ਰਕਿਰਿਆ 12 ਦਸੰਬਰ ਤੋਂ ਲਾਂਚ ਕੀਤੀ ਜਾਵੇਗੀ। ਇਸ ਪ੍ਰੋਗਰਾਮ ਤਹਿਤ ਘੱਟ ਆਮਦਨ, ਜਿਨ੍ਹਾਂ ਪਰਿਵਾਰਾਂ ਦੀ ਐਡਜਸਟਿਡ ਕੁੱਲ ਆਮਦਨ 35000 ਡਾਲਰ ਤੋਂ ਵੀ ਘੱਟ ਹੈ, ਵਾਲੇ ਕੈਨੇਡੀਅਨਜ਼ ਜਾਂ 20,000 ਡਾਲਰ ਕਮਾਉਣ ਵਾਲੇ ਕੈਨੇਡੀਅਨਜ਼, ਜਿਨ੍ਹਾਂ ਨੂੰ ਆਪਣੀ ਆਮਦਨ ਦਾ 30 ਫੀਸਦੀ ਕਿਰਾਏ ਲਈ ਦੇਣਾ ਪੈਂਦਾ ਹੈ ਜਾਂ ਫਿਰ ਜਿਹੜੇ ਕੈਨੇਡਾ ਵਿੱਚ ਆਪਣੇ ਪ੍ਰਾਇਮਰੀ ਰੈਜੀਡੈਂਸ ਲਈ ਕਿਰਾਇਆ ਦੇ ਰਹੇ ਹਨ, ਦੀ ਮਦਦ ਕੀਤੀ ਜਾਵੇਗੀ। ਆਪਣਾ ਕਿਰਾਇਆ ਦੇਣ ਲਈ ਮਦਦ ਦੇ ਚਾਹਵਾਨ ਕੈਨੇਡੀਅਨਾਂ ਨੂੰ 500 ਡਾਲਰ ਹਾਸਲ ਕਰਨ ਲਈ ਹੇਠ ਲਿਖੀਆਂ ਗੱਲਾਂ ਦੀ ਪੁਸ਼ਟੀ ਕਰਨੀ ਹੋਵੇਗੀ। ਉਨ੍ਹਾਂ ਨੇ 2021 ਵਿੱਚ ਆਪਣਾ ਇਨਕਮ ਟੈਕਸ ਤੇ ਬੈਨੇਫਿਟ ਰਿਟਰਨ ਭਰੀ ਹੈ।
ਪਹਿਲੀ ਦਸੰਬਰ, 2022 ਤੱਕ ਉਹ ਘੱਟੋ ਘੱਟ 15 ਸਾਲ ਦੇ ਸਨ। 2022 ਵਿੱਚ ਟੈਕਸ ਮਕਸਦ ਲਈ ਉਨ੍ਹਾਂ ਨੂੰ ਦੱਸਣਾ ਹੋਵੇਗਾ ਕਿ ਉਹ ਕੈਨੇਡਾ ਦੇ ਵਾਸੀ ਹਨ। ਪਹਿਲੀ ਦਸੰਬਰ, 2022 ਤੱਕ ਉਨ੍ਹਾਂ ਦਾ ਮੁੱਖ ਘਰ ਕੈਨੇਡਾ ਵਿੱਚ ਹੈ।
2022 ਵਿੱਚ ਉਨ੍ਹਾਂ ਆਪਣੇ ਘਰ ਲਈ ਆਪ ਕਿਰਾਇਆ ਦਿੱਤਾ। ਉਨ੍ਹਾਂ ਆਪਣੀ 2021 ਦੀ ਐਡਜਸਟਿਡ ਕੁੱਲ ਪਰਿਵਾਰਕ ਆਮਦਨ ਦਾ 30 ਫੀਸਦੀ 2022 ਕੈਲੰਡਰ ਯੀਅਰ ਲਈ ਕਿਰਾਏ ਉੱਤੇ ਖਰਚਿਆ। ਇਸ ਤੋਂ ਇਲਾਵਾ ਬਿਨੈਕਾਰਾਂ ਨੂੰ ਆਪਣਾ ਪਤਾ, ਉਨ੍ਹਾਂ ਨੇ ਕਿਸ ਨੂੰ ਕਿਰਾਇਆ ਦਿੱਤਾ ਤੇ ਉਸ ਵਿਅਕਤੀ ਨਾਲ ਸੰਪਰਕ ਕਿਵੇਂ ਕੀਤਾ ਜਾਵੇ,ਕਿੰਨੇ ਮਹੀਨੇ ਸਬੰਧਤ ਕਿਰਾਏ ਦੇ ਘਰ ਵਿੱਚ ਗੁਜਾਰੇ ਆਦਿ ਵਰਗੀ ਜਾਣਕਾਰੀ ਮੁਹੱਈਆ ਕਰਵਾਉਣੀ ਹੋਵੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …