ਪਿਛਲੇ ਦਿਨੀਂ ਪੰਜਾਬ ਪੁਲਿਸ ਵਲੋਂ ਆਪਣੇ ਵਿਭਾਗ ਦੇ ਇੰਸਪੈਕਟਰ ਪੱਧਰ ਦੇ ਪੰਜ ਉੱਚ ਅਧਿਕਾਰੀਆਂ ਨੂੰ ਪਹਿਲਾਂ ਲਾਈਨ ਹਾਜ਼ਰ ਕਰਨ ਅਤੇ ਫਿਰ ਤਤਕਾਲ ਪ੍ਰਭਾਵ ਨਾਲ ਉਨ੍ਹਾਂ ਦਾ ਤਬਾਦਲਾ ਕਰਨ ਦੀ ਖ਼ਬਰ ਬਿਨਾਂ ਸ਼ੱਕ ਪੁਲਿਸ ਦੀ ਵਰਦੀ ‘ਤੇ ਦਾਗ਼ ਲਾਉਣ ਵਾਲੀ ਹੈ। ਪੰਜਾਬ ਪੁਲਿਸ ਦੇ ਅਕਸ ‘ਤੇ ਪਹਿਲਾਂ ਹੀ ਕਈ ਛੋਟੇ-ਵੱਡੇ ਦਾਗ਼ ਲੱਗੇ ਹੋਏ ਹਨ। ਤਾਜ਼ਾ ਘਟਨਾ ਜ਼ਿਲ੍ਹਾ ਅੰਮ੍ਰਿਤਸਰ ਦੀ ਹੈ, ਜਿੱਥੇ ਇਕ ਜਨਮ ਦਿਨ ਦੀ ਪਾਰਟੀ ‘ਚ ਪੰਜਾਬ ਪੁਲਿਸ ਦੇ ਇੰਸਪੈਕਟਰ ਪੱਧਰ ਦੇ ਪੰਜ ਅਧਿਕਾਰੀ ਇਕ ਕਥਿਤ ਗੈਂਗਸਟਰ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰ ਦੀ ਪਾਰਟੀ ‘ਚ ਗੀਤਾਂ ‘ਤੇ ਨੱਚਣ-ਟੱਪਣ ‘ਚ ਰੁੱਝੇ ਹੋਏ ਦਿਖਾਈ ਦਿੱਤੇ ਸਨ। ਇਸ ਪਾਰਟੀ ‘ਚ ਡੀ.ਐਸ.ਪੀ. ਪੱਧਰ ਦੇ ਦੋ ਅਧਿਕਾਰੀਆਂ ਦੀ ਹਾਜ਼ਰੀ ਵੀ ਪੰਜਾਬ ਦੀ ਕਾਨੂੰਨ ਵਿਵਸਥਾ ਲਈ ਫਿਕਰਮੰਦ ਲੋਕਾਂ ਨੂੰ ਹੈਰਾਨ ਕਰਨ ਵਾਲੀ ਸੀ। ਇਸ ਪਾਰਟੀ ਦੀਆਂ ਤਸਵੀਰਾਂ ਦੇਸ਼-ਵਿਦੇਸ਼ ‘ਚ ਵਾਇਰਲ ਹੋ ਜਾਣ ਨਾਲ ਸੂਬੇ ਦੀ ਪੁਲਿਸ ਦੇ ਅਕਸ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸੇ ਕਾਰਨ ਤਤਕਾਲ ਰੂਪ ਨਾਲ ਪਹਿਲਾਂ ਤਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਇਨ੍ਹਾਂ ਪੰਜਾਂ ਪੁਲਿਸ ਇੰਸਪੈਕਟਰਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਅਤੇ ਬਾਅਦ ‘ਚ ਇੰਸਪੈਕਟਰ ਜਨਰਲ ਪੁਲਿਸ ਨੇ ਇਨ੍ਹਾਂ ਦਾ ਹੋਰ ਜ਼ਿਲ੍ਹਿਆਂ ‘ਚ ਤਬਾਦਲਾ ਕਰ ਦਿੱਤਾ। ਇਸ ਪਾਰਟੀ ‘ਚ ਸ਼ਾਮਿਲ ਹੋਏ ਡੀ.ਐਸ.ਪੀ. ਪੱਧਰ ਦੇ ਦੋ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਬਿਨਾਂ ਸ਼ੱਕ ਜਾਂਚ ਹੋਣੀ ਚਾਹੀਦੀ ਹੈ। ਪੁਲਿਸ ਵਾਲਿਆਂ ਦੇ ਇਸ ਤਰ੍ਹਾਂ ਦੀਆਂ ਪਾਰਟੀਆਂ ‘ਚ ਸ਼ਾਮਿਲ ਹੋਣ ਨਾਲ ਜਿੱਥੇ ਅਪਰਾਧੀਆਂ ਨੂੰ ਸ਼ਹਿ ਮਿਲਦੀ ਹੈ, ਉੱਥੇ ਆਮ ਲੋਕਾਂ ‘ਚ ਵੀ ਡਰ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ।
ਦਹਾਕਿਆਂ ਪਹਿਲਾਂ ਪੰਜਾਬ ਪੁਲਿਸ ਦੇ ਇਮਾਨਦਾਰ ਅਕਸ, ਪ੍ਰਤੀਬੱਧਤਾ ਅਤੇ ਡਿਊਟੀ ਪ੍ਰਤੀ ਸ਼ਰਧਾ ਦੀ ਧਾਕ ਦਿਖਾਈ ਦਿੰਦੀ ਸੀ। ਸੂਬੇ ਦੇ ਕਈ ਪੁਲਿਸ ਅਧਿਕਾਰੀਆਂ ਦੀ ਕਾਰਜ ਪ੍ਰਣਾਲੀ ਦਾ ਡੰਕਾ ਇੰਗਲੈਂਡ ਤੱਕ ਵੱਜਿਆ ਕਰਦਾ ਸੀ। ਇੱਥੋਂ ਤੱਕ ਕਿ ਦੇਸ਼ ਦੇ ਕਈ ਹੋਰਨਾਂ ਸੂਬਿਆਂ ਦੀਆਂ ਅੰਦਰੂਨੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਵੀ ਪੰਜਾਬ ਪੁਲਿਸ ਦੀਆਂ ਸੇਵਾਵਾਂ ਲੈਣੀਆਂ ਮਾਣ ਦੀ ਗੱਲ ਸਮਝੀ ਜਾਂਦੀ ਸੀ, ਪਰ ਅੱਜ ਸਥਿਤੀ ਇਹ ਹੈ ਕਿ ਨਾ ਸਿਰਫ਼ ਸੂਬਾ ਪੁਲਿਸ ਦੇ ਇਸ ਅਕਸ ਨੂੰ ਨੁਕਸਾਨ ਹੋ ਚੁੱਕਾ ਹੈ, ਸਗੋਂ ਪੁਲਿਸ ਦੀਆਂ ਕਤਾਰਾਂ ‘ਚ ਵਿਆਪਕ ਤੌਰ ‘ਤੇ ਭ੍ਰਿਸ਼ਟਾਚਾਰ ਅਤੇ ਅਪਰਾਧਕ ਤੱਤਾਂ ਦੀ ਘੁਸਪੈਠ ਵੀ ਹੋ ਚੁੱਕੀ ਹੈ। ਪੰਜਾਬ ਪੁਲਿਸ ‘ਤੇ ਭ੍ਰਿਸ਼ਟਾਚਾਰ, ਨਸ਼ਾਖੋਰੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਮਿਲੀਭੁਗਤ ਹੋਣ ਦੇ ਗੰਭੀਰ ਦੋਸ਼ ਵੀ ਅਕਸਰ ਲਗਦੇ ਰਹਿੰਦੇ ਹਨ। ਬੀਤੇ ਸਮੇਂ ‘ਚ ਨਸ਼ਾ ਤਸਕਰਾਂ ਨੂੰ ਸੁਰੱਖਿਆ ਛਤਰੀ ਮੁਹੱਈਆ ਕਰਵਾਉਣ ਅਤੇ ਇੱਥੋਂ ਤੱਕ ਕਿ ਪੁਲਿਸ ਦੇ ਕੁੱਝ ਅਫ਼ਸਰਾਂ ਦੀ ਅਜਿਹੇ ਕੰਮਾਂ ਵਿਚ ਸ਼ਮੂਲੀਅਤ ਹੋਣ ਕਾਰਨ ਵੀ ਉਨ੍ਹਾਂ ‘ਤੇ ਕਾਰਵਾਈ ਕੀਤੀ ਗਈ ਹੈ। ਇਸ ਤਰ੍ਹਾਂ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੁਝ ਪੁਲਿਸ ਅਧਿਕਾਰੀ ਆਪਣੇ ਹੀ ਵਿਭਾਗ ਨੂੰ ਚੁਣੌਤੀ ਦਿੰਦੇ ਹੋਏ ਫ਼ਰਾਰ ਵੀ ਚੱਲ ਰਹੇ ਹਨ। ਉਨ੍ਹਾਂ ਨੂੰ ਭਗੌੜੇ ਤੱਕ ਐਲਾਨਿਆ ਜਾ ਚੁੱਕਾ ਹੈ। ਨਸ਼ੇ ‘ਚ ਧੁੱਤ ਇਕ ਪੁਲਿਸ ਕਰਮੀ ਵਲੋਂ ਸੜਕ ‘ਤੇ ਹੰਗਾਮਾ ਕੀਤੇ ਜਾਣ ਅਤੇ ਆਵਾਜਾਈ ‘ਚ ਵਿਘਨ ਪਾਏ ਜਾਣ ਅਤੇ ਬਠਿੰਡਾ ‘ਚ ਇਕ ਡੀ.ਐਸ.ਪੀ. ਵਲੋਂ 30 ਹਜ਼ਾਰ ਰੁਪਏ ਰਿਸ਼ਵਤ ਲਏ ਜਾਣ ਦੀਆਂ ਖ਼ਬਰਾਂ ਵੀ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ ਹਨ। ਫ਼ਰੀਦਕੋਟ ਦੇ ਦੋ-ਤਿੰਨ ਸੀਨੀਅਰ ਪੁਲਿਸ ਅਧਿਕਾਰੀਆਂ ‘ਤੇ ਇਕ ਕਾਤਲ ਨੂੰ ਚੋਖੇ ਪੈਸੇ ਲੈ ਕੇ ਬਚਾਉਣ ਦੇ ਮਾਮਲੇ ਵਿਚ ਵੀ ਕੇਸ ਦਰਜ ਹੋ ਚੁੱਕੇ ਹਨ। ਗ਼ੈਰ-ਕਾਨੂੰਨੀ ਮਾਈਨਿੰਗ ਤੇ ਰਿਸ਼ਵਤਖੋਰੀ ‘ਚ ਵੀ ਪੰਜਾਬ ਪੁਲਿਸ ਦੇ ਕਈ ਅਧਿਕਾਰੀ ਤੇ ਕਰਮਚਾਰੀ ਅਕਸਰ ਸ਼ਾਮਿਲ ਪਾਏ ਜਾਂਦੇ ਰਹੇ ਹਨ।
ਬਿਨਾਂ ਸ਼ੱਕ ਮੌਜੂਦਾ ਮਾਮਲੇ ‘ਚ ਇਨ੍ਹਾਂ ਸੱਤਾਂ ਪੁਲਿਸ ਅਧਿਕਾਰੀਆਂ ਦੀ ਅਪਰਾਧਕ ਅਨਸਰਾਂ ਅਤੇ ਗੈਂਗਸਟਰਾਂ ਨਾਲ ਕਥਿਤ ਮਿਲੀਭੁਗਤ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ ਪਰ ਇਸ ਘਟਨਾਕ੍ਰਮ ‘ਚ ਇਕ ਮਹਿਲਾ ਇੰਸਪੈਕਟਰ ਦੀ ਸ਼ਮੂਲੀਅਤ ਪਾਈ ਜਾਣ ਨਾਲ ਸਥਿਤੀ ਹੋਰ ਵੀ ਵਧੇਰੇ ਗੰਭੀਰ ਹੋਈ ਦਿਖਾਈ ਦਿੰਦੀ ਹੈ। ਹੋਣਾ ਤਾਂ ਇਹ ਚਾਹੀਦਾ ਹੈ ਕਿ ਸੂਬੇ ਦੀ ਪੁਲਿਸ ਆਪਣੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਪਾਰਟੀ ‘ਆਪ’ ਦੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਤਨ-ਮਨ ਨਾਲ ਕੰਮ ਕਰੇ, ਪਰ ਇੱਥੇ ਤਾਂ ਪੁਲਿਸ ਦੀ ਕਾੜ੍ਹਨੀ ‘ਚ ਪੱਕ ਰਹੀ ਦਾਲ ‘ਚ ਰੋੜਾਂ ਦੀ ਗਿਣਤੀ ਹੀ ਵਧਦੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੂਬੇ ਦੇ ਮੁੱਖ ਮੰਤਰੀ ਬਣੇ ਭਗਵੰਤ ਮਾਨ ਨੇ ਦਾਅਵੇ ਕੀਤੇ ਸਨ ਕਿ ਸੱਤਾ ‘ਚ ਆਉਣ ਤੋਂ ਬਾਅਦ ਇਕ ਮਹੀਨੇ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਵਾਂਗੇ, ਪਰ ਅੱਜ ਹਾਲਤ ਇਹ ਹੈ ਕਿ ‘ਆਪ’ ਦੀ ਪੁਲਿਸ ਦੇ ਅਨੇਕਾਂ ਮੁਲਾਜ਼ਮ ਤੇ ਅਫ਼ਸਰ ਨਾ ਸਿਰਫ਼ ਨਸ਼ੇ ਦੀ ਤਸਕਰੀ ਨੂੰ ਸੁਰੱਖਿਆ ਦੇ ਰਹੇ ਹਨ, ਸਗੋਂ ਪੁਲਿਸ ਵਾਲਿਆਂ ਦੇ ਖ਼ੁਦ ਨਸ਼ੇੜੀ ਹੁੰਦੇ ਜਾਣ ਦੀਆਂ ਖ਼ਬਰਾਂ ਵੀ ਹਰ ਰੋਜ਼ ਮਿਲਦੀਆਂ ਰਹਿੰਦੀਆਂ ਹਨ। ਸਥਿਤੀ ਇੱਥੋਂ ਤੱਕ ਗੰਭੀਰ ਹੋ ਗਈ ਹੈ ਕਿ ਖ਼ੁਦ ਸੂਬੇ ਦੇ ਰਾਜਪਾਲ ਨੂੰ ਵੀ ਇਹ ਕਹਿਣਾ ਪਿਆ ਹੈ ਕਿ ਪੰਜਾਬ ‘ਚ ਨਸ਼ੇ ਦੀ ਖ਼ਪਤ ਪਹਿਲਾਂ ਨਾਲੋਂ ਵਧ ਗਈ ਹੈ।
ਇਸ ਤ੍ਰਸਾਦੀ ਦਾ ਇਕ ਹੋਰ ਪੱਖ ਇਹ ਹੈ ਕਿ ਮੌਜੂਦਾ ਪਾਰਟੀ ਵਾਲੀ ਘਟਨਾ ਦਾ ਖ਼ੁਲਾਸਾ ਖ਼ੁਦ ਇਕ ਵੱਡੇ ਪੁਲਿਸ ਅਧਿਕਾਰੀ ਵਲੋਂ ਕੀਤਾ ਗਿਆ ਦੱਸਿਆ ਗਿਆ ਹੈ। ਮੁੱਖ ਮੰਤਰੀ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਇਕ ਸਾਲ ਹੋਰ ਮੰਗਣਾ ਵੀ ਅਜੀਬ ਲੱਗਦਾ ਹੈ, ਕਿਉਂਕਿ ਜਿਸ ਸੂਬੇ ਦੀ ਪੁਲਿਸ ‘ਤੇ ਹੀ ਅਪਰਾਧੀਆਂ ਨਾਲ ਮਿਲੀਭੁਗਤ ਕਰਨ ਦੇ ਦੋਸ਼ ਲੱਗਣ ਤਾਂ ਫਿਰ ਉਸ ਦਾ ਤਾਂ ਰੱਬ ਹੀ ਰਾਖਾ ਹੈ।
ਅਸੀਂ ਸਮਝਦੇ ਹਾਂ ਕਿ ਸੂਬੇ ਦੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇਕ ਤਾਂ ਖ਼ੁਦ ਹੀ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ ਕਿ ਪੁਲਿਸ ਦੇ ਅਕਸ ਵਿਚ ਨਿਗਾਰ ਕਿਉਂ ਆਇਆ? ਦੂਜੇ ਪਾਸੇ ਸੂਬੇ ਦੀ ਸਰਕਾਰ ਅਤੇ ਖ਼ਾਸ ਤੌਰ ‘ਤੇ ਮੁੱਖ ਮੰਤਰੀ ਨੂੰ ਪੁਲਿਸ ‘ਚ ਸ਼ਾਮਿਲ ਅਜਿਹੀਆਂ ਕਾਲੀਆਂ ਭੇਡਾਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਇੰਜ ਜਾਪਦਾ ਹੈ ਕਿ ਪੁਲਿਸ ਪ੍ਰਸ਼ਾਸਨ ਬੇਲਗਾਮ ਹੁੰਦਾ ਜਾ ਰਿਹਾ ਹੈ। ਅਸੀਂ ਸਮਝਦੇ ਹਾਂ ਕਿ ਇਸ ਤਰ੍ਹਾਂ ਦੀ ਸ਼ਰੇਆਮ ਨਾ-ਫ਼ਰਮਾਨੀ ਨਾਲ ਜਿੱਥੇ ਪੰਜਾਬ ਪੁਲਿਸ ਦੀ ਵਰਦੀ ਅਤੇ ਉਸ ਦਾ ਅਕਸ ਦਾਗ਼ਦਾਰ ਹੋਵੇਗਾ, ਉੱਥੇ ਪੰਜਾਬ ਦੇ ਲੋਕਾਂ ਦੇ ਨਸ਼ੇ ਦੀ ਦਲਦਲ ‘ਚ ਧੱਸਦੇ ਜਾਣ ਦੀਆਂ ਸੰਭਾਵਨਾਵਾਂ ਵੀ ਹੋਰ ਵਧ ਜਾਣਗੀਆਂ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …