Breaking News
Home / ਪੰਜਾਬ / ਜਲੰਧਰ ‘ਚ ਭਾਜਪਾ ਦੇ ਚਾਰ ਕੌਂਸਲਰਾਂ ਨੇ ਚੁੱਕਿਆ ਝਾੜੂ

ਜਲੰਧਰ ‘ਚ ਭਾਜਪਾ ਦੇ ਚਾਰ ਕੌਂਸਲਰਾਂ ਨੇ ਚੁੱਕਿਆ ਝਾੜੂ

ਨਗਰ ਨਿਗਮ ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ, ਕੌਂਸਲਰਾਂ ਨੇ ਭਾਜਪਾ ‘ਤੇ ਲਾਏ ਗੰਭੀਰ ਆਰੋਪ
ਜਲੰਧਰ : ਭਾਜਪਾ ਛੱਡ ਕੇ ਆਏ ਚਾਰ ਕੌਂਸਲਰ ਮੰਗਲਵਾਰ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਅਤੇ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਭਾਜਪਾ ਛੱਡਣ ਵਾਲਿਆਂ ਵਿੱਚ ਚਾਰ ਕੌਂਸਲਰਾਂ ਅਤੇ ਮੰਡਲਾਂ ਦੇ ਪ੍ਰਧਾਨ ਸਣੇ ਹੋਰ ਆਗੂ ਵੀ ਸ਼ਾਮਲ ਹਨ। ਇਹ ਸਾਰੇ ਆਗੂ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਦੱਸੇ ਜਾ ਰਹੇ ਹਨ ਜਿੱਥੋਂ ‘ਆਪ’ ਦੇ ਵਿਧਾਇਕ ਅੰਗੁਰਾਲ ਵੀ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਭਾਜਪਾ ਛੱਡ ਕੇ ‘ਆਪ’ ਵਿੱਚ ਗਏ ਸਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕਾਂਗਰਸ ਦੇ ਡਿਪਟੀ ਮੇਅਰ ਹਰਸਿਮਰਨ ਸਿੰਘ ਬੰਟੀ ਸਣੇ ਕਾਂਗਰਸ ਦੇ ਚਾਰ ਕੌਂਸਲਰ ਵੀ ‘ਆਪ’ ਵਿੱਚ ਸ਼ਾਮਲ ਹੋਏ ਸਨ। ਹੁਣ ਭਾਜਪਾ ਕੌਂਸਲਰ ਸ਼ਾਮਲ ਹੋਣ ਨਾਲ ਸ਼ਹਿਰ ਵਿੱਚ ‘ਆਪ’ ਦੀ ਸਥਿਤੀ ਮਜ਼ਬੂਤ ਹੋ ਗਈ ਹੈ। ਆਉਂਦੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ ਤੇ ਭਾਜਪਾ ਨੂੰ ਜਿਹੜੇ ਝਟਕੇ ਲੱਗੇ ਹਨ, ਉਹ ਆਉਣ ਵਾਲੇ ਸਮੇਂ ‘ਚ ਵਧ ਸਕਦੇ ਹਨ। ਭਾਜਪਾ ਛੱਡਣ ਵਾਲੇ ਪਤੀ-ਪਤਨੀ ਵਿਨੀਤ ਧੀਰ ਤੇ ਸ਼ਵੇਤਾ ਧੀਰ ਨੇ ਕਿਹਾ ਕਿ ਉਹ ਭਾਜਪਾ ਨੂੰ ਮਾੜਾ ਨਹੀਂ ਕਹਿ ਰਹੇ ਪਰ ਜਿਹੜੇ ਆਗੂਆਂ ਦੇ ਹੱਥ ਹੁਣ ਪਾਰਟੀ ਦੀ ਕਮਾਂਡ ਹੈ, ਉਨ੍ਹਾਂ ਦੇ ਰਵੱਈਏ ਕਾਰਨ ਉਹ ਘੁਟਣ ਮਹਿਸੂਸ ਕਰ ਰਹੇ ਸਨ। ਉਨ੍ਹਾਂ ਦੇ ਨਾਲ ਜਿਹੜੇ ਆਗੂਆਂ ਨੇ ਪਾਰਟੀ ਛੱਡੀ ਹੈ, ਉਹ ਵੀ ਭਾਜਪਾ ਦੀ ਮੌਜੂਦਾ ਲੀਡਰਸ਼ਿਪ ਤੋਂ ਦੁਖੀ ਸਨ।
ਭਾਜਪਾ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਕੌਂਸਲਰ ਅਵਧੇਸ਼ ਮਿੰਟੂ, ਕੌਂਸਲਰ ਸ਼ਵੇਤਾ ਧੀਰ, ਕੌਂਸਲਰ ਅਨੀਤਾ, ਕੌਂਸਲਰ ਚੰਦਰਜੀਤ ਕੌਰ ਸੰਘਾ, ਜ਼ਿਲ੍ਹਾ ਪੱਧਰੀ ਆਗੂ ਵਿਨੀਤ ਧੀਰ, ਅਮਿਤ ਸਿੰਘ ਸੰਧਾ, ਸੌਰਵ ਸੇਠ, ਪ੍ਰਭੂ ਦਿਆਲ ਆਦਿ ਪ੍ਰਮੁੱਖ ਹਨ। ਭਾਜਪਾ ਦੀ ਟਿਕਟ ‘ਤੇ ਕੌਂਸਲਰ ਬਣੇ ਇਨ੍ਹਾਂ ਚਾਰਾਂ ਆਗੂਆਂ ਦਾ ਆਪੋ-ਆਪਣੇ ਵਾਰਡਾਂ ਵਿੱਚ ਚੰਗਾ ਆਧਾਰ ਮੰਨਿਆ ਜਾ ਰਿਹਾ ਹੈ।
ਜਨਵਰੀ ਵਿੱਚ ਹੋਣਗੀਆਂ ਚਾਰ ਨਗਰ ਨਿਗਮਾਂ ਦੀਆਂ ਚੋਣਾਂ: ਨਿੱਝਰ
ਜਲੰਧਰ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਅਗਲੇ ਸਾਲ ਜਨਵਰੀ ਮਹੀਨੇ ਵਿੱਚ ਚਾਰ ਸ਼ਹਿਰਾਂ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਵਿੱਚ ਨਗਰ ਨਿਗਮ ਚੋਣਾਂ ਹੋਣਗੀਆਂ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵਾਰਡਾਂ ਦੀ ਹੱਦਬੰਦੀ ਦੇ ਕੰਮ ਨੂੰ ਸ਼ੁਰੂ ਕਰਨ ਲਈ ਸਰਵੇਖਣ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਪ੍ਰਕਿਰਿਆ ਨੂੰ ਵੀ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਨਿੱਝਰ ਨੇ ਕਿਹਾ ਕਿ ਅਜੇ ਤੱਕ ਵਿਧਾਇਕਾਂ ਦੇ ਅਖ਼ਤਿਆਰੀ ਫੰਡਾਂ ਵਜੋਂ ਕੋਈ ਵੱਡੀ ਗਰਾਂਟ ਨਾ ਆਉਣ ਕਾਰਨ ਲਟਕਦੇ ਕੰਮ ਪੂਰੇ ਕਰਨ ਲਈ ਕੁਝ ਗਰਾਂਟਾਂ ਦੇਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਨਗਰ ਨਿਗਮਾਂ ਦੀ ਆਮਦਨ ਵਧਾਉਣ ਲਈ ਯੂਨੀਪੋਲ ਇਸ਼ਤਿਹਾਰਬਾਜ਼ੀ ਨੂੰ 20 ਫੀਸਦੀ ਵਾਧੇ ਨਾਲ ਦੁਬਾਰਾ ਸ਼ੁਰੂ ਕੀਤਾ ਜਾਵੇਗਾ।

 

Check Also

ਪੰਜਾਬ ’ਚ ਚੋਣਾਂ ਲਈ ਘਰ-ਘਰ ਭੇਜਿਆ ਜਾਵੇਗਾ ‘ਚੋਣ ਸੱਦਾ’ ਪੱਤਰ

1 ਜੂਨ ਨੂੰ ਪੰਜਾਬ ’ਚ ਪੈਣੀਆਂ ਹਨ ਵੋਟਾਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਚੋਣ ਅਧਿਕਾਰੀ …