Breaking News
Home / ਪੰਜਾਬ / ਠੇਕਾ ਕਿਤਾਬ…ਦੇਸੀ ਅਤੇ ਅੰਗਰੇਜ਼ੀ

ਠੇਕਾ ਕਿਤਾਬ…ਦੇਸੀ ਅਤੇ ਅੰਗਰੇਜ਼ੀ

ਪਿੰਡ ਜਰਗੜੀ ‘ਚ ਅੰਗਰੇਜ਼ੀ ਅਧਿਆਪਕ ਨੇ ਫਾਰਮ ਹਾਊਸ ‘ਚ ਖੋਲ੍ਹਿਆ ਕਿਤਾਬਾਂ ਦਾ ਠੇਕਾ
ਘਰ ਲਿਜਾ ਸਕਦੇ ਹੋ ਕਿਤਾਬਾਂ, ਸ਼ਰਤ ਇਹ ਹੈ-ਪੜ੍ਹਨ ਤੋਂ ਬਾਅਦ ਰੈਕ ‘ਚ ਸਜਾਉਣੀ ਹੋਵੇਗੀ
ਗਿੱਲ ਜੋੜਾ ਸਕੂਲੀ ਬੱਚਿਆਂ ਨੂੰ ਬੁਲਾ ਕੇ ਕੰਧ ‘ਤੇ ਲਿਖੇ ਸ਼ਬਦਾਂ ਦਾ ਮਤਲਬ ਦੱਸਣ ਦੇ ਕਰਵਾਉਂਦਾ ਹੈ ਮੁਕਾਬਲੇ
ਲੁਧਿਆਣਾ : ਖੰਨਾ-ਮਾਲੇਰਕੋਟਲਾ ਰੋਡ ‘ਤੇ ਪਿੰਡ ਜਰਗੜੀ ‘ਚ ਇਕ ਅਧਿਆਪਕ ਜੋੜੇ ਨੇ ਕਿਤਾਬਾਂ ਦਾ ਠੇਕਾ ਖੋਲ੍ਹਿਆ ਹੈ, ਨਾਮ ਦਿੱਤਾ ਹੈ ਦੇਸੀ ਤੇ ਅੰਗਰੇਜ਼ੀ ਕਿਤਾਬਾਂ ਦਾ ਸਰਕਾਰੀ ਮਾਨਤਾ ਪ੍ਰਾਪਤ ਠੇਕਾ। ਦਰਸ਼ਨਦੀਪ ਸਿੰਘ ਗਿੱਲ ਦੇ ਫਾਰਮ ਹਾਊਸ ਦਰਮਿਆਨ ਬਣੇ ਇਸ ਦੋ ਮੰਜ਼ਿਲਾ ਲਾਇਬਰੇਰੀ ਦਾ ਨਾਂ ਪੜ੍ਹ ਕੇ ਇਥੋਂ ਲੰਘਣ ਵਾਲਾ ਹਰ ਵਿਅਕਤੀ ਰੁਕਦਾ ਜ਼ਰੂਰ ਹੈ ਅਤੇ ਮਤਲਬ ਸਮਝ ਆਉਣ ‘ਤੇ ਉਹ ਹੱਸਦੇ ਹੋਏ ਖੂਬਸੂਰਤ ਲਾਇਬਰੇਰੀ ਦਾ ਜਾਇਜ਼ਾ ਵੀ ਲੈਂਦੇ ਹਨ। ਦਰਸ਼ਨਦੀਪ ਦਾ ਮੰਨਣਾ ਹੈ ਕਿ ਲੋਕਾਂ ਨੂੰ ਨਸ਼ਾ ਕਰਨਾ ਹੈ ਤਾਂ ਕਿਤਾਬਾਂ ਦਾ ਕਰਨਾ ਚਾਹੀਦਾ ਹੈ। ਇਹ ਨਸ਼ਾ ਗਿਆਨ ਵਧਾਉਣ ਦੇ ਨਾਲ-ਨਾਲ ਹਾਨੀਕਾਰਕ ਬਿਲਕੁਲ ਵੀ ਨਹੀਂ ਹੈ। ਸਰਕਾਰੀ ਸਕੂਲ ‘ਚ ਅਧਿਆਪਕ ਦਰਸ਼ਨਦੀਪ ਨੂੰ ਅਜਿਹੀ ਅਨੋਖੀ ਲਾਇਬਰੇਰੀ ਖੋਲ੍ਹਣ ਦੇ ਲਈ ਉਨ੍ਹਾਂ ਦੀ ਪਤਨੀ ਰਵਿੰਦਰ ਕੌਰ ਨੇ ਪ੍ਰੇਰਿਤ ਕੀਤਾ, ਜੋ ਕਿ ਪਿੰਡ ਦੇ ਹੀ ਪ੍ਰਾਇਮਰੀ ਸਕੂਲ ‘ਚ ਪੜ੍ਹਾਉਂਦੇ ਹਨ। ਪੂਰੇ ਪਰਿਵਾਰ ‘ਚ ਸਭ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਹੈ, ਸਾਲ ਭਰ ‘ਚ ਜਮ੍ਹਾਂ ਪੁਰਾਣੀਆਂ ਕਿਤਾਬਾਂ ਕਿੱਥੇ ਰੱਖੀਏ, ਇਹ ਸਮੱਸਿਆ ਆਉਣ ‘ਤੇ ਉਨ੍ਹਾਂ ਨੇ ਪਤੀ ਨੂੰ ਇਕ ਲਾਇਬਰੇਰੀ ਖੋਲ੍ਹਣ ਦਾ ਸੁਝਾਅ ਦਿੱਤਾ।
ਸੁਣ ਕੇ ਬਹੁਤ ਚੰਗਾ ਲੱਗਿਆ, ਲੇਖਕ-ਸਾਹਿਤ ਪ੍ਰੇਮੀ ਦੋਸਤਾਂ ਦੇ ਨਾਲ ਇਸ ਲਾਇਬਰੇਰੀ ਨੂੰ ਦੇਖਣ ਜ਼ਰੂਰ ਜਾਵਾਂਗਾ। ਲਾਇਬਰੇਰੀ ਖੋਲ੍ਹਣ ਵਾਲਾ ਨੌਜਵਾਨ ਅਧਿਆਪਕ ਹੈ। ਲਿਹਾਜ਼ਾ ਤਾਰੀਫ਼ ਏ ਕਾਬਿਲ ਕਦਮ ਅਤੇ ਨੇਕ ਪਹਿਲ ਹੈ। -ਮਸ਼ਹੂਰ ਲੇਖਕ ਸੁਰਿੰਦਰ ਰਾਮਪੁਰੀ
ਯੂਜ਼ ਆਫ਼ ਵੇਸਟੇਜ਼ ਦਾ ਮੈਸੇਜ ਦਿੰਦੇ ਟੇਬਲ ਤੇ ਮੂੜ੍ਹੇ
ਇਥੇ ਦੇਸੀ ਪੰਜਾਬੀ ਦੇ ਨਾਲ ਹੀ ਅੰਗਰੇਜ਼ੀ ਭਾਸ਼ਾਵਾਂ ਵਾਲੀਆਂ ਕਿਤਾਬਾਂ ਵੀ ਰੈਕ ‘ਚ ਸਜੀਆਂ ਹੋਈਆਂ ਹਨ। ਇਨ੍ਹਾਂ ‘ਚ ਤਰਕਸ਼ੀਲ ਦੇ ਨਾਲ ਸਿੱਖਿਆ ਦੇਣ ਵਾਲੀਆਂ ਕਹਾਣੀਆਂ ਵਾਲੀਆਂ ਕਿਤਾਬਾਂ ਵੀ ਸ਼ਾਮਿਲ ਹਨ। ਇਸ ਪਿੰਡ ਦੇ ਹੀ ਅੰਗਰੇਜ਼ੀ ਅਧਿਆਪਕ ਦਰਸ਼ਨਦੀਪ ਸਿੰਘ ਗਿੱਲ ਦਾ ਇਹ ਦਿਲਚਸਪ ਵਿਜ਼ਨ ਹੈ। ਜਿਨ੍ਹਾਂ ਨੂੰ ਪੜ੍ਹਨ-ਲਿਖਣ ਦਾ ਨਸ਼ਾ ਹੈ, ਅਜਿਹੇ ਸ਼ੌਕੀਨਾਂ ਦੇ ਲਈ ਇਸ ਠੇਕੇ ‘ਤੇ ਸਾਰੀਆਂ ਕਿਤਾਬਾਂ ਮੁਫ਼ਤ ਉਪਲਬਧ ਹਨ। ਸ਼ਰਤ ਸਿਰਫ਼ ਇੰਨੀ ਹੀ ਹੈ ਕਿਤਾਬ ਲਿਜਾ ਦੇ ਪੜ੍ਹਨ ਤੋਂ ਬਾਅਦ ਇਮਾਨਦਾਰੀ ਨਾਲ ਵਾਪਸ ਰੈਕ ‘ਚ ਸਜਾਉਣੀ ਹੋਵੇਗੀ। ਲਾਇਬਰੇਰੀ ਦੀ ਕੰਧ ‘ਤੇ ਮਾਂ ਬੋਲੀ ਪੰਜਾਬੀ ਦੇ ਉਹ ਸ਼ਬਦ ਲਿਖੇ ਹੋਏ ਹਨ, ਜੋ ਕਦੇ ਰੋਜ਼ਮੱਰਾ ਇਸਤੇਮਾਲ ਹੁੰਦੇ ਸਨ। ਗਿੱਲ ਜੋੜਾ ਸਕੂਲੀ ਬੱਚਿਆਂ ਨੂੰ ਬੁਲਾ ਕੇ ਇਨ੍ਹਾਂ ਸ਼ਬਦਾਂ ਦਾ ਮਤਲਬ ਦੱਸਣ ਦਾ ਮੁਕਾਬਲਾ ਵੀ ਕਰਵਾਉਂਦੇ ਹਨ। ਦੀਵਾਰਾਂ ‘ਤੇ ਪਰਿੰਦਿਆਂ ਦੇ ਅਲੱਗ-ਅਲੱਗ ਆਲ੍ਹਣੇ ਲਟਕਾਉਣ ਦੇ ਨਾਲ ਲਾਇਬਰੇਰੀ ਦੇ ਕੋਲ ਇਕ ਬਨਾਵਟੀ ਖੂਬਸੂਰਤ ਖੂਹ ਵੀ ਬਣਾਇਆ ਹੋਇਆ ਹੈ। ਦੂਜੀ ਮੰਜ਼ਿਲ ‘ਤੇ ਫੁੱਲ ਪੌਦਿਆਂ ਵਾਲੇ ਗਮਲਿਆਂ ਦਰਮਿਆਨ ਯੂਜ਼ ਆਫ਼ ਵੇਸਟੇਜ਼ ਦਾ ਮੈਸੇਜ਼ ਦਿੰਦਾ ਹੋਇਆ ਖੂਬਸੂਰਤ ਟੇਬਲ ਅਤੇ ਮੂੜ੍ਹਾ ਰੱਖਿਆ ਹੋਇਆ ਹੈ ਤਾਂ ਕਿ ਅਜਿਹੇ ਮਾਹੌਲ ‘ਚ ਪੜ੍ਹਨ ਵਾਲੇ ਦਾ ਦਿਲ ਖੁਸ਼ ਹੋ ਜਾਵੇ।
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਫੁਰਮਾਨ
ਸਿਆਸੀ ਪਾਰਟੀਆਂ ਪ੍ਰੋਗਰਾਮਾਂ ਵਿਚ ਸਿਰੋਪੇ ਦੀ ਥਾਂ ਪਾਰਟੀ ਚਿੰਨ੍ਹ ਵਰਤਣ
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਵਾਰ ਮੁੜ ਸਮੂਹ ਸਿਆਸੀ ਪਾਰਟੀਆਂ ਨੂੰ ਆਖਿਆ ਕਿ ਉਹ ਆਪਣੇ ਸਿਆਸੀ ਪ੍ਰੋਗਰਾਮਾਂ ਦੌਰਾਨ ਸਿਰੋਪੇ ਦੀ ਵਰਤੋਂ ਨਾ ਕਰਨ ਅਤੇ ਇਸ ਦੀ ਥਾਂ ‘ਤੇ ਆਪਣਾ ਵੱਖਰਾ ਪਾਰਟੀ ਚਿੰਨ੍ਹ ਤਿਆਰ ਕਰਨ। ਇਸ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹਿਲਾਂ ਵੀ ਇਕ ਹੁਕਮ ਜਾਰੀ ਹੋ ਚੁੱਕਾ ਹੈ ਅਤੇ ਮੁੜ ਅਪਰੈਲ 2019 ਵਿੱਚ ਅਜਿਹਾ ਹੁਕਮ ਜਾਰੀ ਕੀਤਾ ਗਿਆ ਸੀ। ਇਸ ਹੁਕਮ ਦੇ ਬਾਵਜੂਦ ਕਈ ਸਿਆਸੀ ਪਾਰਟੀਆਂ ਵੱਲੋਂ ਆਪਣੇ ਸਿਆਸੀ ਪ੍ਰੋਗਰਾਮਾਂ ਵਿਚ ਸਿਰੋਪੇ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਜਦੋਂ ਪਾਰਟੀ ਵਿਚ ਕੋਈ ਨਵਾਂ ਆਗੂ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਜੀ ਆਇਆਂ ਕਹਿਣ ਲਈ ਸਿਰੋਪੇ ਦਿੱਤੇ ਜਾਂਦੇ ਹਨ। ਇਸ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇੱਕ ਪੱਤਰ ਭੇਜ ਕੇ ਜਾਣਕਾਰੀ ਦਿੱਤੀ ਹੈ ਕਿ ਪਾਰਟੀ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਇੰਨ-ਬਿੰਨ ਲਾਗੂ ਕਰਨ ਲਈ ਹਦਾਇਤ ਜਾਰੀ ਕਰ ਦਿੱਤੀ ਗਈ ਹੈ। ਇਹ ਪੱਤਰ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਚੀਮਾ ਵੱਲੋਂ ਪਾਰਟੀ ਦੇ ਸਮੂਹ ਵਿੰਗਾਂ ਦੇ ਆਗੂਆਂ ਨੂੰ ਭੇਜਿਆ ਗਿਆ ਹੈ। ਇਸ ਦਾ ਉਤਾਰਾ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਵੀ ਭੇਜਿਆ ਗਿਆ ਹੈ। ਪੱਤਰ ‘ਚ ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਦਾਇਤ ਜਾਰੀ ਕੀਤੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਾਪਤ ਹੋਏ ਹੁਕਮਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦਾ ਹਵਾਲਾ ਵੀ ਇਸ ਪੱਤਰ ‘ਚ ਦਿੱਤਾ ਹੈ, ਜਿਸ ‘ਚ ਰਾਜਸੀ ਪਾਰਟੀਆਂ ਨੂੰ ਪਾਰਟੀ ‘ਚ ਨਵੇਂ ਮੈਂਬਰ ਸ਼ਾਮਲ ਕਰਨ ਸਮੇਂ ਸਿਰੋਪੇ ਦੀ ਵਰਤੋਂ ਨਾ ਕਰਨ ਲਈ ਆਖਿਆ ਗਿਆ ਹੈ। ਇਸ ਦੀ ਥਾਂ ‘ਤੇ ਸਿਆਸੀ ਪਾਰਟੀਆਂ ਆਪਣਾ ਵੱਖਰਾ ਪਾਰਟੀ ਚਿੰਨ੍ਹ ਤਿਆਰ ਕਰਨ। ਇਸ ਪੱਤਰ ਦੀ ਪ੍ਰਾਪਤੀ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਰ ਵੀ ਸਿਆਸੀ ਪਾਰਟੀਆਂ ਨੂੰ ਆਖਿਆ ਗਿਆ ਹੈ ਕਿ ਉਹ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਤਾਂ ਜੋ ਸਿਰੋਪੇ ਦੀ ਮਹਾਨਤਾ ਨੂੰ ਕਾਇਮ ਰੱਖਿਆ ਜਾ ਸਕੇ।
ਫਰੀਦਕੋਟ ‘ਚ ਸੇਵਾ ਮੁਕਤ ਅਧਿਆਪਕ ਦੇ ਘਰ ਲੱਗੀ ਅੱਗ, ਜਿਊਂਦਾ ਸੜ ਗਿਆ ਬਜ਼ੁਰਗ ਜੋੜਾ
ਫਰੀਦਕੋਟ : ਫਰੀਦਕੋਟ ਦੀ ਟੀਚਰ ਕਾਲੋਨੀ ਸਥਿਤ ਇਕ ਘਰ ਵਿਚ ਮੰਗਲਵਾਰ ਦੀ ਰਾਤ ਤੜਕੇ ਢਾਈ ਕੁ ਵਜੇ ਸ਼ੱਕੀ ਹਾਲਤ ਵਿਚ ਅੱਗ ਲੱਗਣ ਨਾਲ ਬਜ਼ੁਰਗ ਸੇਵਾਮੁਕਤ ਅਧਿਆਪਕ ਸੁਰਜੀਤ ਸਿੰਘ ਅਤੇ ਉਸ ਦੀ ਪਤਨੀ ਬਲਦੇਵ ਕੌਰ ਦੀ ਮੌਤ ਹੋ ਗਈ। ਦੋਵਾਂ ਦੀ ਉਮਰ ਲਗਭਗ 80 ਕੁ ਸਾਲ ਦੱਸੀ ਜਾਂਦੀ ਹੈ ਅਤੇ ਦੋਵੇਂ ਘਰ ਵਿਚ ਇਕੱਲੇ ਹੀ ਰਹਿੰਦੇ ਸਨ। ਜ਼ਿਕਰਯੋਗ ਹੈ ਕਿ ਮ੍ਰਿਤਕ ਬਜ਼ੁਰਗ ਜੋੜੇ ਦਾ ਬਾਕੀ ਪਰਿਵਾਰ ਵਿਦੇਸ਼ ਵਿਚ ਰਹਿੰਦਾ ਹੈ। ਇਕ ਗੁਆਂਢੀ ਨੇ ਦੱਸਿਆ ਕਿ ਰਾਤ ਕਰੀਬ ਢਾਈ ਵਜੇ ਮਾਸਟਰ ਸੁਰਜੀਤ ਸਿੰਘ ਦੇ ਘਰ ਅੱਗ ਲੱਗੀ ਦੇਖੀ। ਇਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਅਤੇ ਜਦੋਂ ਫਾਇਰ ਬ੍ਰਿਗੇਡ ਨੇ ਅੱਗ ਬੁਝਾਈ ਤਾਂ ਬਜ਼ੁਰਗ ਜੋੜਾ ਪੂਰੀ ਤਰ੍ਹਾਂ ਸੜ ਚੁੱਕਾ ਸੀ ਅਤੇ ਉਨ੍ਹਾਂ ਦੀ ਪਛਾਣ ਵੀ ਮੁਸ਼ਕਲ ਨਾਲ ਹੀ ਕੀਤੀ ਗਈ।

Check Also

ਕਿਸਾਨਾਂ ਨੇ ਜਲੰਧਰ ’ਚ ਅਮਰੀਕੀ ਰਾਸ਼ਟਰਪਤੀ ਖਿਲਾਫ਼ ਕੀਤਾ ਪ੍ਰਦਰਸ਼ਨ

ਰਾਜੇਵਾਲ ਬੋਲੇ : ਡਿਪੋਰਟ ਕੀਤੇ ਗਏ ਨੌਜਵਾਨ ਨੂੰ ਹੜਕੜੀ ਲਗਾਉਣਾ ਮੰਦਭਾਗਾ ਜਲੰਧਰ/ਬਿਊਰੋ ਨਿਊਜ਼ : ਅਮਰੀਕਾ …