ਵਿਰੋਧੀ ਧਿਰਾਂ ਬੋਲੀਆਂ-ਦਿੱਲੀ ਦਾ ਐਜੂਕੇਸ਼ਨ ਮਾਡਲ ਹੋਇਆ ਫੇਲ੍ਹ, ਮੁਆਫ਼ੀ ਮੰਗੇ ਮਾਨ ਸਰਕਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਸਿੱਖਿਆ ਦੇ ਨੈਸ਼ਨਲ ਅਚੀਵਮੈਂਟ ਸਰਵੇ ’ਚ ਪੰਜਾਬ ਨੰਬਰ ਵੰਨ ਸਟੇਟ ਬਣ ਗਿਆ ਹੈ। ਉਥੇ ਹੀ ਦਿੱਲੀ ਪੰਜਾਬ ਨਾਲੋਂ ਕਾਫੀ ਪਿੱਛੇ ਰਹਿ ਗਿਆ ਹੈ। ਤੀਸਰੀ, ਪੰਜਵੀਂ ਅਤੇ ਅੱਠਵੀਂ ਕਲਾਸ ਦੇ ਸਾਰੇ ਵਿਸ਼ਿਆਂ ’ਚ ਪੰਜਾਬ ਟੌਪ ’ਤੇ ਰਿਹਾ ਹੈ ਜਦਕਿ 10ਵੀਂ ਦੀ ਗਣਿਤ ’ਚ ਵੀ ਪੰਜਾਬ ਨੰਬਰ ਵੰਨ ’ਤੇ ਹੈ। ਪੰਜਾਬ ਨੂੰ 1000 ਵਿਚੋਂ 929 ਅੰਕ ਪ੍ਰਾਪਤ ਹੋਏ ਹਨ ਪੰ੍ਰਤੂ ਇਸ ਦੇ ਬਾਵਜੂਦ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਮੀਤ ਹੇਅਰ ਨੇ ਸਿੱਖਿਆ ਵਿਭਾਗ ਅਤੇ ਵਿਦਿਆਰਥੀਆਂ ਨੂੰ ਵਧਾਈ ਤੱਕ ਨਹੀਂ ਦਿੱਤੀ। ਜਿਸ ਤੋਂ ਬਾਅਦ ਵਿਰੋਧੀ ਧਿਰਾਂ ਪੰਜਾਬ ਸਰਕਾਰ ’ਤੇ ਹਮਲਾਵਰ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦਿੱਲੀ ਦਾ ਐਜੂਕੇਸ਼ਨ ਮਾਡਲ ਪੰਜਾਬ ’ਤੇ ਥੋਪਣਾ ਚਾਹੁੰਦੀ ਸੀ ਜਿਹੜਾ ਕਿ ਨੈਸ਼ਨਲ ਅਚੀਵਮੈਂਟ ਸਰਵੇ ਵਿਚ ਫੇਲ੍ਹ ਸਾਬਤ ਹੋਇਆ ਹੈ। ਇਸ ਬਦਲੇ ਪੰਜਾਬ ਦੀ ਮਾਨ ਸਰਕਾਰ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਸਰਵੇ ’ਚ 34.01 <:34.01਼ ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ਵਿਚੋਂ 1.17 ਲੱਖ ਵਿਦਿਆਰਥੀ ਪੰਜਾਬ ਦੇ ਸਨ। ਪੰਜਾਬ 15 ਵਿਚੋਂ 10 ਕੈਟਾਗਿਰੀਆਂ ’ਚ ਟੌਪ ’ਤੇ ਰਿਹਾ ਹੈ। ਮਾਨ ਸਰਕਾਰ ’ਤੇ ਤੰਜ ਕਸਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਦਿੱਲੀ ਸਰਕਾਰ ਦੇ ਝੂਠੇ ਐਜੂਕੇਸ਼ਨ ਮਾਡਲ ਦਾ ਪਰਦਾਫਾਸ਼ ਹੋ ਗਿਆ ਹੈ। ਜਦਕਿ ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਆਪਣੇ ਟਵੀਟ ਵਿਚ ਕਿਹਾ ਕਿ ਨੈਸ਼ਨਲ ਅਚੀਵਮੈਂਟ ਸਰਵੇ ’ਚ ਪੰਜਾਬ ਸਭ ਤੋਂ ਉਪਰ ਆਇਆ ਹੈ। ਇਹ ਪੰਜਾਬ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਹੁਣ ਮਾਨ ਸਰਕਾਰ ਦਿੱਲੀ ਦੇ ਝੂਠੇ ਸਿੱਖਿਆ ਮਾਡਲ ਦਾ ਪ੍ਰਚਾਰ ਕਰਨਾ ਬੰਦ ਕਰ ਦੇਵੇਗੀ।