ਸਿੱਖਿਆ ਵਿਭਾਗ ਵਿਚ ਫਰਜ਼ੀ ਹੁਕਮਾਂ ਤੋਂ ਬਾਅਦ ਮਚੀ ਹਫੜਾ-ਦਫੜੀ
ਫਰੀਦਕੋਟ/ਬਿਊਰੋ ਨਿਊਜ਼ : ਪੰਜਾਬ ਸਕੂਲ ਸਿੱਖਿਆ ਵਿਭਾਗ ’ਚ ਜਾਅਲਸਾਜ਼ੀ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। 57 ਕਲਰਕ-ਕਮ-ਡਾਟਾ ਐਂਟਰੀ ਅਪਰੇਟਰਾਂ ਅਤੇ ਸੇਵਾਦਾਰਾਂ ਦੀਆਂ ਅਸਥਾਈ ਤੌਰ ’ਤੇ ਬਦਲੀਆਂ ਸਬੰਧੀ ਫ਼ਰਜ਼ੀ ਹੁਕਮ ਜਾਰੀ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਵਿੱਚ ਹਫੜਾ-ਦਫੜੀ ਪੈਦਾ ਹੋ ਗਿਆ ਹੈ। ਇਹ ਫ਼ਰਜ਼ੀ ਹੁਕਮ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੇ ਗਏ ਸਨ। ਇਨ੍ਹਾਂ ਹੁਕਮਾਂ ਨੂੰ ਸੱਚ ਮੰਨਦਿਆਂ ਕਈ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੇ ਤਬਾਦਲਿਆਂ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਰਜੀ ਹਦਾਇਤਾਂ ਅਨੁਸਾਰ ਮੁਲਾਜ਼ਮਾਂ ਦੀਆਂ ਬਦਲੀਆਂ ਕਰ ਦਿੱਤੀਆਂ। ਇਸ ਤੋਂ ਬਾਅਦ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੇ ਸਾਰੇ ਡੀਈਓਜ਼ ਨੂੰ ਇੱਕ ਪੱਤਰ ਜਾਰੀ ਕਰਕੇ ਇਨ੍ਹਾਂ ਫਰਜ਼ੀ ਹੁਕਮਾਂ ’ਤੇ ਕਾਰਵਾਈ ਨਾ ਕਰਨ ਦੀ ਹਦਾਇਤ ਦਿੱਤੀ ਹੈ ਅਤੇ ਤਬਾਦਲਿਆਂ ਨੂੰ ਰੋਕਿਆ ਗਿਆ।