Breaking News
Home / ਪੰਜਾਬ / ਬਿਕਰਮ ਸਿੰਘ ਮਜੀਠੀਆ ਕੋਲੋਂ ਨਸ਼ਾ ਤਸਕਰੀ ਦੇ ਮਾਮਲੇ ‘ਚ ਸਿਟ ਨੇ ਕੀਤੀ ਪੁੱਛਗਿੱਛ

ਬਿਕਰਮ ਸਿੰਘ ਮਜੀਠੀਆ ਕੋਲੋਂ ਨਸ਼ਾ ਤਸਕਰੀ ਦੇ ਮਾਮਲੇ ‘ਚ ਸਿਟ ਨੇ ਕੀਤੀ ਪੁੱਛਗਿੱਛ

ਅਕਾਲੀ ਆਗੂ ਵੱਲੋਂ ਮੁੱਖ ਮੰਤਰੀ ਖਿਲਾਫ ਲੜਾਈ ਜਾਰੀ ਰੱਖਣ ਦਾ ਐਲਾਨ
ਪਟਿਆਲਾ : ਨਸ਼ਾ ਤਸਕਰੀ ਸਬੰਧੀ ਦੋ ਸਾਲ ਪਹਿਲਾਂ ਦਰਜ ਹੋਏ ਇੱਕ ਕੇਸ ਦਾ ਸਾਹਮਣਾ ਕਰ ਰਹੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਸੋਮਵਾਰ ਨੂੰ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠਲੀ ‘ਸਪੈਸ਼ਲ ਇਨਵੈਸਟੀਗੇਸ਼ਨ ਟੀਮ’ (ਸਿਟ) ਵੱਲੋਂ ਪਟਿਆਲਾ ਆਈਜੀ ਦਫਤਰ ਵਿੱਚ ਲਗਾਤਾਰ ਸੱਤ ਘੰਟੇ ਪੁੱਛ-ਪੜਤਾਲ ਕੀਤੀ ਗਈ। ਸੂਤਰਾਂ ਮੁਤਾਬਕ ਮੀਜੀਠੀਆ ਕੋਲੋਂ 43 ਮੁੱਖ ਸਵਾਲਾਂ ਤੋਂ ਇਲਾਵਾ ਕੁਝ ਹੋਰ ਸਵਾਲ ਵੀ ਪੁੱਛੇ ਗਏ। ਇਸ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਲੜਾਈ ਜਾਰੀ ਰੱਖਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹੁਣ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਉਹ ਪਿੱਛੇ ਨਹੀਂ ਹਟਣਗੇ। ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦਾ ਮੂੰਹ ਬੰਦ ਕਰਵਾਉਣ ਦਾ ਇੱਕੋ-ਇੱਕ ਰਸਤਾ ਜੇਲ੍ਹ ਵਿੱਚ ਭੇਜਣਾ ਹੈ। ਪਰ ਭਗਵੰਤ ਮਾਨ ਉਨ੍ਹਾਂ ਨੂੰ ਜੇਲ੍ਹ ‘ਚ ਵੀ ਬਹੁਤਾ ਚਿਰ ਨਹੀਂ ਰੱਖ ਸਕਣਗੇ ਕਿਉਂਕਿ ਕਾਨੂੰਨ ਅਤੇ ਪ੍ਰਮਾਤਮਾ ਨਾਮ ਦੀ ਵੀ ਕੋਈ ਚੀਜ਼ ਹੈ, ਜਿਨ੍ਹਾਂ ‘ਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ। ਅਕਾਲੀ ਆਗੂ ਨੇ ਕਿਹਾ ਕਿ ਉਹ ਹੁਣ ਆਰ-ਪਾਰ ਦੀ ਲੜਾਈ ਲੜਨਗੇ। ਇਸ ਕੇਸ ਨੂੰ ਸਿਆਸੀ ਕਿੜ ਦਾ ਨਾਮ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਅਸਲ ‘ਚ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਧੀ ਦੇ ਹੱਕ ‘ਚ ਬੋਲਣਾ ਪਸੰਦ ਨਹੀਂ ਆਇਆ ਤੇ ਅਗਲੇ ਦਿਨ ਹੀ ਸੰਮਨ ਭਿਜਵਾ ਦਿੱਤੇ। ਉਨ੍ਹਾਂ ਕਿਹਾ ਕਿ ਇਹ ਉਹੀ ਕੇਸ ਹੈ, ਜਿਸ ਸਬੰਧੀ ਕੇਜਰੀਵਾਲ ਉਨ੍ਹਾਂ ਕੋਲੋਂ ਮੁਆਫੀ ਮੰਗ ਚੁੱਕੇ ਹਨ। ਮਜੀਠੀਆ ਨੇ ਕਿਹਾ ਕਿ ਇਸ ਸਿਟ ਦੇ ਮੁਖੀ ਮੁਖਵਿੰਦਰ ਛੀਨਾ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਹੁਣ ਮੁੱਖ ਮੰਤਰੀ ਨੂੰ ਸਿਟ ਦਾ ਅਗਲਾ ਮੁਖੀ ਖੁਦ ਬਣ ਜਾਣਾ ਚਾਹੀਦਾ ਹੈ ਤਾਂ ਜੋ ਅਧਿਕਾਰੀਆਂ ਰਾਹੀਂ ਸਵਾਲ ਪੁੱਛਣ ਦੀ ਜਗ੍ਹਾ ਉਹ ਸਾਹਮਣੇ ਬੈਠ ਕੇ ਖੁਦ ਹੀ ਸਵਾਲ ਪੁੱਛ ਲੈਣ। ਇਸ ਦੇ ਨਾਲ ਹੀ ਉਹ ਆਪਣੇ ਓਐੱਸਡੀ ਰਾਜਵੀਰ ਘਰਾਚੋਂ ਤੇ ਸੁਖਬੀਰ ਖਰਾਚੋਂ ਤੋਂ ਇਲਾਵਾ ਮੀਡੀਆ ਸਲਾਹਕਾਰ ਬਲਤੇਜ ਪੰਨੂ ਨੂੰ ਵੀ ਮੈਂਬਰਾਂ ਵਜੋਂ ਸਿਟ ‘ਚ ਸ਼ਾਮਲ ਕਰ ਲੈਣ।
ਜਾਣਕਾਰੀ ਅਨੁਸਾਰ ਮਜੀਠੀਆ 12 ਵਜੇ ਸਿਟ ਕੋਲ ਆਈਜੀ ਦਫਤਰ ਪੁੱਜੇ ਸਨ ਅਤੇ ਸ਼ਾਮ ਸਵਾ ਸੱਤ ਵਜੇ ਦੇ ਕਰੀਬ ਬਾਹਰ ਆਏ। ਗੱਡੀ ‘ਚ ਉਨ੍ਹਾਂ ਦੇ ਨਾਲ ਆਈਜੀ ਦਫਤਰ ਪੁੱਜੇ ਸਾਬਕਾ ਮੰਤਰੀ ਸੁਰਜੀਤ ਰੱਖੜਾ, ਦਲਜੀਤ ਚੀਮਾ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੂੰ ਵੱਖਰੇ ਕਮਰੇ ‘ਚ ਬਿਠਾਇਆ ਗਿਆ ਪਰ ਵਕੀਲਾਂ ਵਜੋਂ ਅਰਸ਼ਦੀਪ ਕਲੇਰ ਸਮੇਤ ਦੋ ਜਣੇ ਪੁੱਛ-ਪੜਤਾਲ ਵਾਲੇ ਕਮਰੇ ‘ਚ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਾਬਕਾ ਵਿਧਾਇਕ ਬੋਨੀ ਅਜਨਾਲਾ, ਬਿੱਟੂ ਔਲਖ ਅਤੇ ਜਗਜੀਤ ਸਿੰਘ ਚਾਹਲ ਨੂੰ ਵੀ ਸਿਟ ਨੇ ਗਵਾਹਾਂ ਵਜੋਂ ਸੱਦਿਆ ਸੀ।
ਅਕਾਲੀ ਕਾਰਕੁਨਾਂ ਵੱਲੋਂ ਨਾਅਰੇਬਾਜ਼ੀ
ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਪੁੱਛ-ਪੜਤਾਲ ਦੌਰਾਨ ਪਟਿਆਲਾ ਅਤੇ ਮਜੀਠੀਆ ਸਮੇਤ ਹੋਰ ਥਾਵਾਂ ਤੋਂ ਵੱਡੀ ਗਿਣਤੀ ਅਕਾਲੀ ਕਾਰਕੁਨ ਆਈਜੀ ਦਫ਼ਤਰ ਨੇੜੇ ਪੁੱਜੇ ਹੋਏ ਸਨ। ਸੁਰੱਖਿਆ ਪ੍ਰਬੰਧਾਂ ਵਜੋਂ ਐੱਸਐੱਸਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਵੱਡੀ ਗਿਣਤੀ ‘ਚ ਪੁਲਿਸ ਫੋਰਸ ਤਾਇਨਾਤ ਰਹੀ। ਇਸ ਦੌਰਾਨ ਅਕਾਲੀ ਕਾਰਕੁਨ ਗਰਮਜੋਸ਼ੀ ‘ਚ ਪਹਿਲਾਂ ਨਾਅਰੇਬਾਜ਼ੀ ਕਰਦੇ ਰਹੇ ਅਤੇ ਬਾਅਦ ਵਿੱਚ ਉਨ੍ਹਾਂ ਪਾਠ ਕਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਸੁਰਜੀਤ ਰੱਖੜਾ, ਗੁਰਪ੍ਰੀਤ ਰਾਜੂਖੰਨਾ, ਯੂਥ ਪ੍ਰਧਾਨ ਸਰਬਜੀਤ ਝਿੰਜਰ, ਸਤਵਿੰਦਰ ਟੌਹੜਾ, ਅਮਰਿੰਦਰ ਬਜਾਜ, ਜਰਨੈਲ ਕਰਤਾਰਪੁਰ, ਜਸਮੇਰ ਲਾਛੜੂ, ਭੁਪਿੰਦਰ ਸ਼ੇਖਪੁਰਾ, ਮੱਖਣ ਲਾਲਕਾ, ਕਬੀਰਦਾਸ, ਬਿੱਟੂ ਚੱਠਾ, ਵਿਨਰਜੀਤ, ਸੁਖਬੀਰ ਅਬਲੋਵਾਲ, ਸੁਖਵਿੰਦਰ ਰਾਜਲਾ, ਰਵਿੰਦਰ ਵਿੰਦਾ, ਅਰਵਿੰਦਰ ਰਾਜੂ, ਹਰਵਿੰਦਰ ਕਾਲਵਾ ਤੇ ਪੰਮਾ ਪਨੌਦੀਆਂ ਸਮੇਤ ਹੋਰ ਹੋਰ ਅਕਾਲੀ ਕਾਰਕੁਨ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਮਜੀਠੀਆ ਨਾਲ ਕਿੜ ਕੱਢਣ ਦੀ ਇਹ ਕਾਰਵਾਈ ਸਰਕਾਰ ਨੂੰ ਲੈ ਕੇ ਬੈਠ ਜਾਵੇਗੀ।

 

Check Also

ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਭਲਕੇ 23 ਨਵੰਬਰ ਨੂੰ

ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵਿਚਾਲੇ ਚੋਣ ਮੁਕਾਬਲਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਚਾਰ ਵਿਧਾਨ …