ਹੈਨਰੀ ਖਿਲਾਫ਼ ਅਦਾਲਤ ’ਚ ਸਾਬਤ ਨਹੀਂ ਹੋ ਸਕੇ ਆਰੋਪ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਮੰਤਰੀ ਅਵਤਾਰ ਹੈਨਰੀ ਨੂੰ ਅੱਜ ਕੋਰਟ ਨੇ ਦੋਹਰੀ ਨਾਗਰਿਕਤਾ ਮਾਮਲੇ ’ਚ ਬਰੀ ਕਰ ਦਿੱਤਾ ਹੈ। ਪਿਛਲੇ 15 ਸਾਲ ਤੋਂ ਭਾਰਤੀ ਅਤੇ ਵਿਦੇਸ਼ੀ ਪਾਸਪੋਰਟ ਲੈ ਕੇ ਚੋਣ ਲੜਨ ਦਾ ਮਾਮਲਾ ਉਨ੍ਹਾਂ ਦੇ ਖਿਲਾਫ ਚੱਲ ਰਿਹਾ ਸੀ। ਸੀਜੇਐਮ ਐਨਆਰਆਈ ਗਗਨਦੀਪ ਸਿੰਘ ਗਰਗ ਦੀ ਕੋਰਟ ’ਚ ਹੈਨਰੀ ਖਿਲਾਫ ਆਰੋਪ ਸਾਬਤ ਨਹੀਂ ਹੋ ਸਕੇ, ਜਿਸ ਤੋਂ ਬਾਅਦ ਕੋਰਟ ਨੇ ਉਨ੍ਹਾਂ ਨੂੰ ਬਰੀ ਕਰਨ ਦਾ ਹੁਕਮ ਸੁਣਾ ਦਿੱਤਾ। ਗੁਰਜੀਤ ਸਿੰਘ ਸੰਘੇੜਾ ਨੇ ਕੋਰਟ ’ਚ ਬਿਆਨ ਦਰਜ ਕਰਵਾਇਆ ਸੀ ਕਿ ਉਸ ਦੇ ਪਿਤਾ ਅਵਤਾਰ ਹੈਨਰੀ ਨੇ ਉਸ ਦੀ ਮਾਂ ਨੂੰ ਤਲਾਕ ਦਿੱਤੇ ਬਿਨਾ ਦੂਜਾ ਵਿਆਹ ਕਰਵਾ ਲਿਆ ਸੀ। ਉਨ੍ਹਾਂ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ 1962 ’ਚ ਯੂ ਕੇ ਗਏ ਸਨ, ਜਿੱਥੇ ਉਨ੍ਹਾਂ ਨੇ 1965 ’ਚ ਸੁਰਿੰਦਰ ਕੌਰ ਨਾਲ ਵਿਆਹ ਕਰਵਾ ਲਿਆ ਸੀ। ਜਿਸ ਤੋਂ ਬਾਅਦ ਅਵਤਾਰ ਹੈਨਰੀ ਨੇ ਬਿ੍ਰਟੇਨ ਦੀ ਨਾਗਰਿਕਤਾ ਲੈ ਲਈ ਸੀ। ਇਸ ਤੋਂ ਉਨ੍ਹਾਂ ਉਥੇ ਮੈਡੀਕਲ ਕਾਰਡ ਬਣਵਾਇਆ ਅਤੇ 1968’ਚ ਉਨ੍ਹਾਂ ਦਾ ਬਿ੍ਰਟਿਸ਼ ਪਾਸਪੋਰਟ ਬਣ ਗਿਆ। 1997 ’ਚ ਹੈਨਰੀ ਵਿਧਾਇਕ ਬਣੇ ਅਤੇ ਉਹ ਆਪਣੇ ਮੈਡੀਕਲ ਕਾਰਡ ਨੂੰ ਰੀਨਿਊ ਕਰਵਾਉਣ ਲਈ ਫਿਰ ਯੂਕੇ ਗਏ ਸਨ। ਪ੍ਰੰਤੂ ਅਦਾਲਤ ਵਿਚ ਹੈਨਰੀ ਖਿਲਾਫ਼ ਆਰੋਪ ਸਾਬਤ ਨਹੀਂ ਹੋ ਸਕੇ, ਜਿਸ ਦੇ ਚਲਦਿਆਂ ਕੋਰਟ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ। ਧਿਆਨ ਰਹੇ ਵਿਧਾਨ ਸਭਾ ਚੋਣਾਂ ਦੌਰਾਨ ਦੋਹਰੀ ਨਾਗਰਿਕਤਾ ਦੇ ਚਲਦਿਆਂ ਹੈਨਰੀ ਦਾ ਨਾਮ ਵੋਟਰ ਲਿਸਟ ਤੋਂ ਹਟਾ ਦਿੱਤਾ ਗਿਆ ਸੀ ਪ੍ਰੰਤੂ ਹੁਣ ਅਵਤਾਰ ਹੈਨਰੀ ਚੋਣ ਲੜ ਸਕਣਗੇ। ਜਦਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਦੇ ਪੁੱਤਰ ਬਾਵਾ ਹੈਨਰੀ ਨੇ ਚੋਣ ਲੜੀ ਸੀ।