ਕਿਹਾ : ਨਾ ਬਿਜਲੀ ਦਾ ਬਿਲ ਭਰ ਪਾ ਰਹੇ, ਨਾ ਕਰਮਚਾਰੀਆਂ ਨੂੰ ਦੇ ਸਕੇ ਸੈਲਰੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਨੇ ਇਨਕਮ ਟੈਕਸ ਵਿਭਾਗ ’ਤੇ ਪਾਰਟੀ ਦੇ ਖਾਤੇ ਫਰੀਜ ਕਰਨ ਦਾ ਆਰੋਪ ਲਗਾਇਆ ਹੈ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਦੇ ਕੌਮੀ ਖਜ਼ਾਨਚੀ ਅਜੇ ਮਾਕਨ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਵੀ ਆਰੋਪ ਲਗਾਇਆ ਕਿ ਇਨਕਮ ਟੈਕਸ ਵਿਭਾਗ ਨੇ ਯੂਥ ਕਾਂਗਰਸ ਅਤੇ ਕਾਂਗਰਸ ਪਾਰਟੀ ਤੋਂ 210 ਕਰੋੜ ਰੁਪਏ ਦੀ ਰਿਕਵਰੀ ਮੰਗੀ ਹੈ। ਅਜੇ ਮਾਕਨ ਨੇ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਕਿ ਬੈਂਕ ਨੇ ਪਾਰਟੀ ਵੱਲੋਂ ਜਾਰੀ ਕੀਤੇ ਗਏ ਚੈਕ ਰੋਕ ਦਿੱਤੇ ਹਨ ਅਤੇ ਉਹ ਸਾਡੇ ਚੈਕ ਕਲੀਅਰ ਨਹੀਂ ਕਰ ਰਹੇ। ਕਾਂਗਰਸ ਪਾਰਟੀ ਦੇ ਖਾਤੇ ਫਰੀਜ਼ ਕਰ ਦਿੱਤੇ ਗਏ ਹਨ ਜਦਕਿ ਕਰਾਊਡ ਫੰਡਿੰਗ ਵਾਲੇ ਖਾਤੇ ਨੂੰ ਫਰੀਜ ਕਰ ਦਿੱਤਾ ਗਿਆ ਹੈ। ਮਾਕਨ ਨੇ ਅੱਗੇ ਕਿਹਾ ਕਿ ਸਾਡੇ ਕੋਲ ਬਿਜਲੀ ਦੇ ਬਿਲ ਭਰਨ ਲਈ ਅਤੇ ਆਪਣੇ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਵੀ ਪੈਸੇ ਨਹੀਂ। ਉਨ੍ਹਾਂ ਕਿਹਾ ਕਿ ਖਾਤੇ ਫਰੀਜ਼ ਹੋਣ ਕਾਰਨ ਕੇਵਲ ਰਾਹੁਲ ਗਾਂਧੀ ਵੱਲੋਂ ਕੱਢੀ ਜਾ ਰਹੀ ਭਾਰਤ ਜੋੜੋ ਨਿਆਂ ਯਾਤਰਾ ਹੀ ਪ੍ਰਭਾਵਿਤ ਨਹੀਂ ਹੋਵੇਗੀ ਸਗੋਂ ਪਾਰਟੀ ਦੀਆਂ ਸਾਰੀਆਂ ਰਾਜਨੀਤਿਕ ਗਤੀਵਿਧੀਆਂ ਵੀ ਪ੍ਰਭਾਵਿਤ ਹੋਣਗੀਆਂ। ਮਾਕਨ ਨੇ ਇਨਕਮ ਟੈਕਸ ਵਿਭਾਗ ਦੀ ਇਸ ਕਾਰਵਾਈ ਨੂੰ ਲੋਕਤੰਤਰ ਨੂੰ ਫਰੀਜ਼ ਕਰਨ ਦੀ ਕਾਰਵਾਈ ਦੱਸਿਆ।