ਪੋਕਰਣ ’ਚ ਜਾਰੀ ਯੁੱਧ ਅਭਿਆਸ ਵਿਚ ਸੀ ਸ਼ਾਮਲ
ਜੈਪੁਰ/ਬਿਊਰੋ ਨਿਊਜ਼ : ਰਾਜਸਥਾਨ ਦੇ ਪੋਕਰਣ ’ਚ ਚੱਲ ਰਹੇ ‘ਭਾਰਤ ਸ਼ਕਤੀ ਯੁੱਧ ਅਭਿਆਸ’ ’ਚ ਸ਼ਾਮਲ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਤੇਜਸ ਕਰੈਸ਼ ਹੋ ਗਿਆ। ਇਹ ਲੜਾਕੂ ਜਹਾਜ਼ ਜੈਸਲਮੇਰ ਸ਼ਹਿਰ ਤੋਂ ਦੋ ਕਿਲੋਮੀਟਰ ਦੂਰ ਜਵਾਹਰ ਨਗਰ ਸਥਿਤ ਇਕ ਹੋਸਟਲ ’ਤੇ ਜਾ ਡਿੱਗਿਆ ਅਤੇ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਹੋਸਟਲ ਦੇ ਕਮਰੇ ਵਿਚ ਕੋਈ ਮੌਜੂਦ ਨਹੀਂ ਸੀ। ਪੋਕਰਣ ’ਚ ਚੱਲ ਰਹੇ ਯੁੱਧ ਅਭਿਆਸ ਤੋਂ ਲਗਭਗ 100 ਕਿਲੋਮੀਟਰ ਦੂਰ ਇਹ ਹਾਦਸਾ ਵਾਪਰਿਆ ਅਤੇ ਤੇਜਸ ਜਹਾਜ਼ ਦੇ ਕਰੈਸ਼ ਹੋਣ ਦੀ ਇਹ ਪਹਿਲੀ ਘਟਨਾ ਹੈ। ਏਅਰਫੋਰਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੜਾਕੂ ਜਹਾਜ਼ ’ਚ ਇਕ ਹੀ ਪਾਇਲਟ ਸੀ ਅਤੇ ਉਸ ਨੂੰ ਜਖਮੀ ਹਾਲਤ ਵਿਚ ਮਿਲਟਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੋਕਰਣ ’ਚ ਚੱਲ ਰਹੇ ਯੁੱਧ ਅਭਿਆਸ ਦੇ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਵੱਡੇ ਅਧਿਕਾਰੀ ਮੌਜੂਦ ਸਨ।