ਕਿਹਾ : ਕਾਂਗਰਸੀ ਆਗੂ ਆਪਣਾ ਸਟਾਰਟਅਪ ਨਹੀਂ ਸੰਭਾਲ ਸਕੇ, ਦੇਸ਼ ਨੂੰ ਕੀ ਸੰਭਾਲਣਗੇ
ਰਿਵਾੜੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ੁੱਕਰਵਾਰ ਨੂੰ ਹਰਿਆਣਾ ਦੇ ਰਿਵਾੜੀ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਦੇਸ਼ ਦੇ 22ਵੇਂ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਭਾਵ ਏਮਸ ਦਾ ਨੀਂਹ ਪੱਥਰ ਰੱਖਿਆ। ਇਸ ਦੇ ਨਾਲ ਹੀ ਉਨ੍ਹਾਂ 9750 ਕਰੋੜ ਰੁਪਏ ਦੀ ਲਾਗਤਾਰ ਨਾਲ ਤਿਆਰ ਹੋਣ ਵਾਲੇ 5 ਹੋਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਕੀਤਾ। ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂ ਆਪਣੇ ਸਟਾਰਟਅਪ ਨਹੀਂ ਸੰਭਾਲ ਸਕੇ ਅਤੇ ਇਹ ਲੋਕ ਦੇਸ਼ ਨੂੰ ਸੰਭਾਲਣ ਦਾ ਸੁਪਨਾ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਟਰੈਕ ਰਿਕਾਰਡ ਇਤਿਹਾਸ ਦੇ ਸਭ ਤੋਂ ਵੱਡੇ ਘੁਟਾਲਿਆ ਦਾ ਹੈ। ਦੇਸ਼ ਦਾ ਸਭ ਤੋਂ ਵੱਡਾ ਟਰੈਕ ਰਿਕਾਰਡ ਅੱਤਵਾਦ ਨੂੰ ਵਧਾਉਣ ਦੇ ਨਾਲ-ਨਾਲ ਫੌਜ ਅਤੇ ਫੌਜੀਆਂ ਨੂੰ ਕਮਜ਼ੋਰ ਕਰਨ ਦਾ ਹੈ। ਮੋਦੀ ਨੇ ਕਿਹਾ ਕਿ ਦੇਸ਼ ਦੀ ਇੱਛਾ ਸੀ ਕਿ ਅਯੁੱਧਿਆ ’ਚ ਪ੍ਰਭੂ ਰਾਮ ਦਾ ਮੰਦਿਰ ਦਾ ਨਿਰਮਾਣ ਹੋਵੇ। ਅੱਜ ਪੂਰਾ ਦੇਸ਼ ਰਾਮ ਮੰਦਿਰ ’ਚ ਵਿਰਾਜੇ ਰਾਮ ਲੱਲਾ ਦੇ ਦਰਸ਼ਨ ਕਰ ਰਿਹਾ ਹੈ।