Breaking News
Home / ਪੰਜਾਬ / ਕੈਪਟਨ ਅਮਰਿੰਦਰ ਦੇ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਘਟਾਈ

ਕੈਪਟਨ ਅਮਰਿੰਦਰ ਦੇ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਘਟਾਈ

ਚੰਡੀਗੜ੍ਹ/ਬਿਊਰੋ ਨਿਊਜ਼ : ਕੈਪਟਨ ਸਰਕਾਰ ਨੇ ਵੀਆਈਪੀ ਸੁਰੱਖਿਆ ਵਿੱਚ ਤਾਇਨਾਤ ਦੋ ਹਜ਼ਾਰ ਮੁਲਾਜ਼ਮਾਂ ਦੀ ਕਟੌਤੀ ਕੀਤੀ ਹੈ ਤਾਂ ਕਿ ਪੁਲਿਸ ਮੁਲਾਜ਼ਮਾਂ ਨੂੰ ਜ਼ਿਆਦਾ ਮਹੱਤਵਪੂਰਨ ਥਾਵਾਂ ‘ਤੇ ਲਾ ਕੇ ਸੂਬੇ ਦੀ ਕਾਨੂੰਨ ਵਿਵਸਥਾ ਸੁਧਾਰਨ ਦਾ ਜ਼ਰੂਰੀ ਕਾਰਜ ਸੌਂਪਿਆ ਜਾ ਸਕੇ। ਸੂਬੇ ਦੇ ਗ੍ਰਹਿ ਤੇ ਨਿਆਂ ਵਿਭਾਗ ਨੂੰ ਨਵੇਂ ਸਿਰਿਓਂ ਵਿਸ਼ੇਸ਼ ਵਿਅਕਤੀਆਂ ਨੂੰ ਖਤਰੇ ਸਬੰਧੀ ਰਿਪੋਰਟ ਦੇਣ ਲਈ ਕਿਹਾ ਹੈ। ਸੁਰੱਖਿਆ ਦਾ ਜਾਇਜ਼ਾ ਲੈਣ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ, ਜਿਸ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਡੀਜੀਪੀ ਸੁਰੇਸ਼ ਅਰੋੜਾ ਅਤੇ ਏਡੀਜੀਪੀ (ਇੰਟੈਲੀਜੈਂਸ) ਦਿਨਕਰ ਗੁਪਤਾ ਸ਼ਾਮਲ ਹੋਏ। ਮੁੱਖ ਮੰਤਰੀ ਦੀ ਸੁਰੱਖਿਆ 1392 ਮੁਲਾਜ਼ਮਾਂ ਤੋਂ ਘਟਾ ਕੇ 1016 ਮੁਲਾਜ਼ਮਾਂ ਦੀ ਕਰ ਦਿੱਤੀ ਗਈ। ਇਸ ਤੋਂ ਇਲਾਵਾ ਸਰਕਾਰੀ ਅਧਿਕਾਰੀਆਂ ਅਤੇ ਹੋਰ ਸ਼੍ਰੇਣੀਆਂ ਵਿੱਚੋਂ ਵੀ 1500 ਸੁਰੱਖਿਆ ઠਮੁਲਾਜ਼ਮ ਵਾਪਸ ਬੁਲਾਏ ਗਏ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਪਹਿਲਾਂ ਹੀ ਆਪਣੇ ਸਫ਼ਰ ਵਾਲੇ ਰੂਟਾਂ ਉੱਤੇ ਪੁਲਿਸ ਦੀ ਤਾਇਨਾਤੀ ਬੰਦ ਕਰਨ ਦੇ ਹੁਕਮ ਦਿੱਤੇ ਹਨ। ਸੁਰੱਖਿਆ ਜਾਇਜ਼ੇ ਲਈ ਅਗਲੇ ਗੇੜ ਦੀ ਮੀਟਿੰਗ ਤੋਂ ਬਾਅਦ ਗਾਰਦ ਹੋਰ ਘਟਾਉਣ ਦੀ ਸੰਭਾਵਨਾ ਹੈ। ਇਸ ਸਬੰਧੀ ਫੈਸਲਾ ਖਤਰੇ ਦੀਆਂ ਸੰਭਾਵਨਾਵਾਂ ਦੀਆਂ ਰਿਪੋਰਟਾਂ ਦੇ ਆਧਾਰ ‘ਤੇ ਹੋਵੇਗਾ।
ਛੁੱਟੀ ਵੀ ਗਈ, ਕੰਮ ਵੀ ਨਾ ਹੋਇਆ
ਪਿਛਲੇ ਹਫ਼ਤੇ ਚੀਫ਼ ਸੈਕਟਰੀ ਕਰਨ ਅਵਤਾਰ ਸਿੰਘ ਨੇ ਐਤਵਾਰ ਨੂੰ ਸਾਰੇ ਵਿਭਾਗਾਂ ਦੇ ਸੈਕਟਰੀਜ਼ ਦੀ ਅਚਾਨਕ ਮੀਟਿੰਗ ਬੁਲਾਈ। ਅਸਲ ‘ਚ ਉਨ੍ਹਾਂ ਨੂੰ ਮੁੱਖ ਮੰਤਰੀ ਦਫ਼ਤਰ ਦਾ ਹੁਕਮ ਸੀ ਕਿ ਸਰਕਾਰ ਦਾ ਇਕ ਮਹੀਨਾ ਪੂਰਾ ਹੋਣ ਦੇ ਸਬੰਧ ‘ਚ ਮੁੱਖ ਮੰਤਰੀ ਮੀਡੀਆ ਨਾਲ ਗੱਲਬਾਤ ਕਰ ਸਕਦੇ ਹਨ। ਮੁੱਖ ਮੰਤਰੀ ਬਨਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਮੀਡੀਆ ਨਾਲ ਮੁਲਾਕਾਤ ਸੀ। ਮੁੱਖ ਮੰਤਰੀ ਨੇ ਜਦੋਂ ਮੀਟਿੰਗ ‘ਚ ਸੈਕਟਰੀਆਂ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਦਿੱਤੇ ਗਏ ਵਿਭਾਗਾਂ ਦੇ ਕੰਮਾਂ ਦਾ ਕੀ ਬਣਿਆ ਤਾਂ ਸਾਰਿਆਂ ਨੇ ਆਪਣੇ-ਆਪਣੇ ਕੰਮਾਂ ਦੀ ਸਥਿਤੀ ਦੱਸ ਦਿੱਤੀ। ਟੋਲ ‘ਤੇ ਮੀਡੀਆ ਨੂੰ ਛੂਟ ਦੇਣ ਸਬੰਧੀ ਨੋਟੀਫਿਕੇਸ਼ਨ ਦਾ ਕੰਮ ਅਜੇ ਰੁਕਿਆ ਹੋਇਆ ਹੈ। ਵਿਭਾਗ ਦੇ ਸੈਕਟਰੀ ਤੇਜਵੀਰ ਨੇ ਉਸੇ ਦਿਨ ਫਾਈਲ ਕਲੀਅਰ ਕਰ ਦਿੱਤੀ ਸੀ। ਇਸੇ ਤਰ੍ਹਾਂ ਸੈਕਟਰੀ ਸੁਰੱਖਿਆ ਨੇ ਵੀ ਫਾਈਲ ਨੂੰ ਕਲੀਅਰ ਕਰ ਦਿੱਤਾ। ਪ੍ਰੰਤੂ ਮੁੱਖ ਮੰਤਰੀ ਨੇ ਮੀਡੀਆ ਕਾਨਫਰੰਸ ਨੂੰ ਹੀ ਟਾਲ ਦਿੱਤਾ। ਇਸ ‘ਤੇ ਸੈਕਟਰੀ ਆਪਣੀ ਛੁੱਟੀ ਜਾਣ ਨਾਲ ਕਾਫ਼ੀ ਪ੍ਰੇਸ਼ਾਨ ਨਜ਼ਰ ਆਏ।
ਚਰਨਜੀਤ ਸਿੰਘ ਚੰਨੀ ਫਿਰ ਪਲਟ ਗਏ
ਚਰਨਜੀਤ ਸਿੰਘ ਚੰਨੀ ਅਕਾਲੀਆਂ ਦੇ ਹਰ ਫੈਸਲੇ ਨੂੰ ਬਦਲਣ ਲੱਗੇ ਹੋਏ ਹਨ ਪ੍ਰੰਤੂ ਫਿਰ ਉਹ ਆਪਣੇ ਸਟੈਂਡ ‘ਤੇ ਕਾਇਮ ਵੀ ਨਹੀਂ ਰਹਿੰਦੇ। ਪਹਿਲਾਂ ਉਨ੍ਹਾਂ ਨੇ ਪੀਟੀਯੂ ਨੂੰ ਤੋੜ ਕੇ ਬਣਾਈ ਗਈ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਨੂੰ ਫਿਰ ਤੋਂ ਭੰਗ ਕਰਕੇ ਪੀਟੀਯੂ ‘ਚ ਮਰਜ ਕਰਨ ਦਾ ਬਿਆਨ ਦੇ ਦਿੱਤਾ ਪ੍ਰੰਤੂ ਜਦੋਂ ਮੁੱਖ ਮੰਤਰੀ ਨੇ ਅਜਿਹਾ ਕੁਝ ਕਰਨ ਤੋਂ ਮਨ੍ਹਾਂ ਕੀਤਾ ਤਾਂ ਉਹ ਆਪਣੇ ਬਿਆਨ ਤੋਂ ਪਲਟ ਗਏ। ਨੰਨੀ੍ਹਂ ਛਾਂ ਪ੍ਰੋਜੈਕਟ ਨੂੰ ਬੰਦ ਕਰਨ ਦੇ ਮਾਮਲੇ ‘ਚ ਵੀ ਅਜਿਹਾ ਕੁਝ ਹੀ ਹੋਇਆ। ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਵੀ ਇਸ ਦਾ ਵਿਰੋਧ ਕੀਤਾ। ਅਗਲੇ ਦਿਨ ਚਰਨਜੀਤ ਸਿੰਘ ਚੰਨੀ ਫਿਰ ਪਲਟ ਗਏ।
ਸੁਖਬੀਰ ਜੀ ਹਿੰਦੀ ਦਾ ਅਨੁਵਾਦਕ ਕਿੱਥੇ ਹੈ
ਜਦ ਤੋਂ ਅਕਾਲੀ ਦਲ ਦੇ ਹੱਥ ਤੋਂ ਸੱਤਾ ਗਈ ਹੈ ਉਦੋਂ ਤੋਂ ਹੀ ਉਨ੍ਹਾਂ ਦੇ ਹਿੰਦੀ ‘ਚ ਪ੍ਰੈਸ ਬਿਆਨ ਆਉਣੇ ਹੀ ਬੰਦ ਹੋ ਗਏ ਹਨ। ਇਸ ਤੋਂ ਪਹਿਲਾਂ ਪਾਰਟੀ ਤਿੰਨੇ ਭਾਸ਼ਾਵਾਂ ‘ਚ ਆਪਣੇ ਬਿਆਨ ਜਾਰੀ ਕਰਦੀ ਸੀ ਪ੍ਰੰਤੂ ਪਿਛਲੇ ਡੇਢ ਮਹੀਨੇ ਤੋਂ ਪਾਰਟੀ ਵੱਲੋਂ ਕੋਈ ਵੀ ਬਿਆਨ ਹਿੰਦੀ ‘ਚ ਨਹੀਂ ਆਇਆ। ਕਈ ਵਾਰ ਉਨ੍ਹਾਂ ਦੀ ਮੀਡੀਆ ਟੀਮ ਤੋਂ ਪੁੱਛਿਆ ਗਿਆ ਕਿ ਹਿੰਦੀ ‘ਚ ਪ੍ਰੈਸ ਰਿਲੀਜ਼ ਕਿਉਂ ਜਾਰੀ ਨਹੀਂ ਹੋ ਰਿਹਾ। ਇਸ ਗੱਲ ਨੂੰ ਉਹ ਹਰ ਵਾਰ ਟਾਲ ਜਾਂਦੇ ਹਨ। ਪਤਾ ਚੱਲਿਆ ਹੈ ਕਿ ਪਹਿਲਾਂ ਉਹ ਆਪਣੇ ਅਨੁਵਾਦ ਡੀਪੀਆਰਓ ਤੋਂ ਹੀ ਕਰਵਾਉਂਦੇ ਸਨ ਕਿਉਂਕਿ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਸੀ।
ਚਾਰ ਮੰਤਰੀਆਂ ਦੀ ਖਿਚਾਈ
ਕਾਂਗਰਸ ਨੂੰ ਸੱਤਾ ‘ਚ ਆਈ ਨੂੰ ਪੰਜ ਹਫ਼ਤੇ ਹੋਏ ਹਨ ਅਤੇ ਹੁਣ ਤੱਕ ਮੁੱਖ ਮੰਤਰੀ ਚਾਰ ਮੰਤਰੀਆਂ ਦੀ ਜਨਤਕ ਤੌਰ ‘ਤੇ ਖਿਚਾਈ ਕਰ ਚੁੱਕੇ ਹਨ। ਸਭ ਤੋਂ ਪਹਿਲਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਉਸ ਮਤੇ ਨੂੰ ਉਨ੍ਹਾਂ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਜਿਸ ‘ਚ  ਅੰਗਰੇਜ਼ਾਂ ਦੇ ਜ਼ਮਾਨੇ ਦੇ ਸਥਾਨਾਂ ‘ਤੇ ਨਾਮ ਰੱਖੇ ਹੋਏ ਹਨ।
ਸਿੱਖਿਆ ਮੰਤਰੀ ਅਰੁਣਾ ਚੌਧਰੀ ਦੇ ਪਤੀ ਉਨ੍ਹਾਂ ਦੇ ਨਾਲ ਦਫ਼ਤਰ ‘ਚ ਬੈਠਣ ‘ਤੇ ਕੈਪਟਨ ਨੇ ਉਨ੍ਹਾਂ ਦੀ ਖਿਚਾਈ ਕੀਤੀ। ਸਾਧੂ ਸਿੰਘ ਧਰਮਸੋਤ ਦੇ ਨਾਭਾ ‘ਚ ਆਪਣਾ ਨਾਮ ਨੀਂਹ ਪੱਥਰ ‘ਤੇ ਤੀਜੇ ਨੰਬਰ ‘ਤੇ ਰੱਖਣ ਦੇ ਚਲਦੇ ਸਕੂਲ ਦੀ ਪ੍ਰਿੰਸੀਪਲ ਨੂੰ ਲਗਾਈ ਜਨਤਕ ਡਾਂਟ ਨੇ ਵੀ ਸਰਕਾਰ ਦੀ ਬੇਇਜ਼ਤੀ ਕਰਵਾਈ। ਸਾਧੂ ਸਿੰਘ ਧਰਮਸੋਤ ਦੇ ਇਸ ਰਵੱਈਏ ਨੂੰ ਦੇਖਦੇ ਹੋਏ ਕੈਪਟਨ ਨੇ ਕਿਹਾ ਕਿ ਕਿਸੇ ਵੀ ਨੀਂਹ ਪੱਥਰ ‘ਤੇ ਕਿਸੇ ਮੰਤਰੀ, ਐਮ ਐਲ ਏ ਦਾ ਨਾਮ ਲਿਖਣ ਤੋਂ ਮਨਾ ਕਰ ਦਿੱਤਾ। ਇਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਨੂੰ ਖਤਮ ਕਰਕੇ ਪੀਟੀਯੂ ‘ਚ ਮਰਜ ਕਰਨ ਦਾ ਬਿਆਨ ‘ਤੇ ਵੀ ਉਨ੍ਹਾਂ ਅਸਹਿਮਤੀ ਪ੍ਰਗਟ ਕੀਤੀ।

ਜਰਨੈਲ ਸਿੰਘ ਨੇ ਵੀ ਭਗਵੰਤ ਮਾਨ ‘ਤੇ ਝਾੜਿਆ ਨਜ਼ਲਾ
ਕਿਹਾ, ਪ੍ਰਕਾਸ਼ ਸਿੰਘ ਬਾਦਲ ਖਿਲਾਫ ਚੋਣ ਲੜਨ ਲਈ ਭਗਵੰਤ ਨੇ ਮਜਬੂਰ ਕੀਤਾ
ਚੰਡੀਗੜ੍ਹ : ਐਚ ਐਸ ਫੂਲਕਾ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕੋ-ਇੰਚਾਰਜ ਜਰਨੈਲ ਸਿੰਘ ਨੇ ਵੀ ਭਗਵੰਤ ਮਾਨ ‘ਤੇ ਨਜ਼ਲਾ ਝਾੜਿਆ ਹੈ। ਜਰਨੈਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਲੰਬੀ ਹਲਕੇ ਵਿਚ ਲਿਆ ਕੇ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਚੋਣ ਲੜਾਉਣ ਦੀ ਸਲਾਹ ਭਗਵੰਤ ਨੇ ਪਾਰਟੀ ਨੂੰ ਦਿੱਤੀ ਸੀ।  ਉਨ੍ਹਾਂ ਕਿਹਾ ਕਿ ਬਾਦਲ ਖਿਲਾਫ ਚੋਣ ਲੜਨ ਲਈ ਸਭ ਤੋਂ ਵੱਧ ਜ਼ੋਰ ਭਗਵੰਤ ਵੱਲੋਂ ਹੀ ਲਗਾਇਆ ਸੀ। ਜਰਨੈਲ ਸਿੰਘ ਨੇ ਇਹ ਵੀ ਮੰਨਿਆ ਕਿ ਚੋਣਾਂ ਦੌਰਾਨ ਭਗਵੰਤ ਮਾਨ ਦੀ ਸ਼ਰਾਬ ਦਾ ਮੁੱਦਾ ਵੱਡਾ ਬਣਿਆ ਜਿਸ ਨੂੰ ਵਿਰੋਧੀ ਪਾਰਟੀਆਂ ਵੱਲੋਂ ਜ਼ੋਰ-ਸ਼ੋਰ ਨਾਲ ਪ੍ਰਚਾਰਿਆ। ਜਰਨੈਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਨਾ ਕਰਨਾ ਪਾਰਟੀ ਦੀ ਰਣਨੀਤੀ ਦਾ ਹੀ ਹਿੱਸਾ ਸੀ।

Check Also

ਸੁਖਬੀਰ ਬਾਦਲ ਨੇ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਹਾਰ ਨੂੰ ਲੈ ਕੇ ਕੀਤਾ ਵੱਡਾ ਦਾਅਵਾ

ਕਿਹਾ : ਪ੍ਰਧਾਨ ਮੰਤਰੀ ਦੇ ਭਾਸ਼ਣਾਂ ਤੋਂ ਨਜ਼ਰ ਆਉਂਦੀ ਭਾਜਪਾ ਦੀ ਹਾਰ ਬਠਿੰਡਾ/ਬਿਊਰੋ ਨਿਊਜ਼ : …