Breaking News
Home / ਪੰਜਾਬ / ‘ਮੁੱਖ ਮੰਤਰੀ ਤੀਰਥ ਯਾਤਰਾ’ ਸਕੀਮ ਤਹਿਤ ਯਾਤਰੀਆਂ ਦਾ ਪਹਿਲਾ ਜਥਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਜਾਵੇਗਾ

‘ਮੁੱਖ ਮੰਤਰੀ ਤੀਰਥ ਯਾਤਰਾ’ ਸਕੀਮ ਤਹਿਤ ਯਾਤਰੀਆਂ ਦਾ ਪਹਿਲਾ ਜਥਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਜਾਵੇਗਾ

ਭਗਵੰਤ ਮਾਨ 27 ਨਵੰਬਰ ਨੂੰ ਹਰੀ ਝੰਡੀ ਦਿਖਾ ਕੇ ਰੇਲ ਗੱਡੀ ਨੂੰ ਕਰਨਗੇ ਰਵਾਨਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ‘ਮੁੱਖ ਮੰਤਰੀ ਤੀਰਥ ਯਾਤਰਾ’ ਸਕੀਮ ਤਹਿਤ ਯਾਤਰੀਆਂ ਦਾ ਪਹਿਲਾ ਜਥਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਲਈ ਭੇਜੇਗੀ। ਮੁੱਖ ਮੰਤਰੀ ਭਗਵੰਤ ਮਾਨ 27 ਨਵੰਬਰ ਨੂੰ ਹਰੀ ਝੰਡੀ ਦਿਖਾ ਕੇ ਰੇਲਗੱਡੀ ਰਵਾਨਾ ਕਰਨਗੇ। ਅੰਮ੍ਰਿਤਸਰ ਤੋਂ ਇਹ ਰੇਲਗੱਡੀ ਨਾਂਦੇੜ ਸਾਹਿਬ ਲਈ ਜਾਵੇਗੀ। ਸਰਕਾਰ ਨੇ ਮੌਜੂਦਾ ਵਿੱਤੀ ਸਾਲ ਵਿੱਚ ਇਸ ਸਕੀਮ ਤਹਿਤ 40 ਕਰੋੜ ਦਾ ਬਜਟ ਰੱਖਿਆ ਹੈ। ‘ਮੁੱਖ ਮੰਤਰੀ ਤੀਰਥ ਯਾਤਰਾ’ ਸਕੀਮ ਤਹਿਤ 13 ਰੇਲਗੱਡੀਆਂ ਧਾਰਮਿਕ ਅਸਥਾਨਾਂ ਲਈ ਭੇਜੀਆਂ ਜਾਣਗੀਆਂ ਅਤੇ ਹਰ ਗੱਡੀ ‘ਚ ਇਕ ਹਜ਼ਾਰ ਯਾਤਰੀ ਦਰਸ਼ਨਾਂ ਵਾਸਤੇ ਜਾਣਗੇ। ਪ੍ਰਤੀ ਯਾਤਰੀ 3200 ਰੁਪਏ ਪ੍ਰਤੀ ਦਿਨ ਦਾ ਖਰਚਾ ਕੀਤਾ ਜਾਵੇਗਾ ਅਤੇ ਇੱਕ ਰੇਲਗੱਡੀ ਦਾ ਸਮੁੱਚਾ ਖ਼ਰਚ ਦੋ ਕਰੋੜ ਰੁਪਏ ਹੋਵੇਗਾ।
ਸਰਕਾਰ ਨੇ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਨਾਲ ਐੱਮਓਯੂ ਸਾਈਨ ਕੀਤਾ ਹੈ ਜਿਸ ਤਹਿਤ ਯਾਤਰੀਆਂ ਦੇ ਰਹਿਣ ਸਹਿਣ ਅਤੇ ਸਥਾਨਕ ਟਰਾਂਸਪੋਰਟ ਦੇ ਪ੍ਰਬੰਧ ਤੋਂ ਇਲਾਵਾ ਤਿੰਨ ਵਕਤ ਦਾ ਖਾਣਾ ਵੀ ਯਾਤਰੀਆਂ ਨੂੰ ਦਿੱਤਾ ਜਾਵੇਗਾ। ਹਰ ਅੱਠਵੇਂ ਦਿਨ ਰੇਲਗੱਡੀ ਧਾਰਮਿਕ ਅਸਥਾਨ ਲਈ ਰਵਾਨਾ ਕੀਤੀ ਜਾਵੇਗੀ ਅਤੇ ਹਲਕਾ ਵਿਧਾਇਕਾਂ ਵੱਲੋਂ ਯਾਤਰੀਆਂ ਦੀ ਸੂਚੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਯਾਤਰੀਆਂ ਦੀ ਸ਼ਨਾਖ਼ਤ ਕੀਤੀ ਜਾਵੇਗੀ ਜਿਹੜੇ ਆਰਥਿਕ ਤੌਰ ‘ਤੇ ਕਮਜ਼ੋਰ ਹੋਣਗੇ ਅਤੇ ਜਿਨ੍ਹਾਂ ਨੂੰ ਕਦੇ ਪਿੰਡ ਤੋਂ ਬਾਹਰ ਦੀ ਜ਼ਿੰਦਗੀ ਦੇਖਣ ਦਾ ਮੌਕਾ ਨਹੀਂ ਮਿਲਿਆ। ਯਾਤਰਾ ਲਈ ਨਾਂਦੇੜ ਸਾਹਿਬ, ਪਟਨਾ ਸਾਹਿਬ, ਵਾਰਾਨਸੀ, ਮਥੁਰਾ, ਵਰਿੰਦਾਵਨ, ਅਯੁੱਧਿਆ ਅਤੇ ਅਜਮੇਰ ਆਦਿ ਸਥਾਨਾਂ ਦੀ ਯਾਤਰਾ ਕਰਵਾਈ ਜਾਣੀ ਹੈ।
ਹਰ ਰੇਲਗੱਡੀ ਨਾਲ ਅਧਿਕਾਰੀਆਂ ਤੋਂ ਇਲਾਵਾ ਮੈਡੀਕਲ ਟੀਮ ਵੀ ਜਾਵੇਗੀ। ਹਰ ਯਾਤਰੀ ਦਾ 10 ਲੱਖ ਦਾ ਬੀਮਾ ਵੀ ਹੋਵੇਗਾ। ਰੋਜ਼ਾਨਾ ਚਾਰ ਬੱਸਾਂ ਧਾਰਮਿਕ ਸਥਾਨਾਂ ਲਈ ਭੇਜੀਆਂ ਜਾਣਗੀਆਂ। ਬੱਸਾਂ ਪੰਜਾਬ ਵਿਚਲੇ ਧਾਰਮਿਕ ਅਸਥਾਨਾਂ ਤੋਂ ਇਲਾਵਾ ਸਾਲਾਸਰ, ਵੈਸ਼ਨੋ ਦੇਵੀ, ਨੈਣਾ ਦੇਵੀ, ਮਾਤਾ ਜਵਾਲਾ ਜੀ ਦੇ ਦਰਸ਼ਨਾਂ ਲਈ ਜਾਣਗੀਆਂ। ਵਿਧਾਇਕਾਂ ਦੀ ਸਿਫ਼ਾਰਸ਼ ‘ਤੇ ਹਰ ਹਲਕੇ ਨੂੰ ਬੱਸ ਦਿੱਤੀ ਜਾਵੇਗੀ। ਸਰਕਾਰ ਨੇ ਯਾਤਰਾ ਦੀ ਰੂਪ ਰੇਖਾ ਲਈ ਕੈਬਨਿਟ ਸਬ-ਕਮੇਟੀ ਦਾ ਗਠਨ ਕੀਤਾ ਹੈ ਜਿਸ ਵਿਚ ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ ਅਤੇ ਅਮਨ ਅਰੋੜਾ ਸ਼ਾਮਲ ਹਨ।

Check Also

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸਿੱਖ ਆਗੂਆਂ ਨੇ ਲਿਖੀ ਚਿੱਠੀ

ਬੀਬੀ ਜਗੀਰ ਕੌਰ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰਨ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ …