Breaking News
Home / ਪੰਜਾਬ / ਦੇਸ਼-ਵਿਦੇਸ਼ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਰਿਲੀਜ਼

ਦੇਸ਼-ਵਿਦੇਸ਼ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਰਿਲੀਜ਼

ਦਲ ਖਾਲਸਾ ਵਲੋਂ ਅਕਾਲ ਤਖਤ ਸਾਹਿਬ ‘ਤੇ ਰਿਲੀਜ਼ ਕੀਤਾ ਕੈਲੰਡਰ
ਅੰਮ੍ਰਿਤਸਰ/ਬਿਊਰੋ ਨਿਊਜ਼
‘ਸੋਧੇ’ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰ ਚੁੱਕੀਆਂ ਸਿੱਖ ਜਥੇਬੰਦੀਆਂ ਵੱਲੋਂ ਨਵੇਂ ਵਰ੍ਹੇ (ਦੇਸੀ ਸਾਲ) ਦੀ ਆਮਦ ‘ਤੇ ਮੂਲ ਨਾਨਕਸ਼ਾਹੀ ਕੈਲੰਡਰ ਰਿਲੀਜ਼ ਕੀਤਾ ਗਿਆ। ਇੱਥੇ ਇਹ ਕੈਲੰਡਰ ਦਲ ਖ਼ਾਲਸਾ ਨੇ ਰਿਲੀਜ਼ ਕੀਤਾ ਜਦਕਿ ਅਮਰੀਕਾ ਵਿੱਚ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ઠਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਵੱਲੋਂ ਜਾਰੀ ਕੀਤਾ ਗਿਆ।
ਦਲ ਖ਼ਾਲਸਾ ਵੱਲੋਂ ઠਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਸਾਲ ਦੇ ਪਹਿਲੇ ਦਿਨ ਅਕਾਲ ਤਖ਼ਤ ਸਾਹਿਬ ਵਿਖੇ ਕੈਲੰਡਰ ਰਿਲੀਜ਼ ਕੀਤਾ ਗਿਆ ਅਤੇ ਸੰਗਤ ਵਿੱਚ ਵੰਡਿਆ ਗਿਆ। ਜਥੇਬੰਦੀ ਦੇ ਆਗੂਆਂ ਨੇ ਆਖਿਆ ਕਿ ਇਹ ਕਦਮ ਨਾਨਕਸ਼ਾਹੀ ਕੈਲੰਡਰ ਦੀ ਮੌਲਿਕਤਾ ਅਤੇ ਨਿਆਰੇਪਣ ਨੂੰ ਬਹਾਲ ਕਰਨ ਸਬੰਧੀ ਵਿੱਢੀ ਮੁਹਿੰਮ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਹੈ। ਜਾਰੀ ਕੈਲੰਡਰ ‘ਤੇ ਲਿਖਿਆ ਗਿਆ ਹੈ ਕਿ 14 ਅਪਰੈਲ 2003 ਨੂੰ ਕੁਝ ਕਾਰਨਾਂ ਕਰਕੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਮੌਕੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ, ਬੰਦੀ ਛੋੜ ਦਿਵਸ ਅਤੇ ਹੋਲਾ ਮਹੱਲੇ ਦੀਆਂ ਤਰੀਕਾਂ ਬਿਕਰਮੀ ਕੈਲੰਡਰ ਮੁਤਾਬਕ ਹੀ ਰਹਿਣ ਦਿੱਤੀਆਂ ਗਈਆਂ ਸਨ। ਇਨ੍ਹਾਂ 3 ਦਿਹਾੜਿਆਂ ਦੀਆਂ ਤਰੀਕਾਂ ਨੂੰ ਵੀ ਨਾਨਕਸ਼ਾਹੀ ਕੈਲੰਡਰ ਦੇ ਆਧਾਰ ਮੁਤਾਬਕ ਤੈਅ ਕਰਨ ਅਤੇ ਇਸ ਮੰਤਵ ਲਈ ਪੰਥ ਵਿੱਚ ਸਰਬਸੰਮਤੀ ਪੈਦਾ ਕਰਨ ਲਈ ਉਹ ਯਤਨਸ਼ੀਲ ਰਹਿਣਗੇ।
ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਨਾਨਕਸ਼ਾਹੀ ਕੈਲੰਡਰ ਦੀ ਅਸਲ ਸ਼ਾਨ ਅਤੇ ਸਰੂਪ ਨੂੰ ਮੁੜ ਕਾਇਮ ਕਰਨ ਲਈ ਦ੍ਰਿੜ੍ਹ ਹਨ। ਉਨ੍ਹਾਂ ਦੋਸ਼ ਲਾਇਆ ਕਿ ਨਾਨਕਸ਼ਾਹੀ ਕੈਲੰਡਰ ਦੇ ਘਾਣ ਲਈ ਬਾਦਲ ਪਰਿਵਾਰ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ‘ਜ਼ਿੰਮੇਵਾਰ’ ਹਨ। ਜਥੇਦਾਰ ਮੱਕੜ ਨੂੰ ਸ਼੍ਰੋਮਣੀ ਕਮੇਟੀ ਨੇ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਤੇ ਹੁਣ ਸਮਾਂ ਹੈ ਕਿ ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਇਸ ਅਹੁਦੇ ਤੋਂ ਹਟਾਇਆ ਜਾਵੇ। ਇਹ ਜਥੇਦਾਰ ਕੌਮ ਦਾ ਭਰੋਸਾ ਗੁਆ ਚੁੱਕੇ ਹਨ।
ਦਲ ਖ਼ਾਲਸਾ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਾਉਣ ਲਈ ਛੇਤੀ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨਾਲ ਮੁਲਾਕਾਤ ਕੀਤੀ ਜਾਵੇਗੀ। ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਸਿੱਖਾਂ ਦੀ ਨਿਆਰੀ ਪਛਾਣ ਦਾ ਪ੍ਰਤੀਕ ਹੈ। ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਸਤਨਾਮ ਸਿੰਘ ਪਾਉਂਟਾ ਸਾਹਿਬ ਅਤੇ ਬਲਦੇਵ ਸਿੰਘ ਸਿਰਸਾ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੇ ਵੀ ਸੰਬੋਧਨ ਕੀਤਾ।
ਅਮਰੀਕਨ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜੇ.ਐਸ. ਹੋਠੀ ਅਤੇ ਕੋਆਰਡੀਨੇਟਰ ઠਡਾ. ਪ੍ਰਿਤਪਾਲ ਸਿੰਘ ਨੇ ਇੱਕ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਦੇਸ਼ ਵਿਦੇਸ਼ ਵਿੱਚ 2003 ਵਾਲੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਮਾਨਤਾ ਹੈ। ਉਨ੍ਹਾਂ ਆਖਿਆ ਕਿ ਪ੍ਰੋ. ਬਡੂੰਗਰ ਸਿੱਖ ਭਾਵਨਾਵਾਂ ਦਾ ਸਨਮਾਨ ਕਰਦਿਆਂ ਮੁੜ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ। ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਵਿੱਚ ਵੀ ਪੀਜੀਪੀਸੀ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ ਹੈ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …