Breaking News
Home / ਪੰਜਾਬ / ਹਾਰ ਦੇ ਬਾਵਜੂਦ ਪਰੰਪਰਾ ਨਿਭਾਉਣ ਲਈ ਖਾਲੀ ਪੰਡਾਲ ‘ਚ ਅਕਾਲੀਆਂ ਨੇ ਕੀਤੀ ਸਿਆਸੀ ਕਾਨਫਰੰਸ

ਹਾਰ ਦੇ ਬਾਵਜੂਦ ਪਰੰਪਰਾ ਨਿਭਾਉਣ ਲਈ ਖਾਲੀ ਪੰਡਾਲ ‘ਚ ਅਕਾਲੀਆਂ ਨੇ ਕੀਤੀ ਸਿਆਸੀ ਕਾਨਫਰੰਸ

ਆਨੰਦਪੁਰ ਸਾਹਿਬ/ਬਿਊਰੋ ਨਿਊਜ਼
ਰਵਾਇਤ ਨੂੰ ਨਿਭਾਉਣ ਲਈ ਬਿਨਾ ਅਕਾਲੀ ਦਲ ਦੇ ਪ੍ਰਮੁੱਖ ਲੀਡਰਾਂ ਤੋਂ  ਹੀ ਪਾਰਟੀ ਨੇ ਜਿੱਥੇ ਰਸਮੀ ਰੈਲੀ ਕੀਤੀ, ਉਥੇ ਕਾਂਗਰਸ ਪਾਰਟੀ ਨੇ ਤਾਂ ਪਹਿਲਾਂ ਹੀ ਆਖ ਦਿੱਤਾ ਸੀ ਕਿ ਅਸੀਂ ਇਸ ਵਾਰ ਰੈਲੀ ਨਹੀਂ ਕਰਾਂਗੇ ਤੇ ਚੋਣ ਜਿੱਤਣ ਤੋਂ ਬਾਅਦ ਵੀ ਉਹ ਇਸ ਫੈਸਲੇ ‘ਤੇ ਕਾਇਮ ਰਹੇ, ਪਰ ਆਮ ਆਦਮੀ ਪਾਰਟੀ ਨੇ 10 ਤਰੀਕ ਦੀ ਰਾਤ ਤੱਕ ਰੈਲੀ ਨੂੰ ਲੈ ਕੇ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ ਪਰ ਚੋਣ ਨਤੀਜਿਆਂ ਤੋਂ ਬਾਅਦ ਉਨ੍ਹਾਂ ਰੈਲੀ ਰੱਦ ਕਰ ਦਿੱਤੀ।
ਹੋਲੇ ਮਹੱਲੇ ਦੇ ਦੂਜੇ ਦਿਨ ਅਕਾਲੀ ਦਲ ਦੀ ਜ਼ਿਲ੍ਹਾ ਇਕਾਈ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੈਦਾਨ ਵਿੱਚ ਸਿਆਸੀ ਮੰਚ ਤਾਂ ਸਜਾਇਆ ਗਿਆ ਪਰ ਇੱਥੇ ਸੰਗਤ ਨਾ ਬੁਹੜੀ। ਇਸ ਕਰਕੇ ਪੰਡਾਲ ਲਗਪਗ ਖਾਲੀ ਹੀ ਨਜ਼ਰ ਆਇਆ।  ਇਸ ਕਾਨਫਰੰਸ ਵਿੱਚ ਸੰਗਤ ਦੀ ਹਾਜ਼ਰੀ ਘੱਟ ਰਹਿਣ ਦੇ ਨਾਲ ਅਕਾਲੀ ਦਲ ਦੀ ਮੋਹਰਲੀ ਕਤਾਰ ਦੇ ਆਗੂ ਵੀ ਗ਼ੈਰਹਾਜ਼ਰ ਰਹੇ। ਲੀਡਰਸ਼ਿਪ ਵੱਲੋਂ ਕੀਤੀ ਇਸ ਸਿਆਸੀ ਕਾਨਫਰੰਸ ਵਿੱਚ ਕਰੀਬ 3 ਵਜੇ ਪੁੱਜੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੇ ਕੂੜ ਪ੍ਰਚਾਰ ਕਾਰਨ ਅਸੀਂ ਸੱਤਾ ਤੋਂ ਬਾਹਰ ਹੋਏ ਹਾਂ।
ਸ਼੍ਰੋਮਣੀ ਅਕਾਲੀ ਦਲ (ਅ) ਨੇ ਕੀਤੀ ਸਿਆਸੀ ਕਾਨਫਰੰਸ
ਅਕਾਲੀ ਦਲ (ਅਮ੍ਰਿਤਸਰ) ਵੱਲੋਂ ਵੀ ਸਿਆਸੀ ਕਾਨਫਰੰਸ ਕੀਤੀ ਗਈ। ਇਸ ਮੌਕੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਈ ਕਾਂਗਰਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਛੇਤੀ ਗ੍ਰਿਫ਼ਤਾਰ ਕਰੇ ਅਤੇ ਨਸ਼ਿਆਂ ਨੂੰ ਰੋਕਣ ਲਈ ਉਪਰਾਲੇ ਕਰੇ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਸਰਕਾਰ ਨੇ ਸਾਲਾਂ ਦੇ ਕਾਰਜਕਾਲ ਦੌਰਾਨ ਸਿੱਖਾਂ ਅਤੇ ਸਿੱਖੀ ਦਾ ਵੱਡਾ ਘਾਣ ਕੀਤਾ ਹੈ ਅਤੇ ਸਿੱਖ ਕੌਮ ਉਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗੀ। ਇਸ ਮੌਕੇ ਕੁਲਦੀਪ ਸਿੰਘ ਭਾਗੋਵਾਲ, ਬਲਵੀਰ ਸਿੰਘ ਸੁਹਾਣਾ, ਸ਼ਿੰਗਾਰਾ ਸਿੰਘ ਬੱਢਲਾ, ਅਮਰੀਕ ਸਿੰਘ ਨੰਗਲ ਤੇ ਦਿਲਬਾਗ ਸਿੰਘ ਬੁਰਜਵਾਲਾ ਆਦਿ ਹਾਜ਼ਰ ਸਨ।

Check Also

ਪੰਜਾਬ ਭਾਜਪਾ ਦੇ ਵਫਦ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਦਿੱਤਾ ਮੰਗ ਪੱਤਰ

ਚੋਣ ਕਮਿਸ਼ਨ ਨੇ ਡੀ.ਜੀ.ਪੀ. ਪੰਜਾਬ ਤੋਂ ਮੰਗਿਆ ਜਵਾਬ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ …