Breaking News
Home / ਪੰਜਾਬ / ਕਿਸਾਨ ਖੁਦਕੁਸ਼ੀਆਂ ਤੇ ਨਸ਼ਿਆਂ ਨਾਲ ਮੌਤਾਂ ਅੱਗੇ ਪੰਜਾਬ ਬੇਵੱਸ

ਕਿਸਾਨ ਖੁਦਕੁਸ਼ੀਆਂ ਤੇ ਨਸ਼ਿਆਂ ਨਾਲ ਮੌਤਾਂ ਅੱਗੇ ਪੰਜਾਬ ਬੇਵੱਸ

30 ਦਿਨਾਂ ‘ਚ 29 ਕਿਸਾਨਾਂ ਨੇ ਕੀਤੀ ਖੁਦਕੁਸ਼ੀ ਅਤੇ 24 ਨੌਜਵਾਨ ਚੜ੍ਹੇ ਨਸ਼ਿਆਂ ਦੀ ਭੇਟ
ਜਲੰਧਰ/ਬਿਊਰੋ ਨਿਊਜ਼ : ਪਿਛਲੇ ਕਰੀਬ ਇਕ ਮਹੀਨੇ ਤੋਂ ਪੰਜਾਬ ਅੰਦਰ ਜਿਥੇ ਕਿਸਾਨ-ਖੁਦਕੁਸ਼ੀਆਂ ਵਿਚ ਉਛਾਲ ਆਇਆ ਹੈ, ਉਥੇ ਰਾਜ ਅੰਦਰ ਨਸ਼ੇ ਦੀ ਤੋੜ ਜਾਂ ਵੱਧ ਮਾਤਰਾ ਲੈਣ ਕਾਰਨ ਨੌਜਵਾਨਾਂ ਦੀਆਂ ਮੌਤਾਂ ਨਿੱਤ ਦਾ ਸਿਲਸਿਲਾ ਬਣ ਗਿਆ ਹੈ। ਹਾਸਲ ਰਿਪੋਰਟ ਮੁਤਾਬਿਕ ਪਿਛਲੇ 30 ਦਿਨਾਂ ਵਿਚ 29 ਕਿਸਾਨ ਮਜਬੂਰਨ ਮੌਤ ਨੂੰ ਗਲੇ ਲਗਾ ਗਏ, ਜਦਕਿ 24 ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਗਏ ਹਨ। ਏਨੀ ਵੱਡੀ ਗਿਣਤੀ ਵਿਚ ਕਿਸਾਨਾਂ ਤੇ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਵਿਰੁੱਧ ਵਿਆਪਕ ਰੋਸ ਤੇ ਰੋਹ ਕਿਧਰੇ ਉੱਠ ਰਿਹਾ ਦਿਖਾਈ ਨਹੀਂ ਦਿੰਦਾ।
ਕਰਜ਼ੇ ਹੇਠ ਦੱਬੇ ਤੇ ਕਿਸਾਨੀ ਸੰਕਟ ਦੇ ਭੰਨੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀਆਂ ਖ਼ਬਰਾਂ ਤਾਂ ਕਈ ਸਾਲਾਂ ਤੋਂ ਅਖ਼ਬਾਰਾਂ ਵਿਚ ਸਥਾਈ ਥਾਂ ਮੱਲੀ ਆ ਰਹੀਆਂ ਹਨ, ਪਰ ਹੁਣ ਨਸ਼ੇ ਦੀ ਤੋੜ ਕਾਰਨ ਖੁਦਕੁਸ਼ੀ ਕਰਨ ਜਾਂ ਵੱਧ ਮਾਤਰਾ ਵਿਚ ਨਸ਼ਾ ਖਾ ਲੈਣ ਕਾਰਨ ਨੌਜਵਾਨਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਵੀ ਸਥਾਈ ਕਾਲਮ ਬਣ ਗਈਆਂ ਹਨ। ਲਗਦਾ ਹੈ ਕਿ ਮੌਤਾਂ ਦੇ ਵੈਣ ਪੜ੍ਹ-ਸੁਣ ਕੇ ਲੋਕਾਂ ਦੇ ਅੱਖਾਂ ਤੇ ਕੰਨ ਪੱਕ ਗਏ ਹਨ, ਦਿਲ ਹਾਉਕੇ ਲੈ-ਲੈ ਪੱਥਰ ਬਣ ਗਏ ਹਨ। ਸਿਆਸੀ ਪਾਰਟੀਆਂ ਤੇ ਜਨਤਕ ਸੰਗਠਨਾਂ ਲਈ ਇਹ ਮੌਤਾਂ ਮਹਿਜ਼ ਸਿਆਸੀ ਬਿਆਨਬਾਜ਼ੀ ਦਾ ਜ਼ਰੀਆ ਬਣ ਕੇ ਰਹਿ ਗਈਆਂ ਹਨ। ਸਰਕਾਰਾਂ ਪੂਰੀ ਤਰ੍ਹਾਂ ਬੇਵਾਸਤਾ ਹੋ ਕੇ ਡੰਗ ਟਪਾਈ ਵਾਲਾ ਰਵੱਈਆ ਅਪਣਾਈ ਬੈਠੀਆਂ ਹਨ। ਪੰਜਾਬ ਦੇ ਉੱਦਮੀ ਤੇ ਸੰਘਰਸ਼ਸ਼ੀਲ ਮਾਦੇ ਵਾਲੇ ਲੋਕ ਬੇਵੱਸ ਹੋ ਕੇ ਵਗਦੇ ਅੱਥਰੂ ਅੰਦਰੇ-ਅੰਦਰ ਪੀਣ ਤੁਰ ਪਏ ਹਨ। ਇਨਸਾਨੀ ਕਦਰਾਂ-ਕੀਮਤਾਂ ਲਈ ਮਰ ਮਿਟਣ ਵਾਲੇ ਦੁਨੀਆ ਭਰ ਵਿਚ ਜਾਣੇ ਜਾਂਦੇ ਤੇ ਮਿੱਟੀ ਨਾਲ ਮਿੱਟੀ ਹੋ ਕੇ ਭਾਰਤ ਦੇ ਅੰਨ ਭੰਡਾਰ ਭਰਨ ਵਿਚ ਮੋਹਰੀ ਰੋਲ ਅਦਾ ਕਰਨ ਵਾਲੇ ਪੰਜਾਬੀ, ਲਗਦਾ ਹੈ ਕਿ ਆਪਣਾ ਸੰਘਰਸ਼ ਤੇ ਉੱਦਮੀ ਮਾਦਾ ਖੋਹ ਬੈਠੇ ਹਨ। ਤ੍ਰਾਸਦੀ, ਮੂੰਹ ਆਏ ਪੰਜਾਬ ਤੋਂ ਅੱਕੇ ਲੋਕ ਸੰਘਰਸ਼ ਕਰਨ ਦੀ ਤਮੰਨਾ ਹੀ ਖੋਹ ਬੈਠੇ ਹਨ। ਪੰਜਾਬ ਦੇ ਸਵਾ ਲੱਖ ਦੇ ਕਰੀਬ ਨੌਜਵਾਨ ਹਰ ਵਰ੍ਹੇ ਵਿੱਦਿਆ ਦੇ ਬਹਾਨੇ 40 ਹਜ਼ਾਰ ਕਰੋੜ ਰੁਪਏ ਲੈ ਕੇ ਪਰਵਾਸ ਕਰ ਰਹੇ ਹਨ।
ਉੱਘੇ ਅਰਥ ਸ਼ਾਸਤਰੀ ਤੇ ਸਫ਼ਲ ਵਿਗਿਆਨੀ ਡਾ: ਸਰਦਾਰਾ ਸਿੰਘ ਜੌਹਲ ਦਾ ਕਹਿਣਾ ਹੈ ਕਿ ਖੁਦਕੁਸ਼ੀਆਂ ਤੇ ਨਸ਼ਿਆਂ ਨਾਲ ਮੌਤਾਂ ਦਾ ਸਿਲਸਿਲਾ ਏਨਾ ਹੋ ਗਿਆ ਹੈ ਕਿ ਹੁਣ ਇਹ ਸਾਡੇ ਸਮਾਜ ਦੀ ਮਾਨਸਿਕਤਾ ਨੂੰ ਝੰਜੋੜਨੋ ਹਟ ਗਿਆ ਹੈ। ਲੋਕਾਂ ਨੂੰ ਇਹ ਮੌਤਾਂ ਆਮ ਵਰਤਾਰਾ ਲੱਗਣ ਲੱਗੀਆਂ ਹਨ। ਡਾ: ਜੌਹਲ ਕਹਿੰਦੇ ਹਨ ਕਿ ਪੰਜਾਬ ਇਸ ਵੇਲੇ ਚੁਪਾਸੜ ਸੰਕਟ ਦੇ ਮੂੰਹ ਆਇਆ ਖੜ੍ਹਾ ਹੈ, ਪਰ ਅਜਿਹੇ ਸੰਕਟਾਂ ਨਾਲ ਜੂਝਣ ਤੇ ਹੱਲ ਕਰਨ ਦੀ ਸਰਕਾਰਾਂ ਕੋਲ ਇੱਛਾ ਸ਼ਕਤੀ ਕੋਈ ਨਹੀਂ ਹੈ। ਇਸ ਕਰਕੇ ਇਹ ਸੰਕਟ ਘਟਣ ਦੀ ਥਾਂ ਵਧਦਾ ਜਾ ਰਿਹਾ ਹੈ।
ਬਦਲਵੀਂ ਸਿਆਸਤ ਵਾਲੀ ਧਿਰ ਨੇ ਵੀ ਭਰੋਸਾ ਗੁਆਇਆ
ਬਦਲਵੀਂ ਸਿਆਸਤ ਕਰਨ ਦਾ ਦਮ ਭਰਨ ਵਾਲੀ ਧਿਰ ਏਨੀ ਖੱਖੜੀ ਕਰੇਲੇ ਹੋ ਗਈ ਹੈ ਕਿ ਹੁਣ ਉਹ ਇਕ ਵਾਰ ਤਾਂ ਲੋਕਾਂ ਦਾ ਭਰੋਸਾ ਹੀ ਖੋਹ ਬੈਠੀ ਹੈ। ਲੋਕਾਂ ਵਿਚ ਸਾਫ਼-ਸੁਥਰੀ ਸਿਆਸਤ ਤੇ ਚੰਗਾ ਪ੍ਰਸ਼ਾਸਨ ਦੇਣ ਵਾਲੀ ਲੀਡਰਸ਼ਿਪ ਦੀ ਚਾਹਤ ਤਾਂ ਬੇਹੱਦ ਹੈ, ਪਰ ਉਨ੍ਹਾਂ ਦੀ ਇਹ ਖਾਹਿਸ਼ ਅਜੇ ਹਕੀਕਤ ਵਿਚ ਬਦਲਣ ਦੇ ਆਸਾਰ ਨਜ਼ਰ ਨਹੀਂ ਆ ਰਹੇ। ਮਾਨਸਿਕ, ਆਰਥਿਕ ਤੇ ਸਿਆਸੀ ਥਕੇਵੇਂ ਦੇ ਭੰਨੇ ਲੋਕਾਂ ਵਿਚ ਪੈਦਾ ਹੋਈ ਬੇਵਸੀ ਦੀ ਭਾਵਨਾ ਜਿਥੇ ਵੱਡੀ ਚਿੰਤਾ ਦਾ ਵਿਸ਼ਾ ਹੈ, ਉਥੇ ਇਹ ਕਿਸੇ ਵੇਲੇ ਵੀ ਕਿਸੇ ਵਿਸਫੋਟਕ ਹਾਲਾਤ ਦੇ ਪੈਦਾ ਕਰਨ ਦਾ ਵੀ ਸੰਕੇਤ ਕਿਹਾ ਜਾ ਸਕਦਾ ਹੈ।
ਸੰਕਟ ਮਾਲਵਾ ਤੇ ਮਾਝੇ ਤੱਕ ਫੈਲਿਆ
ਕਿਸਾਨ-ਖੁਦਕੁਸ਼ੀਆਂ ਦੇ ਮਾਮਲੇ ਨੇ ਮਾਲਵੇ ਦੇ ਕੁਝ ਜ਼ਿਲ੍ਹਿਆਂ ਤੋਂ ਹੁਣ ਪੂਰੇ ਪੰਜਾਬ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ। ਦੁਆਬਾ ਖੇਤਰ ਵਪਾਰਕ ਖੇਤੀ ਤੇ ਵਿਦੇਸ਼ਾਂ ਵਿਚ ਗਏ ਲੋਕਾਂ ਦੇ ਸਹਾਰੇ ਅਜੇ ਇਸ ਸੰਕਟ ਦੀ ਮਾਰ ਤੋਂ ਕੁਝ ਬਚਿਆ ਹੋਇਆ ਹੈ। ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਵਿਚ ਵੱਡੀ ਗਿਣਤੀ ਮਾਲਵਾ ਖੇਤਰ ਤੋਂ ਹੈ, ਜਦਕਿ ਦੁਆਬਾ ਖੇਤਰ ਦੇ 6 ਕਿਸਾਨ ਵੀ ਇਨ੍ਹਾਂ ਵਿਚ ਸ਼ਾਮਿਲ ਹਨ। ਨਸ਼ਿਆਂ ਕਾਰਨ ਮਰਨ ਵਾਲੇઠਨੌਜਵਾਨਾਂ ਵਿਚ ਵੀ 80 ਫੀਸਦੀ ਤੋਂ ਵਧੇਰੇ ਮਾਲਵਾ ਖੇਤਰ ਨਾਲ ਹੀ ਸਬੰਧਿਤ ਹਨ। ਕੈਪਟਨ ਸਰਕਾਰ ਨੇ ਖੁਦਕੁਸ਼ੀ ਕਰਨ ਵਾਲੇ ਹਰ ਕਿਸਾਨ ਦੇ ਪਰਿਵਾਰ ਨੂੰ 3 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ ਪਰ ਇਸ ਵਾਸਤੇ ਸ਼ਰਤਾਂ ਏਨੀਆਂ ਸਖ਼ਤ ਬਣਾ ਦਿੱਤੀਆਂ ਕਿ ਖੁਦਕੁਸ਼ੀਆਂ ਲਈ ਸਭ ਤੋਂ ਵਧੇਰੇ ਪ੍ਰਭਾਵਿਤ ਮਾਨਸਾ ਤੇ ਬਠਿੰਡਾ ਜ਼ਿਲ੍ਹੇ ਵਿਚ ਕਿਸੇ ਨੂੰ ਵੀ ਮੁਆਵਜ਼ਾ ਨਹੀਂ ਮਿਲਿਆ। ਬਾਕੀ ਪੰਜਾਬ ਵਿਚ ਵੀ ਲਗਪਗ ਇਹੀ ਹਾਲ ਹੈ। ਪੀੜਤ ਪਰਿਵਾਰ ਥਾਣਿਆਂ ਤੇ ਡੀ. ਸੀ. ਦਫ਼ਤਰਾਂ ਵਿਚ ਭਟਕਦੇ ਫਿਰਦੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਲੋਟੂ ਪ੍ਰਬੰਧ ਨੇ ਅਜਿਹਾ ਮਕੜ ਜਾਲ ਬੁਣਿਆ ਕਿ ਕਿਸਾਨ ਵੀ ਸੰਘਰਸ਼ ਵੱਲ ਜਾਣ ਦੀ ਬਜਾਏ ਖੁਦਕੁਸ਼ੀਆਂ ਬਾਅਦ ਮੁਆਵਜ਼ਿਆਂ ਵੱਲ ਤੁਰ ਪਿਆ ਹੈ। ਇਹ ਅੱਜ ਦੀ ਵੱਡੀ ਤ੍ਰਾਸਦੀ ਹੈ।
ਸਿਆਸੀ ਤਾਣਾ-ਬਾਣਾ ਉਲਝਿਆ
ਪੰਜਾਬ ਦਾ ਸਿਆਸੀ ਤਾਣਾ ਬੇਹੱਦ ਉਲਝ ਕੇ ਰਹਿ ਗਿਆ ਹੈ। ਸਿਆਸਤ ਦੀ ਲੋਕ-ਸੇਵਾ ਵਾਲੀ ਭਾਵਨਾ ਖੰਭ ਲਗਾ ਕੇ ਉੱਡ ਗਈ ਹੈ ਤੇ ਭ੍ਰਿਸ਼ਟਾਚਾਰ ਤੇ ਬੇਈਮਾਨੀ ਪ੍ਰਧਾਨਤਾ ਹਾਸਲ ਕਰ ਗਈ ਹੈ। ਤੱਤਹੀਣ ਹੋਏ ਪੰਜਾਬੀ ਸਿਆਸਤਦਾਨਾਂ ਦੇ ਲਾਰਿਆਂ ਤੇ ਭਾਸ਼ਣਾਂ ਦੇ ਪ੍ਰਚਾਵਿਆਂ ਨਾਲ ਢਿੱਡ ਭਰਨ ਦਾ ਭਰਮ ਪਾਲਣ ਲੱਗ ਪਏ ਹਨ। ਕਦੇ ਅਕਾਲੀ ਦਲ ਦੀ ਕਿਸਾਨਾਂ ਨੂੰ ਮੁਫ਼ਤ ਬਿਜਲੀ ਅਤੇ ਗਰੀਬਾਂ ਲਈ ਆਟਾ-ਦਾਲ ਸਕੀਮ ਉਨ੍ਹਾਂ ਦੀ ਹੋਣੀ ਬਣ ਜਾਂਦਾ ਹੈ, ਕਦੇ ਕੈਪਟਨ ਦੀ ਕਰਜ਼ਾ ਮੁਆਫ਼ੀ ਤੇ ਹੋਰ ਲਾਰਿਆਂ ਵਿਚੋਂ ਲੋਕ ਜ਼ਿੰਦਗੀ ਦਾ ਆਸਰਾ ਟੋਲਣ ਤੁਰ ਪੈਂਦੇ ਹਨ, ਪਰ ਕੈਪਟਨ ਸਰਕਾਰ ਨੇ ਸਾਢੇ ਕੁ ਚਾਰ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਕੇ ਇਸ ਸਕੀਮ ਨੂੰ ਅੱਗੇ ਤੋਰਨ ਤੋਂ ਮੂੰਹ ਹੀ ਫੇਰ ਲਿਆ ਹੈ।

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …