ਅੰਮ੍ਰਿਤਸਰ/ਬਿਊਰੋ ਨਿਊਜ਼
ਪਾਕਿਸਤਾਨ ਨੇ ਇਸ ਵਰ੍ਹੇ ਦੇ ਅੰਦਰ 132 ਕਰੋੜ ਰੁਪਏ ਦੀ ਲਾਗਤ ਨਾਲ ਦਰਿਆ ਰਾਵੀ ‘ਤੇ ਪੁਲ, ਸੜਕਾਂ, 1000 ਦੇ ਕਰੀਬ ਯਾਤਰੂਆਂ ਦੀ ਸਮਰੱਥਾ ਵਾਲੀ ਸਰਾਂ ਅਤੇ ਬਾਰਡਰ ਟਰਮੀਨਲ ਆਦਿ ਦੀ ਪਹਿਲੇ ਪੜਾਅ ਦੀ ਉਸਾਰੀ ਨੂੰ ਪੂਰਾ ਕਰਨ ਦਾ ਫ਼ੈਸਲਾ ਕੀਤਾ ਹੈ। ਸੰਘੀ ਯੋਜਨਾ ਮੰਤਰੀ ਮਖ਼ਦੂਮ ਖ਼ੁਸਰੋ ਬਖ਼ਤਿਆਰ ਨੇ ਇਸਲਾਮਾਬਾਦ ਵਿਚ ਸ੍ਰੀ ਕਰਤਾਰਪੁਰ ਲਾਂਘੇ ਦੇ ਵਿਕਾਸ ਬਾਰੇ ਇਕ ਬੈਠਕ ਦੀ ਪ੍ਰਧਾਨਗੀ ਕਰਦਿਆਂ ਇਹ ਜਾਣਕਾਰੀ ਦਿੱਤੀ।
ਇਸ ਮੌਕੇ ‘ਤੇ ਸਕੱਤਰ ਯੋਜਨਾ ਜ਼ਫ਼ਰ ਹਸਨ, ਸਕੱਤਰ ਧਾਰਮਿਕ ਮਾਮਲੇ, ਡਾਇਰੈਕਟਰ ਜਨਰਲ ਐੱਫ.ਡਬਲਯੂ.ਓ. ਮੇਜਰ ਜਨਰਲ ਇਨਾਮ ਹੈਦਰ ਮਲਿਕ, ਮੈਂਬਰ ਯੋਜਨਾ ਕਮਿਸ਼ਨ, ਡਿਪਟੀ ਕਮਿਸ਼ਨਰ ਨਾਰੋਵਾਲ, ਕਮਿਸ਼ਨਰ ਗੁੱਜਰਾਂਵਾਲਾ, ਐਨ.ਈ.ਐੱਸ.ਪੀ. ਏ.ਕੇ.ਦੇ ਨੁਮਾਇੰਦੇ ਅਤੇ ਵੱਖ-ਵੱਖ ਮੰਤਰਾਲਿਆਂ ਦੇ ਉੱਚ ਅਧਿਕਾਰੀ ਹਾਜ਼ਰ ਸਨ।
ਮੰਤਰੀ ਮਖ਼ਦੂਮ ਖ਼ੁਸਰੋ ਨੇ ਕਿਹਾ ਕਿ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲਾਂਘੇ ਅਤੇ ਆਖ਼ਰੀ ਪੜਾਅ ਦੀ ਉਸਾਰੀ ਮੁਕੰਮਲ ਹੋਣ ‘ਤੇ ਭਾਰਤ ਅਤੇ ਵਿਸ਼ਵ ਦੇ ਹੋਰਨਾਂ ਹਿੱਸਿਆਂ ਤੋਂ ਸ੍ਰੀ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਸ੍ਰੀ ਕਰਤਾਰਪੁਰ ਸਾਹਿਬ) ਦੇ ਦਰਸ਼ਨਾਂ ਹਿੱਤ ਰੋਜ਼ਾਨਾ 7 ਤੋਂ 10 ਹਜ਼ਾਰ ਸ਼ਰਧਾਲੂ ਸਿੱਖ ਨਤਮਸਤਕ ਹੋਣ ਲਈ ਪਹੁੰਚਣਗੇ। ਪਾਕਿ ਸਰਕਾਰ ਵਿਦੇਸ਼ ਤੋਂ ਆਉਣ ਵਾਲੇ ਹਰੇਕ ਯਾਤਰੀ ‘ਤੇ 20 ਯੂ.ਐੱਸ. ਡਾਲਰ (ਭਾਰਤੀ ਕਰੰਸੀ ਮੁਤਾਬਿਕ 1398 ਅਤੇ ਪਾਕਿਸਤਾਨੀ ਕਰੰਸੀ ਮੁਤਾਬਿਕ 3120 ਰੁਪਏ) ਯਾਤਰਾ ਫ਼ੀਸ ਲਗਾਉਣ ‘ਤੇ ਵਿਚਾਰ ਕਰ ਰਹੀ ਹੈ ਜਦਕਿ ਸਥਾਨਕ ਲੋਕਾਂ ਤੋਂ ਬਹੁਤ ਘੱਟ ਫ਼ੀਸ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪਾਕਿ ਸਰਕਾਰ ਨੇ ਬਜਟ 2019-20 ਵਿਚ ਪਬਲਿਕ ਸੈਕਟਰ ਵਿਕਾਸ ਪ੍ਰੋਗਰਾਮ (ਪੀ.ਐੱਸ.ਡੀ.ਪੀ.) ਅਧੀਨ ਭੂਮੀ ਹਾਸਲ ਕਰਨ ਅਤੇ ਵਿਕਾਸ ਦੇ ਕੰਮਾਂ ਲਈ 100 ਕਰੋੜ ਰੁਪਏ ਅਲਾਟ ਕੀਤੇ ਹਨ ਅਤੇ ਉਕਤ ਸਾਰੇ ਪ੍ਰੋਜੈਕਟ ‘ਤੇ ਕੁਲ 300 ਕਰੋੜ ਰੁਪਏ ਅਨੁਮਾਨਿਤ ਲਾਗਤ ਆਉਣ ਦੀ ਸੰਭਾਵਨਾ ਹੈ।
ਲਹਿੰਦੇ ਪੰਜਾਬ ਦੀ ਅਸੈਂਬਲੀ ਵਲੋਂ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਲਈ ਫੰਡਾਂ ਨੂੰ ਮਨਜੂਰੀ
ਅੰਮ੍ਰਿਤਸਰ : ਪਾਕਿਸਤਾਨ ਦੀ ਲਹਿੰਦੇ ਪੰਜਾਬ ਦੀ ਅਸੈਂਬਲੀ ਵਲੋਂ ਬਜਟ ਇਜਲਾਸ ਦੌਰਾਨ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਵਿਖੇ ਸਥਾਪਤ ਕੀਤੀ ਜਾਣ ਵਾਲੀ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਉਸਾਰੀ ਲਈ ਲੋੜੀਂਦੇ ਫੰਡਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਾਣਕਾਰੀ ਅਨੁਸਾਰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਸਥਾਪਤ ਕੀਤੀ ਜਾਣ ਵਾਲੀ ਕੌਮਾਂਤਰੀ ਯੂਨੀਵਰਸਿਟੀ ਲਈ ਫੰਡਾਂ ਨੂੰ ਮਨਜ਼ੂਰੀ ਦਿੱਤੇ ਜਾਣ ਦੇ ਨਾਲ-ਨਾਲ 70 ਏਕੜ ਜ਼ਮੀਨ ਵੀ ਅਲਾਟ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਰ ਵਲੋਂ ਯੂਨੀਵਰਸਿਟੀ ਦੀ ਉਸਾਰੀ ਦਾ ਮਾਮਲਾ ਇਸ ਵਰ੍ਹੇ ਦੇ ਵਿਕਾਸ ਪ੍ਰੋਗਰਾਮ ਵਿਚ ਸ਼ਾਮਿਲ ਕੀਤਾ ਗਿਆ ਹੈ। ਸ੍ਰੀ ਨਨਕਾਣਾ ਸਾਹਿਬ ਵਿਚ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਯੂਨੀਵਰਸਿਟੀ ਬਣਾਉਣ ਲਈ ਪਾਕਿਸਤਾਨ ਵਿਚ ਰਹਿ ਰਹੇ ਸਿੱਖ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਨ, ਤੇ ਪੰਜਾਬ ਸਰਕਾਰ ਵਲੋਂ ਕੀਤੇ ਗਏ ਉਕਤ ਐਲਾਨ ਨੂੰ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿ ਸਰਕਾਰ ਵਲੋਂ ਉਨ੍ਹਾਂ ਨੂੰ ਦਿੱਤਾ ਗਿਆ ਇਕ ਵੱਡਾ ਤੋਹਫਾ ਦੱਸਿਆ ਹੈ। ਉੱਧਰ ਪੰਜਾਬ ਯੂਨੀਵਰਸਿਟੀ ਦੇ ਬੁਲਾਰੇ ਖੁਰਮ ਸ਼ਹਿਜ਼ਾਦ ਨੇ ਕਿਹਾ ਹੈ ਕਿ ਪਾਕਿ ਵਿਚ ਪਹਿਲੀ ਵਾਰ ਪੰਜਾਬ ਯੂਨੀਵਰਸਿਟੀ ਵਲੋਂ ਸ਼ਾਂਤੀ ਦੇ ਸੰਦੇਸ਼ ਨੂੰ ਉਤਸ਼ਾਹਿਤ ਕਰਨઠਲਈ ਬਾਬਾ ਗੁਰੂ ਨਾਨਕ ਰਿਸਰਚ ਚੇਅਰ ਦੀ ਸਥਾਪਨਾ ਕੀਤੀ ਗਈ ਹੈ, ਜਿਸ ਦੇ ਬਾਅਦ ਹੁਣ ਯੂਨੀਵਰਸਿਟੀ ਦੇ ਵਿਦਿਆਰਥੀ ਬਾਬਾ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ‘ਤੇ ਖੋਜ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਇਕ ਅਜਿਹੀ ਵਿੱਦਿਅਕ ਸੰਸਥਾ ਹੈ, ਜੋ ਸਮਾਜ ਵਿਚ ਗੁਰੂ ਨਾਨਕ ਦੇਵ ਜੀ ਦੇ ਸਹਿਣਸ਼ੀਲਤਾ ਦੇ ਸੰਦੇਸ਼ ਨੂੰ ਉਤਸ਼ਾਹਿਤ ਕਰਨ ਦੀ ਲੋੜ ਮਹਿਸੂਸ ਕਰਦੀ ਹੈ। ਦੱਸਣਯੋਗ ਹੈ ਕਿ ਪਾਕਿਸਤਾਨ ਈਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਸਾਬਕਾ ਚੇਅਰਮੈਨ ਲੈਫਟੀਨੈਂਟ ਕਰਨਲ ਜ਼ੁਲਫਿਕਾਰ ਅਲੀ ਖਾਂ ਵਲੋਂ ਪਹਿਲੀ ਵਾਰ ਸਾਲ 2007 ਵਿਚ ਸ੍ਰੀ ਨਨਕਾਣਾ ਸਾਹਿਬ ਵਿਚਲੀ ਵਕਫ ਦੀ ਭੂਮੀ ‘ਤੇ 25 ਏਕੜ ਵਿਚ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਖੋਲ੍ਹੇ ਜਾਣ ਦਾ ਐਲਾਨ ਕੀਤਾ ਗਿਆ ਸੀ।
ਕਰਤਾਰਪੁਰ ਲਾਂਘੇ ਦੇ ਵਿਕਾਸ ਕੰਮਾਂ ਦਾ ਪੰਜਾਬ ਦੇ ਮੁੱਖ ਸਕੱਤਰ ਨੇ ਲਿਆ ਜਾਇਜ਼ਾ
ਬਟਾਲਾ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਦਿਵਸ ਨੂੰ ਮੁੱਖ ਰੱਖਦਿਆਂ ਅਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਚੱਲ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਵਾਸਤੇ ਕਰਨ ਅਵਤਾਰ ਸਿੰਘ ਮੁੱਖ ਸਕੱਤਰ ਪੰਜਾਬ ਸਰਕਾਰ ਵਿਸ਼ੇਸ਼ ਤੌਰ ‘ਤੇ ਡੇਰਾ ਬਾਬਾ ਨਾਨਕ ਪੁਹੰਚੇ। ਇਸ ਮੌਕੇ ਉਨ੍ਹਾਂ ਭਾਰਤ-ਪਾਕਿ ਸਰਹੱਦ ‘ਤੇ ਚੱਲ ਰਹੇ ਵਿਕਾਸ ਕਾਰਜਾਂ ਦੇ ਪ੍ਰਬੰਧਾਂ ਦਾ ਨਿਰੀਖਣ ਕੀਤਾ, ਉਪਰੰਤ ਉਨ੍ਹਾਂ ਬੀਐਸਐਫ ਦੇ ਹੈੱਡਕੁਆਰਟਰ ਵਿਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।ਮੁੱਖ ਸਕੱਤਰ ਨੇ ਸ਼ਤਾਬਦੀ ਸਮਾਗਮਾਂ ਤੋ ਪਹਿਲਾਂ-ਪਹਿਲਾਂ ਵਿਕਾਸ ਕੰਮ ਮੁਕੰਮਲ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ। ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਤੇ ਬਟਾਲਾ ਦੇ ਵਿਕਾਸ ਕੰਮਾਂ ਵਿੱਚ ਹੋਰ ਤੇਜ਼ ਗਤੀ ਲਿਆਂਦੀ ਜਾਵੇ ਤੇ ਵਿਕਾਸ ਕੰਮ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕੀਤੇ ਜਾਣ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਨੇੜਲੇ 11 ਪਿੰਡਾਂ ਅੰਦਰ ਕਰੀਬ 24 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ, ਜਿਸਦੇ ਐਸਟੀਮੇਟ ਤਿਆਰ ਹੋ ਗਏ ਹਨ ਅਤੇ ਜਲਦ ਕੰਮ ਸ਼ੁਰੂ ਹੋਣ ਵਾਲਾ ਹੈ।ਡੇਰਾ ਬਾਬਾ ਨਾਨਕ ਕਸਬੇ ਨੂੰ ਆਉਣ ਵਾਲੀਆਂ ਸੜਕਾਂ ਫਤਿਹਗੜ੍ਹ ਚੂੜੀਆਂ ਤੇ ਬਟਾਲਾ ਤੋਂ ਡੇਰਾ ਬਾਬਾ ਨਾਨਕ ਵਾਲੀਆਂ ਸੜਕਾਂ ਦੇ ਵਿਕਾਸ ਕੰਮ ਜਲਦ ਸ਼ੁਰੂ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਡੀਜੀਪੀ ਦਿਨਕਰ ਗੁਪਤਾ, ਵਿੰਨੀ ਮਹਾਜਨ ਐਡੀਸ਼ਨਲ ਚੀਫ ਸੈਕਰੇਟਰੀ ਹਾਊਸਿੰਗ ਐਂਡ ਅਰਬਨ ਡਿਵਲਪਮੈਂਟ, ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ, ਡੀਸੀ ਵਿਪੁਲ ਉਜਵਲ, ਐਸਐਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਸਜਾਇਆ ਜਾਵੇਗਾ ਨਗਰ ਕੀਰਤਨ
ਪਾਕਿ ਸਰਕਾਰ ਨੇ ਦਿੱਤੀ ਪ੍ਰਵਾਨਗੀ – ਸਰਨਾ ਭਰਾ ਲੈ ਕੇ ਜਾਣਗੇ ਨਗਰ ਕੀਰਤਨ
ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਨਗਰ ਕੀਰਤਨ ਦਿੱਲੀ ਤੋਂ ਗੁਰਦੁਆਰਾ ਨਨਕਾਣਾ ਸਾਹਿਬ (ਪਾਕਿਸਤਾਨ) ਤਕ ਸਜਾਇਆ ਜਾਵੇਗਾ। ਇਸ ਸਬੰਧ ਵਿੱਚ ਪਾਕਿਸਤਾਨ ਸਰਕਾਰ ਵੱਲੋਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਸਰਨਾ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਵਲੋਂ ਇਹ ਪ੍ਰਵਾਨਗੀ ਭਾਵੇਂ ਪਹਿਲਾਂ ਹੀ ਦੇ ਦਿੱਤੀ ਗਈ ਸੀ ਪਰ ਇਸ ਸਬੰਧੀ ਰਸਮੀ ਪ੍ਰਵਾਨਗੀ ਪੱਤਰ ਅਪਰੈਲ ਮਹੀਨੇ ਜਾਰੀ ਕੀਤਾ ਗਿਆ ਹੈ। ਇਹ ਪ੍ਰਵਾਨਗੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੱਤਰ ਰਾਹੀਂ ਦਿੱਤੀ ਗਈ ਹੈ, ਜਿਸ ਉਪਰ ਪ੍ਰਧਾਨ ਤਾਰਾ ਸਿੰਘ ਦੇ ਦਸਤਖ਼ਤ ਹਨ। ਸਰਨਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਨਗਰ ਕੀਰਤਨ 28 ਅਕਤੂਬਰ ਨੂੰ ਦਿੱਲੀ ਸਥਿਤ ਗੁਰਦੁਆਰਾ ਬੰਗਲਾ ਸਾਹਿਬ ਤੋਂ ਰਵਾਨਾ ਹੋਵੇਗਾ। ਅੰਮ੍ਰਿਤਸਰ ਵਿੱਚ ਠਹਿਰਾਅ ਮਗਰੋਂ ਨਗਰ ਕੀਰਤਨ 31 ਅਕਤੂਬਰ ਨੂੰ ਅਟਾਰੀ ਵਾਹਗਾ ਸਰਹੱਦ ਪਾਰ ਕਰਕੇ ਗੁਰਦੁਆਰਾ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ। ਪਾਵਨ ਸਰੂਪ ਵਾਲੀ ਬੱਸ ਸਰਹੱਦ ਪਾਰ ਕਰਕੇ ਨਨਕਾਣਾ ਸਾਹਿਬ ਤਕ ਜਾਵੇਗੀ। ਜਦੋਂਕਿ ਸੁਨਹਿਰੀ ਪਾਲਕੀ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੁਸ਼ੋਭਿਤ ਕਰਨ ਦੀ ਯੋਜਨਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਲਗਪਗ 1500 ਵਿਅਕਤੀਆਂ ਨੂੰ ਸੰਗਤ ਦੇ ਰੂਪ ਵਿਚ ਵੀਜ਼ਾ ਦੇਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਸੰਗਤ ਦਿੱਲੀ ਤੋਂ ਨਗਰ ਕੀਰਤਨ ਦੇ ਰੂਪ ਵਿਚ ਸਰਹੱਦ ਤਕ ਪੁੱਜੇਗੀ ਅਤੇ ਸਰਹੱਦ ਪਾਰ ਕਰਕੇ ਨਨਕਾਣਾ ਸਾਹਿਬ ਜਾਵੇਗੀ।ਪੀਜੀਪੀਸੀ ਵੱਲੋਂ ਜਾਰੀ ਕੀਤੇ ਪੱਤਰ ‘ਚ ਪਰਮਜੀਤ ਸਿੰਘ ਸਰਨਾ ਵਲੋਂ ਪਾਕਿ ਸਥਿਤ ਗੁਰਦੁਆਰਿਆਂ ਦੀ ਕੀਤੀ ਗਈ ਕਾਰ ਸੇਵਾ ਦੀ ਸ਼ਲਾਘਾ ਕੀਤੀ ਗਈ ਹੈ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …