Breaking News
Home / ਪੰਜਾਬ / ਸੰਨੀ ਦਿਓਲ ਨੇ ਕਰਤਾਰਪੁਰ ਲਾਂਘਾ ਪ੍ਰਾਜੈਕਟ ਦਾ ਕੀਤਾ ਮੁਆਇਨਾ

ਸੰਨੀ ਦਿਓਲ ਨੇ ਕਰਤਾਰਪੁਰ ਲਾਂਘਾ ਪ੍ਰਾਜੈਕਟ ਦਾ ਕੀਤਾ ਮੁਆਇਨਾ

ਕਿਹਾ : ਯਾਤਰਾ ਲਈ ਪਾਸਪੋਰਟ ਦੀ ਸ਼ਰਤ ਹਟਾਉਣ ਲਈ ਕਰਾਂਗਾ ਯਤਨ
ਬਟਾਲਾ/ਬਿਊਰੋ ਨਿਊਜ਼ : ਚੋਣ ਜਿੱਤਣ ਤੋਂ ਬਾਅਦ ਭਾਜਪਾ ਦੇ ਸੰਸਦ ਮੈਂਬਰ ਸਨੀ ਦਿਓਲ ਗੁਰਦਾਸਪੁਰ ਹਲਕੇ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਨੇ ਆਪਣੀ ਆਮਦ ਦੌਰਾਨ ਉਨ੍ਹਾਂ ਵੋਟਰਾਂ ਅਤੇ ਮੀਡੀਆ ਦੋਵਾਂ ਨੂੰ ਮਿਲਣ ਤੋਂ ਇਨਕਾਰ ਕਰਦਿਆਂ ਦੂਰੀ ਬਣਾਈ ਰੱਖੀ। ਉਨ੍ਹਾਂ ਵੱਲੋਂ ਡੇਰਾ ਬਾਬਾ ਨਾਨਕ ਵਿੱਚ ਚੱਲ ਰਹੇ ਕਰਤਾਰਪੁਰ ਲਾਂਘਾ ਪ੍ਰਾਜੈਕਟ ਦਾ ਮੁਆਇਨਾ ਵੀ ਕੀਤਾ ਗਿਆ, ਜਿੱਥੇ ਉਨ੍ਹਾਂ ਨਾਲ ਡੇਰਾ ਬਾਬਾ ਨਾਨਕ ਦੇ ਐਸਡੀਐਮ ਗੁਰਸਿਮਰਨ ਸਿੰਘ ਅਤੇ ਲਾਂਘਾ ਪ੍ਰੋਜੈਕਟ ਨਾਲ ਜੁੜੀ ਨਿੱਜੀ ਕੰਪਨੀ ਸੀਗਲ ਇੰਡੀਆ ਲਿਮਟਿਡ ਦੇ ਉੱਪ ਪ੍ਰਧਾਨ ਜਤਿੰਦਰ ਸਿੰਘ ਵੀ ਸਨ।
ਸਨੀ ਦਿਓਲ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਨਵਾਂ ਪਿੰਡ ਸਰਦਾਰਾਂ ਵਿੱਚ ਉਸ ਕੋਠੀ ਵਿੱਚ ਪਹੁੰਚੇ ਜਿੱਥੇ ਉਹ ਚੋਣਾਂ ਦੌਰਾਨ ਰੁਕੇ ਸਨ। ਉੱਥੇ ਪਹੁੰਚ ਕੇ ਉਨ੍ਹਾਂ ਪੁਲਿਸ ਨੂੰ ਘਰ ਦੇ ਦੋਵੇਂ ਬਾਹਰਲੇ ਗੇਟਾਂ ਨੂੰ ਤਾਲਾ ਲਗਾਉਣ ਦੀ ਗੱਲ ਆਖੀ ਜਦ ਮੀਡੀਆ ਨਾਲ ਸਬੰਧਿਤ ਕੁੱਝ ਨੁਮਾਇੰਦੇ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਤਾਂ ਸਨੀ ਦਿਓਲ ਨੇ ਇਹ ਕਹਿ ਕੇ ਗੱਲ ਕਰਨ ਤੋਂ ਨਾਂਹ ਕਰ ਦਿੱਤੀ ਕਿ ਉਨ੍ਹਾਂ ਕੋਲੋਂ ਕੋਈ ਗ਼ਲਤ ਗੱਲ ਨਾ ਬੋਲੀ ਜਾਏ। ਕਰਤਾਰਪੁਰ ਲਾਂਘੇ ‘ਤੇ ਸਨੀ ਦਿਓਲ ਨੇ ਨਿਰਮਾਣ ਕੰਮ ਦੌਰਾਨ ਦਰਪੇਸ਼ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ।ਉਨ੍ਹਾਂ ਇੰਟੀਗ੍ਰੇਟਿਡ ਚੈੱਕ ਪੋਸਟ ਦੇ ਨਿਰਮਾਣ ਦੀ ਹੌਲੀ ਰਫ਼ਤਾਰ ‘ਤੇ ਥੋੜ੍ਹੀ ਨਾਰਾਜ਼ਗੀ ਪਰਗਟ ਕੀਤੀ ਅਤੇ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਲਈ ਹੁਕਮ ਦਿੱਤੇ। ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਲਾਂਘੇ ਦਾ ਉਦੇਸ਼ ਉਦੋਂ ਤੱਕ ਪੂਰਾ ਨਹੀਂ ਹੁੰਦਾ ਜਦੋਂ ਤੱਕ ਕੇਂਦਰ ਸਰਕਾਰ ਯਾਤਰਾ ਲਈ ਪਾਸਪੋਰਟ ਦੀ ਸ਼ਰਤ ਨਹੀਂ ਹਟਾਉਂਦਾ। ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਹ ਮੁੱਦਾ ਉੱਚ ਪੱਧਰ ‘ਤੇ ਚੁੱਕਣਗੇ।
ਹੁਣ ਅਦਾਕਾਰੀ ਛੱਡ ਦੇਣ ਸਨੀ: ਰੰਧਾਵਾ
ਸੰਨੀ ਦਿਓਲ ਦੀ ਗੁਰਦਾਸਪੁਰ ਫੇਰੀ ‘ਤੇ ਪ੍ਰਤੀਕਿਰਿਆ ਪਰਗਟ ਕਰਦਿਆਂ ਕੈਬਿਨਟ ਮੰਤਰੀ ਅਤੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹੁਣ ਸਨੀ ਨੂੰ ਇੱਕ ਫ਼ਿਲਮ ਅਦਾਕਾਰ ਵਜੋਂ ਅਦਾਕਾਰੀ ਕਰਨੀ ਛੱਡ ਦੇਣੀ ਚਾਹੀਦੀ ਹੈ ਅਤੇ ਵੋਟਰਾਂ ਦਰਮਿਆਨ ਵਿਚਰਨਾ ਚਾਹੀਦਾ ਹੈ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …